ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Oct 2015

ਕੱਲਯੁੱਗੀ ਰਾਵਣ ( ਸੇਦੋਕਾ)

1.

ਭਰੀ ਭੀੜ ਨੇ
ਰਾਵਣ ਜਲਾਇਆ
ਅੱਜ ਫਿਰ ਵੀ ਜ਼ਿੰਦਾ
ਹੈ ਦੁਸਹਿਰਾ
ਰਾਵਣ ਦਾ ਪਹਿਰਾ 
ਸਭ ਜਾਗਦੇ ਰਹੋ।
2.
ਭੀੜ 'ਚੋਂ ਝਾਕੇ
ਕਾਗਜ਼ ਦਾ ਰਾਵਣ
ਜਦ ਭਰਿਆ ਮੇਲਾ 
ਰਾਮ ਲੀਲਾ 'ਚ 
ਹੋਰ ਵੱਡਾ ਹੋਇਆ 
ਅੱਜ ਰਾਵਣ ਕੱਦ। 
3.
ਵਿਛੜੀ ਸੀਤਾ 
ਰੁੱਖਾਂ ਦੇ ਗੱਲ ਲੱਗ 
ਤਦ ਰਾਮ ਵੀ ਰੋਏ 
ਲੰਘ ਰਹੀ ਹੈ 
ਅਗਨੀ ਪ੍ਰੀਖਿਆ 'ਚੋਂ 
ਫਿਰ ਵੀ ਅੱਜ ਸੀਤਾ। 
4.
ਲੰਕਾ ਵੀ ਹਾਰੇ 
ਜਦ ਤੋਂ ਰਾਵਣ ਨੇ 
ਮਨੋ ਰਾਮ ਵਿਸਾਰੇ 
ਬਣਕੇ ਯਾਰ 
ਕੱਲਯੁੱਗੀ ਰਾਵਣ 
ਅੱਜ ਕਰੇ ਸ਼ਿਕਾਰ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਜ਼ਿਲ੍ਹਾ: ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 159 ਵਾਰ ਪੜ੍ਹੀ ਗਈ।

19 Oct 2015

ਨੀਂਦਰਾਂ (ਸੇਦੋਕਾ)

1.

ਬੋਟ ਆਪਣਾ 
ਜੀ ਭਿਆਣੀ ਲੱਭਦੀ 
ਆਲ੍ਹਣੇ 'ਚੋਂ ਡਿੱਗਿਆ 
ਗਿਆ ਨਾ ਮੁੜੇ
ਰੱਖੋ ਭਾਵੇਂ ਮੁੜ ਕੇ
ਖੇਲ ਰੱਬੋਂ ਵਰਤੇ। 

2.
ਕੋਠੇ ਪੈ ਗਿਆ 
ੳੁਤੋਂ ਹੇਠੋਂ ਲਹਿ ਕੇ
ਪੱਖੀ ਝੱਲੇ ਬਹਿ ਕੇ 
ਤੜਕੇ ਜਾਣਾ
ਖੇਤਾਂ ਪਾਣੀ ਲਾਵਣਾ 
ਨੀਂਦਰਾਂ ਨਾ ਆਵਣਾ। 


ਇੰ : ਜੋਗਿੰਦਰ ਸਿੰਘ ਥਿੰਦ 
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।

8 Oct 2015

ਨਾ ਸ਼ੁਕਰਾ (ਚੋਕਾ)

ਅੱਜ ਮਨੁੱਖ
ਕਿੰਨਾ ਏ ਨਾ ਸ਼ੁਕਰਾ
ਨਹੀਂ ਕਦਰ
ਕੁਦਰਤੀ ਦਾਤਾਂ ਦੀ
ਪਾਣੀ ਤੇ ਪੌਣ
ਹੋਈ ਏ ਜ਼ਹਰੀਲੀ
ਲੁੱਟੇ ਜੰਗਲ
ਗਏ ਗੁਆਚੇ ਰੁੱਖ
ਹੜ੍ਹਾਂ ਦੀ ਮਾਰ
ਝੱਲ ਰਿਹਾ ਸੰਸਾਰ
ਘਰੋਂ ਬੇਘਰ
ਹੋ ਰੁਲਦੀ ਦੁਨੀਆਂ
ਪ੍ਰਦੂਸ਼ਨ ਨੇ
ਕੀਤੇ ਅੰਬਰੀਂ ਛੇਦ
ਦੂਜਾ ਖੂੰਖਾਰ
ਖੂਨ ਪਿਆਸੇ ਬੰਦੇ
ਚਾਰ -ਚੁਫੇਰੇ
ਡਰਦੇ ਨਾ ਕਰਨੋ  
ਸਿਰ ਕਲਮ
ਹੁਣ ਦੇਸ਼ ਆਪਣਾ
ਲੱਗੇ ਬਿਗਾਨਾ  
ਉਜੜੇ ਘਰ ਵਾਰ
ਸੁਣੋ ਸਾਡੀ ਪੁਕਾਰ।

ਕਮਲਾ ਘਟਾਔਰਾ 
(ਯੂ. ਕੇ.)
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ।

6 Oct 2015

ਨੀਂਦ ਨਹਾਏ

1.
ਨਮ ਪਲਕਾਂ 
ਬੁੱਕ ਭਰੇ ਅੱਥਰੂ 
ਜਦ ਛਲਕੇ। 

2.
ਕਿਰੇ ਚਾਂਦਨੀ 
ਸਭ ਖੁੱਲ੍ਹੇ ਝਰੋਖੇ 
ਨੀਂਦ ਨਹਾਏ। 

3.

ਟਿਕੀ ਰਾਤ 'ਚ 
ਟਟੀਹਰੀ ਚੀਕਦੀ 
ਜਾਗੇ ਜੰਗਲ।




ਰਾਮੇਸ਼ਵਰ ਕੰਬੋਜ 'ਹਿੰਮਾਸ਼ੂ'

ਨਵੀਂ ਦਿੱਲੀ 
ਨੋਟ: ਇਹ ਪੋਸਟ ਹੁਣ ਤੱਕ 149 ਵਾਰ ਪੜ੍ਹੀ ਗਈ।

30 Sept 2015

ਪੰਛੀ



                                                           ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 122 ਵਾਰ ਪੜ੍ਹੀ ਗਈ।

26 Sept 2015

ਰੁੱਖ (ਸੇਦੋਕਾ)

1.

ਰੁੱਖ ਫਕੀਰ 
ਆਰੇ ਦੀ ਦੰਦੀ ਹੇਠਾਂ 
ਜਦ ਹੋ ਜਾਂਦੇ ਚੀਰ 
ਹੋ ਕੇ ਕਤਲ 
ਫਿਰ ਵੀ ਤਰਸਣ 
ਛੋਹ ਤੇਰੇ ਹੱਥਾਂ ਦੀ। 
2.
ਛਾਂਗਿਆ ਰੁੱਖ 
ਲੰਘਦੇ ਰਹੀਆਂ ਨੂੰ 
ਸੁਣਾਏ ਸਭ ਦੁੱਖ 
ਦੁੱਖ ਤੇ ਸੁੱਖ 
ਪੱਤਝੜਾਂ 'ਚ ਰੁੱਖ 
ਸਾਨੂੰ ਦੇਣ ਸੁਨੇਹੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
(ਹੁਸ਼ਿਆਰਪੁਰ) 
ਨੋਟ: ਇਹ ਪੋਸਟ ਹੁਣ ਤੱਕ 215 ਵਾਰ ਪੜ੍ਹੀ ਗਈ।

