ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Jul 2012

ਧਰਤ ਤ੍ਰੇਹੀ

ਅੰਤਾਂ ਦੀ ਪੈ ਰਹੀ ਗਰਮੀ 'ਚ ਜਿਉਣਾ ਮੁਹਾਲ ਹੋ ਜਾਂਦਾ ਹੈ। ਗਰਮੀ ਦਾ ਕਹਿਰ ਜਾਰੀ ਹੈ ਤੇ ਹਾਇਕੁ ਕਲਮ ਵੀ ਇੰਝ ਬੋਲੀ ਹੈ।
1.
ਅੱਗ ਵਰਦੀ
ਰੁੱਖ ਹਰਿਆ ਨਾਹੀ
ਛਾਵਾਂ ਗੁੰਮੀਆਂ
2.
ਤੇਰੇ ਕਜ਼ਲੇ 'ਚੋਂ
ਨੀ ਝੋਨਾ ਲਾਉਂਦੀਏ
ਸਾਵਣ ਦਿੱਸੇ
3.
ਧਰਤ ਤ੍ਰੇਹੀ
ਝੋਲ਼ੀ ਖਾਲੀ ਕਾਮੇ ਦੀ
ਰੱਬਾ ਮੀਂਹ ਦੇ
4
ਰੁੱਖ ਛਤਰੀ
ਗਰਮੀ 'ਚ ਕੰਮ ਦੀ
ਰੱਖ ਸਾਂਭ ਕੇ
5.
ਧਰਤ ਤ੍ਰੇਹੀ
ਚੂਕੇ ਪਈ ਪਾਣੀ ਨੂੰ
ਚਿੜੀ ਰੰਗੀਲੀ

ਪ੍ਰੋ. ਦਵਿੰਦਰ ਕੌਰ ਸਿੱਧੂ
ਦੌਧਰ-ਮੋਗਾ 

7 Jul 2012

ਬਿਜਲੀ ਗੁੱਲ


ਅੱਜਕੱਲ ਪੰਜਾਬ 'ਚ ਪੈਂਦੀਆਂ ਤਪਦੀਆਂ ਧੁੱਪਾਂ ਨੇ ਆਲ਼ਾ-ਦੁਆਲ਼ਾ ਝੁਲਸਾ ਦਿੱਤਾ ਹੈ। ਏਸੇ ਗਰਮੀ ਦੀ ਰੁੱਤ ਨੂੰ ਬਿਆਨਦੇ ਨੇ ਇਹ ਕੁਝ ਹਾਇਕੁ।
1.
ਉੱਚਾ ਉੱਡਦਾ
ਬਾਰਿਸ਼ ਨੂੰ ਆਇਆ
ਬਬੀਹਾ ਬੋਲੇ

 2.

ਮੱਥੇ ਪਸੀਨਾ
ਮੋਢੇ ਉੱਪਰ ਕਹੀ
ਬਿਜਲੀ ਗੁੱਲ

 3.

ਕੁਲਫ਼ੀ ਲਓ
ਕੁਲਫ਼ੀ ਵਾਲਾ ਭਾਈ
ਜੇਬ ਚ ਧੇਲੀ

 4.

ਪਿੰਡ ਦਾ ਸੂਆ
ਸਿਖਰ ਦੁਪਹਿਰੇ
ਮਾਰਦੇ ਛਾਲਾਂ

 5.

ਦਾਜ ਬਣਾਵੇ
ਸਹੇਲੀਆਂ ਚ ਬੈਠੀ
ਬੁਣਦੀ ਪੱਖੀ

ਭੂਪਿੰਦਰ ਸਿੰਘ
(ਨਿਊਯਾਰਕ)

6 Jul 2012

ਬੇਬੇ ਕਰੇ ਛਾਂ

ਜੇਠ-ਹਾੜ 'ਚ ਪੈਂਦੀ ਤਪਸ਼ ਤੋਂ ਲੋਕ ਬੇਹਾਲ ਨੇ। ਰੋਜ਼ਾਨਾ ਤਾਪਮਾਨ ਵੱਧਦਾ ਜਾਂਦਾ ਹੈ ਤੇ ਗਰਮੀ ਨਾਲ਼ ਜੁੜੀਆਂ ਪ੍ਰੇਸ਼ਾਨੀਆਂ ਵੀ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਹਰ ਚੀਜ਼ ਇਸ ਤਪਸ਼ ਨਾਲ਼ ਪ੍ਰਭਾਵਿਤ ਹੈ , ਏਥੋਂ ਤੱਕ ਕਿ ਹਾਇਕੁ ਵੀ ।

1.
ਵਗਦੀ ਲੋਅ
ਲੋਹੜਿਆਂ ਦੀ ਤੱਤੀ
ਘਰ ਨਾ ਬੱਤੀ

2.
ਬੱਚੇ ਆਖਣ
ਆ ਗਈ ਚੱਲੀ ਗਈ
ਓਹੀ ਬਿਜਲੀ

3.
ਪਾਣੀ ਛਿੜਕ
ਵਿਹੜੇ ਠੰਢ ਪਾਵੇ
ਮੰਜੇ ਨੇ ਡਾਹੇ 

4.
ਨੀਂਦ ਨਾ ਆਵੇ
ਮਾਂ ਪੱਖੀ ਝੱਲੀ ਜਾਵੇ
ਨਿੱਕੂ ਸੌਂ ਜਾਵੇ

5.
ਖੜ੍ਹਾ ਕੇ ਮੰਜਾ
ਤਿੱਖੜ ਦੁਪਹਿਰੇ
ਬੇਬੇ ਕਰੇ ਛਾਂ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 

ਨੋਟ : ਇਹ ਪੋਸਟ ਹੁਣ ਤਲ 67 ਵਾਰ ਖੋਲ੍ਹ ਕੇ ਵੇਖੀ ਗਈ। 

3 Jul 2012

ਘੜੀ ਦੀ ਟਿੱਕ


1.
ਕੁੱਤੇ ਝਾਕਣ
ਓ ਲੰਗਰ ਸੁੱਟਦਾ
ਖੁਸ਼ੀ 'ਚ ਖੀਵੇ

2.
ਅਮਲੀ ਰੋਵੇ
ਡੱਬੀ ਖੜਕੇ ਖਾਲੀ
ਜਾਗੂ ਤੜਕੇ

3.
ਘੜੀ ਦੀ ਟਿੱਕ
ਨੀਂਦਰ ਕਿੰਝ ਆਵੇ
ਕੰਮ 'ਤੇ ਜਾਣਾ

4.
ਕੰਮਪੂਟਰ
ਨਾ ਹੱਸੇ ਨਾ ਰੋਆਵੇ
ਚੱਲਦਾ ਜਾਵੇ

5.
ਵਿਦੇਸ਼ੀਂ ਬੈਠਾ
ਰੂੜੀਆਂ ਨੂੰ ਤਰਸੇ
ਪੋਂਡ ਕਮਾਵੇ

6.
ਪੱਗ ਬੰਨਣੀ
ਸਿੱਖਣ ਦੀ ਕੀ ਲੋੜ
ਆਪੇ ਲੁਹਾਈ 

ਜਨਮੇਜਾ ਸਿੰਘ ਜੌਹਲ
(ਲੁਧਿਆਣਾ)

2 Jul 2012

ਯਾਦ ਪਿੰਜਰਾ

1.
ਯਾਦ ਪਿੰਜਰਾ
ਪੰਛੀ ਫੜਫੜਾਵੇ
ਉੱਡਦਾ ਨਹੀਂ

2.
ਘਰ ਉਦਾਸ
ਤੇਰੇ-ਮੇਰੇ ਕਾਰਣ
ਕਰ ਤਲਾਸ਼


3.                                                                     
ਫੁੱਲਾਂ ਤੋਂ ਰੰਗ
ਖੁਸ਼ਬੋ ਕਿੱਥੇ ਗਈ
ਪੁੱਛਦੀ ਹਵਾ 


4.
ਪੱਤਝੜ ਦੀ
ਕੁਦਰਤ ਨੂੰ ਜਾਣ
ਆਪ ਪਛਾਣ


5.
ਸਾਵਣ ਘੇਰੇ
ਸਰਦੀ ਦੀ ਯਾਦ ਵੀ
ਤੇਰੇ ਵਿਹੜੇ


6.
ਮਿਲ਼ਦਾ ਨਹੀਂ
ਤੇਰੇ ਨਾਲ਼ ਸੁਭਾਅ
ਕੀ ਕਰੇ ਚਾਅ 


ਡਾ. ਸ਼ਿਆਮ ਸੁੰਦਰ ਦੀਪਤੀ
ਅੰਮ੍ਰਿਤਸਰ 

1 Jul 2012

ਚਿੱਠੀ ਦੀਆਂ ਬਾਤਾਂ

ਚਿੱਠੀ ਆਉਂਦੀ
ਨਿੱਘੇ-ਨਿੱਘੇ ਮੋਹ ਦੇ
ਤੰਦ ਪਾਉਂਦੀ
ਆਪ ਦੇ ਮੋਹ-ਭਿੱਜੇ ਦੋ ਸ਼ਬਦ 'ਹਾਇਕੁ-ਲੋਕ' ਨੂੰ ਵੱਡਾ ਹੁਲਾਰਾ ਦੇ ਜਾਂਦੇ ਨੇ ਤੇ ਇਸ ਦੀ ਪੀਂਘ ਅੰਬਰੀਂ ਛੋਹਣ ਲੱਗਦੀ ਹੈ। ਜਾਂਦੇ-ਜਾਂਦੇ ਸ਼ਬਦੀ-ਹੁਲਾਰਾ ਦਿੰਦੇ ਜਾਣਾ।
ਅਦਬ ਸਹਿਤ
ਸੰਪਾਦਕ ਤੇ ਸਲਾਹਕਾਰ ਕਮੇਟੀ 
**************************************************************************


ਮਾਣਯੋਗ ਹਰਦੀਪ ਭੈਣ ਜੀ,

ਸਤਿ ਸ਼੍ਰੀ ਅਕਾਲ!
"ਹਾਇਕੂ-ਲੋਕ" ਤੇ ਝਾਤ ਪਾਈ। ਬਹੁਤ ਹੀ ਵਧੀਆ ਉਪਰਾਲਾ ਹੈ। ਆਪ ਜੀ ਅਤੇ ਹੋਰਨਾਂ ਸਹਿਯੋਗੀਆਂ ਨੂੰ ਬਹੁਤ-ਬਹੁਤ ਵਧਾਈ। ਬਹੁਤ ਥੋੜੇ ਲੋਕ ਹਨ ਜੋ ਇਸ ਕਦਰ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਦੇ ਹਨ। ਅੱਜ ਨੌਜੁਆਨ ਪੀੜੀ ਇਸ ਤੱਤੜੀ ਵੱਲੋਂ  ਮੂੰਹ ਮੋੜ ਗਈ, ਕਿਉਂਕਿ ਇਸ ਦਾ ਪ੍ਰਚਾਰ ਅਤੇ ਪ੍ਰਸਾਰ ਕੋਈ ਕਾਰਗਰ ਤਰੀਕੇ ਨਾਲ ਨਹੀਂ ਹੋ ਸਕਿਆ। ਜੇ ਕੋਈ ਲੇਖਕ ਬਣ ਗਿਆ ਤਾਂ ਉਸਦੀ ਪ੍ਰਵਿਰਤੀ ਮਹਾਨ ਲੇਖਕ ਬਣਨ ਦੀ ਹੋ ਗਈ ਅਤੇ ਜੇ ਕੋਈ ਮਹਾਨ ਲੇਖਕ ਬਣਿਆ ਤਾਂ ਉਹ ਬਸ "ਮਹਾਨ" ਹੀ ਬਣਿਆ ਰਿਹਾ। ਆਪਣੀਆਂ ਸਮਾਜਿਕ (ਮਾਂ-ਬੋਲੀ ਪ੍ਰਤੀ) ਜਿੰਮੇਵਾਰੀਆਂ ਵੱਲੋਂ ਕਿਨਾਰਾ ਕਰ ਗਿਆ। ਕਿਸੇ ਨਵੇਂ ਲੇਖਕ ਦੀ ਕੋਈ ਰਚਨਾ 'ਤੇ ਟਿੱਪਣੀ ਕਰਨ ਨਾਲ ਉਸ ਦੀ ਸ਼ਾਨ ਵਿਚ ਫਰਕ ਪੈਣ ਲੱਗਿਆ ਰਿਹਾ। ਇਸ ਤੋਂ ਇਲਾਵਾ ਉਸ ਕੋਲ ਸਮਾਂ ਵੀ ਨਹੀਂ ਰਹਿੰਦਾ ਰਿਹਾ ਜੋ ਕਿਸੇ ਦੀ ਉਂਗਲ਼ੀ ਫੜ ਕੇ ਸੇਧ ਦੇ ਸਕੇ। ਸੰਭਵ ਹੋ ਸਕਦਾ ਸੀ, ਜੇ ਉਹ ਕਿਸੇ ਦੀ ਉਂਗਲ ਫੜ ਲੈਂਦਾ, ਕਿ ਪੰਜਾਬੀ ਭਾਸ਼ਾ ਦੇ ਪਾਠਕ ਅਣਗਿਣਤ ਤੇ ਹੋਰ ਲੋਕ ਵੀ ਹੁੰਦੇ। ਉਸ ਨੇ ਇਸ ਨੂੰ ਕੋਈ ਨਵੀਂ ਦਿਸ਼ਾ ਦੇਣ ਦਾ ਕੋਈ ਉਪਰਾਲਾ ਵੀ ਨਾ ਕੀਤਾ। ਕੋਈ ਵਿਗਿਆਨਿਕ ਸੋਚ ਨਾ ਭਰੀ। ਬਸ ਲਕੀਰ ਦਾ ਫਕੀਰ ਹੀ ਰਿਹਾ। ਕਿਤਾਬਾਂ ਲਿਖ-ਲਿਖ ਢੇਰਾਂ-ਦੇ-ਢੇਰ ਲਾਉਂਦਾ ਰਿਹਾ ਪਰ ਪਾਠਕ ਪੈਦਾ ਨਾ ਕਰ ਸਕਿਆ। ਸ਼ਾਇਦ ਏਸੇ ਹੀ ਕਰਕੇ  ਹੁਣ ਤੱਕ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਇਹ ਗਰੀਬ ਰਹੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਚਾਹੇ ਲੱਖ ਅਮੀਰ ਹੋਣ।
ਖੈਰ, ਆਪਜੀ ਦੁਆਰਾ ਕੀਤੇ ਜੀ ਰਹੇ ਸਾਰੇ ਹੀ ਉਪਰਾਲੇ ਸੁਲਾਹੁਣਯੋਗ ਹਨ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਆਪ ਏਸੇ ਤਰਾਂ ਹੀ ਤੰਦ-ਤੰਦ ਜੋੜਦੇ ਰਹੋਗੇ। 
ਭੂਪਿੰਦਰ
ਨਿਊਯਾਰਕ 
*********************************************************************************************************
ਹਰਦੀਪ ਜੀ,
ਤੁਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹੋ। ਇਹ ਜਾਣ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਅਤੇ ਫਖਰ ਵੀ। ਤੁਹਾਡੀ ਇਹ ਲਗਨ ਅਤੇ ਮਿਹਨਤ ਇਸੇ ਤਰਾਂ ਬਰਕਰਾਰ ਰਹੇ ਇਹੀ ਕਾਮਨਾ ਹੈ।

ਪੰਜਾਬੀ ਹਾਇਕੁ ਦੇ ਪ੍ਰਸਾਰ ਲਈ ਇੱਕ ਨਵੀਂ ਸਾਈਟ ਸ਼ੁਰੂ ਕਰਨ ਦੀ ਗੱਲ ਨਿਸਚੇ ਹੀ ਇੱਕ ਨਵੀਂ ਖੁਸ਼ਖਬਰੀ ਹੈ। ਇਸਦੀ ਸਫਲਤਾ ਲਈ ਦੁਆ ਵੀ ਕਰਦਾ ਹੈਂ ਅਤੇ ਹਰ ਸੰਭਵ ਸਹਿਯੋਗ ਦਾ ਵਾਅਦਾ ਵੀ।

ਤੁਹਾਡੇ ਕਲਮੀ ਪਰਿਵਾਰ ਦਾ ਆਪਣਾ ਹੀ,
ਰੈਕਟਰ ਕਥੂਰੀਆ 

ਸੰਪਾਦਕ-
ਪੰਜਾਬ ਸਕਰੀਨ
ਲੁਧਿਆਣਾ 
*********************************************************************************************************

ਹਰਦੀਪ ਭੈਣ,
ਸਤਿ ਸਿਰੀ ਅਕਾਲ !

        ਪੰਜਾਬੀ ਸਾਹਿਤ ਨੂੰ ਤੁਹਾਡੀ ਦੇਣ ਪਹਿਲਾਂ ਹੀ ਬਹੁਤ ਹੈ ...ਇਹ ਉਪਰਾਲਾ ਕਰ ਕੇ ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ...ਮੈਂ ਵੀ ਕੋਸ਼ਿਸ ਕਰਾਂਗਾ ਕਿ 'ਹਾਇਕੁ-ਲੋਕ' 'ਤੇ ਆਪਣੀ ਹਾਜਰੀ ਲੁਆ ਕੇ ਖੁਸ਼ੀ ਲੈ ਸਕਾਂ ।ਹਾਲੇ ਇੱਕ ਕਿਤਾਬ 'ਤੇ ਕੰਮ ਕਰ ਰਿਹਾ ਹਾਂ।
ਬਹੁਤ ਬਹੁਤ ਦੁਆਵਾਂ ਦੇ ਨਾਲ !
 ਤੁਹਾਡਾ ਵੀਰ 
 ਹਰਵਿੰਦਰ ਧਾਲੀਵਾਲ 
***********************************************************************************************************
ਹਰਦੀਪ ਜੀ, 
ਪੰਜਾਬੀ ਵਿਚ ਤੁਹਾਡਾ ਇਹ ਉੱਦਮ ਪ੍ਰੰਸ਼ਸਾ ਯੋਗ ਹੈ... ਇਸ ਨਾਲ ਪੰਜਾਬੀ ਵਿਚ ਲਿਖੇ ਜਾ ਰਹੇ ਹਾਇਕੁ ਨੂੰ ਇੱਕ ਦਿਸ਼ਾ ਤੇ ਸੇਧ ਮਿਲੇਗੀ, ਮੈਨੂੰ ਉਮੀਦ ਹੈ।ਹਿੰਦੀ ਵਿਚ ਤਾਂ ਤੁਸੀਂ ਬਹੁਤ ਕੁਝ ਕਰ ਹੀ ਰਹੇ ਹੋ, ਆਪਣੀ ਮਾਂ-ਬੋਲੀ ਲਈ ਵੀ ਜੋ ਫਰਜ਼ ਬਣਦਾ ਹੈ, ਉਹ ਤੁਸੀਂ ਪੂਰਾ ਕਰ ਰਹੇ ਹੋ... ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ...ਤੁਹਾਡੇ ਜਿੰਨੀ ਊਰਜਾ ਤੇ ਤੁਹਾਡੇ ਜਿੰਨ੍ਹਾ ਜ਼ਜਬਾ ਮੈਂ ਕਿੱਥੇ ਰੱਖ ਸਕਦਾ ਹਾਂ।ਤੁਸੀਂ ਆਪਣਾ ਇਹ ਯਤਨ ਜਾਰੀ ਰੱਖੋ...ਬਹੁਤ ਚੰਗੇ ਲੋਕ ਜੁੜਨਗੇ ਇਸ ਕਾਰਵਾਂ ਵਿਚ !ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹਨ ।
ਮੇਰੀਆਂ ਸ਼ੁਭ ਕਾਮਨਾਵਾਂ !
ਸੁਭਾਸ਼ ਨੀਰਵ
ਸੰਪਾਦਕ 
ਕਥਾ ਪੰਜਾਬ
********************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਕਾਸ਼ੀ ਜਾਂ ਕਾਬਾ

