ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Sept 2014

ਕੁੜੀਆਂ -ਚਿੜੀਆਂ (ਚੋਕਾ)

ਵਗਦੀ ਪਈ 
ਕੋਈ ਪੌਣ ਪੁਰੇ ਦੀ 
ਸਹਿਕਦੇ ਨੇ
ਅਸਾਡੇ ਅੱਜ ਸਾਹ 
ਸੁਣ ਨੀ ਪੌਣੇ 
ਉੱਡ -ਪੁੱਡ ਜਾਣੀਏ 
ਅੱਜ ਤੂੰ ਸਾਨੂੰ 
ਆਪਣੇ ਨਾਲ ਮਿਲਾ 
ਲੰਬੀ ਉਡਾਰੀ 
ਭਰ ਜਾਣ  ਚਿੜੀਆਂ 
ਸਾਨੂੰ ਰੱਖਿਆ 
ਕਿਉਂ ਹੈ ਪਿੰਜਰੇ ਪਾ 
ਚਿੜੀਆਂ ਆਖੋ 
ਨਾ ਸਾਨੂੰ ਓਏ ਲੋਕਾ 
ਸਾਥੋਂ ਉੱਡਿਆ 
ਫਿਰ ਕਿਤੇ ਨਾ ਜਾਹ 
ਉੱਡਣਹਾਰੇ 
ਖਿਆਲ ਅਸਾਡੜੇ 
ਵੇਖੋ ਕਿਵੇਂ ਨੀ 
ਬਾਗ਼ੀ ਹੋ -ਹੋ ਜਾਵਣ 
ਸੋਚ ਪਿਟਾਰੀ 
ਦਫ਼ਨ ਨੀ ਕਰਦੇ 
ਸੁਣ ਨਾਲੇ ਤੂੰ 
ਉੱਚੀ ਨਾ ਮਾਰੀਂ ਧਾਹ 
ਹੋਈ ਦਲਾਲੀ 
ਬਾਬਲ ਦੇ ਵਿਹੜੇ 
ਗਊ ਵਾਂਗਰ 
ਤੋਲੇ ਨਾਲੇ ਪਰਖੇ 
ਮਾਹੀਆ ਆਵੇ 
ਲੈ ਜਾਂਵਦਾ ਨੱਥ ਪਾ 
ਅੱਜ ਵਗਦੀ 
ਕੋਈ ਪੌਣ ਪੁਰੇ ਦੀ 
ਸਹਿਕਦੇ ਨੇ ਸਾਹ। 

ਪ੍ਰੋ . ਦਵਿੰਦਰ ਕੌਰ ਸਿੱਧੂ 
(ਦੌਧਰ )
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ। 


22 Sept 2014

ਢਲਦੀ ਲਾਲੀ

1.
ਵੇਚੇ ਖਿਡੌਣੇ 
ਘਰੇ ਬਾਲ ਤਰਸੇ 
ਇੱਕ ਬਾਜ਼ੀ ਨੂੰ। 


2.
ਢਲਦੀ ਲਾਲੀ 
ਕਾਲੋਂ 'ਚ ਵਟ ਗਈ 
ਰਾਹ ਗੁਆਚੇ। 


ਪ੍ਰੋ. ਦਾਤਾਰ ਸਿੰਘ 
(ਮੁਕਤਸਰ )

ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਵੇਖੀ ਗਈ। 

20 Sept 2014

18 Sept 2014

ਇਹ ਜ਼ਿੰਦਗੀ (ਸੇਦੋਕਾ)

1.
ਸੁੱਕੇ ਪੱਤਰ 
ਉੱਡਦੇ  'ਵਾ ਵਰੋਲੇ 
ਪੱਤਝੜ ਦਾ ਵੇਲਾ 
ਪੱਤੇ ਝੜਦੇ 
ਕੰਬ ਰਿਹਾ ਆਲ੍ਹਣਾ 
ਬੋਟ ਕੁਰਲਾਉਂਦੇ ।

2.
ਇੱਕ ਸੀ ਚਿੜੀ 
ਇੱਕ ਚਿੜਾ ਸੀ ਸਾਥੀ 
ਕੰਧ ਵਿੱਚ ਆਲ੍ਹਣਾ 
ਕਾਂ ਵੀ ਆਇਆ 
ਪੀ ਗਿਆ ਸਾਰੇ ਅੰਡੇ  
ਚਿੜੀ ਚਿੜਾ ਲਾਚਾਰ ।

ਦਿਲਜੋਧ  ਸਿੰਘ
ਨਵੀਂ ਦਿੱਲੀ 
 ਨੋਟ : ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ।

17 Sept 2014

ਮਨ ਤ੍ਰਿਪਤੀ

1.

