ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Jul 2017

ਭਰੋਸਾ (ਮਿੰਨੀ ਕਹਾਣੀ )

Daljit Shahpuri's profile photo, Image may contain: 1 personਤਸਨੀਮ ੲਿੱਕ ਹੱਥ ਵਿੱਚ ਦੁਪੱਟਾ ਤੇ ਦੂਸਰੇ ਹੱਥ ਵਿੱਚ ਮਨ ਭਾਉਂਦੇ ਗ਼ੁਲਾਬ ਦੇ ਫੁੱਲ ਦੀ ਟਾਹਣੀ ਲਈ ਲਲਾਰੀ ਬਜ਼ਾਰ ਵਿੱਚੋਂ ਭੱਜੀ ਜਾ ਰਹੀ ਸੀ, "ਵੀਰਿਆ , ਫੁੱਲ ਜੇ ਤੇ ਬਗਲੇ ਜਿਹਾ  ਦੁਪੱਟਾ , ਮਾਸਾ ਫ਼ਰਕ ਨਾ ਪਾਵੀਂ ਤੇ ਰੰਗ ਪੱਕਾ ਹੋਵੇ।"

"ਭੈਣਾਂ ਜਿਵੇਂ ਆਂਹਨੀ ਪਈ ਏਂ, ਉਂਵੇ ਹੋਸੀ," ਤਸਨੀਮ ਦੀ ਸਹੇਲੀ ਜ਼ੈਨਬ ਦਾ ਲਲਾਰੀ ਭਰਾ ਕੁਦਰਤ ਦੀ ਬਣਾਈ ਹਰ ਚੀਜ਼ ਦੀ ੲਿਬਾਦਤ ਕਰਦਾ ਸੀ 

ਭੈਣ ਤਸਨੀਮਾ, ਏਸ ਗ਼ੁਲਾਬ ਦੇ ਟੁੱਟਣ ਵਾਂਗ ਕੁਝ ਦਰਦ ਤਾਂ ਦੁਪੱਟੇ ਨੂੰ ਵੀ ਹੋਵੇਗਾ।" 
ਲਲਾਰੀ ਦੇ ਏਨਾ ਅਾਖ਼ਦਿਅਾਂ ਹੀ ਤਸਨੀਮਾ ਨੂੰ ਲੱਗਾ ਜਿਸ ਭਰੋਸੇ ਕੁਦਰਤ ਨੇ ੲਿਸ ਸੰਸਾਰ ਨੂੰ ੲਿਤਨੀ ਹੁਸੀਨੀਅਤ  ਨਾਲ ਨਿਵਾਜੀਅਾ , ਓਸ ਏਹ ਭਰੋਸਾ ਤੋੜ ਦਿੱਤਾ ਸੀ

ਦਲਜੀਤ ਸ਼ਾਹਪੁਰੀ 
ਓਂਟਾਰੀਓ (ਕੈਨੇਡਾ)

ਨੋਟ : ਇਹ ਪੋਸਟ ਹੁਣ ਤੱਕ 45 ਵਾਰ ਪੜ੍ਹੀ ਗਈ ਹੈ।

ਲਿੰਕ 1        ਲਿੰਕ 2

12 Jul 2017

ਤੇਰੇ ਬਾਝੋਂ

Image result for sad old woman paintingਉਸ ਦੇ ਵਿਹੜੇ ਵਿੱਚ ਕੇਵਲ ਉਦਾਸੀ ਪਣਪ ਰਹੀ ਸੀ। ਸੁੱਖਾਂ ਨਾਲ ਤਾਂ ਜਿਵੇਂ ਹੁਣ ਉਸ ਦਾ ਕੋਈ ਵਾਸਤਾ ਹੀ ਨਹੀਂ ਰਿਹਾ ਸੀ  ਵੱਡੇ ਪੁੱਤ ਦੀ ਬੇਵਕਤੀ ਮੌਤ ਨੇ ਉਸ ਨੂੰ ਧੁਰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਸੀ। ਵਿਧਵਾ ਨੂੰਹ ਨੂੰ ਵੇਖ ਕੇ ਉਹ ਹਰ ਘੜੀ ਫ਼ਿਕਰਾਂ ' ਗਲਤਾਨ ਰਹਿੰਦੀ। ਅਮਰ ਵੇਲ ਵਾਂਗ ਵਧਦੇ ਕਰਜ਼ੇ ਤੇ ਗਰੀਬੀ ਕਾਰਨ ਉਸ ਨੇ ਆਪਣੇ ਪੋਤੇ ਤੇ ਪੋਤੀ ਨੂੰ ਸਕੂਲੋਂ ਪੜ੍ਹਨੋ ਹਟਾ ਲਿਆ। ਜਦੋਂ ਛੋਟਾ ਪੁੱਤ ਅੱਡ ਹੋ ਗਿਆ ਤਾਂ ਉਸ ਦਾ ਜਿਉਣਾ ਮਰਨ ਤੋਂ ਵੀ ਭੈੜਾ ਹੋ ਗਿਆ। 
   ਟੁੱਟੀਆਂ ਸਾਂਝਾਂ ਦੀ ਪੀੜ ਨੂੰ ਆਪਣੇ ਆਪੇ ' ਨਪੀੜਦੀ ਹਉਕਾ ਲੈ ਕੇ ਉਹ ਬੋਲੀ, "ਛੋਟੇ ਹੁੰਦੇ ਦੋਵੇਂ ਜਾਣੇ ਕੇਸੀ ਨ੍ਹਾਉਣੋ ਟੱਲਦੇ। ਹਰ ਵਾਰੀ ਵੱਡੇ ਨੇ ਛੋਟੇ ਨੂੰ ਪਹਿਲਾਂ ਨਹਾਉਣ ਲਈ ਮਨਾ ਲੈਣਾ। ਕਦੇ -ਕਦੇ ਜਦ ਛੋਟੇ ਨੇ ਅੜੀ ਕਰਨੀ ਤਾਂ ਵੱਡੇ ਨੇ ਕਹਿਣਾ ਕਿ ਚੱਲ ਪੁੱਗ ਲੈਨੇ ਆਂ ਤੇ ਪੁੱਗ ਕੇ ਵੀ ਉਹ ਜਿੱਤ ਜਾਂਦਾ।
    ਅੱਖ਼ਾਂ ਵਿੱਚੋਂ ਵਹਿੰਦੇ ਉਸ ਦੇ ਹੰਝੂ ਹੁਣ ਰੁਕਣ ਦਾ ਨਾਓਂ ਨਹੀਂ ਲੈ ਰਹੇ ਸਨ," ਪਤਾ ਨੀ ਕੀ ਕਾਹਲ਼ੀ ਪੈ ਗਈ ਉਸ ਜਿਉਣ ਜੋਗੇ ਨੂੰ ਜਾਣ ਦੀ। ਬਿਨ ਪੁੱਗਿਆਂ ਹੀ ਦਾਈ ਆਪਣੇ ਸਿਰ ਲੈ ਲਈ। ਚੰਦਰਿਆ ਓਦੋਂ ਪੁੱਗਣਾ ਕਿਵੇਂ ਭੁੱਲ ਗਿਆ ਤੂੰ ? ਮੇਰੇ ਨਾਲ਼ ਹੀ ਪੁੱਗ ਲੈਂਦਾ। ਤੇਰੇ ਬਾਝੋਂ ਹੁਣ ਤਾਂ ਬੱਸ ਰੱਬ ਹੀ ਰਾਖਾ।ਤਰਲ ਅੱਖਾਂ 'ਚੋਂ ਬੇਰੋਕ ਸਿੰਮਦੇ ਦਰਦ ਨੂੰ ਹੁਣ ਉਹ ਆਪਣੀ ਚੁੰਨੀ ਦੇ ਲੜ ਬੰਨ੍ਹ ਰਹੀ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 150 ਵਾਰ ਪੜ੍ਹੀ ਗਈ ਹੈ।

