ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Oct 2014

ਬੋਹੜ ਤੇ ਬਜ਼ੁਰਗ (ਹਾਇਬਨ)

ਧਰਮਸ਼ਾਲਾ ਦਾ ਬੋਹੜ ਤੇ ਗੁਰਮੁੱਖ ਸਿਓਂ ਪੁਰਾਣੇ ਸਾਥੀ ਨੇ। ਦੋਨਾਂ ਨੇ ਲੰਬੀ ਉਮਰ ਇੱਕਠਿਆਂ ਲੰਘਾਈ ਹੈ। ਬੋਹੜ ਨੇ ਕਈ ਪੀੜ੍ਹੀਆਂ ਨੂੰ ਆਪਣੀ ਬੁੱਕਲ ਦੀ ਠੰਢੀ ਛਾਂ ਦੇ ਹੁਲਾਰੇ ਦਿੱਤੇ ਨੇ। ਗੁਰਮੁੱਖ ਸਿਓਂ ਜਵਾਨੀ ਵੇਲੇ ਬੋਹੜ ਥੱਲੇ ਬੈਠ ਆਪਣੇ ਸਾਥੀਆਂ ਨਾਲ ਤਾਸ਼ ਕੁੱਟਿਆ ਕਰਦਾ ਸੀ। ਅੱਜ ਬੁਢਾਪੇ ਵਿੱਚ ਪੁੱਜਿਆ ਗੁਰਮੁੱਖ ਸਿਓਂ ਘਰੋਂ ਬੇਕਦਰੀ ਹੁੰਦੀ ਵੇਖ ਆਪਣੇ ਪੁਰਾਣੇ ਸਾਥੀ ਬੋਹੜ ਦੀਆਂ ਜੜ੍ਹਾਂ 'ਤੇ ਬੈਠ ਚਾਰ ਹੂੰਝ ਸੁੱਟ ਦੁੱਖ ਵੰਡਾ ਰਿਹਾ ਸੀ।ਐਨੇ ਨੂੰ ਕੁਝ ਮਜ਼ਦੂਰ ਕੁਹਾੜੇ ਚੁੱਕੀ ਬੋਹੜ ਦਾ ਸਫ਼ਾਇਆ ਕਰਨ ਆ ਪਹੁੰਚੇ। ਅਨਿਆਂ ਹੁੰਦਾ ਵੇਖ ਕੁਦਰਤ ਦੀ ਕਰੋਪੀ ਹੋ ਗਈ। ਬਹੁਤ ਹੀ ਜ਼ੋਰਦਾਰ ਮੀਂਹ ਆ ਗਿਆ ਤੇ ਮਜ਼ਦੂਰ ਆਪਣੇ ਕੁਹਾੜੇ ਚੁੱਕ ਵਾਪਸ ਚੱਲੇ ਗਏ।
  ਗੁਰਮੁੱਖ ਸਿਓਂ ਦੇ ਸੰਗੀ -ਸਾਥੀ ਇੱਕ -ਇੱਕ ਕਰ ਕੇ ਇਸ ਦੁਨੀਆਂ 'ਚੋਂ ਤੁਰ ਗਏ। ਹੁਣ ਓਹ ਇੱਕਲਾ ਹੀ ਬੋਹੜ ਥੱਲੇ ਆ ਕੇ ਬੈਠਾ ਰਹਿੰਦਾ।ਇੱਕ ਦਿਨ ਉੱਥੇ ਬੈਠੇ ਉਸ ਨੂੰ ਲੱਗਾ ਕਿ ਜਿਵੇਂ  ਬਾਬਾ ਬੋਹੜ ਸਮਾਧੀ ਵਿੱਚ ਬੈਠਾ ਹੋਵੇ ਤੇ ਅਚਾਨਕ  ਟਹਿਣੀਆਂ ਦੇ ਹੁਲਾਰੇ ਉਦਾਸੀਨ ਹੋ ਕੇ ਬੰਦ ਹੋ ਗਏ। ਉਸ ਨੂੰ ਲੱਗਾ ਕਿ ਬੋਹੜ ਨੇ ਉਸ ਦੀਆਂ ਤਰਲ ਅੱਖਾਂ ਵੇਖ ਲਈਆਂ ਨੇ ਤੇ ਉਹ ਸਮਾਧੀ 'ਚੋਂ ਨਿਕਲ ਕੇ ਉਸ ਨਾਲ ਦੁੱਖ -ਸੁੱਖ ਵੰਡਾ ਰਿਹਾ ਹੋਵੇ, " ਯਾਰ ਜ਼ਮਾਨਾ ਗੁਜ਼ਰ ਗਿਆ ਲੋਕਾਂ ਦੀ ਸੇਵਾ 'ਚ ਲੱਗਿਆਂ।  ਇਹਨਾਂ ਨੂੰ ਵਾਤਾਵਰਨ ਦੀ ਪਰਵਾਹ ਹੀ ਕੋਈ ਨਹੀਂ। ਪਤਾ ਨਹੀਂ ਕਦੋਂ ਕੁਹਾੜੀ ਚੱਲ ਜਾਵੇ।ਬਜ਼ੁਰਗਾ ਤੂੰ ਹੀ ਕੁਝ ਕਰ।" ਅਗਲੇ ਹੀ ਪਲ   ਬਜ਼ੁਰਗ ਧਾਹੀਂ ਰੋਣ ਲੱਗਾ ਤੇ ਬੋਹੜ ਨੂੰ ਜੱਫੀ ਪਾ ਕਹਿਣ ਲੱਗਾ, " ਮਿੱਤਰਾ ਮੇਰੀ ਹੁਣ ਕੋਈ ਨਹੀਂ ਸੁਣਦਾ, ਇਹ ਲੋਕੀਂ ਤਾਂ ਤੇਰੀ ਛਾਂ ਵੇਚ ਕੇ ਅੱਗ ਖਰੀਦ ਰਹੇ ਨੇ। ਨਾਲੇ ਭਰਾਵਾ ਮੈਨੂੰ ਤਾਂ ਘਰ ਵੀ ਕੋਈ ਨਹੀਂ ਪੁੱਛਦਾ, ਮੈਂ ਤਾਂ ਤੇਰੇ ਤੋਂ ਵੀ ਵੱਧ ਹਮਦਰਦੀ ਦਾ ਪਾਤਰ ਹਾਂ।"

ਬੁੱਢਾ ਬੋਹੜ 
ਬਜ਼ੁਰਗ ਨਿਰਾਸ਼
ਦੋਵੇਂ  ਲਾਚਾਰ। 

ਪ੍ਰੋ. ਦਵਿੰਦਰ ਕੌਰ ਸਿੱਧੂ  
(ਦੌਧਰ -ਮੋਗਾ )

ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ। 

9 Oct 2014

ਡਾਚੀ ਬੇਦੋਸ਼ੀ (ਤਾਂਕਾ)

           
1.

ਸੱਸੀ ਨੇ ਸੌਂ  ਕੇ

ਪੁਨੂੰ ਸੀ ਗੁਆਇਆ

ਡਾਚੀ ਬੇਦੋਸ਼ੀ

ਹੋਰਾਂ ਹੱਥ ਮੁਹਾਰ  


ਤੜਪੇ ਇਕਰਾਰ। 



2.

ਸੂਲਾਂ ਦੀ ਸੇਜ

ਮਾਹੀ ਸੰਗ ਲਗਦੀ

ਫੁੱਲਾਂ ਦੀ ਸੇਜ

ਜਦ ਪਏ ਵਿਛੋੜਾ

ਖ਼ੁਸ਼ਬੂ ਵੀ ਡੰਗਦੀ


ਹਰਭਜਨ ਸਿੰਘ ਖੇਮਕਰਨੀ 
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹ ਕੇ ਵੇਖੀ ਗਈ। 

5 Oct 2014

ਰਾਤ ਲੰਘਦੀ

1.
ਨੱਚੜਾ ਮੋਰ 
ਵੇਖਦਾ ਬੱਦਲਾਂ ਨੂੰ 
ਖੁਸ਼ੀ ਮਨਾਵੇ। 



2.
ਰਾਤ ਲੰਘਦੀ 
ਕਹਾਣੀ ਤੇਰੀ ਪਾਵੇ 
ਨੀਂਦ ਨਾ ਆਵੇ। 




ਚੌਧਰੀ ਅਮੀ ਚੰਦ 
(ਮੁਕਤਸਰ ) 

ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਵੇਖੀ ਗਈ। 

4 Oct 2014

ਕਰਤੇ ਦਾ ਕੌਤਕ (ਸੇਦੋਕਾ)

1.
ਅਜੀਬ ਖੇਲ
ਕਰਤੇ ਦਾ ਕੌਤਕ
ਬੰਦਾ ਕਿੱਥੋਂ ਆਉਂਦਾ
ਕੱਟ ਕੇ ਪੈਂਡਾ 
ਕਿੱਥੇ ਅਲੋਪ ਹੋਵੇ
ਗੁ੍ੱਥੀ ਕੌਣ *ਬਲੋਵੇ। 

2.
ਗਾਥਾ ਨੇ ਕਈ
ਪ੍ਰਮਾਣ ਨਹੀਂ ਕੋਈ
ਪਰ ਮੰਨਦੇ ਸਾਰੇ
ਡਰਾਵੇ ਦੇਂਦੇ
ਜਾਂ ਸੁਰਗਾਂ ਦੇ ਡ੍ਰਾਮੇ
ਹਨੇਰੇ ਦੀਆਂ ਗੱਲਾਂ। 

3.
ਤਾਰੇ ਲਿਤਾੜੇ
ਸਮੁੰਦਰ ਘੰਘਾਲੇ
ਧਰਤੀ *ਮਾਰੇ ਫਾਲੇ
ਨਵੀਆਂ ਖੋਜਾਂ
ਮੌਤ  ਤੋਂ ਅੱਗੇ ਕਿੱਥੇ  
ਕਈਆਂ ਮਾਰੇ ਮੱਥੇ। 

 ਇੰਜ ਜੋਗਿੰਦਰ ਸਿੰਘ ਥਿੰਦ
 ( ਸਿਡਨੀ )
* ਬਲੋਵੇ =ਸੁਲਝਾਵੇ,   *ਮਾਰੇ ਫਾਲੇ = ਡ੍ਰਿਲਿੰਗ ਕੀਤੀ
ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ। 