ਹੱਥ ਕਿਤਾਬ
ਬੈਠਾ ਪੜ੍ਹੇ ਇਕਾਂਤ
ਮਨ ਤ੍ਰਿਪਤੀ।




2.
ਚੱਲੀ ਟਰੇਨ
ਗਾਵੇ ਇੱਕ ਭਿਖਾਰੀ 
ਗੀਤ ਸੁਰੀਲਾ।



ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)

ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ। 

15 Sept 2014

ਰੋਂਦਾ ਕਸ਼ਮੀਰ

ਇਸ ਵਾਰ ਕਸ਼ਮੀਰ ਜਾਣ ਦਾ ਅਚਾਨਕ ਪ੍ਰੋਗਰਾਮ ਬਣ ਗਿਆ। ਸਖਤ ਗਰਮੀ 'ਚੋਂ ਨਿਕਲ ਕੇ ਆਇਆਂ ਨੂੰ  ਠੰਡੀ -ਠੰਡੀ ਹਵਾ ਦੇ ਬੁੱਲਿਆਂ ਨਾਲ ਸੱਚੀਂ ਹੀ ਕਸ਼ਮੀਰ ਦੀ ਸੁੰਦਰ ਘਾਟੀ ਸਵਰਗ ਜਾਪ ਰਹੀ ਸੀ। 

ਕਸ਼ਮੀਰ ਦੀ ਘਾਟੀ, ਘਾਟੀ ਦੀ ਨਦੀ, ਨਦੀ ਦੇ ਦੋਵੇਂ ਪਾਸੇ ਟੈਂਟ ਲੱਗੇ ਹੋਏ ਸਨ। ਟੈਂਟਾਂ 'ਚ ਰਹਿਣ ਦਾ ਆਪਣਾ ਹੀ ਮਜ਼ਾ ਸੀ । ਕਈ ਦਿਨਾਂ ਤੋਂ ਬਾਰਸ਼ ਦਾ ਮੌਸਮ ਬਣਿਆ ਹੋਇਆ ਸੀ....ਤੇ ਅਚਾਨਕ ਨਦੀ ਦਾ ਪਾਣੀ ਛੱਲਾਂ ਮਾਰਦਾ ਭਿਆਨਕ ਖੇਡਾਂ ਖੇਡਣ ਲੱਗਾ। ਟੈਂਟ ਛੱਡ ਅਸੀਂ ਕਿਸੇ ਸੁਰੱਖਿਅਤ ਥਾਂ ਦੀ ਭਾਲ 'ਚ ਚੱਲ ਪਏ। ਵੇਖਦੇ ਹੀ ਵੇਖਦੇ  ਤਵੀ ਨਦੀ ਦੇ ਜਲ ਦੀ ਕਿਆਮਤ ਨੇ ਵਾਦੀ ਦਾ ਦਾਮਨ ਲੀਰੋ -ਲੀਰ ਕਰ ਦਿੱਤਾ ਸੀ । ਅੱਜ ਫਿਰ ਲੁੱਟੀ ਗਈ ਕਸ਼ਮੀਰ ਦੀ ਧਰਤੀ। ਕੱਲ ਵੈਰੀਆਂ ਲਹੂ -ਲੁਹਾਣ ਕੀਤਾ ਸੀ ਅੱਜ ਰੱਬੀ ਕਹਿਰ ਵਰਸਿਆ ਏ।
ਅਹਿਲੇ ਹਿੰਦ ਦੀ ਮੁੰਦਰੀ ਦਾ ਨਗੀਨਾ ਜੰਮੂ -ਕਸ਼ਮੀਰ ਅੱਜ ਬਿਪਤਾ ਦੀ ਘੜੀ ਵਿੱਚ ਹੈ। ਸੁਰੱਖਿਆ  ਅਮਲੇ ਤੇ ਰਾਹਤ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੀਆਂ ਹਨ । ਕਸ਼ਮੀਰ ਯਾਤਰਾ ਨੂੰ ਅੱਧ -ਵਿਚਾਲੇ ਹੀ ਛੱਡ ਕੇ ਅਸੀਂ ਤਾਂ ਪੰਜਾਬ ਮੁੜ ਆਏ.....ਪਰ ਕਸ਼ਮੀਰ ਵਾਸੀਆਂ ਦੇ ਦਿਲੀ ਉੱਠਦੇ ਹੌਲ , ਹੌਕੇ ਅਤੇ ਹਾਵੇ ਪਤਾਲ ਤੱਕ ਗੂੰਜਦੇ ਨੇ ਤੇ ਅਸਮਾਨ ਤੱਕ ਸੁਣਦੇ ਨੇ।  ਕਈ ਪਿੰਡਾਂ ਦੇ ਨਿਸ਼ਾਨ ਤੱਕ ਮਿਟ ਗਏ ਨੇ। ਘਾਟੀ ਦੀ ਮਿੱਟੀ ਦੀ ਕੁਰਲਾਹਟ ਮੇਰੇ ਦਿਲ ਨੂੰ ਐਥੇ ਬੈਠੀ ਨੂੰ ਵੀ ਹੌਲ ਪਾ ਰਹੀ ਏ। ਆਓ ਅਸੀਂ ਦੇਸ਼ ਦੇ ਇਸ ਅਤਿ ਸੁੰਦਰ ਭੂਮੀ ਦੇ ਟੁਕੜੇ 'ਤੇ ਵਸਦੇ ਲੋਕਾਂ ਦੀ ਬਾਂਹ ਫੜੀਏ। 

ਵਾਦੀ ਦਾ ਪਾਣੀ 
ਉੱਛਲਦਾ -ਖੌਲਦਾ 
ਢਾਹੇ ਕਹਿਰ।  

ਪ੍ਰੋ.ਦਵਿੰਦਰ ਕੌਰ ਸਿੱਧੂ 
(ਦੌਧਰ -ਮੋਗਾ ) 

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ।