ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Jul 2017

ਕਾਨੂੰਨ ( ਮਿੰਨੀ ਕਹਾਣੀ )

ਅਮਰਜੀਤ ਸ਼ਹਿਰ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ । ਛੁੱਟੀਅਾਂ ਵਿੱਚ ੳੁਹ ਅਾਪਣੇ ਪਿੰਡ ਅਾਇਅਾ ਹੋਇਅਾ ਸੀ । ਇੱਕ ਦਿਨ ਜਦੋਂ ੳੁਹ ਸੱਥ ਕੋਲ਼ ਦੀ ਲੰਘਣ ਲੱਗਾ ਤਾਂ ਤਾਸ਼ ਖੇਡ ਰਿਹਾ ਬਿੱਕਰ ਸਿੰਘ ਕਹਿਣ ਲੱਗਾ , 
  " ਆ ਵੀਰ ਅਮਰ, ਯਾਰ ਤੂੰ ਤਾਂ ਖ਼ਾਸਾ ਕਾਨੂੰਨ ਜਾਣਦੈਂ। ਸਾਨੂੰ ਇੱਕ ਗੱਲ ਦੱਸ , ਨਾਲ਼ੇ ਤਾਂ ਕਹਿੰਦੇ ਆ ਵੀ ਕਾਨੂੰਨ ਕਿਸੇ ਨਾਲ਼ ਪੱਖ-ਪਾਤ ਨਹੀਂ ਕਰਦਾ,ਫਿਰ ਬਾਕੀ ਜਾਨਵਰ ਤਾਂ ਮਾਰਨ ਦੀ ਕਾਨੂੰਨੀ ਮਨਾਹੀ ਆ,ਪਰ ਵਿਚਾਰੇ ਮੁਰਗਿਆਂ ਦਾ ਕੀ ਕਸੂਰ ?  ਧੜਾ - ਧੜ ਕਸਾਈ ਵੱਢੀ ਜਾਂਦੇ ਨੇ , ਇਹਨਾਂ ਲਈ ਕਾਲ਼ਾ ਕਾਨੂੰਨ ਕਿਉਂ  ਅਾ ? "
ਅਮਰਜੀਤ ਨੇ ਗੰਭੀਰ ਹੁੰਦਿਆਂ ਕਿਹਾ,

   " ਇਹਨਾਂ ਲਈ ਕਾਲ਼ਾ ਕਾਨੂੰਨ ਤਾਂ ਹੋਣਾ ਹੀ ਸੀ ਵੀਰ , ਕਿਉਂਕਿ ਇਹ ਸੁੱਤੇ ਹੋਏ ਲੋਕਾਂ ਨੂੰ ਜਗਾਉਂਦੇ ਨੇ । 
"

ਮਾਸਟਰ ਸੁਖਵਿੰਦਰ ਦਾਨਗੜ੍ਹ


ਨੋਟ : ਇਹ ਪੋਸਟ ਹੁਣ ਤੱਕ 22 ਵਾਰ ਪੜ੍ਹੀ ਗਈ ਹੈ।

18 Jul 2017

ਅੱਗ ਦੀ ਸਾਂਝ


ਬਾਹਰ ਦਾ ਦਰਵਾਜ਼ਾ ਖੜਕਿਆ, “ਕੌਣ ਏਂ?” ਮਾਂ ਨੇ ਉੱਚੀ ਆਵਾਜ਼ ਨਾਲ ਪੁੱਛਿਆ |
“ਮੈਂ ਹਾਂ ਮਿੰਦੋ,ਬੂਹਾ ਖੋਲੋ,” ਬਾਹਰੋਂ ਮਿੰਦੋ ਜੋ ਸਾਡੇ ਘਰ ਤੋਂ ਦੋ ਘਰ ਛੱਡ ਕੇ ਰਹਿੰਦੀ ਸੀ,ਜਵਾਬ ਦਿੱਤਾ |ਮਾਂ ਚੌਕੇ ‘ਚ ਬੈਠੀ ਹਾਂਡੀ ਵਿੱਚ ਕੜਛੀ ਮਾਰ ਰਹੀ ਸੀ | ਚੁੱਲੇ ‘ਤੇ ਰਾਤ ਲਈ ਦਾਲ ਧਰੀ ਸੀ | ਤ੍ਰੈਕਾਲਾਂ ਦਾ ਵਕਤ ਸੀ। ਅਜੇ ਦਿਨ ਕਾਫੀ ਰਹਿੰਦਾ  ਸੀ | ਉਹਨਾਂ ਸਮਿਆਂ ‘ਚ ਲੋਕ ਰਾਤ ਦਾ ਰੋਟੀ -ਪਾਣੀ ਲੋ ਹੁੰਦਿਆ ਹੀ ਕਰ ਲੈਂਦੇ ਸੀ। ਬਿਜਲੀ ਘਰਾਂ ‘ਚ ਹੁੰਦੀ ਕੋਈ ਨਹੀਂ ਸੀ। ਰੋਟੀ ਪਾਣੀ ਤੋਂ ਨਿਬੜ ਕੇ ਸੌਣਾ ਹੀ ਹੁੰਦਾ ਸੀ। ਹੋਰ ਤਾਂ ਕੋਈ ਕੰਮ ਹੁੰਦਾ ਨਹੀਂ ਸੀ |ਲਾਲਟੈਨ ਦੀ ਰੋਸ਼ਨੀ ਦੀ ਤਰਾਂ ਜਿੰਦਗੀ ਵਿੱਚ ਵੀ ਕੋਈ ਚਮਕ ਦਮਕ ਨਹੀਂ ਹੁੰਦੀ ਸੀ |ਗਰਮੀਆਂ ਵਿੱਚ ਰਾਤ ਅਠ ਵੱਜੇ ਹੀ ਸੌਣ ਲਈ ਮੰਜੀਆਂ ਵਿਛ ਜਾਂਦੀਆਂ ਸਨ |
ਮਾਂ ਨੇ  ਬੂਹਾ ਖੋਲਿਆ ਤੇ ਮਿੰਦੋ ਅੰਦਰ ਲੰਘ ਆਈ। ਹੱਥ  ਵਿੱਚ ਪਾਥੀ ਫੜੀ ਸੀ | ਮਾਂ ਸਮਝ ਗਈ ਕਿ ਕਿਉਂ ਆਈ ਏ। ਫਿਰ ਵੀ ਪੁੱਛ ਲਿਆ, "ਕਿੰਝ ਆਉਣਾ ਹੋਇਆ, ਮਿੰਦੋ?"
“ਬੱਸ ਰਾਤ ਦਾ ਰੋਟੀ ਪਾਣੀ ਕਰਣਾ ਸੀ, ਅੱਗ ਲੈਣ ਆਈ ਸੀ |ਸੋਚਿਆ, ਮਾਸੀ ਚੌਂਕਾ ਚੁੱਲ੍ਹਾ ਛੇਤੀ ਸ਼ੁਰੂ ਕਰ ਦੇਂਦੀ ਏ।  ਤੁਸੀਂ ਸ਼ਾਮ ਨੂੰ  ਚਾਹ ਜੁ ਪੀਣੀ ਹੁੰਦੀ ਏ, ਇਹ ਸੋਚ ਤੁਹਾਡੇ ਵੱਲ ਆ ਗਈ ਹਾਂ,” ਮਿੰਦੋ ਬੋਲਦੀ ਬੋਲਦੀ ਚੌਂਕੇ ਕੋਲ  ਜਾ ਖਲੋਤੀ |
“ਕੋਈ ਗੱਲ ਨਹੀਂ ,ਲੈ ਲੈ ਜਿੰਨੀ ਚਾਹੀਦੀ ਹੈ | ਹੋਰ ਸੁਣਾ ,ਘਰ ਸਭ ਰਾਜੀ ਬਾਜੀ ਨੇ, ਆ ਬੈਠ ਜਾ ਘੜੀ|" ਮਾਂ ਨੇ ਕਹਿੰਦਿਆਂ,ਲੱਤ ਨਾਲ ਮੰਜੀ, ਜੋ ਚੌਂਕੇ ਕੋਲ ਪਈ ਸੀ ਅੱਗੇ ਸਰਕਾ ਦਿਤੀ |
“ਨਹੀਂ ਮਾਸੀ, ਫਿਰ ਆ ਕੇ  ਬੈਠਾਂਗੀ। ਹਫਤਾ ਹੋ ਗਿਆ ਤੀਲਾਂ ਵਾਲੀ ਡੱਬੀ ਨੂੰ ਖਤਮ ਹੋਇਆਂ। ਬਥੇਰੀ ਵਾਰੀ ਇਹਨਾਂ ਨੂੰ ਕਹਿ ਹਾਰੀ ਹਾਂ ,ਇਹ ਪਈ ਆਉਂਦੀ ਏ |ਤੁਹਾਡੇ ਘਰੋਂ ਜਦੋਂ ਵੀ ਅੱਗ ਲੈ ਜਾਂਦੀ ਹਾਂ , ਸੱਚ ਜਾਣੀ ਮਾਸੀ , ਦਾਲ –ਰੋਟੀ  ਬੜੀ ਹੀ ਸਵਾਦ ਬਣਦੀ ਏ | ਤੁਹਾਡੇ ਚੌਂਕੇ ਦੀ ਅੱਗ ਵਿੱਚ ਬੜੀ ਬਰਕਤ ਏ |” ਮਿੰਦੋ ਨੇ ਬੜੇ ਪਿਆਰ ਨਾਲ ਕਿਹਾ |
“ਨੀਂ ਕਿਉਂ ਮਾਸੀ ਦੀਆਂ ਸਿਫਤਾਂ  ਕਰਣੀ ਏਂ ,ਅੱਗ ਤਾਂ ਅੱਗ ਹੀ ਹੁੰਦੀ ਏ ,ਮੈਂ ਕਿਹੜਾ ਉਸ ਵਿੱਚ ਕੋਈ ਗੁੜ ਘੋਲ ਕੇ ਰਖਦੀ ਹਾਂ ", ਮਾਂ ਦਾ ਜਵਾਬ ਸੀ |
“ਨਹੀਂ ਮਾਸੀ ਇਹ ਗੱਲ ਨਹੀਂ, ਮੈਂ ਜਦੋਂ ਵੀ ਕਿਸੇ ਦੂਜੇ ਘਰੋਂ ਅੱਗ ਲਈ ਏ,ਸੱਚ ਜਾਣੀ ਰੋਟੀ ਖਾਣ ਦਾ ਸਵਾਦ ਹੀ ਨਹੀਂ ਆਇਆ |”
“ਚੰਗਾ ਠੀਕ ਏ , ਤੂੰ ਗੱਲਾਂ ‘ਚ ਹਾਰਨ ਵਾਲੀ ਥੋੜੀ ਏਂ, ਆਪੇ ਲੈ ਲੈ ਅੱਗੇ ਹੋ ਕੇ |” ਮਾਂ ਨੇ ਉਸ ਨੂੰ ਅੱਗ ਲੈਣ ਲਈ ਕਿਹਾ ਮਿੰਦੋ ਨੇ ਚੁੱਲੇ ‘ਚੋਂ ਇੱਕ ਲੱਕੜ ਕੱਢ ਕੇ ਉਸਦਾ ਅਗਲਾ ਬਲਦਾ ਹੋਇਆ ਹਿੱਸਾ ਥੋੜਾ ਝਾੜ ਕੇ, ਪਾਥੀ ਤੇ ਰੱਖਿਆ , “ਚੰਗਾ ਮਾਸੀ ਫਿਰ ਆਵਾਂਗੀ ‘ਤੇ ਬੈਠਾਂਗੀ , ਅਜੇ ਤਾਂ ਮੈਂ ਦਾਲ ਵੀ ਚੁਣਨੀ ਏਂ , ਪਤਾ ਨਹੀਂ ਇਹ ਬਾਣੀਆਂ ਕਿਹੋ ਜਹੀ ਦਾਲ ਵੇਚਦੈ,ਸਾਰੀ ਰੋੜਾਂ ਨਾਲ ਭਰੀ ਹੁੰਦੀ ਏ |” ਕਹਿੰਦੀ ਹੋਈ ਮਿੰਦੋ ਬਾਹਰ ਨਿਕਲ ਗਈ |ਮਾਂ ਨੇ ਚੁੱਲੇ ਵਿੱਚ ਬਲਦੀ ਅੱਗ ਨੂੰ ਬੜੇ ਪਿਆਰ ਨਾਲ ਦੇਖਿਆ ਅਤੇ ਹਾਂਡੀ ਵਿੱਚ ਕੜਛੀ ਮਾਰਨੀ ਸ਼ੁਰੂ ਕਰ ਦਿੱਤੀ | 
ਦਿਲਜੋਧ ਸਿੰਘ

ਨੋਟ : ਇਹ ਪੋਸਟ ਹੁਣ ਤੱਕ 122 ਵਾਰ ਪੜ੍ਹੀ ਗਈ ਹੈ।

ਲਿੰਕ 1                ਲਿੰਕ 2

ਉਹ ਮੇਰੇ ਕੋਲ ਹੈ


ਉਹਨੇ ਮੇਰੇ ਨਾਲ ਰਿਸ਼ਤਾ ਨਹੀਂ ਤੋੜਿਆਂ ਅਜੇ।
ਉਹ ਮੇਰੇ ਕੋਲ ਨਹੀਂ ਤਾਂ ਕਿਸੇ ਹੋਰ ਕੋਲ ਹੋਵੇਗਾ।
ਮੈਂ ਤਾਂ ਉਹਨੂੰ ਕਲਮ ਦੀ ਨੋਕ ਤੇ ਬਿਠਾ ਰੱਖਿਆ ਹੈ।

ਉਹ ਵੀ ਇਸ ਦੀ ਇਬਾਰਤ ਪਹਿਚਾਣਦਾ ਹੋਵੇਗਾ।

ਸਾਂਝੀ ਯਾਦਾਂ ਦੇ ਮੁਰਝਾਏ ਅਰਮਾਨਾਂ ਦੇ ਫੁੱਲਾਂ ਨੂੰ।

ਸਾਂਝੀ ਯਾਦਾਂ ਦੇ ਜਲਾਏ ਹੋਏ ਅਰਮਾਨਾਂ ਦੇ ਦੀਪ।

ਸੱਜਲ ਅੱਖਾਂ ਨਾਲ ਹਰਫ਼ਾਂ ਚੋਂ ਚੁੰਮਦਾ ਹੋਵੇਗਾ।
ਉਹਦੀ ਮਜਬੂਰੀ ਹੋਏਗੀ,ਬੇਵਫ਼ਾਈ ਕਦੇ ਨਹੀਂ।
ਮੇਰਾ ਯਕੀਨ ਵੀ ਅਡੋਲ ਹੈ,ਬੜਾ ਪੱਕਾ ਕੌਲ ਹੈ।
ਉਹ ਮੇਰੇ ਮਨ ਮੰਦਰ ਨੂੰ ਰੁਸ਼ਨਾਉਂਦਾ ਬਲੌਰ ਹੈ।
ਜਿਸ ਲਈ ਮੇਰਾ ਅਣੂ ਅਣੂ ਉਹਨੂੰ ਪੁਕਾਰਦਾ ਹੈ,
'ਉਹਨੇ ਮੇਰੇ ਨਾਲ ਰਿਸ਼ਤਾ ਨਹੀਂ ਤੋੜਿਆਂ ਅਜੇ।
ਉਹ ਤਾਂ ਇਨ੍ਹਾਂ ਸ਼ਬਦਾਂ ਦੀ ਰੂਹ 'ਚ ਮੇਰੇ ਕੋਲ ਹੈ।'
-0-
ਸੁਰਜੀਤ ਸਿੰਘ ਭੁੱਲਰ
17-07-2017
ਨੋਟ : ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ ਹੈ।

17 Jul 2017

ਬਦਲੇ ਵਕਤ ਦੇ ਨਾਂ

Daljit Shahpuri's profile photo, Image may contain: 1 personਕਿੰਨੇ ਸੀ ਓਦੋਂ ਲਾਪ੍ਰਵਾਹ
ਹੁੰਦੇ ਸੀ ਜਦੋਂ ਕੱਚੇ ਰਾਹ। 
ਟੋਭੇ ਨਾਉਣਾ, ਭੱਠੀ ਬਹਿਣਾ
ਸਭ ਨੂੰ ੲਿਸ ਦਾ ਚਾਅ ਹੁੰਦਾ ਸੀ
ਗੰਨੇ ਚੂੱਪਣ ਪੈਲੀ ਜਾਣਾ
ਓਹੀ ਕੱਚਾ ਰਾਹ ਹੁੰਦਾ ਸੀ। 
ਮੋਟਰ ਗੱਡੀਅਾਂ ਬਹੁਤ ਘੱਟ ਸੀ
ਭੂਆ, ਮਾਸੀ, ਮਾਮਿਅਾਂ ਵੱਲ ਵੀ
ਕਦੇ- ਕਦੇ ਹੀ ਜਾਅ ਹੁੰਦਾ ਸੀ
ਉਲਾਂਭਾ ਲਾਹੁਣ ਨਈਂ ਸੀ ਜਾਂਦੇ
ਅੰਦਰੋਂ ਮਿਲਣ ਦਾ ਚਾਅ ਹੁੰਦਾ ਸੀ। 
ਸਮਾਂ ਬਦਲਿਅਾ,ਚਾਅ ਬਦਲ ਗਏ
'ਕੱਚੇ' ਸੀ ਜੋ, 'ਪੱਕੇ' ਹੋ ਗਏ
ਪਿੰਡਾਂ ਦੇ ਸਭ ਰਾਹ ਬਦਲ ਗਏ
ਹਰ ਕੰਮ ਦੇ ਵਿਚ ਸੌਦੇ-ਬਾਜੀ
ਰਿਸ਼ਤਿਅਾਂ ਦੇ ਵੀ ਭਾਅ ਬਦਲ ਗਏ। 
ਭਰਾ ਨਈਂ ਰਹੇ ਭਰਾਵਾਂ ਵਰਗੇ,
ਚਿੱਟੀ ਪੱਗ ਤੇ ਚਿੱਟਾ ਚੋਲ੍ਹਾ
ਅੰਦਰੋਂ ਕਾਲ੍ਹੇ ਕਾਵਾਂ ਵਰਗੇ
ਆਪਣੇ-ਆਪ ਤਾਂ ਕੀ ਦੇਣਾ ਸੀ
ਹੱਕ ਮੰਗਿਅਾ ! ਰਾਹ ਬਦਲ ਗਏ। 
'ਕੱਚੇ' ਸੀ ਜੋ 'ਪੱਕੇ' ਹੋ ਗਏ
ਪਿੰਡਾਂ ਦੇ ਸਭ ਰਾਹ ਬਦਲ ਗਏ। 
ਦਲਜੀਤ ਸ਼ਾਹਪੁਰੀ


ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।

16 Jul 2017

ਭੁਲੇਖਾ (ਮਿੰਨੀ ਕਹਾਣੀ)

Related imageਡਾਕਟਰ ਦੇ ਕਲੀਨਿਕ 'ਤੇ ਬੈਠੀ ਉਹ ਆਪਣੀ ਵਾਰੀ ਉਡੀਕ ਰਹੀ ਸੀ। ਪੌਣੀ ਸਦੀ ਹੰਢਾ ਚੁੱਕੀ ਉਹ ਦੋ -ਚਹੁੰ ਮਹੀਨਿਆਂ ਬਾਦ ਆਪਣੇ ਜੋੜਾਂ ਦੇ ਦਰਦ ਦੀ ਦਵਾਈ ਲੈਣ ਲਈ ਇੱਥੇ ਆਉਂਦੀ ਹੈ । ਅਚਾਨਕ ਉਸ ਦੀ ਨਿਗ੍ਹਾ ਸਾਹਮਣੇ ਆਉਂਦੀ ਇੱਕ ਬੀਬਾ 'ਤੇ ਪਈ। ਲਿਸ਼ਕਦੀਆਂ ਖ਼ੁਰਾ‌ਫ਼ਾਤੀ ਅੱਖਾਂ ਤੇ ਹਸੂੰ ਹਸੂੰ ਕਰਦਾ ਚਿਹਰਾ। ਉਹੀਓ ਕੱਦ -ਕਾਠ, ਓਹੀਓ ਪਹਿਰਾਵਾ ਤੇ ਚਾਲ -ਢਾਲ। ਉਸ ਨੂੰ ਪਛਾਨਣ 'ਚ ਦੇਰ ਨਾ ਲੱਗੀ। ਇਹ ਤਾਂ ਉਸ ਦੀ ਜਮਾਤਣ ਹੈ । ਉਸ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ ਤੇ ਖੁਸ਼ੀ 'ਚ ਖੀਵੀ ਹੋਈ ਉਸ ਨੂੰ ਮਿਲਣ ਲਈ ਉਤਾਵਲੀ ਹੋ ਉੱਠੀ।
       ਉਸ ਨੂੰ ਆਪਣੇ ਵੱਲ ਆਉਂਦਿਆਂ ਵੇਖ ਉਹ ਉੱਠ ਖਲੋਤੀ। ਹੁਣ ਉਸ ਨੂੰ ਆਪਣੇ ਦੁੱਖਦੇ ਗੋਡਿਆਂ ਦਾ ਅਹਿਸਾਸ ਹੋਇਆ ਤੇ ਨਾਲ਼ ਹੀ ਆਪਣੀ ਉਮਰ ਦਾ। "ਓਹੋ ਕਿੱਡਾ ਭੁਲੇਖਾ ਪੈ ਗਿਆ ," ਉਸ ਆਪੂੰ ਬੁੜਬੜਾਉਂਦਿਆਂ ਕਿਹਾ। ਉਸ ਬੀਬਾ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਉਹ ਉਸ ਦੀ ਉਸੇ ਜਮਾਤਣ ਦੀ ਹੀ ਧੀ ਸੀ। ਉਸ ਬੀਬਾ ਨੂੰ ਢੇਰ ਅਸੀਸਾਂ ਦਿੰਦਿਆਂ ਅਜੇ ਵੀ  ਉਸ ਨੂੰ ਆਪਣੇ ਭੁਲੇਖੇ ਦੀ ਹਕੀਕਤ 'ਤੇ ਯਕੀਨ ਨਹੀਂ ਹੋ ਰਿਹਾ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 1155 ਵਾਰ ਪੜ੍ਹੀ ਗਈ ਹੈ।

ਲਿੰਕ 1        ਲਿੰਕ 2   ਲਿੰਕ 3

15 Jul 2017

ਬੇਕਦਰੀ ( ਮਿੰਨੀ ਕਹਾਣੀ )

ਅਵਾਰਾ ਪਸ਼ੂਅਾਂ ਤੋਂ ਤੰਗ ਅਾਏ ਲੋਕਾਂ ਨੇ ਮੰਤਰੀ ਦੀ ਕੋਠੀ ਮੂਹਰੇ ਧਰਨਾ ਦਿੱਤਾ ਹੋਇਅਾ ਸੀ । ਅਾਖਿਰ ਮੰਤਰੀ ਨੂੰ ਲੋਕਾਂ ਦੀਅਾਂ ਸ਼ਿਕਾਇਤਾਂ ਸੁਣਨ ਲਈ ਧਰਨੇ ਵਿੱਚ ਅਾੳੁਣਾ ਹੀ ਪਿਅਾ । ੳੁਹ ਕਹਿਣ ਲੱਗਾ, " ਦੇਖੋ ਭਰਾਵੋ ,ਇਹ ਪਸ਼ੂ ਸਾਡੀ ਨਜ਼ਰ ਵਿੱਚ ਨੇ, ਸਰਕਾਰ ਬਹੁਤ ਹੀ ਜਲਦੀ ਇਹਨਾਂ ਲਈ ਕਰੋੜਾਂ ਰੁਪੈ ਖਰਚ ਕੇ ਹਰ ਇਲਾਕੇ ਵਿੱਚ ਪਸ਼ੂਸ਼ਾਲਾ ਬਣਾਵੇਗੀ 
 " 
       ਲੋਕ ਮੰਤਰੀ ਦੀ ਗੱਲ 'ਤੇ ਵਿਸ਼ਵਾਸ ਕਰਕੇ ਧਰਨਾ ਸਮਾਪਤ ਕਰਨ ਹੀ ਲੱਗੇ ਸਨ ਇੱਕ ਬੁਜਰਗ ਬੋਲ ਪਿਅਾ ,  " ਮੰਤਰੀ ਜੀ ਸ਼ੁਕਰ ਅਾ, ਇਹ ਪਸ਼ੂ ਤਾਂ ਤੁਹਾਡੀ ਨਿਗਾਹ ਵਿੱਚ ਅਾ ਗਏ , ਜੋ ਇਹਨਾ ਪਸ਼ੂਆਂ ਵਾਂਗ ਲੱਖਾਂ ਬੇਰੁਜ਼ਗਾਰ ਨੌਜਵਾਨ ਦਰ- ਦਰ ਭਟਕਦੇ ਫਿਰਦੇ ਨੇ , ੳੁਹ ਕਿੳੁਂ ਨਹੀਂ ਦਿਸਦੇ ਤੁਹਾਨੂੰ ? "

                     

 ਇਹ ਸੁਣਦੇ ਹੀ ਮੰਤਰੀ  ਧਰਨੇ ਵਿੱਚੋਂ ਖਿਸਕ ਗਿਆ ।

ਮਾਸਟਰ ਸੁਖਵਿੰਦਰ ਦਾਨਗੜ੍ਹ

94171-80205
ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ।

14 Jul 2017

ਅਹਿਸਾਸ (ਹਾਇਬਨ)


ਬਰਸਾਤ ਤੋਂ ਮਗਰੋਂ ਤੇਜ ਧੁੱਪ ਨਿਕਲੀ। ਨਿੱਕੀ ਜਿਹੀ ਬੱਦਲੀ ਨੇ ਆ ਕੇ ਪਤਲੀ ਛਾਂ ਨਾਲ ਧੁੱਪ ਦੇ ਸੇਕ ਨੂੰ ਮੱਧਮ ਕਰ ਦਿੱਤਾ। ਆਪ ਮੁਹਾਰੇ ਅੱਥਰੂ ਵਹਿ ਤੁਰੇ ਜਿਵੇਂ ਬੱਦਲੀ ਦੇ ਸੀਨੇ ਵਿੱਚ ਛੇਕ ਹੋ ਗਏ ਹੋਣ ।


ਬੱਦਲੀ ਵਿੱਚੋਂ ਮਾਂ ਦਾ ਮੁਹਾਂਦਰਾ ਭਾਲਣ ਲੱਗੀ। ਬਚਪਨ ਵਿੱਚ ਜਦੋਂ ਮਾਂ ਨਾਲ ਧੁੱਪੇ ਜਾਂਦੀ ਸੀ ਤਾਂ ਉਹ ਵੀ ਆਪਣੀ ਚੁੰਨੀ ਦਾ ਪੱਲਾ ਮੇਰੇ ਸਿਰ ਤੇ ਕਰ ਦਿੰਦੀ।ਅਚਾਨਕ ਹਵਾ ਦੇ ਬੁੱਲੇ ਨਾਲ ਪੱਲਾ ਸਰਕ ਜਾਂਦਾ। ਉਵੇਂ ਹੀ ਅੱਜ ਹਵਾ ਦਾ ਬੁੱਲਾ ਬੱਦਲੀ ਨੂੰ ਉਡਾ ਲੈ ਗਿਆ।

ਅੱਜ ਫਿਰ ਮਾਂ ਦੀ ਛਾਂ ਤੋਂ ਮਹਿਰੂਮ ਹੋ ਗਈ।

ਮੀਂਹ ਮਗਰੋਂ
ਭਾਦੋਂ ਦੀ ਤਿੱਖੀ ਧੁੱਪ 
ਬੱਦਲੀ ਦੀ ਛਾਂ



ਜਗਰੂਪ ਕੌਰ ਖ਼ਾਲਸਾ  

ਨੋਟ : ਇਹ ਪੋਸਟ ਹੁਣ ਤੱਕ 206 ਵਾਰ ਪੜ੍ਹੀ ਗਈ ਹੈ।

        ਲਿੰਕ 1               ਲਿੰਕ 2