2 Oct 2014

ਚਾਨਣ ਦੀ ਕਾਤਰ

           ਗੂੜ -ਸਿਆਲੂ ਰੁੱਤ ..... ਠੁਰ -ਠੁਰ ਕਰਦੀ ਧੁੱਪ .....ਪਰ ਗੁਲਾਬੀ ਧੁੱਪ ਦੇ ਟੋਟਿਆਂ ਨੂੰ ਉਸ ਦੀ ਨਿੱਘੀ ਦੋਸਤੀ ਸੰਗ ਮਾਣਦਿਆਂ ਮੇਰਾ ਆਪਾ ਅਸੀਮ ਖੁਸ਼ੀ  ਨਾਲ ਭਰ ਜਾਂਦਾ। ਉਸ ਨਾਲ ਪਈ ਦਿਲੀ ਸਾਂਝ ਮੈਨੂੰ ਖੂਨੀ ਰਿਸ਼ਤਿਆਂ ਨਾਲੋਂ ਵੀ ਅਨਮੋਲ ਲੱਗਦੀ। ਉਹ ਅਕਸਰ ਦੁੱਧ ਰੰਗੀ ਹਾਸੀ ਹੱਸਦੀ ਮੈਨੂੰ ਧਾਹ ਕੇ ਮਿਲਦੀ। ਅੱਜ ਕਿਸੇ ਅਗੰਮੀ ਪ੍ਰਸੰਨਤਾ ਦੇ ਹੁਲਾਰੇ ਲੈਂਦਿਆਂ ਉਸ ਕਿਹਾ, "ਛੇਤੀ ਹੀ ਇੱਕ ਨਿੱਕਾ ਫਰਿਸ਼ਤਾ ਮੇਰੀ ਝੋਲ਼ੀ ਪੈਣ ਵਾਲਾ ਹੈ।" ਅਛੋਪਲੇ ਹੀ ਮੇਰਾ ਨਿੱਜੀ ਅਨੁਭਵ ਬੋਲਿਆ, "ਤੇਰਾ ਖਿੜਿਆ ਮੱਥਾ ਤੇ ਚਿਹਰੇ ਦਾ ਨੂਰ ਤੇਰੀ ਕੁੱਖ 'ਚ ਪਲਦੀ ਨੰਨ੍ਹੀ ਪਰੀ ਦੇ ਆਉਣ ਦੀ ਹਾਮੀ ਭਰਦਾ ਹੈ !" 
       ਛਣ -ਛਣ ਕਰਦਾ ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਨਿੱਕੇ ਫਰਿਸ਼ਤੇ ਦਾ ਮਾਂ ਦੀ ਕੁੱਖ ਦਾ ਗੁਲਾਬੀ ਸਫ਼ਰ ਹੁਣ ਆਪਣੀਆਂ ਅੰਤਮ ਛੋਹਾਂ 'ਤੇ ਹੈ। ਕੋਸੀ -ਕੋਸੀ ਫੱਗਣੀ ਧੁੱਪ 'ਚ ਅੱਜ ਫੇਰ ਸਾਡੀ ਮੁਲਾਕਾਤ ਹੋਈ। ਕੁਝ ਮਹੀਨੇ ਪਹਿਲਾਂ ਕਿਆਸੇ ਅਨੁਮਾਨ 'ਤੇ ਉਸ ਪੱਕੀ ਮੋਹਰ ਲਾਉਂਦਿਆਂ ਕਿਹਾ, " ਸੱਚੀ .....ਹਾਂ ਸੱਚੀ ਹੀ..... ਇੱਕ ਨਿੱਕੜੀ ਪਰੀ ਸਾਡੇ ਘਰ ਆਉਣ ਵਾਲੀ ਹੈ !" ਨਵੀਂ ਟੈਕਨਾਲੋਜੀ ਦੇ ਜ਼ਮਾਨੇ 'ਚ ਹੁਣ ਹਰ ਗੱਲ ਦੀ ਜਾਣਕਾਰੀ ਅਗਾਉਂ ਹੀ ਹੋ ਜਾਂਦੀ ਹੈ। 
       ਅੱਜ ਇਓਂ ਲੱਗਾ ਜਿਵੇਂ ਉਸ ਦੇ ਮਨ ਦੇ ਮੌਸਮਾਂ 'ਚ ਫੁੱਲਾਂ ਜਿਹੀ ਰਸ ਭਿੰਨੀ ਮਹਿਕ ਬਿਖਰ ਗਈ ਹੋਵੇ। ਬਹਾਰਾਂ ਵਾਂਗ ਖਿੜੀ ਉਸ ਡਾਢੇ ਲੋਰ 'ਚ ਆਉਂਦਿਆਂ ਬੜੇ ਹੀ ਚਾਅ ਨਾਲ ਆਪਣੀ ਸੋਹਣੀ ਪਰੀ ਦੇ ਸੁਆਗਤ ਲਈ ਕੀਤੀ ਅਗਾਉਂ ਤਿਆਰੀ ਨੂੰ ਮੇਰੇ ਮੂਹਰੇ ਲਿਆ ਬਿਖੇਰਿਆ। ਕਿਧਰੇ ਆਪੂੰ ਖਰੀਦੇ ਨਿੱਕੇ -ਨਿੱਕੇ ਗੁਲਾਬੀ ਫਰਾਕ ਤੇ ਮੌਜੇ ਤੇ ਕਿਧਰੇ ਸੱਤ -ਸਮੁੰਦਰ ਪਾਰੋਂ ਊਨੀ ਧਾਗਿਆਂ 'ਚ ਉਣ ਕੇ ਘੱਲੇ ਦਾਦੀ ਤੇ ਨਾਨੀ ਦੇ ਰਲਵੇਂ ਮੋਹ -ਮਲਾਰ।  ਆਪਣੇ ਪਤੀ ਵੱਲੋਂ ਲਿਆਂਦੀ ਨਿੱਕੀ ਜਿਹੀ ਗੁਲਾਬੀ ਗੁੱਡੀ ਜਦੋਂ ਉਸ ਵਿਖਾਈ ਤਾਂ ਇਓਂ ਲੱਗਾ ਜਿਵੇਂ ਸੱਚੀ ਹੀ ਦੁੱਧੀਆ ਹਾਸੀ ਨੇ ਵਿਹੜਾ ਭਰ ਦਿੱਤਾ ਹੋਵੇ। ਸ਼ਾਇਦ ਉਹ ਇਸ ਗੁੱਡੀ ਨੂੰ ਵੇਖ ਕੇ ਆਪਣੀ ਲਾਡੋ ਦਾ ਚਿਹਰਾ ਨਿੱਤ ਚਿਤਵਦਾ ਹੈ। 
        ............... ਆਉਣ ਵਾਲੀ ਚਾਨਣ ਦੀ ਕਾਤਰ ਵਰਗੀ ਪਰੀ ਨੂੰ ਮਨ ਹੀ ਮਨ ਅੱਜ ਭਾਗਭਰੀ ਕਹਿਣ ਨੂੰ ਮੇਰਾ ਜੀਅ ਕਰ ਆਇਆ। 