ਲਿੰਕ 1             ਲਿੰਕ 2

11 Jul 2017

ਤਨ,ਮਨ ਅਤੇ ਧਨ (ਮਿੰਨੀ ਕਹਾਣੀ )

Amrik Plahi's profile photo, Image may contain: 1 person, close-up” ਮਹਾਂਪੁਰਸ਼ੋ ! ਮੈਂ ਤਨ, ਮਨ, ਧਨ ਨਾਲ ਇਸ ਡੇਰੇ ਦੀ ਸੇਵਾ ਕਰਨੀ ਚਾਹੁੰਦਾ ਹਾਂ,” 
ਡੇਰੇ ਵਿੱਚ ਨਵੇਂ ਨਵੇਂ ਆਏ ਸ਼ਰਧਾਲੂ ਨੇ ਉੱਮੜ ਰਹੇ ਚਾਅ ਅਤੇ ਭਾਵਕਿਤਾ ਨਾਲ ਸੰਤਾਂ ਨੂੰ ਬੇਨਤੀ ਕੀਤੀ ।ਡੇਰੇਦਾਰ ਨੇ ਆਪਣੇ ਹੱਥ ਵਿੱਚ ਫੜੇ ਲੈਪਟੌਪ ਵੱਲ ਦੇਖ ਕੇ ਪ੍ਰਬਚਨ ਕੀਤਾ :

” ਭਗਤਾ, ਇਹ ਤਨ ਪ੍ਰਮਾਤਮਾ ਦੀ ਬਖ਼ਸ਼ੀ ਦਾਤ ਹੈ, ਇਹ ਤੇਰਾ ਨਹੀਂ, ਜਿਸਦਾ ਹੈ ਉਸੇ ਪ੍ਰਮਾਤਮਾ ਜੋਗਾ ਰਹਿਣ ਦੇ, ਇਸ ਨੂੰ ਆਪਣੇ ਕੋਲ ਹੀ ਰੱਖ।”

ਦੂਜੇ ਸ਼ਬਦਾਂ ਵਿੱਚ ਅਸੀਂ ਇਸ ਸਰੀਰ ਨੂੰ ਕੰਪਿਉਟਰ ਦੀ ਹਾਰਡਵੇਅਰ ਕਹਿ ਸਕਦੇ ਹਾਂ ”, ਉਸਨੇ ਪੜ੍ਹੇ ਲਿਖੇ ਸ਼ਰਧਾਲੂ ਨੂੰ ਭਾਂਪਦੇ ਹੋਏ ਅਾਪਣੇ ਕੋਲ ਪਏ ਲੈਪਟੌਪ ਵੱਲ ਦੇਖਦੇ ਕਿਹਾ ।
ਇਹ ਮਨ ਤਾਂ ਸਰੀਰ ਲਈ ਕੰਪਿਉਟਰ ਦੀ ਪ੍ਰੋਗਰਾਮਿੰਗ ਦੀ ਨਿਆਈਂ ਹੈ । ਗੁਰਮੁਖਾ, ਪ੍ਰੋਗਰਾਮਿੰਗ ਤੋ ਬਗ਼ੈਰ ਕੰਪਿਊਟਰ ਬੇਕਾਰ ਹੈ, ਸਮਝਿਆ ਕਿ ਨਹੀਂ ? 
” ਸਮਝ ਗਿਆ ਜੀ ਸਮਝ ਗਿਆ ” ਉਸ ਨੇ ਬੜੇ ਉਤਸੁਕਤਾ ਨਾਲ ਜਵਾਬ ਦਿੱਤਾ । 
ਰਹੀ ਗੱਲ ਧਨ ਦੀ, ਇਹ ਤਾਂ ਸੱਜਣਾ ਧੁੱਪ ਛਾਂ ਵਾਗਰ ਹੈ, ਕਦੀ ਕਿਸੇ ਦੇ ਵਿਹੜੇ ਕਦੀ ਕਿਸੇ ਦੇ, ਇਸ ਨਾਲ ਬਹੁਤਾ ਮੋਹ ਚੰਗਾ ਨਹੀਂ । ਧਨ ਦੋਲਤ ਦਾ ਇਸ ਕੰਪਿਉਟਰ ਦੀ ਸੌਫ਼ਟਵੇਅਰ ਵਾਂਗਰ ਬਦਲਣਾ ਅਤੇ ਹਰਕਤ ਵਿੱਚ ਰਹਿਣਾ ਹੀ ਉੱਚਿਤ ਹੈ । ਬੱਸ  ਇਹੀ ਤੇਰੀ ਸੇਵਾ ਹੈ ।
ਸ਼ਰਧਾਲੂ ਮਹਾਂਪੁਰਸ਼ਾਂ ਦੇ ਬਚਨਾ ਨਾਲ ਗਦ ਗਦ ਹੋ ਗਿਆ ਅਤੇ ਆਪਣੇ ਬਟੂਏ ਨੂੰ ਹੱਥ ਪਾ ਲਿਆ ।


