ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Apr 2015

ਖਿੜੀ ਸ਼੍ਰਿਸ਼ਟੀ (ਹਾਇਬਨ)

ਧੁੰਦ ਦੀ ਗਹਿਰ.........ਅਣਸੁਖਾਵਾਂ ਜਿਹਾ ਮੌਸਮ........ਉਸ ਦੇ ਮਨ ਦੀ ਇਹੋ ਹਾਲਤ ਸੀ ਉਸ ਦਿਨ । ਉਹ ਕਾਫ਼ੀ ਕਮਜ਼ੋਰ ਦਿਖਾਈ ਦੇ ਰਿਹਾ ਸੀ। ਕਿਸੇ ਸਰੀਰਕ ਪੀੜਾ ਨੇ ਉਸ ਦਾ ਆਪਾ ਨਿਚੋੜ ਸੁੱਟਿਆ ਸੀ। ਹਰ ਪਾਸਿਓਂ ਨਾਤਾ ਤੋੜ ਉਸ ਨੇ ਜੀਵਨ ਨੂੰ ਇੱਕ ਹਨ੍ਹੇਰੀ ਗੁਫ਼ਾ ਵਾਂਗ ਬਣਾ ਲਿਆ ਸੀ। ਕਿਧਰੋਂ ਵੀ ਚਾਨਣ ਦੀ ਛਿੱਟ ਨਜ਼ਰ ਨਹੀਂ ਆਉਂਦੀ ਸੀ। 
           .....ਤੇ ਅੱਜ ਉਸ ਕੋਲ ਬੈਠਦਿਆਂ ਹੀ ਮੇਰੇ ਚੇਤਿਆਂ ਦਾ ਵੇਗ ਅਚਨਚੇਤ ਵਹਿ ਤੁਰਿਆ .......ਨਿੱਕੇ ਹੁੰਦਿਆਂ ਕਿਸੇ ਸੱਟ -ਫੇਟ ਨੂੰ ਉਹ ਗੌਲਦਾ ਹੀ ਨਹੀਂ ਸੀ........ਕਦੇ ਬਹੁਤੀ ਹੀ ਲੱਗ ਜਾਂਦੀ ਤਾਂ ਮਿੱਟੀ ਲਾ ਕੇ ਠੀਕ ਕਰ ਲੈਂਦਾ ਸੀ। ਬੜਾ ਹੀ ਸ਼ਰਾਰਤੀ ਸੀ ਉਹ ਕੱਦੂ ਜਿਹਾ।  ਕੱਦੂਆ ਓਏ ਜਾਂ ਟੋਐਂ ਟੋਐਂ .....ਟੋਐਂ ਟੋਐਂ ਟੋਐਂ ਦੀ ਆਵਾਜ਼ 'ਤੇ ਭੱਜੇ ਆਉਂਦੇ ਦੀ ਅੱਡੀ ਦੀ ਧਮਕ ਅੱਜ ਵੀ ਸੁਣਾਈ ਦੇ ਰਹੀ ਸੀ ਕਿਤੇ ਵਿਹੜੇ 'ਚੋਂ। ਕਿਤੇ ਆਪੂੰ ਫੋਟੋ ਖਿੱਚਣ ਦੀ ਮਨਾਹੀ ਤੋਂ ਰੁੱਸਿਆ ਓਟੇ ਨਾਲ ਲੱਗਿਆ ਖੜ੍ਹਾ ਦਿਖਾਈ ਦਿੱਤਾ .......ਤੇ ਅੰਬਾਂ ਨੂੰ ਚੂਪ ਕੇ ਤੇ ਫਿਰ ਹਵਾ ਭਰ ਫੁਲਾ ਕੇ ਮੁੜ ਧਰ ਦੇਣ ਵਰਗੀਆਂ ਉਸਦੀਆਂ ਮਿੱਠੀਆਂ ਜਿਹੀਆਂ ਸ਼ਰਾਰਤਾਂ ਹੁਣ ਵੀ ਰੂਹ ਨੂੰ ਸੁਆਦ -ਸੁਆਦ ਕਰ ਗਈਆਂ । 
         ਕਿਸੇ ਦਾ ਦੁੱਖ ਤਾਂ ਅੱਜ ਵੀ ਉਸ ਤੋਂ ਝੱਲਿਆ ਨਹੀਂ ਜਾਂਦਾ...........ਮੋਹ ਭਰੇ ਰਿਸ਼ਤਿਆਂ ਦੀ ਵਫ਼ਾ ਪਾਲਦਾ ਪੱਲਿਓਂ ਲਾ ਆਉਂਦਾ ਹੈ ਅਣਜਾਣ ਰਾਹੀਆਂ 'ਤੇ। ਅਨੋਖੀ ਜਾਣਕਾਰੀ ਇੱਕਤਰ ਕਰਨ ਦੇ ਪੈਂਡੇ 'ਤੇ ਤੁਰਨ ਦੀ ਉਸਦੀ ਆਦਤ ਲਾਜਵਾਬ ਬਣਾ ਗਈ ਹੈ ਉਸ ਨੂੰ .........ਅਖੇ ਦੁਨੀਆਂ ਦੇ ਸੂਝਵਾਨ ਵਿਅਕਤੀਆਂ ਦੀ ਬਾਹਵਾਂ ਦੀ ਲੰਬਾਈ ਉਹਨਾਂ ਦੇ ਗੋਡਿਆਂ ਤੱਕ ਹੁੰਦੀ ਹੈ ......ਤੇ ਫੇਰ ਦੁਨੀਆਂ ਦੇ ਭੂਗੋਲ, ਕਿਰਸਾਨੀ, ਸਿਆਸਤ ਤੇ ਰਾਜਨੀਤੀ ਬਾਰੇ ਉਸ ਦੀਆਂ ਨਾ ਮੁੱਕਣ ਵਾਲੀਆਂ ਗੱਲਾਂ ਸੁਣਦਿਆਂ ਇੰਝ ਲੱਗਦਾ ਜਿਵੇਂ ਨਿੱਤਰਿਆ ਪਾਣੀ ਤ੍ਰਿਹਾਈਆਂ ਫਸਲਾਂ ਨੂੰ ਸਿੰਜ ਰਿਹਾ ਹੋਵੇ। 