20 Sept 2015

ਗੁਲਾਮੀ ਦਾ ਇੱਕ ਦਿਨ (ਹਾਇਬਨ) ਡਾ. ਹਰਦੀਪ ਕੌਰ ਸੰਧੂ

Image result for a slave sketch
ਸਿਆਲਾਂ ਦੀ ਕੋਸੀ ਜਿਹੀ ਸਵੇਰ। ਘੰਟੀ ਵੱਜਦੇ ਹੀ ਵਿਦਿਆਰਥੀ ਸਵੇਰ ਦੀ ਸਭਾ 'ਚ ਜੁੜਨ ਲੱਗੇ। ਉਹਨਾਂ ਦੇ ਖਿੜੇ ਚਿਹਰਿਆਂ 'ਤੇ ਸੱਜਰੀ ਸਵੇਰ ਜਿਹੀ ਚਮਕ ਸੀ। ਅਜ਼ਾਦ ਹਵਾਵਾਂ 'ਚ ਡਾਢਾ ਲੋਰ ਸੀ। ਸਾਰੇ ਇਸੇ ਨਵੇਂ ਤਾਜ਼ੇ ਦਿਨ ਨੂੰ ਆਪਣੇ ਹੀ ਰੰਗ 'ਚ ਰੰਗਣ ਲਈ ਉਤਾਵਲੇ ਸਨ। ਬਾਰਵੀਂ ਜਮਾਤ ਦਾ ਅੱਜ ਸਕੂਲ 'ਚ ਆਖਰੀ ਦਿਨ ਸੀ। ਉਹਨਾਂ ਦੀ ਅੱਜ ਨਿਲਾਮੀ ਹੋਣੀ ਸੀ। ਹਰ ਵਿਦਿਆਰਥੀ ਨੇ ਅੱਜ ਕਿਸੇ ਦਾ ਗੁਲਾਮ ਬਣ ਕੇ ਰਹਿਣਾ ਸੀ -ਗੁਲਾਮੀ ਦੇ ਇੱਕ ਦਿਨ ਵੱਜੋਂ। 
 ਕੁਝ ਪਲਾਂ ਬਾਅਦ ਨਿਲਾਮੀ ਸ਼ੁਰੂ ਹੋ ਗਈ। ਬਾਰਵੀਂ ਜਮਾਤ ਦੇ ਵਿਦਿਆਰਥੀ ਆਪਣੀ -ਆਪਣੀ ਯੋਗਤਾ ਦਾ ਪ੍ਰਗਟਾਵਾ ਕਰਦੇ ਇੱਕ -ਇੱਕ ਕਰਕੇ ਆਪਣੇ -ਆਪ ਨੂੰ ਪੇਸ਼ ਕਰ ਰਹੇ ਸਨ। ਇੱਕ ਅਧਿਆਪਕ ਬੋਲੀ ਲਾ ਰਿਹਾ ਸੀ। ਬਾਕੀ ਅਧਿਆਪਕ ਤੇ ਵਿਦਿਆਰਥੀ ਬੋਲੀ ਦੇ ਕੇ ਆਪਣਾ -ਆਪਣਾ ਗੁਲਾਮ ਖਰੀਦ ਰਹੇ ਸਨ। ਇੱਕ ਦਿਨ ਲਈ ਆਰਜ਼ੀ ਤੌਰ 'ਤੇ ਬਣੇ ਮਾਲਕ ਆਪਣੇ ਗੁਲਾਮਾਂ ਤੋਂ ਮਨ ਚਾਹਿਆ ਕੰਮ ਕਰਵਾਉਣ ਦੀਆਂ ਸਕੀਮਾਂ ਘੜ ਰਹੇ ਸਨ। 
 ਸਕੂਲ ਦੇ ਸਾਂਝੇ ਫੰਡ ਲਈ ਪੈਸਾ ਇੱਕਠਾ ਹੋ ਰਿਹਾ ਸੀ ਪਰ ਇਹ ਸਾਰਾ ਵਰਤਾਰਾ ਮੇਰੀ ਸੋਚ ਨੂੰ ਵਿੰਨ੍ਹੀ ਜਾ ਰਿਹਾ ਸੀ। ਕਹਿੰਦੇ ਨੇ ਕਿ ਜੇ ਹਜ਼ਾਰਾਂ ਸਾਲ ਸੂਰਜ ਨਾ ਵੀ ਚੜ੍ਹੇ ਤਾਂ ਵੀ ਲੋਕ ਜਿਓਂ ਲੈਣਗੇ ਪਰ ਕਿਸੇ ਦੀ ਗੁਲਾਮੀ ਦੀ ਜ਼ਿੱਲਤ ਸਹਿ ਕੇ, ਆਪਣੀ ਜ਼ਮੀਰ ਨੂੰ ਮਾਰ ਕੇ ਬੇਗੈਤਰ ਜ਼ਿੰਦਗੀ ਦਾ ਇੱਕ ਦਿਨ ਵੀ ਕੱਟਣਾ ਔਖਾ ਹੁੰਦਾ ਹੈ। ਗੁਲਾਮੀ ਦੇ ਖਰਵੇ ਸੱਚ ਨੂੰ ਅੱਖੋਂ ਪਰੋਖੇ ਕਰਕੇ ਅੱਜ ਅਲਬੇਲੇ ਮਨਾਂ ਦੀ ਸੋਚ ਨੂੰ ਗੰਧਲਾ ਕੀਤਾ ਜਾ ਰਿਹਾ ਸੀ। ਮੇਰੀ ਸੋਚ ਦੀਆਂ ਤਲੀਆਂ ਤਪਣ ਲੱਗੀਆਂ। ਮਨੁੱਖੀ ਇਤਿਹਾਸ ਨੂੰ ਕਲੰਕਿਤ ਕਰਨ ਵਾਲੀ ਬ੍ਰਿਟਿਸ਼ ਸਾਮਰਾਜ ਦੀ ਕੋਝੀ ਚਾਲ ਦੀ ਉਪਜ 'ਗੁਲਾਮੀ' ਨੂੰ ਖ਼ਤਮ ਕਰਨ ਲਈ ਇੱਕ ਪਾਸੇ ਤਾਂ ਅਣਥੱਕ ਕੋਸ਼ਿਸ਼ਾਂ ਹੋਈਆਂ ਤੇ ਜਾਰੀ ਵੀ ਹਨ। ਪਰ ਦੂਜੇ ਪਾਸੇ ਅਹਿਜੇ ਦਿਨ ਮਨਾ ਕੇ ਮਨੁੱਖਤਾ ਨੂੰ ਵਲੂੰਧਰਦੀ ਵਿਚਾਰਧਾਰਾ ਨੂੰ ਇੱਥੇ ਮੁੜ ਜਿਉਂਦਾ ਕੀਤਾ ਜਾ ਰਿਹਾ ਸੀ। ਅਚਾਨਕ ਮੈਨੂੰ ਕਿਸੇ ਪਿੰਜਰੇ 'ਚ ਡੱਕੇ ਤੋਤੇ ਦਾ ਰੁਦਨ ਸੁਣਾਈ ਦੇਣ ਲੱਗਾ। ਹੁਣ ਮੈਂ ਸਹਿਜ ਹੋ ਕੇ ਵੀ ਸਹਿਜ ਨਹੀਂ ਸੀ। 

ਲੰਮੀ ਉਡਾਰੀ -  
ਪਿੰਜਰੇ ਵਾਲਾ ਤੋਤਾ 
ਤੱਕੇ ਅੰਬਰ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 54 ਵਾਰ ਪੜ੍ਹੀ ਗਈ।