ਅਮਰੀਕ ਪਲਾਹੀ

ਨੋਟ : ਇਹ ਪੋਸਟ ਹੁਣ ਤੱਕ 28 ਵਾਰ ਪੜ੍ਹੀ ਗਈ ਹੈ।

10 Jul 2017

ਰਿਸ਼ਤੇ ਮਾਨਵਤਾ ਦੇ

Image result for humanityਸੱਚੇ ਤੇ ਸੁੱਚੇ 
ਸਭ ਤੋਂ ਉੱਚੇ
ਰਿਸ਼ਤੇ ਮਾਨਵਤਾ ਦੇ
ਰੱਬ ਬਣ ਟੱਕਰਣ
ਦਿਲੋਂ ਨਾ ਵਿਸਰਣ
ਜਦ ਜਦ ਠੋਕਰ ਖਾਈਏ 
ਬਾਂਵ ਫੜ ਉਠਾਵਣ ।
ਅੱਥਰੂ ਪੂੰਝ ਦੇਵਣ ਹੌਸਲਾ
ਜਿਵੇਂ 
ਅਰਸ਼ੋਂ ਉਤਰੇ ਫਰਿਸ਼ਤੇ
ਰਿਸ਼ਤੇ ਮਾਨਵਤਾ ਦੇ ।
ਗੁਰੂ ਬਣ ਰਾਹ ਸੁਝਾਵਣ
ਇੱਕ ਮੁਸਕਾਨ ਝੋਲੀ ਪਾ ਕੇ
ਦੁੱਖ ਹਨ੍ਹੇਰਾ ਹਰ ਲੈ ਜਾਣ ।
ਜਦ ਜਦ  ਡੋਲੇ ਮਨ
ਉਹ ਸਾਹਮਣੇ ਆ ਖਲੋਵਨ
ਜਿਵੇਂ  ਪਿਆਸੇ ਕੋਲ ਪਾਣੀ 
ਰਿਸ਼ਤੇ ਮਾਨਵਤਾ ਦੇ
ਕਦੇ ਨਾ ਛੁੱਟਣ 
ਕਦੇ ਨਾ ਟੁੱਟਣ 
ਤਪਦੇ ਜੀਵਨ 'ਚ
ਠੰਡੀ ਹਵਾ ਦੇ ਬੁੱਲੇ
ਦਿਲਾਂ 'ਚ ਵਸਣ 

ਪਿਘਲਣ ਬਣ ਮੱਖਣ 
ਦੇਖ ਪੀੜਾ ਵੈਰੀ ਦੀ ਵੀ
ਦਿਲ ਦੇ ਬੂਹੇ ਰੱਖਣ 
ਸਦਾ ਹੀ ਉਹ ਖੁੱਲੇ
ਧੰਨ ਨੇ ਉਹ ਮਾਂਵਾਂ 

ਜਿਨ੍ਹਾਂ ਦੇ ਉਹ ਜਾਏ ।

ਕਮਲਾ ਘਟਾਔਰਾ 
ਯੂ ਕੇ 
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ ਹੈ।


9 Jul 2017

ਤੇਰੀ ਉਡੀਕ

ਖੋਲ ਸੱਜਣਾ ਖਿੜਕੀ 
ਆਵਾਜ਼ ਦੇ ਮੈਨੂੰ ,
ਤੰਗ ਬਹੁਤ ਕੂਚੇ
ਤੈਨੂੰ ਲੱਭਦੇ ਲੱਭਦੇ
ਦਮ ਘੁਟੇ ਮੇਰਾ ।

ਮਹਿਕਾਂ ਦਾ ਮੌਸਮ
ਹਵਾਵਾਂ ਦਾ ਪਹਿਰਾ ,
ਛੱਡ ਇਹ ਤੂੰ ਕੰਧਾਂ
ਪਾੜ ਸਾਰੇ ਪਰਦੇ ,
ਸੂਰਜ ਤੋਂ ਛੁਪ ਕੇ
ਕਿਉਂ ਲਾਇਆ ਡੇਰਾ ,
ਕਿੰਨੇ ਮੁੱਠੀ ਸਾਹ ਨੇ
ਬੰਦ ਹੈ ਇਹ ਮੁੱਠੀ ,
ਬਹਿ ਕੋਲ ਮੇਰੇ
ਮਿਲ ਕੇ ਹੰਢਾਈਏ ,
ਸਾਂਭੀ ਇਹ ਮੈਂ ਪੂੰਜੀ
ਹੱਕ ਇਸ 'ਤੇ ਤੇਰਾ ।
ਬੰਨੇ ਬਨ੍ਹੇਰੇ ਕੋਈ
ਮੈਂ ਨਹੀਂ ਰੱਖੇ ,
ਧਾਤੂਰੇ ਨਹੀਂ ਬੀਜੇ
ਨਾ ਕੋਈ ਜ਼ਹਿਰ ਚੱਖੇ ,
ਥੱਲੇ ਹੈ ਧਰਤੀ
ਉੱਤੇ ਗਗਨ ਪੂਰਾ ,
ਰੂਹਾਂ ਦੇ ਮੇਲੇ
ਨਾ 'ਤੇਰਾ ' ਨਾ 'ਮੇਰਾ ' |
ਇਹ ਭੀੜਾਂ ,ਇਹ ਕੂਚੇ
ਕਿਉਂ ਤੇਰੀਆਂ ਹੱਦਾਂ ,
ਦਰਿਆਵਾਂ ਦਾ ਵਗਣਾਂ
ਰੋਕੇਗਾ ਕਿਹੜਾ ,
ਸਾਗਰ ਤੋਂ ਡੂੰਗੇ
ਜ਼ਿੰਦਗੀ ਦੇ ਸੁਪਨੇ
ਪੰਡਾਂ 'ਚ ਬੰਨ੍ਹੇ ,
ਆ ਮਿਲ ਕੇ ਤੁਰੀਏ
ਆ ਮਿਲ ਕੇ ਵੰਡੀਏ ,
ਗਿਣੀਏ ਨਾ ਸੂਰਜ ਦਾ
ਕਿਨਵਾਂ ਹੈ ਗੇੜਾ ।
ਦਿਲਜੋਧ ਸਿੰਘ 
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

8 Jul 2017

ਕਲਪਨਾ (ਕਹਾਣੀ)

ਜਿੰਦਗੀ ਵਿੱਚ ਉਮਰ ਨੂੰ ਸਦਾ ਵਰਿਆਂ ਦੇ ਮਾਪ-ਦੰਡ ਨਾਲ ਨਹੀਂ ਮਿਣਿਆਂ ਜਾਂਦਾ। ਕਈ ਲੋਕ ਇੱਕ ਉਮਰ ਵਿੱਚ ਕਈ ਉਮਰਾਂ ਜੀਅ ਜਾਂਦੇ ਨੇ। ਕਈ ਮਰਜੀਵੜੇ ਸਾਰੀ ਉਮਰ ਕਿਸੇ ਲਈ ਜੀਅ ਜਾਂਦੇ ਨੇ ਤੇ ਕਈ ਆਪਣੇ ਜੋਗਾ ਵੀ ਨਹੀਂ ਜੀਅ ਸਕਦੇ।  ਇਹ ਉਮਰ ਕਿਸੇ ਲਈ ਕਰਜ਼ ਹੋ ਜਾਂਦੀ ਹੈ ਤੇ ਕਿਸੇ ਲਈ ਫ਼ਰਜ਼। 
ਮੇਰੀ ਤਾਂ ਸਾਰੀ ਉਮਰ ਕਰਨਾਲ ਸ਼ਹਿਰ ਵਿੱਚ ਸਿਮਟ ਕੇ ਰਹਿ ਗਈ।  ਹਾਲਾਂਕਿ  ਇਸ ਵਿੱਚ  ਇੱਕ ਨਿੱਕਾ ਜਿਹਾ ਫਲੈਟ ਹੀ ਮੇਰਾ ਆਪਣਾ ਹੈ। ਸਕੂਲ ਤੋਂ ਘਰ ਤੇ ਘਰੋਂ ਸਕੂਲ, ਇਸ ਰਾਹੇ ਟੁਰਦਿਆਂ ਉਮਰ ਦਾ ਵੱਡਾ ਹਿੱਸਾ ਵੀਹ ਗਿਆ। ਹੁਣ ਤਾਂ ਸਕੂਲੋਂ ਰੁਖ਼ਸਤ ਪਾਇਆਂ ਵੀ ਵਰ੍ਹਾ ਹੋ ਚਲਿਆ। 
ਪੂਰਾਂ ਦੇ ਪੂਰ ਇਥੋਂ ਪੜ੍ਹ ਕੇ ਤੁਰ ਗਏ ਨੇ। ਕਦੀ ਕਦੀ ਜਾਪਦੈ ਇਹ ਸਕੂਲ ਹੀ ਮੇਰਾ ਪਰਵਾਰ ਸੀ। ਮੇਰੇ ਪਰਿਵਾਰ ਦੇ ਜੀਅ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਵੱਸ ਗਏ ਨੇ। ਰਾਜਾ ਵੀਰ ਤੇ ਭੈਣ ਗਿੰਨੀ ਹੁਰੀਂ ਵੀ ਕਦੋਂ ਦੇ ਕੈਨੇਡਾ ਵਸਦੇ ਨੇ। ਜਦ ਵੀ ਮੇਰੀ ਸੋਚ ਬੀਤੇ ਦੇ ਪੰਧ 'ਤੇ ਪਿਛਾਂਹ ਨੂੰ ਸਫ਼ਰ ਕਰਦੀ ਹੈ ਤਾਂ ਕਿੰਨੀਆਂ ਕੌੜੀਆਂ ਮਿੱਠੀਆਂ ਯਾਦਾਂ ਅੰਤਹਿਕਰਣ ਦੇ ਵਿਹੜੇ ਵਿੱਚ ਤਾਂਡਵ ਨਾਚ ਨੱਚਦੀਆਂ ਨੇ। ਮੈਂ ਅਤੀਤ ਤੋਂ ਕਦੀ ਪਾਸਾ ਨਹੀਂ ਮੋੜਿਆ,ਇਹੋ ਤਾਂ ਮੇਰਾ ਉਮਰ ਭਰ ਦਾ ਸਰਮਾਇਆ ਹੈ। ਸੁਪਨੇ ਬੁਣਨ ਦੀ ਰੁੱਤ ਤਾਂ ਉਮਰ ਚੋਂ ਮਨਫ਼ੀ ਹੋ ਚੁੱਕੀ ਸੀ। ਇਕਾਕੀ ਹੁੰਦੇ ਹੋਏ ਵੀ ਇਕੱਲਤਾ ਮਹਿਸੂਸ ਨਹੀਂ ਕਰਦੀ। ਕਦੀ ਲੱਗਦੈ,ਕੁਝ ਵੀ ਤਾਂ ਨਹੀਂ ਬਦਲਿਆ,ਕੋਈ ਵੀ ਮੈਥੋਂ ਦੂਰ ਨਹੀਂ। ਇਹ ਦੂਰੀ ਜਾਂ ਨੇੜਤਾ ਮੀਲਾਂ ਦੀ ਨਹੀਂ ਹੁੰਦੀ। ਰਾਜੇ ਤੇ ਗਿੰਨੀ ਦੇ ਤੋਤਲੇ ਬੋਲ ਅੱਜ ਵੀ ਮੇਰੇ ਕੰਨਾਂ 'ਚ ਉਵੇਂ ਗੂੰਜਦੇ ਹਨ। 

ਪਾਪਾ ਦੀ ਮੌਤ ਕਿਆਮਤ ਬਣ ਕੇ ਆਈ ਤਾਂ ਸੋਚਾਂ ਕਿ ਇਸ ਜ਼ਿੰਦਗੀ ਦਾ ਕੀ ਬਣੇਗਾ। ਪਾਪਾ ਸਕੂਲ ਅਧਿਆਪਕ ਸਨ। ਉਨਾਂ ਵਾਲੀ ਨੌਕਰੀ ਮੈਨੂੰ ਮਿਲ ਗਈ ਤੇ ਉਹਨਾਂ ਵਾਲੀ ਜ਼ਿੰਮੇਵਾਰੀ ਵੀ। ਜਿੰਦਗੀ ਦੀ ਆਰਥਿਕ ਗੱਡੀ ਉਸੇ ਚਾਲ ਨਾਲ ਰੁੜ ਪਈ। ਪਾਪਾ ਦੇ ਜਾਣ ਦਾ ਵੱਡਾ ਘਾਟਾ ਮੈਨੂੰ ਪਿਆ। ਮੇਰੇ ਸੋਹਲ ਸੁਪਨੇ ਕਰਵਟ ਲੈਣ ਤੋਂ ਪਹਿਲਾਂ  ਹੀ ਜ਼ਿੰਮੇਵਾਰੀਆਂ ਨੇ ਵਲੂੰਧਰ  ਸੁੱਟੇ। ਮਾਂ ਅੱਖਾਂ ਭਰ ਕੇ ਮੇਰੇ ਵੱਲ ਵੇਖਦੀ। ਪਰ ਮੈਂ ਆਪਣੀ ਉਦਾਸੀ ਨੂੰ ਛੁਪਾ ਕੇ ਸਦੀਵ ਮੁਸਕਰਾਹਟ ਦਾ ਨਕਾਬ ਪਾ ਲਿਆ। ਮੇਰੇ ਮਨ ਨੂੰ ਸਕੂਨ ਸੀ,ਪਾਪਾ ਦੀ ਆਤਮਾ ਜਦੋਂ ਵੀ ਪਿਛਾਂਹ ਝਾਤ ਮਾਰਦੀ ਹੋਣੀ ਆਂ, ਮੇਰੀ ਕਾਰਗੁਜ਼ਾਰੀ ਤੇ ਪੂਰੀ ਸੰਤੁਸ਼ਟ ਹੁੰਦੀ ਹੋਏਗੀ। ਹੁਣ ਮੈਂ ਆਪਣੀ ਉਮਰ ਦੇ ਨਾਲ ਪਾਪਾ ਦੀ ਉਮਰ ਵੀ ਜਿਉਂ ਰਹੀ ਸਾਂ। 

ਨਵੀ ਹਾਲੇ ਵੀ ਮੇਰੀਆਂ ਸੋਚਾਂ ਵਿੱਚ ਕਿਤੇ ਖੜਾ ਸੀ। ਨਵੀ ਦੀ ਖ਼ਾਮੋਸ਼ ਤੱਕਣੀ ਕਿੰਨਾ ਕੁਝ ਆਖਦੀ, ਪਰ ਮੈਂ ਸਭ ਕਾਸੇ ਤੋਂ ਬੇਖਬਰ ਤੇ ਭੋਲੀ ਭਾਲੀ ਬਣਨ ਦਾ ਢੌਂਗ ਕਰਦੀ ਰਹਿੰਦੀ। ਜਦੋਂ ਕਿ ਮੈਂ ਭਲੀ ਭਾਂਤ ਜਾਣਦੀ ਸਾਂ, ਦੋ ਨੈਣ ਮੇਰਾ ਰਾਹ ਤੱਕਦੇ ਰਹਿੰਦੇ ਨੇ। ਇਹ ਦੋ ਨੈਣ ਮੇਰੇ ਤਸੱਵਰ 'ਚ ਇੰਜ ਵਸ ਗਏ ਜਿਵੇਂ ਮੇਰੀ ਉਮਰ ਦਾ ਹਿੱਸਾ ਹੋਣ। ਸਰਘੀ ਵੇਲੇ ਅੱਖਾਂ ਖੋਹਲਦੀ,ਇਹ ਦੋ ਨੈਣ ਕੰਧ ਤੇ ਆ ਚਿਪਕਦੇ। ਘਰੋਂ ਸਕੂਲ ਜਾਣ ਲੱਗਦੀ ਤਾਂ ਇਹ ਦੋ ਨੈਣ ਦਰਵਾਜ਼ੇ 'ਤੇ ਇੰਤਜ਼ਾਰ ਕਰ ਰਹੇ ਹੁੰਦੇ।ਉਂਜ ਤਾਂ ਮੈਂ  ਗਿੰਨੀ ਤੇ ਰਾਜੇ ਲਈ ਜਿਉਂਦੀ ਸਾਂ,ਪਰ ਲੱਗਦਾ ਸੀ ਜੀਣ ਦੇ ਮਕਸਦ 'ਚ ਇਹ ਦੋ ਅੱਖਾਂ ਵੀ ਸ਼ਾਮਲ ਨੇ। ਇੰਨਾ ਦੇ ਤਸੱਵਰ ਬਿਨਾ ਤਾਂ ਜਣੀਂ ਨਬਜ਼ ਰੁਕਦੀ ਜਾਪਦੀ। 

ਝਬਦੇ ਹੀ ਗਿੰਨੀ ਤੇ ਰਾਜਾ ਵੱਡੇ ਹੋ ਗਏ। ਮਾਂ ਮੈਨੂੰ ਵਿਆਹ ਲਈ ਪ੍ਰੇਰਦੀ। ਮੈਂ ਵਿਆਹ  ਤੋਂ ਮੁਕਰੀ ਨਹੀਂ ਸਾਂ,ਪਰ ਮੈਂ ਰਾਜੇ ਤੇ ਗਿੰਨੀ ਬਾਰੇ ਸੋਚਦੀ ਸਾਂ। ਰਾਜੇ ਨੂੰ ਨੌਕਰੀ ਮਿਲ ਜਾਏ, ਗਿੰਨੀ ਦੀ ਸ਼ਾਦੀ ਹੋ ਜਾਏ। ਪਰ ਮਾਂ ਹੋਰ ਜਾਵੀਏ ਤੋਂ ਸੋਚਦੀ ਸੀ। ਛੋਟੀ ਦਾ ਪਹਿਲੋਂ ਵਿਆਹ ਕਰਕੇ ਮੈਂ ਰਹਿੰਦੀ ਰਹਿੰਦੀ ਰਹਿ ਨਾ ਜਾਵਾਂ। ਮੇਰੇ ਲਈ ਵਿਆਹ ਦੀ ਅਹਿਮੀਅਤ ਜ਼ਿੰਮੇਵਾਰੀਆਂ ਤੋਂ ਉਪਰ ਨਹੀਂ ਸੀ। ਸੋਚਦੀ ਸਾਂ, ਇਧਰੋਂ ਫ਼ਾਰਗ ਹੋਣ ਬਾਅਦ ਜਦੋਂ ਵੀ ਠੀਕ ਲੱਗਾ, ਸ਼ਾਦੀ ਕਰ ਲਵਾਂਗੀ। ਆਪਣੇ ਪੈਰਾਂ 'ਤੇ ਖਲੋਤੀ ਸਾਂ। ਆਪਣੇ ਭਵਿੱਖ ਦੀ ਬਹੁਤੀ ਚਿੰਤਾ ਨਹੀਂ ਸੀ। ਪਰ ਮਾਂ ਦਾ ਅਨਿਸ਼ਚਤ ਭਵਿੱਖ ਮੇਰੇ ਨੈਣਾਂ ਚ, ਰੇਗਿਸਤਾਨ ਵਾਂਗ ਫ਼ੈਲਿਆ ਪਿਆ ਸੀ। ਰਾਜੇ ਦੀ ਨੌਕਰੀ ਲੱਗਜੇ, ਰਾਜੇ ਦਾ ਵਿਆਹ ਹੋ ਜਾਏ....ਕਿੰਨਾ ਕੁਝ ਅਣਕਿਆਸਿਆ, ਅਣਵਾਪਰਿਆ..ਮੇਰੀਆਂ ਸੋਚਾਂ 'ਚ ਵਾਪਰਦਾ ਵੇਖ ਮੈਂ ਤ੍ਰਭਕ ਜਾਂਦੀ। 

ਗਿੰਨੀ ਦਾ ਵਿਆਹ ਕੈਨੇਡਾ ਹੋ ਗਿਆ। ਲੜਕਾ ਪਾਪਾ ਦੇ ਦੋਸਤ ਦਾ ਸੀ। ਦਰਅਸਲ ਰਾਠੌਰ ਅੰਕਲ ਤੇ ਪਾਪਾ ਵਿੱਚ ਪਹਿਲਾਂ ਦੀ ਹੋਈ ਵਚਨ ਬੱਧਤਾ ਸੀ ਕਿ ਉਹ ਮੇਰਾ ਤੇ ਕੁਕੂ ਦਾ ਵਿਆਹ ਕਰਕੇ ਦੋਸਤੀ ਨੂੰ ਉਮਰਾਂ ਦੀ ਸਾਕਦਾਰੀ ਵਿੱਚ ਬਦਲ ਲੈਣਗੇ। ਉਂਦਾਂ ਵੀ ਅੰਕਲ ਜਦੋਂ ਸਕੂਲ ਪੁਰਾਣੇ ਸੰਗੀ ਸਾਥੀਆਂ ਨੂੰ ਮਿਲਣ ਗਏ ਤਾਂ ਮੇਰੇ ਕਿਰਦਾਰ -ਵਿਹਾਰ ਦੀ ਉਨਾਂ ਨੂੰ ਪੁਖ਼ਤਾ ਮਹਿਕ ਆਈ ਤੇ ਅੰਕਲ ਵਾਅਦੇ ਮੁਤਾਬਕ ਮਹਿਕ ਨੂੰ ਆਪਣੇ ਬੇਟੇ ਘਰ ਵਸਾਉਣਾ ਚਾਹੁੰਦੇ ਸਨ। ਮੈਂ ਤਾਂ ਬੜੀ ਬੇਬਾਕੀ ਨਾਲ ਆਪਣੀ ਮਜ਼ਬੂਰੀ ਦਾ ਖ਼ੁਲਾਸਾ ਕੀਤਾ। ਪਰ ਅੰਕਲ ਨੇ ਕਿਹਾ ਕਿ ਗਿੰਨੀ, ਰਾਜੇ ਤੇ ਮਾਂ ਦਾ ਫ਼ਿਕਰ  ਨਾ ਕਰਾਂ ਕਿਉਂਕਿ ਕੈਨੇਡਾ ਜਾ ਕੇ ਕੁਝ ਸਮੇਂ ਬਾਦ ਸਭ ਦੀ ਪਟੀਸ਼ਨ ਕਰ ਸਕਦੀ ਹਾਂ। ਉਥੇ ਤਾਂ ਬੱਚੇ ਨਾ ਵੀ ਪੁਛਣ, ਤਾਂ ਵੱਡੇਰਿਆਂ ਨੂੰ ਸਰਕਾਰ ਵੀ ਸਹਾਰਾ ਦਿੰਦੀ ਹੈ। ਓਪਰੇ ਭਵਿੱਖ ਤੋਂ ਤ੍ਰਹਿੰਦੀ  ਮੈਂ ਅੰਕਲ ਨੂੰ ਹਾਂ ਦਾ ਪੱਲਾ ਨਾ ਫੜਾ ਸਕੀ। 


ਦਰਅਸਲ ਮੇਰੀ ਤੇ ਅੰਕਲ ਦੀ ਗੱਲਬਾਤ 
ਦੇ ਦਰਮਿਆਨ ਨਵੀ ਦੀਆਂ ਅੱਖਾਂ ਆ ਖਲੋਤੀਆਂ, ਜਿਵੇਂ  ਸੁਆਲ ਕਰਦੀਆਂ ਹੋਣ, ਤੂੰ ਕਰਨਾਲ ਦੀ ਧਰਤੀ ਛੱਡ ਕੇ ਜੀਅ ਸਕੇਂਗੀ। ਕੁਕੂ ਦੀ ਨਜ਼ਰ ਮੈਨੂੰ ਛੱਡ ਗਿੰਨੀ 'ਤੇ ਮਿਹਰਵਾਨ ਹੋ ਗਈ ਤੇ ਉਸ ਨੇ ਕੈਨੇਡਾ ਵਾਲੀ ਫ਼ਰਾਖਦਿਲੀ ਨਾਲ ਆਖ ਵੀ ਦਿੱਤਾ ਕਿ ਉਸ ਦੀ ਦਿਲਚਸਪੀ ਗਿੰਨੀ ਵਿੱਚ ਹੈ। ਸੋ ਗੱਲ ਮੇਰੇ ਤੇ ਅੰਕਲ ਦੇ ਹੱਥੋਂ ਨਿਕਲ ਕੇ ਕੁਕੂ ਦੇ ਹੱਥ ਚਲੀ ਗਈ ਤੇ ਸਹਿਜੇ ਨੇਪਰੇ ਚੜ ਗਈ। 

ਸਮਾਂ ਤਾਂ ਖੰਭ ਲਾ ਕੇ ਦੌੜਦਾ ਏ। ਮਾਂ, ਰਾਜੇ ਤੇ ਗਿੰਨੀ ਨੂੰ ਕੈਨੇਡਾ ਵਸਦਿਆਂ ਸਾਲਾਂ ਬੀਤ ਗਏ ਨੇ। ਰਾਜੇ ਦਾ ਵਿਆਹ ਕੈਨੇਡਾ ਹੀ ਕਰ ਦਿੱਤਾ ਸੀ। ਮੈਂ ਤਾਂ ਸਭ ਕਾਸੇ ਤੋਂ ਫਾਰਗ ਸਾਂ। ਮੈਂ ਆਪਣੇ ਜੀਵਨ ਤੋਂ ਸੰਤੁਸ਼ਟ ਸਾਂ। ਮਾਂ ਵੀ ਰਾਜੇ ਦੇ ਬੱਚਿਆਂ ਵਿੱਚ ਵਿਅਸਤ ਹੋ ਚੁੱਕੀ ਸੀ। 

ਅਚਾਨਕ ਨਵੀ ਦੀ ਅਮਰੀਕਾ ਉਡਾਰੀ ਬਾਅਦ ਕਰਨਾਲ ਮੇਰੇ ਲਈ ਬਿਗਾਨਾ ਹੋ ਗਿਆ। ਹੁਣ ਤਾਂ ਜਿਵੇਂ ਕਰਨਾਲ ਸ਼ਹਿਰ ਦਾ ਦਿਲ ਧੜਕਣੋਂ ਹਟ ਗਿਆ। ਨਵੀ ਦੇ ਜਾਣ ਬਾਅਦ ਮੈਂ ਬੁਰੀ ਤਰਾਂ ਡੋਲ ਗਈ ਸਾਂ। ਜ਼ਿੰਦਗੀ ਦੇ ਕੀਤੇ ਸਭ ਫ਼ੈਸਲੇ ਗਲਤ ਜਾਪਣ ਲੱਗੇ। ਇਸ 'ਚ ਨਵੀ ਦਾ ਕਸੂਰ ਨਹੀਂ ਸੀ, ਉਸ ਨੇ ਸਾਲਾਂ ਬੱਧੀ ਉਡੀਕਿਆ ਸੀ। ਜੇ ਮੇਰੇ ਆਪਣੇ ਪਰਿਵਾਰ ਪ੍ਰਤੀ  ਫ਼ਰਜ਼ ਸਨ ਤਾਂ ਉਸ ਦੇ ਵੀ ਤਾਂ ਹੋਣੇ ਨੇ। ਉਹ ਨੇ ਵੀ ਤਾਂ ਆਪਣੀ ਗਰਿਸਤੀ ਵਸਾਉਣੀ ਸੀ। 

ਨਵੀ ਦੇ ਜਾਣ ਤੋਂ ਕੁਝ ਦਿਨ ਬਾਦ ਮੇਰੇ ਸਕੂਟਰ ਦਾ ਬੱਸ ਨਾਲ ਅੈਕਸੀਡੈਂਟ ਹੋ ਗਿਆ। ਲੱਤ ਦੀ ਹੱਡੀ ਟੁੱਟ ਜਾਣ ਕਰਕੇ ਹਸਪਤਾਲ ਰਹਿਣਾ ਪਿਆ ਤੇ ਮਗਰੋਂ ਕਈ ਮਹੀਨੇ ਘਰ । ਗਿੰਨੀ ਤੇ ਮਾਂ ਨੂੰ ਫ਼ੋਨ ਕੀਤਾ, ਇਹ ਵੇਲਾ ਸੀ, ਕੀਤੀ ਕੁਰਬਾਨੀ 'ਚੋਂ ਥੋੜਾ ਇਵਜ ਮੰਗਣ ਦਾ। ਗਿੰਨੀ ਬਿਗਾਨੇ ਘਰ ਸੀ, ਨਵੀਂ ਨੌਕਰੀ, ਛੋਟੀ ਜਿਹੀ ਬੇਟੀ। ਦੋਸਤ ਅੰਕਲ ਦੀ ਸਿਫ਼ਾਰਸ਼ ਵੀ ਵਿਅਰਥ ਗਈ। ਰਾਜੇ ਦੇ ਘਰ ਨਵਾਂ ਜੀਅ ਆਉਣ ਵਾਲਾ, ਸੋ ਮਾਂ ਦਾ ਆਉਣਾ ਤਾਂ ਬਿਲਕੁਲ ਨਾਮੁਮਿਕਨ ਸੀ। 


ਇਹ ਸਭ ਕੁਝ ਸੁਣ ਕੇ ਮੇਰੇ ਅੰਦਰੋਂ ਕੁਝ ਟੁੱਟ ਗਿਆ। ਇਹ ਟੁੱਟਣਾ ਉਸ ਅੰਡੇ ਵਾਂਗ ਸੀ, ਜਿਸ ਦੇ ਟੁੱਟਣ ਬਾਦ ਸ਼ਿਸ਼ੂ ਨਵੀਂ ਦੁਨੀਆਂ ਵੇਖਦੈ ਜਾਂ ਜਿਵੇਂ ਕੁਕਨੁਸ ਦੀ ਮੌਤ ਬਾਅਦ ਉਸ ਦੀ ਰਾਖ ਚੋਂ, ਇੱਕ ਨਵਾਂ ਕੁਕਨੁਸ ਜਨਮ ਲੈਂਦਾ। ਜਾਪਿਆ ਮੈਂ ਇਕ ਜਨਮ ਭੋਗ ਕੇ ਨਵਾਂ ਜਨਮ ਲੈ ਲਿਆ। ਥੋੜਾ ਗੁਆ ਕੇ ਬਹੁਤਾ ਪਾ ਲਿਆ।ਮੇਰੇ ਪੜ੍ਹਾਏ ਵਿਦਿਆਰਥੀ ਮੇਰੇ ਆਸੇ ਪਾਸੇ ਘੁੰਮਦੇ ਫਿਰਦੇ। ਮੇਰੀ ਰੱਜ ਕੇ ਸੇਵਾ ਕਰਦੇ। ਨਿੱਕੇ ਜਿਹੇ ਕੱਦ ਦੀ ਨੰਨੀ ਕੁੜੀ ਨੇ ਮੇਰੀ ਸਾਰੀ ਪੀੜ ਹਰ ਲਈ। ਹੁਣ ਮੈਂ ਸੀਮਤ ਨਹੀਂ ਰਹੀ ਸਾਂ। ਮੇਰਾ ਬੇਥਾਹ ਵਿਸਥਾਰ ਹੋ ਗਿਆ ਸੀ। ਮੈਂ ਤਾਂ ਕਿਣਕਾ ਕਿਣਕਾ ਹੋ ਕੇ ਵਰਤ ਗਈ ਸਾਂ। ਵਿਦਿਆਰਥੀਆਂ ਦੀਆਂ ਦੁਆਵਾਂ ਦਵਾ ਬਣ ਗਈਆਂ। ਮੈਂ ਨੌ ਬਰ ਨੌ ਹੋ ਗਈ। ਮੈਨੂੰ ਤਾਂ ਜੀਣ ਦਾ ਵੱਲ ਆ ਗਿਆ। ਜ਼ਿੰਦਗੀ ਦੇ ਮਾਅਨੇ ਸਮਝ ਆ ਗਏ। ਮੇਰਾ ਪਰਿਵਾਰ ਗਿੰਨੀ ,ਰਾਜਾ ਤੇ ਮਾਂ ਹੀ ਨਹੀਂ  ਸਨ। ਮੇਰਾ ਪਰਿਵਾਰ ਨਵੀ ਦੀਆਂ ਯਾਦਾਂ ਹੀ ਨਹੀਂ। ਮੇਰਾ ਪਰਿਵਾਰ ਤਾਂ ਬੇਹੱਦ ਵਿਸਤ੍ਰਿਤ ਸੀ। 

ਮੇਰਾ ਪਰਿਵਾਰ ਅੰਤਰ ਰਾਸ਼ਟਰੀ ਪੱਧਰ 'ਤੇ ਤਾਂ ਸੀ । ਜਿਸ ਦਿਨ ਮੇਰੀ ਪੜ੍ਹਾਈ ਬੱਚੀ ਵਿਗਿਆਨੀ ਬਣ ਕੇ ਪੁਲਾੜ੍ਹ ਤੱਕ ਪਹੁੰਚੀ ,ਜਾਪਿਆ ਮੈਂ ਤਾਂ ਬ੍ਰਹਿਮੰਡ  ਤੱਕ ਵਿਸਤ੍ਰਿਤ ਹੋ ਗਈ ਹਾਂ। ਮੇਰੀ ਤਾਂ ਪਰਿਭਾਸ਼ਾ ਬਦਲ ਗਈ। ਮੇਰੇ ਵਿਦਿਆਰਥੀਆਂ ਦੀਆਂ ਜਿੱਤਾਂ ਮੇਰੀ ਪ੍ਰਾਪਤੀ ਸਨ। 
ਮੇਰਾ ਸਿਰ ਅਧਿਆਪਨ ਕਿੱਤੇ ਅੱਗੇ ਝੁਕ ਜਾਂਦਾ। ਇਹ ਕਿੱਤਾ ਜਿਸ ਵਿੱਚ ਗੁਰੂ ਆਪਣੇ ਸ਼ਗਿਰਦ ਨੂੰ ਆਪਣੇ ਤੋਂ ਵੱਧ ਕਾਮਯਾਬ ਵੇਖਣਾ ਲੋਚਦੈ । ਸ਼ਿਸ਼ ਦੀ ਕਾਮਯਾਬੀ ਉਸ ਨੂੰ ਆਪਣੀ ਲੱਗਦੀ ਹੈ। ਮੈਨੂੰ ਲੱਗਦੈ ਜੇ ਇੱਕ ਉਮਰ ਵਿੱਚ ਹੋਰ ਜ਼ਿੰਦਗੀ ਜਿਉਣੀ ਹੋਵੇ, ਸਿਰਫ਼ ਅਧਿਆਪਕ ਲਈ ਸੰਭਵ ਹੈ। ਉਹ ਆਪਣੇ ਅਧੂਰੇ ਸੁਪਨੇ ਸ਼ਗਿਰਦਾਂ 'ਚ ਪੂਰੇ ਹੁੰਦੇ ਵੇਖਦੈ। ਇੰਜ ਇੱਕ ਅਧਿਆਪਕ ਸ਼ਗਿਰਦਾਂ ਰਾਹੀਂ ਕਿੰਨੀਆਂ ਉਮਰਾਂ ਭੋਗ ਲੈਂਦਾ,ਅੰਦਾਜ਼ਾ ਲਾਉਣਾ ਅੌਖਾ। 
ਅੱਜ ਜਦੋਂ ਮੈਂ ਕਲਪਨਾ ਦੀ ਸਪੇਸ ਸ਼ਟਲ ਦਾ ਪੁਲਾੜ 'ਚੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਹਾਂ,ਮੈਂ ਖੁਸ਼ੀ 'ਚ ਗੁੱਧੀ ਪਈ ਹਾਂ। ਮੈਨੂੰ ਫ਼ਖਰ ਸੀ ਦੁਨੀਆਂ ਦੀ ਪ੍ਰਸਿੱਧ ਵਿਗਿਆਨੀ ਕੁੜੀ ਨੂੰ ਇਲਮ ਤਾਲੀਮ ਦੀ ਪੌੜੀ 'ਤੇ ਪਹਿਲਾ ਕਦਮ ਮੈਂ ਧਰਵਾਇਆ। ਉਹਦੀ ਤੋਤਲੀ ਜ਼ੁਬਾਨ ਨੂੰ ਜ਼ਿੰਦਗੀ  ਦਾ ਪਹਿਲਾ ਊੜਾ-ਅੈੜਾ ਮੈਂ ਰਟਾਇਆ। ਪਰ ਅਚਾਨਕ ਸੱਤੇ ਵਿਗਿਆਨੀਆਂ ਸਮੇਤ ਤਬਾਹ ਹੋਣਾ ਸੁਣ ਕੇ ਮੈਂ ਯੱਖ ਹੋ ਜਾਂਦੀ ਹਾਂ। ਉਮਰ ਦੇ ਇੰਨੇ ਉਤਰਾ ਚੜ੍ਹਾਅ ਦੇਖ ਕੇ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੇਰੀ ਨਬਜ਼ 'ਚ ਖੜੋਤ ਆ ਗਈ ਹੈ ਤੇ ਮੈਂ ਕਣ ਕਣ ਹੋ ਕੇ ਰੇਤ ਵਾਂਗ ਭੁਰ ਗਈ ਹਾਂ। 
ਮੇਰੀ ਕਲਪਨਾ ਉਮਰਾਂ ਦੀ ਜਮਾਂ ਮਨਫ਼ੀ ਤੋਂ ਪਾਰ ਚਲੀ ਗਈ ਹੈ। ਉਹ ਤਾਂ ਧਰੁਵ ਤਾਰਾ ਬਣ ਗਈ ਹੈ ਦੂਰ ਆਕਾਸ਼ ਵਿੱਚ ਨਵੀਆਂ ਉਮਰਾਂ ਲਈ ਚਾਨਣ ਮੁਨਾਰਾ, ਪੱਥ-ਪ੍ਰਦਰਸ਼ਕ। 
ਮੈਂ  ਤਾਂ ਹਾਲੇ ਵੀ ਆਪਣੀ ਉਮਰ ਦਾ ਬੋਝ ਮੋਢਿਆਂ 'ਤੇ ਚੁੱਕੀ ਅਣਥੱਕ ਤੋਰ ਟੁਰਦੀ ਜਾ ਰਹੀ ਆਂ। 

ਮਨਜੀਤ ਕੌਰ ਸੇਖੋਂ
ਕੈਲੇਫ਼ੋਰਨੀਆ -ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ ਹੈ।


7 Jul 2017

ਫਿਟਕਾਰ (ਮਿੰਨੀ ਕਹਾਣੀ )

ਕੁੰਦਨ ਲਾਲ ਬੀਮਾ ਕੰਪਨੀ ਦਾ ਏਜੰਟ ਸੀ । ਇੱਕ ਦਿਨ ੳੁਹ ਜੀਵਨ ਬੀਮਾ ਕਰਨ ਹਾਕਮ ਸਿੰਘ ਦੇ ਘਰ ਅਾਇਅਾ । ੳੁਹ ਹਾਕਮ ਸਿੰਘ ਨੂੰ ਕਹਿਣ ਲੱਗਾ , " ਦੇਖ ਵੀਰ ਹਾਕਮ , ਅਾਹ  ਨਵੀਂ ਪਾਲਿਸੀ ਬਹੁਤ ਹੀ ਵਧੀਅਾ ਆਈ ਏ , ਰੱਬ ਨਾ ਕਰੇ  ਜੇ ਕਿਤੇ ਤੈਨੂੰ ਕੁਛ ਹੋ ਜਾਂਦਾ , ਤਾਂ ਤੇਰੇ ਪਰਿਵਾਰ ਨੂੰ ਪੂਰੇ ਚਾਰ ਲੱਖ ਰੁਪਏ ਮਿਲਣਗੇ " 
       ਇਹ ਸੁਣ ਕੇ ਕੋਲ ਬੈਠੀ ਹਾਕਮ ਦੀ ਪਤਨੀ ਦਾ ਗੁੱਸਾ ਸੱਤਵੇ ਅਸਮਾਨ ਤੇ ਪਹੁੰਚ ਗਿਅਾ ੳੁਹ ਕਹਿਣ ਲੱਗੀ ,

               "  ਸਾਰੇ ਮਰਿਅਾਂ ਦੀ ਹੀ ਸੁੱਖ ਭਾਲਦੇ ਓ ? ਜਿੳੁਂਦਿਅਾਂ ਨੂੰ ਦੇਓ ਜੇ ਕੁਝ ਦੇਣਾ , ਅਸੀਂ ਕੀ ਚੱਟਣੇ ਅਾ ਇਹੋ ਜੇ ਪੈਸੇ ,  ੳੁੱਧਰ ਮੰਤਰੀ ਕਹਿੰਦਾ ਫਿਰਦਾ ,ਜੇ ਕੋਈ ਗਲ ਫਾਹਾ ਪਾਵੇਗਾ ਤਾਂ ਲੱਖਾਂ ਰੁਪਏ ਦੇਵਾਂਗਾ , ਦੁਰ ਫਿੱਟੇ ਮੂੰਹ ਇਹੋ ਜੀਆਂ ਪਲੋਸੀਅਾਂ ਦੇ "

ਮਾਸਟਰ ਸੁਖਵਿੰਦਰ ਦਾਨਗੜ

94171 -80205
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।