ਬੱਦਲਵਾਈ ਤੇ ਘੁੱਲੇ ਜਿਹੇ ਬੱਦਲਾਂ ਕਰਕੇ ਅਸਮਾਨ ਘਸਮੈਲਾ ਜਿਹਾ ਹੋ ਗਿਆ ਸੀ। ਤੇਜ਼ ਹਨ੍ਹੇਰੀ ਨਾਲ ਮੀਂਹ ਪੈਣ ਲੱਗਾ । ਆਮ ਦਿਨਾਂ ਨਾਲੋਂ ਵੱਧਿਆ ਟ੍ਰੈਫ਼ਿਕ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਸੀ। ਅਚਾਨਕ ਤੇਜ਼ੀ ਨਾਲ ਇੱਕ ਸੁਨਹਿਰੀ ਕਾਰ ਮੇਰੇ ਕੋਲੋਂ ਦੀ ਲੰਘੀ। ਮੇਰੀ ਸਰਸਰੀ ਜਿਹੀ ਨਿਗ੍ਹਾ ਓਸ ਕਾਰ ਦੀ ਛੇ ਅੱਖਰੀ ਨੰਬਰ ਪਲੇਟ 'ਤੇ ਪਈ। ਇੱਕ ਨਵੇਕਲੀ ਜਿਹੀ ਤਰਤੀਬ 'ਚ ਸਜੇ ਅੱਖਰ - 'LUVSON' ਮੇਰਾ ਅਵਚੇਤਨ ਮਨ ਆਪਣੀ ਆਦਤ ਮੂਜਬ ਇਹਨਾਂ ਅੱਖਰਾਂ 'ਚ ਲੁਕੇ ਸ਼ਬਦ ਜੋੜ ਪੜ੍ਹਨ ਲੱਗਾ। ਸਮਝ ਆਉਂਦਿਆਂ ਹੀ ਰੂਹ ਸਰਸ਼ਾਰ ਹੋ ਗਈ ਸੀ। ਭਾਵੇਂ ਮਾਪਿਆਂ ਦੇ ਅਮੁੱਕ ਮੋਹ ਨੂੰ ਦਰਸਾਉਣ ਲਈ ਕਿਸੇ ਪ੍ਰਮਾਣਿਤ ਤਖਤੀ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਪੁੱਤਰ ਮੋਹ ਪ੍ਰਗਟਾਉਣ ਦਾ ਇਹ ਅਨੋਖਾ ਅੰਦਾਜ਼ ਮੇਰੇ ਮਨ ਦੇ ਪਾਣੀਆਂ 'ਚ ਰਸ ਘੋਲ ਗਿਆ।
ਉਹ ਸੁਨਹਿਰੀ ਕਾਰ ਹੁਣ ਮੇਰੇ ਐਨ ਮੂਹਰੇ ਜਾ ਰਹੀ ਸੀ। ਮੇਰੀ ਨਜ਼ਰ ਹੁਣ ਕਾਰ ਦੇ ਪਿਛਲੇ ਸ਼ੀਸ਼ੇ ਦੀ ਲਿਖਾਈ 'ਤੇ ਆ ਟਿਕੀ ਸੀ। ਮਨਮੋਹਕ ਫੁੱਲਾਂ ਦੇ ਸੰਗ ਇੱਕ ਨਾਂ ਜਨਮ ਤੇ ਮੌਤ ਦੀ ਤਾਰੀਖ਼ ਸਮੇਤ ਉਕਰਿਆ ਹੋਇਆ ਸੀ। 'ਜੋ ਉਪਜੈ ਸੋ ਬਿਨਸਿ ਹੈ ' - ਅਜੇ ਤਾਂ ਡੋਡੀ ਨੇ ਫੁੱਲ ਬਣਨਾ ਸੀ। ਕੋਈ ਡੇਢ ਕੁ ਦਹਾਕਾ ਪਹਿਲਾਂ ਕਿਸੇ ਦੀ ਨੰਨ੍ਹੀ ਜਾਨ ਆਪਣੀ ਜ਼ਿੰਦਗੀ ਦੀਆਂ ਕੇਵਲ ਦਸ ਬਹਾਰਾਂ ਮਾਣ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋ ਗਈ ਸੀ। ਹੋਏ ਅਨਰਥ ਦੀਆਂ ਕੁਵੇਲੇ ਝੁੱਲੀਆਂ ਹਨ੍ਹੇਰੀਆਂ ਦੀ ਸ਼ਾਂ -ਸ਼ਾਂ ਮੈਨੂੰ ਹੁਣ ਸਾਫ਼ ਸੁਣਾਈ ਦੇ ਰਹੀ ਸੀ।
ਕੁਝ ਪਲਾਂ ਬਾਅਦ ਸੁਨਹਿਰੀ ਕਾਰ ਮੇਰੀ ਕਾਰ ਤੋਂ ਥੋੜ੍ਹੀ ਜਿਹੀ ਵਿੱਥ 'ਤੇ ਆ ਖਲੋਈ ਸੀ। ਇੱਕ ਅੱਧਖੜ ਜਿਹੀ ਉਮਰ ਦੀ ਕਮਜ਼ੋਰ ਜਿਹੀ ਦਿਖਦੀ ਔਰਤ ਓਸ ਕਾਰ 'ਚੋਂ ਉੱਤਰੀ। ਉਹ ਤਾਂ ਰਵਾਂ -ਰਵੀਂ ਤੁਰਦੀ ਭੀੜ 'ਚ ਕਿਧਰੇ ਅਲੋਪ ਹੋ ਗਈ ਸੀ ਪਰ ਉਸ ਦੀ ਜ਼ਿੰਦਗੀ ਦੇ ਖਰਵੇਂ ਪਲਾਂ ਦੀ ਦਾਸਤਾਨ ਮੇਰੀਆਂ ਅੱਖਾਂ ਸਾਹਵੇਂ ਸਾਕਾਰ ਹੋਣ ਲੱਗੀ। ਕਦੇ ਉਹ ਮੈਨੂੰ ਜ਼ਿੰਦਗੀ ਦੇ ਖੁਰਦੇ ਕਿਨਾਰਿਆਂ 'ਤੇ ਖਲੋਤੀ ਜਾਪੀ ਤੇ ਕਦੇ ਉਦਾਸੀ ਦੀਆਂ ਪਰਤਾਂ ਫਰੋਲੀਦੀ। ਪੁੱਤਰ ਦੀ ਮੌਤ ਦੇ ਕਰੂਰ ਪ੍ਰਛਾਵਿਆਂ ਨੇ ਉਸ ਦੇ ਮਨ ਨੂੰ ਟੋਟੇ -ਟੋਟੇ ਕਰ ਦਿੱਤਾ ਹੋਣਾ। ਸੋਗੀ ਤੇ ਪੀੜਾ ਭਰੇ ਰਾਹਾਂ 'ਤੇ ਚੱਲਦੀ ਆਪਣੇ ਨਿੱਕੜੇ ਨੂੰ ਉਹ ਆਪਣੇ ਅੰਗ -ਸੰਗ ਮਹਿਸੂਸਦੀ ਹੋਵੇਗੀ। ਕਦੇ ਨਿੱਕੀਆਂ -ਨਿੱਕੀਆਂ ਸ਼ਰਾਰਤਾਂ ਕਰਦੇ ਤੇ ਕਦੇ ਗੱਭਰੂ ਜਵਾਨ ਪੁੱਤ ਨੂੰ ਆਪਣਾ ਸਹਾਰਾ ਬਣੇ।
'ਨਾਨਕ ਦੁਖੀਆ ਸਭ ਸੰਸਾਰ'- ਧੰਨ ਹੈ ਓਸ ਮਾਂ ਦਾ ਜਿਗਰਾ ਜਿਸ ਨੇ ਇਹ ਸਭ ਕੁਝ ਆਪਣੀ ਰੂਹ 'ਤੇ ਝੱਲਿਆ ਤੇ ਫੇਰ ਕਿਵੇਂ ਇਹ ਸਭ ਕੁਝ ਲਿਖਣ ਦਾ ਵੀ ਹੌਸਲਾ ਕੀਤਾ ਹੋਣਾ। ਇਹ ਵੀ ਤਾਂ ਸੱਚ ਹੈ ਕਿ ਦੁੱਖ ਵੰਡਿਆਂ ਘੱਟਦੈ। ਉਸ ਨੇ ਤਾਂ ਆਪਣੇ ਦੁੱਖ ਦੀ ਸਾਂਝ ਸਾਰੇ ਜੱਗ ਨਾਲ ਪਾ ਲਈ ਸੀ ਤਾਂ ਕਿ ਉਹ ਆਪਣੀ ਜ਼ਿੰਦਾ ਲਾਸ਼ ਦੇ ਬੋਝ ਨੂੰ ਢੋਂਹਦੀ ਜਿਉਣ ਜੋਗੀ ਹੋ ਜਾਵੇ। ਅੱਥਰੂ ਭਿੱਜੇ ਦਿਨ ਕੁਝ ਸੁਖਾਲੇ ਹੋ ਜਾਣ।
ਮੈਨੂੰ ਲੱਗਾ ਕਿ ਅੱਜ ਕੁਦਰਤ ਵੀ ਉਸ ਨਾਲ ਸੋਗ ਮਨਾ ਰਹੀ ਸੀ। ਹੁਣ ਮੀਂਹ ਵੀ ਬੰਦ ਹੋ ਗਿਆ ਸੀ ਤੇ ਉੱਚਾ ਹੋਇਆ ਆਸਮਾਨ ਤਰੋ -ਤਾਜ਼ਾ ਦਿਖ ਰਿਹਾ ਸੀ। ਲੱਗਦਾ ਸੀ ਕਿ ਉਹ ਵੀ ਰੋ ਕੇ ਥੋੜਾ ਜਿਹਾ ਉਸ ਵਾਂਗ ਦੁੱਖੋਂ ਹੌਲਾ ਹੋ ਗਿਆ ਹੋਵੇਗਾ।
ਤੇਜ਼ ਹਵਾਵਾਂ
ਨਿਖਰਿਆ ਅੰਬਰ
ਮੀਂਹ ਮਗਰੋਂ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 82 ਵਾਰ ਪੜ੍ਹੀ ਗਈ।