ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Apr 2022

ਬਾਲਟੀ, ਜੰਗਾਲ ਤੇ ਜਾਲ਼ਾ

 

ਵਿਹੜੇ ਵਿੱਚ ਪਈ ਲੋਹੇ ਦੀ ਬਾਲਟੀ ਨੂੰ ਜੰਗਾਲ ਲੱਗ ਗਿਆ ਅਤੇ ਮੱਕੜੀਆਂ ਨੇ ਵਿੱਚ ਜਾਲ਼ੇ ਪਾ ਲਏ। ਕੋਲ਼ ਖੜ੍ਹੀ ਮੇਰੀ ਬੇਟੀ ਨੇ ਇਸ ਨੂੰ ਦੇਖਦਿਆਂ ਹੀ ਕਿਹਾ," ਬਾਲਟੀ, ਜੰਗਾਲ ਤੇ ਜਾਲ਼ਾ।"
ਵੈਸੇ ਤਾਂ ਅਸੀਂ ਘਰੇ ਪੰਜਾਬੀ ਹੀ ਬੋਲਦੇ ਹਾਂ ਟੱਬਰ ਦੇ ਸਾਰੇ ਜੀਅ। ਪਰ ਉਸ ਨੇ ਇੱਕ ਦਿਨ ਮੈਨੂੰ ਸੁਚੇਤ ਵੀ ਕੀਤਾ ਸੀ ਕਿ ਸਾਨੂੰ ਪੰਜਾਬੀ ਬੋਲਦੇ ਵੇਲ਼ੇ ਆਪਣੀ ਬੋਲਚਾਲ ਵਿੱਚ ਘੱਟ ਤੋਂ ਘੱਟ ਅੰਗਰੇਜ਼ੀ ਦੇ ਸ਼ਬਦ ਵਰਤੋਂ ਵਿੱਚ ਲਿਆਉਣੇ ਚਾਹੀਦੇ ਨੇ।
"ਬਾਲਟੀ, ਜੰਗਾਲ ਤੇ ਜਾਲ਼ਾ" ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਆਪ ਨੂੰ ਉਪਰੋਕਤ ਸਤਰਾਂ ਪੜ੍ਹ ਕੇ ਸ਼ਾਇਦ ਕੋਈ ਵੀ ਗੱਲ ਦਿਲਚਸਪ ਨਾ ਲੱਗੀ ਹੋਵੇ। ਪਰ ਮੈਂ ਉਸ ਦੀਆਂ ਅੱਖਾਂ ਦੀ ਚਮਕ ਵਿੱਚ ਪੜ੍ਹ ਰਹੀ ਸੀ ਕਿ ਮੈਨੂੰ ਉਹ ਸ਼ਬਦ ਵੀ ਯਾਦ ਹਨ ਜੋ ਅਸੀਂ ਆਮ ਵਰਤੋਂ ਵਿੱਚ ਨਹੀਂ ਲਿਆਉਂਦੇ। ਜੇ ਬਹੁਤ ਧਿਆਨ ਨਾਲ਼ ਵੇਖੀਏ ਤਾਂ ਅਸੀਂ ਪੰਜਾਬੀ ਬੋਲਦੇ ਸਮੇਂ ਵੀ ਇੱਕ ਵਾਕ ਵਿੱਚ 3-4 ਸ਼ਬਦ ਅੰਗਰੇਜ਼ੀ ਦੇ ਬੋਲ ਦਿੰਦੇ ਹਾਂ। ਪੰਜਾਬ ਵਿੱਚ ਸ਼ਾਇਦ ਇਹ ਕਠਿਨਾਈ ਨਾ ਆਉਂਦੀ ਹੋਵੇ ਪਰ ਵਿਦੇਸ਼ਾਂ ਵਿੱਚ ਇਹ ਇੱਕ ਖ਼ਾਸ ਧਿਆਨ ਦੇਣ ਵਾਲ਼ੀ ਗੱਲ ਹੈ।
ਮੈਨੂੰ ਲੱਗਾ ਕਿ ਜੇ ਅਸੀਂ ਪੰਜਾਬੀ ਬੋਲਦੇ ਸਮੇਂ ਵੀ ਪੰਜਾਬੀ ਦੇ ਸ਼ਬਦਾਂ ਨੂੰ ਛੱਡਦੇ ਗਏ ਤਾਂ ਇੱਕ ਦਿਨ ਸਾਡੀ ਹਾਲਤ ਜਾਲ਼ੇ ਲੱਗੀ ਜੰਗਾਲ ਖਾਧੀ ਉਸ ਬਾਲਟੀ ਵਰਗੀ ਹੋ ਜਾਵੇਗੀ।
ਡਾ. ਹਰਦੀਪ ਕੌਰ ਸੰਧੂ


24 May 2020

ਗਜ਼ਲ


ਰੱਖ ਲਿਆ ਹੈ ਕੁਝ ਖੂਨ ਦਰਦਾਂ ਦੇ ਵਾਸਤੇ
ਬੱਚਿਆ ਜੋ ਬਾਕੀ ਉਹ ਏ ਫਰਜ਼ਾਂ ਦੇ ਵਾਸਤੇ

ਦਿਲ ਤੇ ਦਿਮਾਗ ਦੋਵੇਂ ਹੀ ਇਕੱਠੇ ਚਾਹੁਣ ਤਾਂ
ਬੰਦਾ ਰਹਿੰਦਾ ਏ ਤਿਆਰ ਮਰਜ਼ਾ ਦੇ ਵਾਸਤੇ

ਵੈਰੀ ਨਾ ਬਦਲਣ ਹੱਮਦਰਦ ਬਦਲ ਜਾਂਦੇ ਨੇ
ਜਾਂ ਰਹਿੰਦੇ ਨੇ ਸਾਰੇ ਨਾਲ ਗਰਜ਼ਾਂ ਦੇ ਵਾਸਤੇ

ਚੁੰਮ ਚੁੰਮ ਰੱਸੇ ਹੱਸ ਹੱਸ ਜੋ ਚੜੇ ਨੇ ਫਾਂਸੀਆਂ
ਹਰ ਕੋਈ ਝੁਕਦਾ ਉਹਨਾਂ ਮਰਦਾਂ ਦੇ ਵਾਸਤੇ

ਹਿਮੱਤ ਜੋ ਕਰਦੇ, ਹੁੰਦੇ ਤੂਫਾਂਨਾਂ ਚੋਂ  ਪਾਰ  ਉਹੀ
ਕਿਤੇ ਵੀ ਕੋਈ ਥਾਂ ਨਹੀਂ ਲਾਗਰਜ਼ਾਂ ਦੇ ਵਾਸਤੇ