ਖੁੱਲੀ ਖਿੜਕੀ 
ਚਾਨਣ ਦੀ ਕਾਤਰ 
ਤੱਕਾਂ ਵਿਹੜੇ। 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ )

ਨੋਟ: ਇਹ ਪੋਸਟ ਹੁਣ ਤੱਕ 37 ਵਾਰ ਖੋਲ੍ਹ ਕੇ ਵੇਖੀ ਗਈ। 

1 Oct 2014

ਧੁੱਪੇ ਨਿਆਣਾ

1.

ਮੈਲੇ ਕੱਪੜੇ
ਰੋੜੀ ਕੁੱਟੇ ਰਾਹ 'ਤੇ
ਧੁੱਪੇ  ਨਿਆਣਾ।





2.
ਦਿਹਾੜੀਦਾਰ 
ਉਸਾਰੇ ਇਮਾਰਤਾਂ
ਮਿਲੀ ਨਾ ਛੱਤ।



ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)।

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਖੋਲ੍ਹ ਕੇ ਵੇਖੀ ਗਈ। 

26 Sept 2014

ਪੰਜਾਬੀ ਸੱਭਿਅਤਾ (ਚੋਕਾ)

ਭੁੱਲ ਗਈਆਂ 
ਅੱਜ ਦੀਆਂ ਕੁੜੀਆਂ
ਸਿਰਾਂ 'ਤੇ ਲੈਣੀ 
ਰੰਗਲੀਆਂ ਚੁੰਨੀਆਂ
ਨਾ ਦਿੱਸਦੀਆਂ  
ਕਿਧਰੇ ਹੁਣ ਸਾਨੂੰ 
ਗੁੱਤਾਂ ਗੁੰਦੀਆਂ
ਨਾ ਹੀ ਓਹ ਝੂਟਣ 
ਪਿੱਪਲੀਂ ਪੀਂਘਾਂ
ਨਾ ਰਲ਼ ਲਾਉਂਦੀਆਂ 
ਹੁਣ ਕਿਧਰੇ 
ਕਦੇ ਤੀਆਂ -ਤ੍ਰਿੰਝਣ 
ਛੱਡਿਆ ਓਨ੍ਹਾਂ 
ਪੰਜਾਬੀ ਪਹਿਰਾਵਾ
ਰੰਗ -ਬਿਰੰਗੀ 
ਸਲਵਾਰ-ਕਮੀਜ਼ਾਂ
ਛੱਡ ਪਾਵਣ 
ਚੰਦਰੀਆਂ ਜਿਹੀਆਂ 
ਭੀੜੀਆਂ ਜੀਨਾ  
ਵਿਆਹ ਪਾਰਟੀਆਂ
ਪੀਣ ਸ਼ਰਾਬਾਂ
ਸ਼ਾਨ ਸਮਝਦੀਆਂ 
ਜਾਵਣ ਪੱਬਾਂ
ਪੰਜਾਬੀ ਸੱਭਿਅਤਾ
ਕਿੱਥੇ ਓ ਰੱਬਾ
ਗੁਆਚੀ ਸੱਭਿਅਤਾ
ਹੁਣ ਮੈਂ ਕਿੱਥੇ ਲੱਭਾਂ ?

ਵਰਿੰਦਰਜੀਤ ਸਿੰਘ 
(ਬਰਨਾਲਾ) 

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ।