ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Aug 2018

ਮਨ ਦੀ ਭੁੱਖ


Satnam Singh's profile photo, Image may contain: 1 person, close-upਕਣਕ ਦੀ ਵਾਢੀ ਦਾ ਕੰਮ ਜੋਰਾਂਤੇ ਸੀ।  ਕਿਸਾਨਾਂ ਨੂੰ ਕਾਹਲ ਸੀ ਕਿਉਂਕਿ ਮੌਸਮ ਦੇ ਖਰਾਬ  ਹੋਣ ਤਾ ਪਤਾ ਨਹੀਂ ਲੱਗਦਾ। ਛੇ ਮਹੀਨੇ ਦੀ ਮਿਹਨਤ ਕਦੋਂ ਖਰਾਬ ਕਰ ਦੇਵੇ। ਦਾਣਾਂ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਪਏ ਸਨ।  ਸਰਕਾਰ ਵਲੋ ਕੋਈ ਜਿਆਦਾ ਦਿਲਚਸਪੀ ਨਹੀ ਸੀ ਦਿਖਾਈ ਜਾ ਰਹੀ। ਕਿਸਾਨ ਵਿਚਾਰੇ ਕਈ ਦਿਨਾਂ ਤੋ ਮੰਡੀਆਂ ਵਿਚ ਬੈਠੇ ਸਨ ਕਣਕ ਤੁਲਣ ਦੀ ਉਡੀਕ ਕਰ ਰਹੇ ਸਨਦਾਣਾ ਮੰਡੀ ਵਿਚ ਚਾਰੇ ਪਾਸੇ ਸ਼ੋਰ ਸ਼ਰਾਬਾ ਸੀ ਖਿਸਰੇ ਟਰੈਕਟਰਾਂ ਤੇ ਹੋਰ ਗੱਡੀਆਂ ਦਾ ਕੰਨ ਪਾੜਵਾ ਸ਼ੋਰ ਕਿਧਰੇ ਕਣਕ ਨੂੰ ਝਾਰ ਲਗਾ ਰਹੀ ਮਸੀਨਾਂ ਦਾ ਸੋਰਮਜਦੂਰ ਪੂਰੀ.ਫੁਰਤੀ ਨਾਲ ਕੰਮ ਮੁਕਾਬਲਾ ਰਹੇ ਸਨ ਕਿਸਾਨਾ ਬੈਠੇ ਸਰਕਾਰ ਨੂੰ ਕੋਸ ਰਹੇ ਸਨ ਅੜਤੀਏ ਆਪਣਾ ਹਿਸਾਬ ਕਿਤਾਬ ਵਿਚ ਰੁਝੇ ਪਏ ਸਨ ਕਣਕ ਵਿਚੋ ਨਿਕਲੀ ਗਰਦ ਅਸਮਾਨ ਨੂੰ ਛੂਹ ਰਹੀ ਸੀ ਜੋ ਸਾਹ  ਲੈਣਾ ਔਖਾ ਕਰ ਰਹੀ ਸੀ ਗਰਮੀ ਦਾ ਤਾਪ ਵੱਧ ਰਿਹਾ ਸੀ। ਸ਼ਾਮ ਦੇ ਪੰਜ ਵਜੇ ਵੀ ਸੂਰਜ ਅੱਗੇ ਵਰਾਂ ਰਿਹਾ ਸੀ ਇਸ ਰਾਮ ਰੌਲਾ ਵਿਚ ਕੁਝ ਇਨਸਾਨਾਂ ਨੂੰ ਆਪਣੀ ਸ਼ਾਮ ਦੀ ਰੋਟੀ ਦਾ ਫਿਕਰ ਸੀ ਆਪਣੇ ਬੱਚਿਆਂ ਦੀ ਪੇਟ ਦੀ ਭੁੱਖ ਮਿਟਾਉਣ ਦਾ ਫਿਕਰ ਸੀ ਇਹ ਔਰਤਾ ਜਿਨ੍ਹਾਂ ਕੋਲ ਇਕ ਛੱਜ, ਬੁਹਕਰ ਤੇ ਇਕ ਗੱਟਾ ਸੀ ਜੋ ਝਾਰ ਲਾ ਰਹੀਅਾ ਮਸੀਨਾਂ ਕੋਲ ਖੜੀਆਂ ਸਨ ਨਸੀਬ ਜਦੋ ਰੁਕ ਜਾਦੀ ਤਾ ਮਜਦੂਰ ਉਸ ਮਸ਼ੀਨ ਵਿਚੋ ਰਹਿੰਦਾ ਖੂੰਹਦ ਬਾਹਰ ਸੁੱਟ ਦਿੰਦਾ ਸੀ ਜਿਸ ਰਹਿੰਦਾ ਖੂੰਹਦ ਵਿਚ ਕੁੰਡੀਆਂ ਤੋ ਇਲਾਵਾ ਕਣਕ ਦੀ ਟੁੱਟ ਹੁੰਦੀ ਸੀ ਇਹ ਔਰਤ ਇਸ ਰਹਿਂਦ ਖੂੰਹਦ.ਨੂੰ ਛੱਜ ਵਿਚ ਛੱਡ ਦੀਆਂ ਕੁੰਡੀਆਂ ਨੂੰ ਅੱਗੇ ਕਰ ਦਿੰਦੀਆ ਜੋ ਕਣਕ ਦੀ ਟੁੱਟ ਹੁੰਦੀ ੳੁਸ ਨੂੰ ਸਾਫ ਕਟਕ ਗੱਟੇ ਵਿਚ ਪਾ ਲੈਦੀਆ ਇਸ ਤਰ੍ਹਾ ਇਹ ਔਰਤਾ ਕਾਫੀ ਕਣਕ ਇੱਕਠੀ ਕਰ ਲੈਦੀਆ ਤੇ ਕੁਝ ਦਿਨ ਠੀਕ ਲੰਘ ਜਾਂਦੇ ਘਰਵਾਲੇ ਵਿਹਲੜ ਤੇ ਸ਼ਰਾਬੀ ਜੋ ਕੋਈ ਕੰਮ ਨਾ ਕਰਦੇ ਇਹ ਔਰਤਾ ਸਵੇਰੈ ਦਾਣਾ ਮੰਡੀ ਆਉਦੀਆਂ ਅੱਧੀ ਰਾਤ ਤੱਕ ਕਣਕ ਸੋ ਰਹਿੰਦ ਖੂੰਹਦ ਇਕੱਠੀ ਕਰਦੀਆਂ ਰਹਿੰਦੀਆਂ  ਦਾਣਾ ਮੰਡੀ ਦੇ ਇਕ ਕੋਨੇ ਵਾਲੇ ਪਾਸੇ ਨੂੰ ਝਾਰ ਲੱਗ ਰਿਹਾ ਸੀ ਇਸ ਮਸ਼ੀਨ ਤੇ ਪ੍ਰਵਾਸੀ ਮਜਦੂਰ ਸਨ ।ਆਮ ਤੌਰ 'ਤੇ ਦਾਣਾਂ ਮੰਡੀਆਂ ਵਿਚ ਪ੍ਰਵਾਸੀ ਮਜਦੂਰਾ ਦਾ ਹੀ ਬੋਲ ਬਾਲਾ ਹੈ
 ਨਸੀਬ ਤੇ ਮਜਦੂਰ ਬੜੀ ਫੁਰਤੀ ਨਾਲ ਕੰਮ ਕਰ ਰਹੇ ਸਨ ਜਦੋ ਮਜ਼ਦੂਰ ਨੇ ਰਹਿੰਦ ਖੂੰਹਦ ਮਸੀਨਾ ਵਿਚ ਬਾਹਰ ਸੁੱਟੀ ਤਾ ਇਕ ਭੱਜ ਕੇ ਆਈ ਤੇ ਕਣਕ ਛੱਜ ਵਿਚ ਪਾਉਣ ਲੱਗੀ ਤਾ ਮਜ਼ੂਦਰਾ ਦੇ ਪ੍ਰਧਾਨ ਨੇ ਕੇ ਛੱਜ ਨੂੰ ਖੋਹ ਕੇਪਰਾਂ ਬਗਾਹ ਮਾਰਿਆ ਤੇ ਗਾਲਾਂ ਕੱਢਣ ਲੱਗ ਪਿਆ ਔਰਤ ਨੇ ਤਰਲਾਂ ਤੇ ਮਿੰਨਤ ਕਰ ਲੱਗੀ ਆਪਣੇ ਘਰ ਦੇ ਹਲਾਤ ਬਾਰੇ ਦੱਸਣ ਲੱਗੀ ਉਸ ਪ੍ਰਧਾਨ ਦਾ ਔਰਤ ਜੋ ਦੇਖਣ ਵਿਚ ਖੂਬਸੂਰਤ ਸੀ ਨੂੰ ਵੇਖ ਕੇ ਅੰਦਰਲਾ ਰਾਕਸ਼ ਜਾਗ ਪਿਆ ਤੇ ਉਹ ਪ੍ਰਧਾਨ ਔਰਤ ਨੂੰ ਕਹਿੰਦਾ ਤੂੰ ਮੇਰਾ ਕੰਮ ਸਾਰ ਦੇ ਤੇ ਮੈ ਤੈਨੂੰ ਇਹ ਰਹਿੰਦ ਖੂੰਹਦ ਲਿਜਾਣਾ ਦੇ ਦੇਵਾਗਾ ਇਕ ਵਾਰ ਔਰਤ ਦਾ ਮਨ ਕੀਤਾ ਇਸ ਕੁੱਤੇ ਨੂੰ ਮੈ ਇਥੇ ਹੀ ਮਾਰ ਦੇਵਾਂ ਪਰ ਅਗਲੇ ਹੀ ਪਲ ਉਸ ਨੂੰ ਆਪਣੇ ਬੱਚਿਆ ਦੀ ਭੁੱਖ ਯਾਦ ਗਈ ਉਹ ਤੜਫ ਉੱਠੀ ਤੇ ਪ੍ਰਧਾਨ ਨੂੰ ਸਹਿਮਤੀ ਦੇ ਦਿੱਤੀ ਉਹ ਪੱਥਰ ਬਣੀ ਗਈ ਇਕ ਇਨਸਾਨ ਨੇ ਆਪਣੀ ਹਵਸ ਦੀ ਭੁੱਖ ਮਿਟਾਈ ਤੇ ਉਸ ਤੋ ਲਿਜਾ ਕੇ ਆਪਣੇ ਬੱਚਿਆ ਦੀ ਪੇਟ ਦੀ ਭੁੱਖ ਮਿਟਾਈ ਕਿ ਔਰਤ ਸਭ ਦੀ ਭੁੱਖ ਮਿਟਾਉਣ ਕਈ ਹੀ ਬਣੀ ਇਹਨਾ ਪੱਥਰ ਦਿਲ ਇਨਸ਼ਾਨਾਂ ਦੇ ਨਾਲ ਨਾਕ ਰੱਬ ਵੀ ਪੱਥਰ ਦਿਲ ਹੋ ਗਿਆ ਹੋਵੈ ਕਿਉ ਨਾ ਬੁੱਤ ਤਾ ਉਹੀ ਘੜਦਾ ਹੈ ਜਿਹੋ ਜਿਹੀ ਉਸ ਰੱਬ ਦੀ ਸੋਚ ਹੈ ਇਹੋ ਜਿਹਾ ਬੁੱਤ ਦੀ.ਸੋਚਣ ਸਕਤੀ ਬਣਾ ਦਿੰਦਾ ਹੈ ਕਿਸੇ ਨੇ ਨਾ ਸਮਝੀ ਔਰਤ ਦੀ ਭੁੱਖ ਉਸ ਨੇ ਭਰ ਪੇਟ ਖਾਧਾ ਕੁਝ ਨਹੀ ਕਿਸੇ ਨੇ ਪੁੱਛਿਆਂ ਉਸ ਦੇ ਸੁਫਨੇ ਕੀ ਨੇ ?ਕੀ ਰੀਝਾਂ ਨੇ ਉਸ ਦੇ ਮਨ ਦੀ ਭੁੱਖ ਕੀ  ਹੈ ?
ਸਤਨਾਮ ਸਿੰਘ ਮਾਨ 

16 Aug 2018

ਪ੍ਰਾਹੁਣਾ ਬਾਪੂ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Related image
ਬਾਪੂ ਆਪਣੀ ਜ਼ਿੰਦਗੀ ਦੀ ਲੱਗਭੱਗ ਪੌਣੀ ਸਦੀ ਵਿਹਾ ਚੁੱਕਿਆ ਸੀ। ਉਸ ਨੇ ਜ਼ਿੰਦਗੀ ਦੇ ਕੌੜੇ ਸੱਚ ਤੇ ਤਲਖ਼ ਤਜ਼ਰਬਿਆਂ 'ਚੋਂ ਕਈ ਰੰਗ ਰੂਪ ਬਦਲਦੇ ਦੇਖੇ ਸਨ। ਆਪਣੀ ਜੀਵਨ ਸਾਥਣ ਦੇ ਛੇਤੀ ਤੁਰ ਜਾਣ ਤੋਂ ਸਿਵਾਏ ਉਸ ਨੂੰ ਜ਼ਿੰਦਗੀ ਤੋਂ ਕੋਈ ਸ਼ਿਕਵਾ ਵੀ ਨਹੀਂ ਸੀ।ਬੇਵਕਤ ਵਿਛੜੀ ਆਪਣੀ ਹਮਸਫ਼ਰ ਨਾਲ਼ ਕਦੇ ਕਦੇ ਉਹ ਆਪ ਮਤੇ ਜਿਹੇ ਗੱਲੀਂ ਲੱਗ ਜਾਂਦਾ ," ਭਾਗਵਾਨੇ ! ਮੈਂ ਖੁਸ਼ ਹਾਂ। ਰੱਬ ਨੇ ਆਪਾਂ ਨੂੰ ਕਿਸੇ ਪਾਸਿਓਂ ਵੀ ਤੋੜ ਨੀ ਸੀ ਹੋਣ ਦਿੱਤੀ । ਦੋ ਧੀਆਂ ਮਗਰੋਂ ਪੁੱਤ ਦੀ ਸੁੱਖ ਵੀ ਪੂਰੀ ਕੀਤੀ। ਪੜ੍ਹਾ -ਲਿਖਾਤੇ, ਆਪੋ ਆਪਣੇ ਘਰ ਰੰਗੀ ਵੱਸਦੇ ਸੋਹਣਾ ਕਮਾਉਂਦੇ ਖਾਂਦੇ ਨੇ ਹੁਣ।" 
ਰੱਬ ਦੀ ਰਹਿਮਤ ਤੇ ਆਪਣੀ ਮਿਹਨਤ ਸਦਕਾ ਉਮੀਦਾਂ ਦੇ ਲਾਏ ਬੂਟਿਆਂ ਨੂੰ ਮੋਹ ਨਾਲ਼ ਸਿੰਜਦਿਆਂ ਇੱਟਾਂ ਪੱਥਰਾਂ ਦੇ ਮਕਾਨ ਨੂੰ ਉਸ ਨੇ ਘਰ ਬਣਾ ਲਿਆ ਸੀ । ਪਰ ਨਵੀਂ ਪੌਦ ਦੀ ਸੋਚ ਦੇ ਮੇਚੇ ਪਤਾ ਨਹੀਂ ਬਾਪੂ ਦਾ ਘਰ ਨੀ ਆਇਆ ਜਾਂ ਖੁਦ ਬਾਪੂ। ਗੱਲ ਗੱਲ 'ਤੇ ਹੁੰਦੀ ਨੋਕ-ਝੋਕ ਨੂੰ ਕੋਪਿਤ ਹੁੰਦਿਆਂ ਬਿੰਦ ਲੱਗਦਾ ਪਰ ਉਹ ਗੁੱਸੇ ਨੂੰ ਅੰਦਰੋਂ ਅੰਦਰੀ ਪੀ ਜਾਂਦਾ। ਆਪਸੀ ਤਕਰਾਰ 'ਚ ਪਿਸ ਰਹੇ ਉਸ ਦੇ ਬੁਢਾਪੇ ਨੂੰ ਬਚਾਉਣ ਲਈ ਧੀਆਂ ਆਪਣੇ ਨਾਲ਼ ਲੈ ਗਈਆਂ।ਹੱਡੀਂ ਹੰਢਾਏ ਦੁੱਖਾਂ ਤੋਂ ਬਾਦ ਜਦੋਂ ਦਿਨ ਸੁਖਾਲ਼ੇ ਆਏ ਤਾਂ ਉਹ ਖੁਦ ਦੋ ਘਰਾਂ ਦਾ ਪ੍ਰਾਹੁਣਾ ਬਣ ਗਿਆ। ਧੀਆਂ ਰੱਬ ਜੇਈਆਂ ਮੰਨਣ ਵਾਲ਼ਾ ਬਾਪੂ ਗੱਲ ਟਾਲ਼ ਨਾ ਸਕਿਆ," ਉਹ ਤਾਂ ਮੈਨੂੰ ਕੋਈ ਔਖ ਨੀ ਹੋਣ ਦਿੰਦੀਆਂ।ਬਥੇਰਾ ਸਾਂਭਦੀਆਂ ਨੇ ਮੈਨੂੰ।ਕਦੇ ਇੱਕ ਲੈ ਜਾਂਦੀ ਆ ਤੇ ਕਦੇ ਦੂਜੀ। ਏਹ ਅਮੁੱਕ ਵਾਟ ਤਾਂ ਹੁਣ ਹੱਡਾਂ ਨਾਲ਼ ਈ ਮੁੱਕਣੀ ਆ ਪਰ ਲੋਕ ਨੀ ਟਲ਼ਦੇ ਏਸ ਦੀ ਤਾਬ ਨੂੰ ਹੋਰ ਤੀਖਣ ਕਰਨੋਂ।" ਧੀਆਂ ਦੇ ਘਰ ਦਾ ਪਾਣੀ ਪੀਣ ਵਰਗੇ ਗੁਨਾਹ ਤੋਂ ਪਤਾ ਨਹੀਂ ਲੋਕ ਕਦੋਂ ਮੁਕਤ ਹੋਣਗੇ ? 
 ਡਾ. ਹਰਦੀਪ ਕੌਰ ਸੰਧੂ 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

9 Aug 2018

ਰੋਟੀ ( ਮਿੰਨੀ ਕਹਾਣੀ )

ਸ਼ਮਸ਼ੇਰ ਅਾਪਣੇ ਪੁੱਤਰ ਨੂੰ ਵਧੀਅਾ ਪੜ੍ਹਾੳੁਣ ਦੇ ਇਰਾਦੇ ਨਾਲ਼ ਪਿੰਡ ਛੱਡ ਕੇ ਸ਼ਹਿਰ  ਵਿੱਚ ਰਹਿਣ ਲੱਗ ਪਿਆ ਸੀ । ਸ਼ਮਸ਼ੇਰ ਦੇ ਬੇਬੇ ਬਾਪੂ ਪਿੰਡ  ਵਿੱਚ ਹੀ ਇਕੱਲਤਾ ਦਾ ਸੰਤਾਪ ਹੰਢਾ ਰਹੇ ਸਨ । ਸਮੇਂ ਨੇ ਏਹੋ ਜਿਹਾ ਗੇੜ ਖਾਧਾ ਕਿ ਨਾ ਤਾਂ ਸ਼ਮਸ਼ੇਰ ਦੇ ਮਾਪੇ ਸ਼ਹਿਰ ਦੀ ਤੰਗ ਜਿੰਦਗੀ 'ਚ ਰਹਿ ਸਕਦੇ ਸਨ ਅਤੇ ਨਾ ਹੀ ਸ਼ਮਸ਼ੇਰ ਦਾ ਪਿੰਡ ਵਾਪਸ ਮੁੜਨਾ ਸੰਭਵ ਸੀ ।
       ਸ਼ਮਸ਼ੇਰ ਦਾ ਹੁਣ ਸ਼ਹਿਰ 'ਚ ਰਹਿਣ ਦਾ ਹੁਣ ਕੋਈ ਖਾਸ ਮਕਸਦ ਨਹੀਂ ਸੀ ਰਿਹਾ ਕਿਉਂਕਿ ੳੁਸ ਦਾ ਇਕਲੌਤਾ ਪੁੱਤਰ ਰਾਜਵੀਰ ਉਚੇਰੀ ਪੜ੍ਹਾਈ ਕਰਨ ਵਿਦੇਸ਼ ਚਲਾ ਗਿਆ ਸੀ ।
ਇਕ ਸ਼ਾਮ ਸ਼ਮਸ਼ੇਰ ਅਾਪਣੇ ਬਾਪੂ ਨੂੰ ਫੋਨ 'ਤੇ ਕਹਿਣ ਲੱਗਾ,
  "  ਬਾਪੂ ਜੀ ਪੈਰੀ ਪੈਨਾ, ਹੋਰ ਸੁਣਾਓ ਕਿਵੇਂ ਅਾ ਸਿਹਤ ਹੁਣ , ਦਵਾਈ ਬੂਟੀ ਚੰਗੀ ਤਰ੍ਹਾਂ ਲੈ ਲੈਨੇ ਓ ? ਨਾਲ਼ੇ ਹੁਣ ਤੁਸੀਂ ਰੋਟੀ ਪਾਣੀ ਦਾ ਖਾਸ ਧਿਆਨ  ਰੱਖਿਓ , ਚੰਗਾ !! "
  "  ਸ਼ਮਸ਼ੇਰ ਪੁੱਤ ,  ਤੂੰ ਵੀ ਅਾਪਣਾ ਖਿਅਾਲ ਰੱਖੀ , ਨਾਲੇ ਰਾਜਵੀਰ ਨੂੰ ਵੀ ਕਹਿ ਦੇਈ ਕਿ ਬੇਗਾਨੇ ਮੁਲਕ 'ਚ ਰੋਟੀ ਟੈਮ ਨਾਲ਼ ਈ ਖਾ ਲਿਆ ਕਰੇ ,  ਮੇਰੇ ਤਾਂ ਏਹ ਰੋਟੀ ਹੁਣ ਮਸਾਂ ਈ ਗਲੋਂ ਲੰਘਦੀ ਅੈ, ਜਿਹਨੇ ਅਾਪਣਾ ਘੁੱਗ ਵਸਦਾ ਪਰਿਵਾਰ ਖੇਰੂੰ - ਖੇਰੂੰ  ਕਰ ਕੇ ਰੱਖਤਾ  "
ਬਾਪੂ ਨੇ ਭਰੇ ਮਨ ਨਾਲ਼ ਕਿਹਾ |
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

29 Jul 2018

ਸੂਹੀ ਮਹਿੰਦੀ (ਹਾਇਬਨ) ਡਾ. ਹਰਦੀਪ ਕੌਰ ਸੰਧੂ


Image result for henna hands brideਸਿਆਲ ਰੁੱਤ ਨੇ ਅਜੇ ਪੂਰੀ ਤਰਾਂ ਦਸਤਕ ਨਹੀਂ ਦਿੱਤੀ ਸੀ। ਅਗੇਤੀ ਧੁੰਦ ਨਾਲ਼ ਅੱਟੇ ਚੁਫ਼ੇਰੇ ਵਿੱਚ ਸੜਕੀ ਖੰਭਿਆਂ ਤੋਂ ਡਿੱਗਦਾ ਚਾਨਣ ਦੂਧੀਆ ਧੁੰਦ 'ਚ ਫ਼ੈਲਣ ਦੀ ਅਣਥੱਕ ਕੋਸ਼ਿਸ਼ ਕਰਦਾ ਜਾਪ ਰਿਹਾ ਸੀ। ਰੁੰਡ ਮਰੁੰਡ ਹੋਏ ਰੁੱਖ ਪੈਲਾਂ ਪਾਉਂਦੀ ਫੱਗਣੀ ਬਹਾਰ ਨੂੰ ਉਡੀਕ ਰਹੇ ਸਨ। ਸੁੱਕੇ ਘਾਹ ਦੀਆਂ ਤਿੜਾਂ ਭੂਰੇ ਪੱਤਿਆਂ ਸੰਗ ਆਪਾ ਫਰੋਲ਼ਦੀਆਂ ਪ੍ਰਤੀਤ ਹੁੰਦੀਆਂ ਸਨ। ਪਰ ਏਸ ਕਰਤਾਰੀ ਦੁਨੀਆਂ ਦਾ ਦੂਜਾ ਸਿਰਾ ਹੁਨਾਲ਼ਾਂ ਦੀ ਤਪਸ਼ ਹੰਢਾ ਰਿਹਾ ਸੀ। ਤਪਦੀਆਂ ਲੂਆਂ 'ਚ ਤਿਹਾਈ ਧਰਤ ਵਾਂਗਰ ਉਹ ਵੀ ਕਿਸੇ ਤਾਂਘ ਨੂੰ ਚਿਤਵਦੀ ਵਿਆਕੁਲ ਹੋ ਰਹੀ ਸੀ। ਸਾਦਾ ਪਹਿਰਾਵਾ,ਸੋਹਣੇ ਜਿਹੇ ਨੈਣ ਨਕਸ਼ ਤੇ ਹੱਸਮੁੱਖ ਸੁਭਾਅ ਦੀ ਮਲਿਕਾ।  
ਹੁਣੇ ਹੁਣੇ ਅੱਗ ਦੀ ਰੁੱਤ ਨੇ ਕਰਵੱਟ ਲੈ ਲਈ ਸੀ। ਕੁਦਰਤ ਦੇ ਝਰਨੇ 'ਚੋਂ ਸਵਾਂਤੀ ਬੂੰਦਾਂ ਝਰਨ ਲੱਗੀਆਂ ਸਨ। ਉਸ ਨੇ ਏਸ ਵਿਹੜੇ ਦਾ ਭਾਗ ਬਣਨਾ ਸੀ। ਪਤਾ ਨਹੀਂ ਉਹ ਆਪਣੀ ਰੂਹ ਨੂੰ ਜਾਂ ਏਸ ਵਿਹੜੇ ਦੀ ਤਪਸ਼ ਨੂੰ ਠਾਰਨ ਆ ਰਹੀ ਸੀ,ਇਹ ਤਾਂ ਉਸ ਦਾ ਰੱਬ ਹੀ ਜਾਣਦਾ ਸੀ। ਇਓਂ ਲੱਗਦਾ ਸੀ ਜਿਵੇਂ ਚਾਤ੍ਰਿਕ ਨੂੰ ਆਪਣੀ ਤ੍ਰਿਪਤੀ ਦਾ ਕੋਈ ਰਾਹ ਮਿਲ਼ ਗਿਆ ਹੋਵੇ। ਲੂਹੇ ਹੋਏ ਰੁੱਖਾਂ ਦੀ ਟਹਿਣੀਆਂ ਨਵਾਂ ਨਕੋਰ ਹੁਸਨ ਲੈ ਕੇ ਆਉਣ ਦੀਆਂ ਤਿਆਰੀਆਂ 'ਚ ਰੁੱਝੀਆਂ ਹੋਈਆਂ ਸਨ। ਉਹ ਅਗਰਬੱਤੀ ਦੀ ਸੁਗੰਧ ਬਣ ਕੇ ਖਿਲਰਣਾ ਤੇ ਸ਼ਹਿਨਾਈ ਦੀ ਕੋਈ ਗੂੰਜ ਹੋਣਾ ਲੋਚਦੀ ਸੀ। 
ਕਹਿੰਦੇ ਨੇ ਕਿ ਹਰ ਰਿਸ਼ਤਾ ਭਾਵਕ ਸਾਂਝ ਦੀ ਬੁਨਿਆਦ 'ਤੇ ਹੀ ਪਣਪਦਾ ਹੈ। ਮੇਰਾ ਉਸ ਨਾਲ਼ ਨਾਂ ਦਾ ਰਿਸ਼ਤਾ ਤਾਂ ਜੁੜ ਚੁੱਕਿਆ ਸੀ ਪਰ ਭਾਵਨਾਵਾਂ ਦੀਆਂ ਤੰਦਾਂ ਜੁੜਨੀਆਂ ਅਜੇ ਬਾਕੀ ਸਨ। ਕੋਈ ਅਣਬੁੱਝ ਹਿਚਕਿਚਾਹਟ ਵਾਰ ਵਾਰ ਮੇਰਾ ਰਾਹ ਰੋਕ ਰਹੀ ਸੀ। ਮੈਂ ਸਿਆਲਾਂ 'ਚ ਹੁਨਾਲਾਂ ਨੂੰ ਮਿਲਣਾ ਲੋਚਦੀ ਸਾਂ। ਖ਼ਿਆਲ ਰੰਗ 'ਚੋਂ ਬਾਹਰ ਨਿਕਲ਼ ਏਸ ਰੁੱਤ ਲਲਾਰਨ ਤੋਂ ਸੂਹੇ ਰੰਗ ਉਧਾਰੇ ਲੈ ਮੈਂ ਉਸ ਦੀ ਝੋਲ਼ੀ ਪਾਉਣਾ ਚਾਹੁੰਦੀ ਸਾਂ। ਇਸੇ ਉਧੇੜ ਬੁਣ 'ਚ ਦਿਨ ਸਰਕਦਾ ਗਿਆ। ਅਖ਼ੀਰ ਮੇਰੀ ਝਿਜਕ ਹੌਲ਼ੀ ਹੌਲ਼ੀ ਦੁਆ ਸਲਾਮ ਤੇ ਫ਼ੇਰ ਖ਼ਿਆਲੀ ਚੁੱਪ ਫ਼ੋਨ ਦੇ ਬੋਲ ਹੁੰਗਾਰਿਆਂ 'ਚ ਬਦਲ ਗਈ। 
ਹੁਣ ਉਹ ਮੇਰੇ ਐਨ ਕੋਲ਼ ਆ ਬੈਠੀ ਸੀ, "ਸੁਰਾਂ ਦੀ ਛਹਿਬਰ ਚੰਨ ਰਿਸ਼ਮਾਂ ਚਹੁੰ ਤਰਫ਼ੀ ਕਰਮਾਂ ਦੀ ਮਹਿੰਦੀ ਦਾ ਚੜ੍ਹੇ ਰੰਗ ਸ਼ਿੰਗਰਫ਼ੀ।" ਉਹ ਆਪਣੀਆਂ ਤਲੀਆਂ 'ਤੇ ਸ਼ਗਨਾਂ ਦੀ ਮਹਿੰਦੀ ਹੀ ਲਵਾ ਰਹੀ ਸੀ। ਅਸੀਂ ਦੋਵੇਂ ਹੀ ਇੱਕ ਦੂਜੇ ਲਈ ਅਣਜਾਣ ਸਾਂ ਪਰ ਇਓਂ ਲੱਗਦਾ ਸੀ ਜਿਵੇਂ ਸਾਡੀ ਕੋਈ ਪੁਰਾਣੀ ਸਾਂਝ ਹੋਵੇ। ਉਸ ਦੀਆਂ ਗੱਲਾਂ 'ਚ ਮੈਂ ਕਿਧਰੇ ਗੁਆਚ ਰਹੀ ਸਾਂ "ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁੱਧ ਵਿਕਦਾ।"
ਅੱਜ ਉਹ ਆਪਣੀਆਂ ਸੱਧਰਾਂ ਦੀ ਹਾਨਣ ਬਣੀ ਕਿਸੇ ਸਹਿਜ ਸਫ਼ਰ ਨੂੰ ਸ਼ੁਰੂ ਕਰਨ ਦੇ ਆਹਰ 'ਚ ਸੀ। ਮੈਂ ਸੱਤ ਸਮੁੰਦਰ ਪਾਰ ਬੈਠੀ ਉਸ ਦੀ ਸ਼ਗਨਾਂ ਦੀ ਫੁਲਕਾਰੀ 'ਚ ਚਾਵਾਂ ਦੇ ਫ਼ੁੱਲ ਗੁੰਦ ਰਹੀ ਸਾਂ ਜਦੋਂ ਕਿਸੇ ਨੇ ਮੈਨੂੰ ਪਿੱਛੋਂ ਆਵਾਜ਼ ਦਿੱਤੀ। ਕਿਸੇ ਚੀਚ ਵਹੁਟੀ ਵਾਂਗ ਮਖ਼ਮਲੀ ਸ਼ਾਲੂ 'ਚ ਲਿਪਟੀ ਮੈਨੂੰ ਉਹੀਓ ਨਜ਼ਰ ਆਈ। ਉਸ ਦੇ ਅਪਣੱਤ ਭਰੇ ਬੋਲ ਅਜੇ ਵੀ ਮੈਨੂੰ ਗਲਵੱਕੜੀ ਪਾਈ ਬੈਠੇ ਸਨ। ਮੈਂ ਬਾਹਰ ਝਾਤੀ ਮਾਰੀ। ਕੋਸੀ ਧੁੱਪ ਖਿੜਨ ਨਾਲ਼ ਧੁੰਦ ਛਟ ਗਈ ਸੀ। ਨਿੱਘ ਤੇ ਰੌਸ਼ਨੀ ਦੇ ਸੁਮੇਲ 'ਚ ਮਟਕ ਮਟਕ ਕੇ ਕੋਈ ਚਾਨਣੀ ਰੁੱਤ ਉਤਰ ਰਹੀ ਸੀ। 

ਰੁੱਤ ਕਠੋਰ - 
ਧੁੱਪ ਦੀ ਚਿਲਕੋਰ 
ਹਵਾ 'ਚ ਲੋਰ। 
* ਮੇਰੇ ਹਾਇਬਨ ਸੰਗ੍ਰਹਿ ਵਿੱਚੋਂ 



2 Jul 2018

ਆਤਮ ਨਾਟ (ਮਿੰਨੀ ਕਹਾਣੀ )- ਡਾ. ਹਰਦੀਪ ਕੌਰ ਸੰਧੂ

Image result for tap dance sketch
ਉਹ ਕਦੰਬ ਦੇ ਰੁੱਖ ਹੇਠ ਚਿਰਾਂ ਤੋਂ ਇੱਕਲਾ ਹੀ ਖੜ੍ਹਾ ਸੀ। ਉਸ ਰੁੱਖ ਦੀਆਂ ਝੁਕੀਆਂ ਟਹਿਣੀਆਂ ਕਲਾਵੇ 'ਚ ਲੈਂਦੀਆਂ ਉਸ ਦੀ ਇੱਕਲਤਾ ਨੂੰ ਭਰਨ ਦੀ ਅਸਫ਼ਲ ਕੋਸ਼ਿਸ਼ ਕਰਦੀਆਂ ਰਹਿੰਦੀਆਂ। ਅਜੇ ਉਸ ਚੰਗੂ ਤੁਰਨਾ ਵੀ ਨਹੀਂ ਸਿੱਖਿਆ ਸੀ ਜਦੋਂ ਦੋ ਦਹਾਕੇ ਪਹਿਲਾਂ ਕਿਸੇ ਚੰਦਰੀ ਘੜੀ ਨੂੰ ਉਹ ਅਚਾਨਕ ਮਾਂ ਹੱਥੋਂ ਛੁਟ ਭੁੰਜੇ ਜਾ ਡਿੱਗਿਆ। ਉਸ ਦੇ ਘੁੰਗਰੂਆਂ ਦੇ ਬੋਰ ਉਲਝ ਗਏ। ਬੋਲ ਅਬੋਲੇ ਬਣ ਉਸ ਦਾ ਸਾਥ ਛੱਡ ਗਏ। ਉਹ ਕਿਸੇ ਖਲਾਅ 'ਚ ਜਿਉਣ ਲੱਗਾ ਜਿੱਥੇ ਕਿਸੇ ਤਰ੍ਹਾਂ ਦੇ ਸੁਰ ਸੰਚਾਰ ਦੀ ਕੋਈ ਸੰਭਾਵਨਾ ਹੀ ਨਹੀਂ ਸੀ। ਪਤਾ ਨਹੀਂ ਅੱਖਾਂ ਥੀਂ ਉਹ ਕਿੰਝ ਸੁਣਦਾ ਹੋਵੇਗਾ ? ਹਾਣੀਆਂ ਦੇ ਦੁਰਕਾਰਨ 'ਤੇ ਰੋਂਦਾ ਰੋਂਦਾ ਉਹ ਮਾਂ ਦੀ ਬੁੱਕਲ਼ 'ਚ ਆ ਸਿਮਟਦਾ ਤੇ ਨਿੱਤ ਪੀੜ-ਪੀੜ ਹੁੰਦਾ ਰਹਿੰਦਾ। ਅਣਕਹੇ ਭਾਵਾਂ ਦੇ ਸਮੁੰਦਰ 'ਚ ਵਹਿੰਦਾ ਪਤਾ ਨਹੀਂ ਉਹ ਕਿੰਨੀ ਵਾਰ ਮਰਦਾ ਹੋਣੈ । ਮਾਂ ਉਸ ਦੀ ਬੇਚੈਨੀ ਤੋਂ ਬੇਜ਼ਾਰ ਹੋਈ ਆਪਣੀ ਬੇਵੱਸੀ 'ਤੇ ਝੂਰਦੀ ਰਹਿੰਦੀ। 
.... ਤੇ ਫ਼ੇਰ ਇੱਕ ਦਿਨ ਕੋਈ ਫ਼ਰਿਸ਼ਤਾ ਉਸ ਦੇ ਆਪੇ ਅੰਦਰ ਚਿਰਾਂ ਤੋਂ ਪੁੰਗਰਦੇ ਬੀਜ ਨੂੰ ਸਿੰਜਣ ਆ ਉਤਰਿਆ। ਪੀੜਾ ਨੂੰ ਕਾਬੂ ਕਰ ਵੱਸੋਂ ਬਾਹਰੀ ਤਾਂਘ ਨੂੰ ਉਸ ਦੇ ਆਪੇ ਅੰਦਰ ਮਘਣ ਲਾ ਦਿੱਤਾ। ਹੁਣ ਤੱਕ ਸੁੱਤੀ ਉਸ ਦੀ ਸੰਗੀਤ ਪ੍ਰੀਤ ਅੰਗੜਾਈਆਂ ਭਰਨ ਲੱਗੀ। ਅਣਗਾਹੇ ਬਣਾਂ 'ਚ ਭਾਉਂਦਿਆਂ ਅੰਤਰੀਵ ਇਸ਼ਟ ਦੇ ਮਿਲਾਪ ਨੇ ਉਸ ਨੂੰ ਨ੍ਰਿਤ ਦੀਆਂ ਸੰਗੀਤਕ ਲਿੱਪੀਆਂ ਦਾ ਹਾਣੀ ਬਣਾ ਦਿੱਤਾ। ਹੁਣ ਉਸ ਦੇ ਮਨੋਭਾਵ ਸੁਰਾਂ ਸੰਗ ਥਿਰਕਣ ਲੱਗੇ।
ਅੱਜ ਉਸ ਦੀਆਂ ਜੀਵਨ ਨਾੜੀਆਂ ਅੰਦਰ ਕਿਸੇ ਨਵੀਂ ਰੁੱਤ ਦਾ ਸੰਚਾਰ ਹੋ ਰਿਹਾ ਸੀ। ਉਹ ਖੁੱਲ੍ਹੀਆਂ ਅੱਖਾਂ ਨਾਲ਼ ਖੁਦ ਕੋਈ ਸੁਪਨਾ ਵੇਖ ਰਿਹਾ ਸੀ ਜਾਂ ਉਸ ਸੁਪਨਮਈ ਲੋਕ ਦਾ ਉਹ ਆਪ ਹਿੱਸਾ ਬਣ ਗਿਆ ਸੀ। ਕਦੇ ਲੱਗਦਾ ਸੀ ਕਿ ਜਿਵੇਂ ਉਹ ਚੁਫ਼ੇਰੇ  ਨੂੰ ਅਸਚਰਜ ਕਰ ਰਿਹਾ ਹੋਵੇ ਜਾਂ ਫ਼ੇਰ ਉਸ ਦਾ ਆਪਾ ਖੁਦ ਅਚੰਭਿਤ ਹੋ ਰਿਹਾ ਸੀ। ਅੱਜ ਉਹ ਨੈਣਾਂ ਰਾਹੀਂ ਡੀਕ ਲਾ ਕੇ ਸਭ ਕੁਝ ਪੀ ਜਾਣਾ ਲੋਚਦਾ ਸੀ। ਅੱਖਾਂ ਦੀ ਆਰਸੀ 'ਚ ਉਸ ਦੇ ਨਿਰਮਲ ਹਿਰਦੇ ਦਾ ਅਕਸ ਸਾਫ਼ ਦਿਖਾਈ ਦੇ ਰਿਹਾ ਸੀ। ਬਿਨਾਂ ਕੋਈ ਸੁਰ ਸੁਣੇ ਦਿਲ ਧੜਕਣ 'ਚ ਸਮਾਈ ਤਾਲ ਦੀ ਲੈਅ 'ਤੇ ਆਤਮ ਤਲ ਦੇ ਮਹਾਂ ਸੰਗੀਤ ਰਾਹੀਂ ਕੋਈ ਮਹਾਂ ਨਾਟ ਦ੍ਰਿਸ਼ਟੀਮਾਨ ਹੋ ਰਿਹਾ ਸੀ। ਇਓਂ ਲੱਗਦਾ ਸੀ ਕਿ ਕਿਸੇ ਨ੍ਰਿਤਕ ਹੂਕ ਨੇ ਉਸ ਨੂੰ ਰੱਬ ਦੀ ਜੂਹੇ ਲਿਆ ਖੜ੍ਹਾ ਕੀਤਾ ਹੋਵੇ ਜਿੱਥੇ ਅੱਜ ਉਸ ਨੇ ਖੁਦ 'ਚੋਂ ਖੁਦਾ ਨੂੰ ਪਾ ਲਿਆ ਸੀ। ਕਦੰਬ ਦੇ ਰੁੱਖ ਦੀ ਛਾਂ ਨੂੰ ਮਾਣਦਾ ਸਗਲ ਸ੍ਰਿਸ਼ਟੀ ਨਾਲ਼ ਨੱਚਦਾ ਹੁਣ ਉਹ ਪੂਰਣਤਾ ਨੂੰ ਜਾਂਦੇ ਰਾਹ ਵੱਲ ਪੁਲਾਂਘਾ ਭਰ ਰਿਹਾ ਸੀ। 
ਡਾ. ਹਰਦੀਪ ਕੌਰ ਸੰਧੂ 
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