 ਅੱਜੇ ਹੈ ਵੇਲਾ ਅਗ਼ਾਂਹਾਂ ਲਈ ਪ੍ਰਬੰਦ ਕਰ ਲਓ
"ਥਿੰਦ"ਪੱਛੋਤਾਏਂਗਾ ਤੂੰ ਫਿਰ ਹਰਜ਼ਾਂ ਦੇ ਵਾਸਤੇ

                    ਇੰਜ: ਜੋਗਿੰਦਰ ਸਿੰਘ "ਥਿੰਦ"
                                           (ਸਿਡਨੀ) 

14 Apr 2020

ਗਜ਼ਲ


ਇੱਕ ਦਰਦ ਡੁੱਲਿਆ ਮਿਲ ਪਿਆ ਝੱਟ ਝੋਲੀ ਲਿਆ ਬੰਨ
ਨਾਲ ਸ਼ੌਕ ਦੇ ਆਪ ਪਾਲਿਆ ਖਬਰ ਨਾ ਹੋਈ ਕੰਨੋ ਕੰਨ 

ਉਸ ਕੰਢੇ ਲਾਗੇ ਸਾਗਰਾਂ ਜਾ ਕਣ ਕਣ ਲਿਆ ਹੁਣ ਛਾਣ
ਇੱਕ ਮੋਤੀ ਝੋਲੀ ਪੈ ਗਿਆ ਤੇ ਮਨ ਹੋਇਆ ਏ ਧੰਨੋ - ਧੰਨ

ਹਥੇਲੀ ਉਤੇ ਰੱਖ ਕੇ ਮਾਂਜਿਆ ਫਿਰ ਕੀਤਾ ਸੂਰਜ ਵੱਲ
ਕਈ ਰਿਸ਼ਮਾਂ ਉਦੋਂ ਫੁੱਟੀਆਂ  ਤੇ ਰੰਗ ਨਿਕਲੇ ਵੰਨ ਸੁਵੰਨ 

ਦਰਵਾਜਾ ਖੁੱਲ੍ਹਾ ਸਵਰਗ ਦਾ ਓਥੇ ਬੈਠੇ ਕਈ ਦਰਵੇਸ਼
ਚਾਰੇ ਪਾਸੇ ਵਰਤੀ ਸ਼ਾਂਤੀ ਮਨ ਹੋਇਆ ਬੜਾ ਪ੍ਰਸੰਨ

"ਥਿੰਦ" ਇੱਕ ਦਰਦ ਕਿਸੇ ਦਾ ਬੰਨ ਕੇ ਕੀ ਕੁਝ ਲਿਆ ਪਾ
ਚਿਰਾਂ ਤੱਕ ਯਾਦ ਕਰੋਗੇ ਇਹਦਾ ਨਸ਼ਾ ਰਹੇਗਾ  ਹਰਦੱਮ

 ਇੰਜ: ਜੋਗਿੰਦਰ ਸਿੰਘ "ਥਿੰਦ"
   (ਸਿਡਨੀ)

19 Nov 2019

ਸੁੱਚੀ ਨਿਆਜ਼ (ਹਾਇਬਨ) ਡਾ. ਹਰਦੀਪ ਕੌਰ ਸੰਧੂ

                                     

Related image
ਅੰਬਰ ਦੀ ਖੁੱਲ੍ਹੀ ਟਾਕੀ 'ਚੋਂ ਚਾਨਣ ਤ੍ਰਿਪ ਤ੍ਰਿਪ ਚੋ ਰਿਹਾ ਸੀ। ਸਾਗਵਾਨ ਦਾ ਅਡੋਲ ਖੜ੍ਹਾ ਬਿਰਖ ਏਸ ਸੂਹੇ ਚਾਨਣ 'ਚ ਭਿੱਜ ਰਿਹਾ ਜਾਪ ਰਿਹਾ ਸੀ। ਨਿੰਮੀਆਂ ਸ਼ੋਖ ਹਵਾਵਾਂ ਦੀ ਫ਼ੈਲਦੀ ਹੋਈ ਪਰਿਕਰਮਾ ਚੌਗਿਰਦੇ ਨੂੰ ਆਪਣੇ ਕਲਾਵੇ 'ਚ ਭਰ ਰਹੀ ਸੀ।ਇਉਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਪੱਤਝੜ ਹੁਣ ਬਹਾਰ ਦੇ ਅੰਗ- ਸੰਗ ਹੋ ਵਿਚਰਨ ਲੱਗੀ ਹੋਵੇ । ਉਸ ਬਿਰਖ ਦੇ ਫੁੱਲਾਂ ਕੋਲ਼ੋਂ ਜੇ ਕਿਤੇ ਤੱਤੀ 'ਵਾ ਵੀ ਖਹਿ ਕੇ ਲੰਘ ਜਾਂਦੀ ਤਾਂ ਉਹ ਝੱਟ ਆਪਣੇ ਫੁੱਲਾਂ ਨੂੰ ਕਲਾਵੇ ਵਿੱਚ ਭਰ ਲੈਂਦਾ। ਬੇਰੁੱਖੇ ਮੌਸਮ ਦੀ ਮਾਰ ਝੱਲਦਾ ਜਦ ਕਦੇ ਕੋਈ ਫੁੱਲ ਕੁਮਲਾ ਜਾਂਦਾ ਤਾਂ ਉਹ ਝੱਟ ਬਿਰਖ ਦੀ ਬੁੱਕਲ਼ 'ਚ ਆ ਬਹਿੰਦਾ। ਪਰ ਉਸ ਦਿਨ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ ਹੋਣੈ ਕਿ ਟਾਹਣੀਓਂ ਝੜਨ ਵੇਲ਼ੇ ਖੌਰੇ ਓਸ ਫੁੱਲ ਨੂੰ ਕੋਈ ਪੀੜਾ ਹੀ ਨਹੀਂ ਹੋਈ ਸੀ ਤੇ ਉਹ ਬਿਰਖ ਵੀ ਓਸ ਵੇਲ਼ੇ ਬੇਖ਼ਬਰਾ ਹੀ ਰਹਿ ਗਿਆ। ਹਰੇਕ ਕੰਮ ਨੂੰ ਆਪਣਾ ਕਰਮ ਬਣਾਉਣਾ ਤੇ ਕਰਮ ਨੂੰ ਸ਼ੁਭਕਰਮਨ ਕਰਨਾ ਓਸ ਬਿਰਖ ਨੇ ਆਪਣੇ ਹਰ ਫੁੱਲ ਨੂੰ ਸਿਖਾਇਆ। ਹੋਰਾਂ ਫੁੱਲਾਂ ਜਿਹਾ ਸਧਾਰਨ ਜਿਹਾ ਦਿਖਾਈ ਦੇਣ ਵਾਲ਼ਾ ਉਸ ਬਿਰਖ ਦਾ ਇੱਕ ਫੁੱਲ ਉਸ ਦਿਨ ਜਦ ਪੱਤੀ ਪੱਤੀ ਹੋ ਬਿਖਰਿਆ ਤਾਂ ਚਹੁ ਕੁੰਟੀ ਖੁਸ਼ਬੋਈ ਕਰਦਾ ਬਹੁਮੁੱਲੇ ਤੋਂ ਅਮੁੱਲਾ ਬਣ ਗਿਆ,"ਤੂੰ ਫੁੱਲ ਦੀ ਅਉਧ ਹੰਢਾ ਕੇ ਤੁਰ ਗਿਓਂ ਅੰਮੜੀ ਬਿਰਖ ਬਣਾ ਕੇ ਤੁਰ ਗਿਓਂ।" ਉਸ ਦੇ ਸਦੀਵੀ ਤੁਰ ਜਾਣ 'ਚ ਸੁਖਨ ਤਾਂ ਭਾਵੇਂ ਨਹੀਂ ਸੀ ਪਰ ਸ਼ੋਭਾ ਸੀ  ਵਿਛੋੜੇ ਦੀ ਚਸਕ ਅਜੇ ਵੀ ਹੰਝੂ ਬਣ ਵਹਿ ਰਹੀ ਹੈ। 

ਅੱਜ ਵਿਹੜੇ ਖਿਲਰੀ ਕੱਕੀ ਧੁੱਪ ਵੀ ਕੋਈ ਧਿਆਨ ਧਰੀ ਬੈਠੀ ਜਾਪਦੀ ਸੀ। ਘਰ ਦੀਆਂ ਕੰਧਾਂ ਵੀ ਕਿਸੇ ਡੂੰਘੀ ਸੋਚ ਵਿੱਚ ਡੁੱਬੀਆਂ ਪਈਆਂ ਸਨ। ਵਕਤ ਵੀ ਅੱਜ ਸ਼ਾਇਦ ਰੁਕ- ਰੁਕ ਕੇ ਚੱਲ ਰਿਹਾ ਸੀ। ਮਾਂ ਧੁੱਪ ਦੀ ਬੁੱਕਲ਼ ਮਾਰੀ ਖੁਦ ਧੁੱਪ ਵਿੱਚ ਘੁਲ਼ਦੀ ਸਭਨਾਂ ਦੇ ਪੈਰਾਂ ਹੇਠ  ਛਾਂ ਵਿਛਾਉਂਦੀ ਜਾਪ ਰਹੀ ਸੀ।ਹੱਲਿਆਂ ਵੇਲ਼ੇ ਉਹ ਮਸੀਂ ਦੋ ਕੁ ਵਰ੍ਹਿਆਂ ਦੀ ਸੀ। ਪਰ ਮਾਪਿਆਂ ਨੇ ਕੁਰੱਖਤ ਸਮੇਂ ਦੇ ਪਰਛਾਵਿਆਂ ਤੋਂ ਉਸ ਨੂੰ ਸਦਾ ਹੀ ਨਿਰਲੇਪ ਰੱਖਿਆ। ਛੋਟੀ ਉਮਰੇ ਹਿੱਸੇ ਆਈਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੀ ਉਹ ਸਬਰ ਤੇ ਸੰਜਮ ਜਿਹੇ ਜਜ਼ਬਿਆਂ ਨੂੰ ਉਣਦੀ ਤੇ ਪਰੋਂਦੀ ਰਹੀ। ਆਪਣੀ ਮੋਈ ਮਾਂ ਦੇ ਵੈਰਾਗ ਨੇ ਉਸ ਨੂੰ ਵਰ੍ਹਿਆਂ ਬੱਧੀ ਬੇਚੈਨ ਰੱਖਿਆ। ਫ਼ੇਰ ਸਫ਼ਰ ਦੇ ਅਧਵਾਟੇ ਜਦੋਂ ਹਮਸਫ਼ਰ ਦੇ ਬੋਲ ਸਦੀਵੀ ਅਲਵਿਦਾ ਕਹਿ ਗਏ ਤਾਂ ਉਸ ਘਰ ਦੇ ਵਿਹੜੇ ਨੂੰ ਉਪਰਾਮ ਨਹੀਂ ਹੋਣ ਦਿੱਤਾ। ਬੇਚੈਨ ਮੰਥਨ ਦੇ ਵਾਸ਼ਪੀਕਰਣ ਨਾਲ਼ ਇਸ ਧੁੰਦਲਕੇ ਵਿੱਚ ਵੀ ਸੱਜਰੀਆਂ ਪੈੜਾਂ ਸਿਰਜਦਿਆਂ ਉਸ ਦੀ ਆਤਮਾ ਪੁਰਨੂਰ ਹੁੰਦੀ  ਗਈ,"ਦਰਦ ਸਹਿ ਨਹੀਓਂ ਜਿੰਦ ਪੇਚ ਦਾ ਹੋਣਾ ਹਰ ਕਿਸੇ ਦੇ ਵੱਸ ਨਹੀਂ ਤੇਰੇ ਮੇਚ ਦਾ ਹੋਣਾ। " 

ਮਾਂ ਨੇ ਜ਼ਿੰਦਗੀ ਨੂੰ ਬਹੁਤ ਨੇੜਿਓਂ ਨੀਝ ਨਾਲ਼ ਵੇਖਿਆ ਹੋਣੈ।ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਬੰਨਣ ਵਾਲ਼ੀ ਉਹ ਸੁਘੜ ਸੁਆਣੀ ਜੀਵਨ ਭਰ ਘਰ ਦੀ ਰੂਹ ਨੂੰ ਸੁਖਾਵਾਂ ਜਿਹਾ ਰੱਜ ਦਿੰਦੀ ਰਹੀ।ਬੇਤਰਤੀਬੀਆਂ ਨੂੰ ਤਰਤੀਬ ਦਿੰਦੀ ਉਸ ਰਿਸ਼ਤਿਆਂ ਦਾ ਇੱਕ ਨਵਾਂ ਸੰਸਾਰ ਸਿਰਜਿਆ ਸੀ। ਆਪਣੀ ਦੇਹ ਦੀ ਮਿੱਟੀ ਨਾਲ਼ ਉਸ ਧੀ -ਪੁੱਤਾਂ ਨੂੰ ਜਨਮਿਆ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਰੂਹਾਂ 'ਚ ਬੇਅੰਤ ਰੰਗਾਂ ਦੇ ਬੀਜ ਵੀ ਬੀਜੇ ਜੋ ਉਮਰ ਭਰ ਉਨ੍ਹਾਂ ਦੀ ਜ਼ਿੰਦਗੀ 'ਚ ਬਸੰਤੀ ਦਿਨਾਂ ਦੀ ਨਿਸ਼ਾਨਦੇਹੀ ਕਰਦੇ ਰਹੇ। ਉਸ ਨੇ ਰੂਪ ਨਾਲ਼ੋਂ ਰੂਹ ਨੂੰ ਤਰਜੀਹ ਦੇਣੀ ਸਿਖਾਈ। ਇੰਝ ਰੂਹ ਨੂੰ ਨਿਖਾਰਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ।

ਮਾਂ ਦੇ ਹਿੱਸੇ ਆਈ ਪੱਤਝੜ ਵੀ ਨਿਵੇਕਲੀ ਸੀ ਜੋ ਸਾਵਿਆਂ ਸੰਗ ਗਲਵੱਕੜੀ ਪਾਉਣਾ ਸਿਖਾਉਂਦੀ ਰਹੀ। ਉਹ ਘਰ ਦੇ ਵਿਹੜੇ ਵਾਸਤੇ ਅਸੀਸਾਂ ਦੀ ਆਬਸ਼ਾਰ ਏ ਤੇ ਘਰ ਦੇ ਜੀਆਂ ਦੇ ਸੁਪਨਿਆਂ ਦੀ ਜੂਹ। ਚਾਨਣ ਰਾਹਾਂ 'ਤੇ ਤੁਰਨ ਦੀਆਂ ਤਰਕੀਬਾਂ ਦੱਸ ਉਹ ਉਨ੍ਹਾਂ ਨੂੰ ਉਂਗਲ ਲਾ ਆਪਣੇ ਨਾਲ਼ ਤੋਰੀ ਰੱਖਦੀ ਹੈ। ਉਸ ਨੇ ਸਭਨਾਂ ਦੀ ਝੋਲ਼ੀ ਰੰਗ ਚਾਨਣ ਪਾਇਆ। ਉਸ ਦੀ ਇੱਕ ਆਂਦਰ ਉਸ ਚਾਨਣ ਨੂੰ ਹੋਰ ਲੋਇ -ਲੋਇ ਕਰ ਬਿਖੇਰ ਗਈ। ਤੇ ਫ਼ੇਰ ਇੱਕ ਰਾਤ ਉਹ ਅੰਸ਼ ਸੁਫ਼ਨਾ ਬਣ ਜਦੋਂ ਫ਼ੇਰੀ ਪਾਉਣ ਆਇਆ ਤਾਂ ਮਲਕੜ੍ਹੇ ਜਿਹੇ ਮਾਂ ਦੇ ਐਨ ਨੇੜੇ ਹੋ ਬਹਿ ਗਿਆ ਸੀ। ਇਉਂ ਲੱਗਦਾ ਸੀ ਕਿ ਜਿਵੇਂ ਉਹ ਮਾਂ ਦੀ ਕਿਸੇ ਦੁਬਿੱਧਾ ਤੋਂ ਜਾਣੂੰ ਹੋਵੇ ਤੇ ਕੋਈ ਜ਼ਰੂਰੀ ਮਸ਼ਵਰਾ ਕਰਨ ਆਇਆ ਹੋਵੇ। ਮਾਂ ਨੇ ਜਦੋਂ ਮੋਹਵੰਤੀ ਗਲਵੱਕੜੀ ਪਾਉਂਦਿਆਂ ਉਸ ਤੋਂ ਕੁਝ ਪੁੱਛਿਆ ਤਾਂ ਹਮੇਸ਼ਾਂ ਵਾਂਗਰ ਮੂਕ ਹੁੰਗਾਰਾ ਭਰਦਿਆਂ ਆਪਣੀ ਸਹਿਮਤੀ ਪ੍ਰਗਟਾਈ ਸੀ। ਪਤਾ ਨਹੀਂ ਮਾਂ ਨੇ ਉਸ ਨੂੰ ਕੇਹਾ ਪਾਠ ਪੜ੍ਹਾਇਆ ਸੀ ਕਿ ਉਸ ਨੂੰ ਮਿਲਣ ਤੋਂ ਬਾਅਦ ਹਰ ਕੋਈ ਮਾਂ ਨੂੰ ਮਿਲਣਾ ਲੋਚਦਾ ਸੀ। 

ਉਮਰਾਂ ਦੀ ਲਹਿੰਦੀ ਆਥਣ ਨੇ ਹੁਣ ਮਾਂ  ਦੇ ਪ੍ਰਛਾਵਿਆਂ ਨੂੰ ਸਿਖਰ 'ਤੇ ਪਹੁੰਚ ਦਿੱਤਾ ਹੈ ਜਿਥੇ ਦੇਹ ਅਰੋਗਤਾ ਦਾ ਕੋਈ ਭਰੋਸਾ ਨਹੀਂ ਰਹਿੰਦਾ। ਪਰ ਉਸ ਦੇ ਬੋਲਾਂ 'ਚ ਅਜੇ ਵੀ ਸਹਿਜ ਤੇ ਠਰ੍ਹਮਾ ਹੈ ਤੇ ਕਦਮਾਂ 'ਚ ਹਿੰਮਤ ਤੇ ਦ੍ਰਿੜਤਾ।ਉਸ ਦੇ ਬੋਲਾਂ ਦੀ ਅਸੀਮ ਸਮਰੱਥਾ ਹਰ ਸੁਣਨ ਵਾਲ਼ੇ ਨੂੰ ਆਪਣੇ ਕਲਾਵੇ 'ਚ ਆਪੂੰ ਹੀ ਭਰ ਲੈਂਦੀ ਹੈ। ਮਾਂ ਦੀ ਹੋਂਦ ਦੀ ਛੋਹ ਨਾਲ਼ ਲਿਪਟ ਮੈਂ ਆਪਣੀ ਉਡਾਰੀ ਵੇਖਦੀ ਹਾਂ। ਫ਼ੇਰ ਉਹ ਮੈਨੂੰ ਉੱਚੇ ਅੰਬਰਾਂ ਦੀ ਸੈਰ ਕਰਾਉਂਦੀ ਹੈ। ਉਹ ਜ਼ਿੰਦਗੀ ਦੀਆਂ ਅਣਗਿਣਤ ਦੁਪਹਿਰਾਂ ਦੀ ਤਪਸ਼ ਝੱਲਦੀ ਹੋਈ ਅੱਜ ਵੀ ਕੋਈ ਸੁਰਖ਼ ਲੋਇ ਬਣ ਰੰਗ ਚਾਨਣ ਬਿਖੇਰ ਰਹੀ ਹੈ।ਮੈਂ ਓਸ ਚਾਨਣ ਭਰੇ ਸਫ਼ਰ ਦਾ ਭਾਗ ਬਣ ਅਜੇ ਹੋਰ ਅਗਾਂਹ ਤੁਰਦੇ ਜਾਣਾ ਹੈ ਤਾਂ ਕਿ ਉਸ ਦੇ ਬਰਾਬਰ ਖੜਨ ਜੋਗੀ ਹੋ ਜਾਵਾਂ,"ਇੱਕ ਚੀਸ ਰੂਹ ਵਿੱਚ ਸਿੰਮਦੀ ਵੇਖੀ ਜਿੰਦ ਤਲੀ 'ਤੇ ਜੰਮਦੀ ਵੇਖੀ।" 

ਕਿਸੇ ਅਨੰਤ ਲੌਅ 'ਚ ਮਹਾਂ ਸ਼ਾਂਤੀ ਦੇ ਉਸ ਬਿਰਖ 'ਤੇ ਬੈਠੇ ਪੰਖੇਰੂਆਂ ਦੇ ਕਿਰਦੇ ਸੁਰ ਅਤੇ ਟਹਿਣੀਓਂ ਝਰਦੇ ਪੱਤੇ ਹੌਲੇ -ਹੌਲੇ ਹੁਣ ਵੀ ਮੇਰੀ ਝੋਲ਼ੀ ਪੈ ਰਹੇ ਨੇ ਜਿਵੇਂ ਬੇਨਜ਼ੀਰ ਪਲਾਂ ਦੀ ਕੋਈ ਸੁੱਚੀ ਨਿਆਜ਼ ਹੋਣ। 
ਸਾਰੰਗ ਨਾਦ  
ਪੱਤਾ ਪੱਤਾ ਬਿਰਖ 
ਸੁੱਚੀ ਨਿਆਜ਼। 

ਡਾ. ਹਰਦੀਪ ਕੌਰ ਸੰਧੂ  


2 Nov 2019

ਡੱਬੀਆਂ ਵਾਲ਼ਾ ਖੇਸ (ਹਾਇਬਨ) ਡਾ. ਹਰਦੀਪ ਕੌਰ ਸੰਧੂ


ਅੱਜ ਫ਼ੇਰ ਇੱਕ ਸੁਰਖ਼ ਲੋਅ ਵਾਲ਼ੀ ਨਵੀਂ ਸਵੇਰ ਸੀ। ਇਉਂ ਲੱਗਦਾ ਸੀ ਜਿਵੇਂ ਕਿਸੇ ਸੁੱਚੀ ਜਿਹੀ ਧੁੱਪੜੀ ਨੇ ਦਰਾਂ 'ਤੇ ਆਣ ਦਸਤਕ ਦਿੱਤੀ ਹੋਵੇ। ਕਹਿੰਦੇ ਨੇ ਕਿ ਮਨ ਦੇ ਦੁਆਰ 'ਤੇ ਕਿਸੇ ਰੱਬ ਸਬੱਬੀਂ ਕੁਝ ਨਾ ਕੁਝ ਅੱਪੜਦਾ ਹੀ ਰਹਿੰਦਾ ਹੈ। ਕਦੇ ਪੋਲੇ- ਪੋਲੇ ਪੱਬੀਂ ਆਏ ਦੂਰ ਦੁਰੇਡੀਓਂ ਚਾਅ ਵਿਹੜੇ ਦੀ ਰੌਣਕ ਬਣ ਜਾਂਦੇ ਨੇ ਤੇ ਕਦੇ ਸੂਹੇ ਪਲਾਂ ਦਾ ਨਾਦ ਗੂੰਜਣ ਲੱਗਦਾ ਹੈ। 
ਡੱਬੀਆਂ ਵਾਲ਼ਾ ਖੇਸ ਹੁਣ ਮੇਰੇ ਹੱਥਾਂ 'ਚ ਸੀ। ਇਹ ਬਹੁਤ ਲੰਮੇਰਾ ਸਫ਼ਰ ਤਹਿ ਕਰਦਾ ਦਾਦਕੇ ਪਿੰਡੋਂ ਮੇਰੇ ਦਾਦੇ ਦੇ ਭਰਾ ਦੇ ਘਰੋਂ ਏਥੇ ਸੱਤ ਸਮੁੰਦਰੋਂ ਪਾਰ ਆਇਆ ਸੀ। ਏਸ ਖੇਸ ਨੂੰ ਬੁਣਨ ਵੇਲ਼ੇ ਹੀ ਮੇਰੇ ਨਾਓਂ ਦੀ ਸ਼ਾਇਦ ਕੋਈ ਅਣਦਿੱਖ ਮੋਹਰ ਪਹਿਲਾਂ ਹੀ ਲੱਗ ਗਈ ਹੋਵੇ। ਜਿਸ ਦੀ ਖ਼ਬਰ ਨਾ ਖੇਸ ਬੁਣਨ ਵਾਲ਼ੀ ਓਸ ਬੇਬੇ ਨੂੰ ਸੀ ਜੋ ਆਪਣੀ ਉਮਰ ਦੇ ਹੁਣ ਨੌਂ ਦਹਾਕੇ ਵਿਹਾ ਚੁੱਕੀ ਹੈ ਤੇ ਮੈਨੂੰ ਤਾਂ ਹੋਣੀ ਹੀ ਕੀ ਸੀ ? ਬੇਬੇ ਨੇ ਆਪਣੇ ਸੰਦੂਕ ਦੇ ਭਰਪੂਰ ਖਜ਼ਾਨੇ 'ਚੋਂ ਕੱਢ ਕੇ ਸਭ ਤੋਂ ਅਮੁੱਲੀ ਵਸਤ ਮੈਨੂੰ ਭੇਜੀ ਸੀ ਜੋ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਹੁਣ ਮੈਂ ਉਹ ਖੂਬਸੂਰਤੀ ਮਾਣ ਰਹੀ ਸਾਂ ਜੋ ਮੇਰੀ ਪੜਨਾਨੀ ਤੇ ਮਾਂ ਨੇ ਹਰ ਨਿੱਕੀ ਸ਼ੈਅ 'ਚੋਂ ਮੈਨੂੰ ਮਾਨਣੀ ਸਿਖਾਈ ਹੈ। 
ਬੇਬੇ ਦੇ ਚਰਖ਼ੇ ਦੀ ਘੂਕਰ ਹੁਣ ਮੈਨੂੰ ਸੁਣਾਈ ਦੇ ਰਹੀ ਸੀ।ਉਸ ਦੇ ਹੱਥੀਂ ਬੁਣੇ ਖੇਸ 'ਚੋਂ ਪਿਆਰ ਭਰੀ ਮਹਿਕ ਨੂੰ ਕਿਸੇ ਬਿਆਨ ਨਾਲ਼ ਮਿਣਿਆ ਨਹੀਂ ਜਾ ਸਕਦਾ। ਖੇਸ ਦੇ ਬੰਬਲਾਂ 'ਚ ਵੱਟੇ ਚਾਅ ਹੁਣ ਮੇਰੀ ਝੋਲ਼ੀ ਆ ਪਏ ਨੇ। ਹਰੀ ਕੰਨੀ ਵਾਲ਼ਾ ਮਿਟਿਆਲਾ ਜਿਹਾ ਡੱਬੀਆਂ ਵਾਲ਼ਾ ਖੇਸ ਮੈਨੂੰ ਕਿਸੇ ਅਨੋਖੀ ਸੂਖਮਤਾ ਦੇ ਨੇੜੇ ਲੈ ਗਿਆ ਸੀ। ਰਿਸ਼ਤਿਆਂ ਦੀ ਉਹ ਸੂਖਮਤਾ ਜਿਹੜੀ ਬੇਬੇ ਨੇ ਮੇਰੇ ਮਾਪਿਆਂ ਸੰਗ ਹੰਢਾਈ ਸੀ। ਖੇਸ ਭੇਜਣ ਵੇਲ਼ੇ ਵੀ ਬੇਬੇ ਦੀਆਂ ਗੱਲਾਂ 'ਚ ਮੇਰੀ ਮਾਂ ਦੇ ਨਿੱਘੇ ਤੇ ਮਿਲਾਪੜੇ ਸੁਭਾਅ ਦਾ ਜ਼ਿਕਰ ਸੀ। ਵਕਤ ਦੇ ਤਕਾਜ਼ਿਆਂ ਤੋਂ ਪਾਰ ਉਸ ਨੇ ਮੇਰੇ ਮਾਪਿਆਂ ਦੇ ਅਕਸ ਥੀਂ ਹੀ ਮੈਨੂੰ ਕਿਆਸਿਆ ਹੋਣੈ। 
ਡੱਬੀਦਾਰ ਖੇਸ ਹੱਥਾਂ 'ਚ ਲੈਂਦਿਆਂ ਜਦੋਂ ਆਪਣੀਆਂ ਪਲਕਾਂ ਭੀੜ੍ਹ ਲਈਆਂ ਤਾਂ ਮੈਂ ਕਈ ਦਹਾਕੇ ਪਿਛਾਂਹ ਉਨ੍ਹਾਂ ਅਣਦੇਖੇ ਪਲਾਂ 'ਚ ਜਾ ਖਲੋਈ ਜੋ ਮੇਰੀ ਅੰਮੜੀ ਤੇ ਬਾਬਲ ਨੇ ਕਦੇ ਬੇਬੇ ਦੇ ਪਰਿਵਾਰ ਸੰਗ ਬਿਤਾਏ ਸਨ। ਗੱਲ-ਗੱਲ 'ਤੇ ਸ਼ੁਗਲ ਮੇਲਾ ਮਨਾਉਂਦੇ ਤਰੋ -ਤਾਜ਼ੇ ਪਲ, ਸੁੱਚੀ ਗੁਫ਼ਤਗੂ 'ਚ ਰੁੱਝੇ ਪਲ। ਇਨ੍ਹਾਂ ਪਲਾਂ ਦੀ ਸੱਤਰੰਗੀ ਤਹਿਜ਼ੀਬ ਮੈਨੂੰ ਅਸੀਸ ਦਿੰਦੀ ਜਾਪੀ। ਵਰ੍ਹਿਆਂ ਪਿੱਛੋਂ ਅੱਜ ਮੈਂ ਉਹ ਪਲ ਜਿਉਂ ਲਏ ਸਨ ਜੋ ਮੇਰੇ ਹਿੱਸੇ ਕਦੇ ਆਏ ਹੀ ਨਹੀਂ ਸਨ । 
ਮੈਂ ਦਾਦਕਿਆਂ ਦੀ ਵਾਦੀ 'ਚ ਹੁਣ ਕਿਸੇ ਪੰਛੀ ਵਾਂਗ ਉੱਡ ਰਹੀ ਸਾਂ। ਮੈਂ ਇਹਨਾਂ ਪਲਾਂ ਤੋਂ ਵਿਦਾ ਨਹੀਂ ਲੈਣੀ ਚਾਹੁੰਦੀ ਸਾਂ ਜਿਥੇ ਦਿਲਦਾਰੀਆਂ ਜਿਉਂਦੀਆਂ ਸਨ। ਚਾਨਣ ਰੁੱਤੇ ਰਾਹਾਂ ਵਿੱਚ ਕਿਸੇ ਸੁਖਦ ਨਾਦ ਦੀ ਧੁਨ 'ਤੇ ਮਹਿਕਾਂ ਦਾ ਵਣਜ ਹੁੰਦਾ ਸੀ। ਹੁਣ ਮੈਂ ਉਨ੍ਹਾਂ ਸਮੁੰਦ ਪਲਾਂ ਜਿਹਾ ਹੋਣਾ ਲੋਚਦੀ ਸਾਂ ਜਿਥੇ ਪਾਣੀਆਂ ਜਿਹੀ ਪਾਕੀਜ਼ਗੀ ਸੀ। ਇਉਂ ਲੱਗਦਾ ਸੀ ਕਿ ਅੱਜ ਇਹਨਾਂ ਪਲਾਂ ਨੇ ਮੇਰੇ ਮਨ ਦੀ ਮੁਹਾਠ 'ਤੇ ਸਤਵਰਗੀ ਰਹਿਮਤਾਂ ਦਾ ਛਿੱਟਾ ਦੇ ਦਿੱਤਾ ਹੋਵੇ। 

ਪੁੱਜੀ ਪ੍ਰਦੇਸ 
ਵਿਸਮਾਦੀ ਖੁਸ਼ਬੋ 
ਸੁਹੰਦਾ ਖੇਸ। 

16 Sept 2019

ਸੁਰ ਸਰੋਦੀ (ਹਾਇਬਨ) ਡਾ. ਹਰਦੀਪ ਕੌਰ ਸੰਧੂ

Image result for hands offering leaves
ਸਾਵੀਂ ਜਿਹੀ ਰੁੱਤ ਸੀ। ਕਾਦਰ ਦੀ ਕੁਦਰਤ ਚੁਫ਼ੇਰੇ ਵਿੱਚ ਬਹੁ-ਭਾਂਤੀਆਂ ਧੁਨੀਆਂ ਉਣਨ ਵਿੱਚ ਮਸ਼ਰੂਫ ਸੀ । ਨਿੰਮੀ ਲੋਅ 'ਚ ਫ਼ੈਲਦੇ ਪੰਛੀਆਂ ਦੇ ਬੋਲ ਕਦੇ ਸੁਰ ਤੇ ਕਦੇ ਸ਼ੋਰ ਦਾ ਰੂਪ ਧਾਰਦੇ ਲੱਗ ਰਹੇ ਸਨ। ਕਰੀਨੇਦਾਰ ਕਾਇਨਾਤ ਦੀ ਇਬਾਰਤ ਕਿਸੇ ਨੇ ਵਿਹੜੇ 'ਚ ਬਿਖੇਰ ਦਿੱਤੀ ਸੀ। ਵਗਦੀਆਂ ਤੇਜ਼ ਹਵਾਵਾਂ 'ਚ ਸਭ ਕੁਝ ਝੋਲ਼ੀ 'ਚ ਸਮੇਟਣਾ ਔਖਾ ਹੋ ਰਿਹਾ ਸੀ। ਟਹਿਣੀਆਂ ਨਾਲ਼ੋਂ ਨਿਖੜੇ ਅੱਧ -ਖਿੜੇ ਫੁੱਲਾਂ ਦਾ ਰੁਦਨ ਸੁਣਨ ਦੀ ਤੌਫ਼ੀਕ ਲੱਗਦੈ ਕਿਸੇ ਨੂੰ ਨਹੀਂ ਸੀ।
ਵਿਹੜੇ ਦੀ ਉਦਾਸੀ ਹੌਲ਼ੀ ਹੌਲ਼ੀ ਰੂਹ 'ਚ ਉਤਰ ਗਈ ਸੀ। ਰੂਹ ਦੀ ਸਰਦਲ 'ਤੇ ਸੁੰਨ ਵਰਤੀ ਪਈ ਸੀ। ਜਿਥੋਂ ਕਦੇ ਕੋਈ ਨਹੀਂ ਪਰਤਿਆ ਅਣਦੱਸੇ ਰਾਹ ਤੁਰਨ ਦੀ ਉਸ ਨੂੰ ਇਹ ਕੇਹੀ ਕਾਹਲ਼ ਸੀ ? ਨਾ ਉਮਰ ਸੀ ਨਾ ਪਹਿਰ ਸੀ। ਉਸ ਦੇ ਸਦਾ ਲਈ ਤੁਰ ਜਾਣ ਦਾ ਹੇਰਵਾ ਅਵਚੇਤਨ ਵਿੱਚ ਬਹੁਤ ਕੁਝ ਧਰ ਗਿਆ ਸੀ।
ਇਹਨੀ ਦਿਨੀਂ ਮੇਰੇ ਅੰਤਰ ਮਨ ਨਾਲ਼ ਮੂਕ ਸੰਵਾਦ ਹਰ ਵੇਲ਼ੇ ਕਾਰਜਸ਼ੀਲ ਰਹਿੰਦਾ ਸੀ। ਸੋਚ ਹਰ ਵੇਲ਼ੇ ਕਿਸੇ ਦੀ ਤਲਾਸ਼ ਵਿੱਚ ਰਹਿੰਦੀ। ਰੂਹ ਕਮੰਡਲ ਵਿੱਚ ਹੁਣ ਅਣਮੁੱਕ ਉਡੀਕ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਚੁਫ਼ੇਰੇ ਨੂੰ ਮੇਰੀ ਕੋਈ ਪ੍ਰਵਾਹ ਨਹੀਂ ਸੀ। ਮੇਰੇ ਆਪੇ ਅੰਦਰ ਚੱਲਦੇ ਮਹਾਂ ਯੁੱਧ ਨੂੰ ਉਸ ਦੇ ਸੰਜਮੀ ਸੋਹਲ ਬੋਲਾਂ ਨੇ ਅਚਾਨਕ ਰੋਕ ਦਿੱਤਾ, " ਸ਼ਬਦਾਂ ਨਾਲ਼ ਤਾਂ ਤੇਰੀ ਬਹੁਤ ਬਣਦੀ ਹੈ। ਤੇਰੇ ਲੇਖਣ ਸਫ਼ਰ ਦਾ ਕੀ ਹਾਲ ਹੈ ?" ਹੁਣ ਮੇਰਾ ਮਨ ਅਸਚਰਜ ਸੀ। ਸ਼ਾਇਦ ਉਹ ਮੇਰੀ ਮਨੋ ਸਥਿਤੀ ਤੋਂ ਜਾਣੂੰ ਸੀ ਤੇ ਇਹ ਸੁਆਲ ਉਸ ਮੇਰੀ ਬਿਰਤੀ ਨੂੰ ਝੰਜੋੜਨ ਲਈ ਕੀਤਾ ਹੋਵੇ।
ਕਹਿੰਦੇ ਨੇ ਕਿ ਰੰਗ ਮਿਲਾਪ ਮਿੰਨੇ -ਮਿੰਨੇ ਪਲਾਂ ਦੀ ਰੁਮਕਣੀ ਦਾ ਸ਼ਗਨ ਤਲੀਆਂ 'ਤੇ ਆਪੂੰ ਹੀ ਧਰ ਜਾਂਦਾ ਹੈ। ਉਸ ਨਾਲ਼ ਹੋਈ ਪਹਿਲੀ ਮਿਲਣੀ ਵਿੱਚ ਹੀ ਮੈਨੂੰ ਉਸ ਨਾਲ਼ ਕੋਈ ਵਿਲੱਖਣ ਜਿਹੀ ਸਾਂਝ ਪ੍ਰਤੀਤ ਹੋਈ ਸੀ। ਪਰ ਓਸ ਵੇਲ਼ੇ ਮੈਂ ਏਸ ਨੂੰ ਅਣਗੌਲ਼ਿਆ ਹੀ ਕਰ ਛੱਡਿਆ। ਉਹ ਮਿਲਾਪੜੇ ਸੁਭਾਅ ਦੀ ਮਲਿਕਾ ਹੈ ਜਿਸ ਦੀਆਂ ਗਹਿਰੀਆਂ ਨੀਲੀਆਂ ਅੱਖਾਂ ਕਿਸੇ ਸਕੂਨ ਦੀ ਇਬਾਰਤ ਨੇ। ਰੱਬ ਨੇ ਉਸ ਨੂੰ ਕਲਾ ਦੀ ਲੌਅ ਦਿੱਤੀ ਹੈ।ਰੰਗਾਂ ਨਾਲ ਬਣਾਈਆਂ ਕਲਾ ਕ੍ਰਿਤਾਂ 'ਚੋਂ ਅਸੀਮ ਅਰਥਾਂ ਦੀ ਥਾਹ ਪਾਉਣਾ ਉਸ ਨੂੰ ਆਉਂਦਾ ਹੈ।