ਹਿੰਦੀ ਤੋਂ ਅਨੁਵਾਦ ਕੀਤੇ ਹਾਇਕੁ*
1.
ਪੱਕੇ ਅੰਬ ਤੋਂ
ਸਹਿਜ ਰਸ ਚੋਏ
ਹਾਇਕੁ ਓਹੀ
2.
ਅਜਾਣਾ ਰਾਹ
ਤੁਰੇ ਚੱਲੋ ਦੀਵਾ ਲੈ                                                    
ਆਪਣਾ ਰੱਥ                                                                                          
3.
ਦੀਪ ਮੋਹ ਦਾ
ਹਰ ਘਰ 'ਚ ਜਲ਼ੇ
ਹਨ੍ਹੇਰਾ ਟਲ਼ੇ
4.
ਹਨ੍ਹੇਰਾ ਹਟਾ
ਉਗਾਵਾਂਗੇ ਸੂਰਜ
ਹਰ ਵਿਹੜੇ
5.
ਦੀਪ ਜਲ਼ਾਓ
ਜੋ ਭਟਕੇ ਰਾਹ ਤੋਂ
ਰਾਹ ਦਿਖਾਓ
6.
ਮੋਹ ਕਰਜ਼ਾ
ਕਦੇ ਉਤਰਿਆ ਨਾ
ਵੱਧਦਾ ਜਾਵੇ
7.
ਕਾਸ਼ੀ ਜਾਂ ਕਾਬਾ
ਹੰਝੂਆਂ ਦੀ ਜੱਗ 'ਚ
ਇੱਕੋ ਹੀ ਭਾਸ਼ਾ
8.
ਕੰਡੇ ਜੋ ਮਿਲ਼ੇ
ਜੀਵਨ ਦੇ ਗੁਲਾਬ
ਓਥੇ ਹੀ ਖਿੜੇ
9.
ਆਲ੍ਹਣਾ ਖਾਲੀ
ਚਿੜੀ ਉਦਾਸ ਬੈਠੀ
ਮੁੜੇ ਨਾ ਬੱਚੇ
10.
ਚੁੰਝ 'ਚ ਚੋਗਾ
ਤੱਕਦੀ ਚਾਰੇ ਪਾਸੇ
ਬੇਚੈਨ ਅੱਖਾਂ 

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਨਵੀਂ ਦਿੱਲੀ 
* ਇਹ ਹਾਇਕੁ  ਮੇਰੇ ਸਾਤ ਜਨਮ-2011 'ਚੋਂ ਲਏ ਗਏ ਹਨ।
 ਅਨੁਵਾਦ ਕਰਤਾ- ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤਲ 35 ਵਾਰ ਖੋਲ੍ਹ ਕੇ ਵੇਖੀ ਗਈ।