ਕਹਿੰਦੇ ਨੇ ਕਿ ਸੰਦਲੀ ਸਾਂਝ ਪਾਉਣਾ ਹਰ ਸੱਭਿਆਚਾਰ ਦਾ ਉਚਾ ਤੇ ਸੁੱਚਾ ਕਰਮ ਹੁੰਦਾ ਹੈ।ਕੁਝ ਅਜਿਹੇ ਹੀ ਕਰਮਯੋਗ ਦੀ ਉਹ ਭਾਗੀ ਹੈ। ਉਸ ਨਾਲ਼ ਮੇਰੀ ਸਾਂਝ ਕੋਈ ਬਹੁਤੀ ਪੁਰਾਣੀ ਨਹੀਂ ਸੀ। ਪਰ ਫ਼ੇਰ ਵੀ ਉਸ ਨੂੰ ਮੇਰੀ ਲੇਖਣੀ ਦਾ ਖ਼ਿਆਲ ਸੀ।ਸੱਭਿਆਚਾਰਕ ਭਿੰਨਤਾ ਦੇ ਬਾਵਜੂਦ ਵੀ ਸਾਡੇ ਦੋਹਾਂ 'ਚ ਬਹੁਤ ਕੁਝ ਸਮਾਨੰਤਰ ਹੈ। ਕਿਸੇ ਸ਼ੋਰੀਲੀ ਮਹਿਫ਼ਲ 'ਚ ਜਾਣ ਦੇ ਸੱਦੇ ਨੂੰ ਜਦੋਂ ਮੈਂ ਇੱਕ ਵਾਰ ਨਕਾਰ ਦਿੱਤਾ ਸੀ ਤਾਂ ਉਸ ਨੇ ਬੜੀ ਸਹਿਜਤਾ ਨਾਲ਼ ਸਹਿਕਰਮੀਆਂ ਨੂੰ ਮੇਰੇ ਹੁਨਰ ਤੋਂ ਜਾਣੂੰ ਕਰਵਾਇਆ,"ਰੰਗ-ਪਰੰਗ ਰੰਗਾਂ ਦੀ ਰੰਗੀਨ ਮਹਿਫ਼ਲਾਂ ਦਾ ਸਬੱਬ ਏਸ ਨੂੰ ਰੱਬ ਦੇਵੇ। ਇਨਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ।" ਉਸ ਦਿਨ ਮੈਨੂੰ ਪਤਾ ਲੱਗਾ ਕਿ ਉਹ ਤਾਂ ਮੇਰੀਆਂ ਹੀ ਪੈੜਾਂ ਦੀ ਰਾਹਗੀਰ ਹੈ। ਅਚੇਤ ਰੂਪ ਵਿੱਚ ਸਾਡੀ ਸਾਂਝ ਹੋਰ ਪੀਢੀ ਹੋ ਗਈ ਸੀ।
ਕਹਿੰਦੇ ਨੇ ਕਿ ਫੁੱਲ ਟੁੱਟਣ ਮਗਰੋਂ ਰੂਹ ਦੀ ਖੁਸ਼ਬੂ ਮੂਕ ਸਿਸਕੀਆਂ ਦੀ ਅਉਧ ਹੰਢਾਉਂਦੀ ਹੈ। ਏਸ ਪੀੜ ਭਰੀ ਰਮਜ਼ ਨੂੰ ਜਾਨਣਾ ਬੜਾ ਔਖਾ ਹੈ। ਜਿਸ ਤਨ ਲਾਗੇ ਸੋ ਤਨ ਜਾਣੇ। ਪਰ ਪਰਾਈ ਪੀੜ 'ਚ ਘੁਲਣਾ ਉਸ ਨੂੰ ਆਉਂਦੈ,"ਉਦਾਸੀ ਕਦੇ-ਕਦੇ ਉਦਾਸੀਨਤਾ ਵੀ ਬਣ ਜਾਂਦੀ ਹੈ । ਪਰ ਹੁਣ ਤੂੰ ਜ਼ਿੰਦਗੀ ਨਾਲ਼ ਤਾਲ ਮਿਲਾ ਲਈ ਹੈ। ਤੇਰੀ ਉਪਰਾਮ ਹੋਈ ਬਹਾਰ ਸਹਿਜ ਹੋ ਰਹੀ ਹੈ।" ਉਸ ਦੇ ਪੁਰ -ਖਲੂਸ ਪਲਾਂ ਦੀ ਸਾਂਝ ਨੇ ਛੋਪਲੇ ਜਿਹੇ ਮਿਲਣੀ 'ਚ ਇੱਕ ਤਾਜ਼ਗੀ ਭਰ ਦਿੱਤੀ ਸੀ। ਹਵਾ 'ਚ ਸਹਿਜਤਾ ਆ ਗਈ ਸੀ। ਪੱਤੇ ਹੌਲ਼ੀ ਹੌਲ਼ੀ ਬਿਰਖ ਤੋਂ ਝੜ ਰਹੇ ਸਨ। ਹੁਣ ਮੱਧਮ ਲੌਅ ਵਿੱਚ ਪੱਤਿਆਂ ਦੀ ਸਰਸਰਾਹਟ ਚੁਫ਼ੇਰੇ ਨੂੰ ਕਿਸੇ ਸੁਰੀਲੀ ਗੂੰਜ ਨਾਲ਼ ਭਰਦੀ ਜਾਪ ਰਹੀ ਸੀ। ਇਉਂ ਲੱਗਦਾ ਸੀ ਜਿਵੇਂ ਕਿਸੇ ਅਣਦਿੱਖ ਹੱਥਾਂ ਦੀ ਛੋਹ ਨੇ ਕੋਈ ਸਰੋਦੀ ਸੁਰ ਛੇੜ ਦਿੱਤਾ ਹੋਵੇ।
ਮੱਧਮ ਲੌਅ
ਸਰੋਦੀ ਸੁਰ ਛੇੜੇ
ਹੱਥਾਂ ਦੀ ਛੋਹ।

ਡਾ. ਹਰਦੀਪ ਕੌਰ ਸੰਧੂ