         ਮੌਤ ਵਰਗੇ ਕਰੂਰ  ਹਾਦਸਿਆਂ ਨੂੰ ਐਨ ਨੇੜੇਓਂ ਤੱਕਦਿਆਂ ......ਕਦੇ -ਕਦੇ ਉਸ 'ਤੇ ਨਿਰਾਸ਼ਤਾ ਦਾ ਪੱਲਾ ਭਾਰੂ ਹੋ ਜਾਂਦਾ , "..........ਓਹ ਤਾਂ ਐਵੇਂ ਹੀ ਤੁਰ ਗਿਆ ਇਸ ਜਹਾਨ ਤੋਂ ..........ਤੇ ਮੈਂ ਬਚ ਗਿਆ ?" 
           ਓ ਝੱਲਿਆ ਤੈਨੂੰ ਕਿਵੇਂ ਸਮਝਾਵਾਂ ਕਿ ਤੈਨੂੰ ਦਿਲ ਦਰਿਆ ਤੇ ਗੈਰਤਮੰਦ ਫਿਜ਼ਾ ਨੇ ਪਾਲਿਆ ਹੈ.........ਤੈਨੂੰ ਚਾਹੁਣ ਵਾਲਿਆਂ ਦੀਆਂ ਦੁਆਵਾਂ 'ਚ ਤੇਰਾ ਨਾਂ ਸਭ ਤੋਂ ਉੱਪਰ ਆਉਂਦਾ ਹੈ ........ਦਵਾ ਨਾਲੋਂ ਦੁਆਵਾਂ ਵੱਧ ਅਸਰਦਾਰ ਹੁੰਦੀਆਂ ਨੇ .........ਤੇਰੀ ਅਗੰਮੀ ਖੁਸ਼ੀ ਲਈ ਕੀਤੇ ਸਜਦੇ ਅਜਾਈਂ ਕਿਵੇਂ ਜਾ ਸਕਦੇ ਸੀ.........ਰੱਬ ਕੋਲ ਕੀਤੀਆਂ ਦੁਆਵਾਂ ਜਦ ਜਰਬਾਂ ਹੋ ਹੋ ਤੈਨੂੰ ਲੱਗੀਆਂ ਹੋਣਗੀਆਂ .........ਤੂੰ ਰਾਜੀ ਕਿਵੇਂ ਨਾ ਹੁੰਦਾ, ਤੂੰ ਤਾਂ ਸਿਹਤਯਾਬ ਹੋਣਾ ਹੀ ਸੀ।  
        ਉਸ ਦੀਆਂ ਅੱਖਾਂ 'ਚ ਹੁਣ ਨਮੀ ਵੀ ਸੀ ਤੇ ਚਮਕ ਵੀ ਜਿਵੇਂ ਤ੍ਰੇਲ 'ਤੇ ਸੂਰਜ ਚਮਕ ਰਿਹਾ ਹੋਵੇ। ਉਦਾਸੀ ਦੀ ਧੁੰਦ ਛਟ ਗਈ ਸੀ। ਮਨ ਦੇ ਮੌਸਮ ਦਾ ਖਿੜਨਾ ਹੁਣ ਸੁਭਾਵਿਕ ਸੀ ਤੇ ਲਾਜਮੀ ਵੀ। ਮਾਂ ਨੇ ਮੋਹ ਦਾ ਮਿੱਠਾ ਪਾ ਕੇ ਬਣਾਇਆ ਕੇਕ ਮੂਹਰੇ ਜੋ ਲਿਆ ਧਰਿਆ ਸੀ। 
ਰੁੱਤ ਬਦਲੀ 
ਫੁੱਟੀਆਂ ਕਰੂੰਬਲਾਂ 
ਖਿੜੀ ਸ਼੍ਰਿਸ਼ਟੀ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ ਹੈ । 



7 comments:

  1. ਬਹੁਤ ਵਧੀਆ ਭੈਣ ਜੀ । ਚੰਗਾ ਹੋਇਆ ਦੁਆਵਾਂ ਵਾਲਾ ਪੱਲੜਾ ਭਾਰੀ ਰਿਹਾ ।

    ReplyDelete
  2. ਚੇਤਿਆਂ ਵਿੱਚ ਬਚਪਨ ਦੀਆਂ ਜੀਵਨ ਕਿਤੇ ਨਾ ਕਿਤੇ
    ਮੇਚਾ ਲੈ ਜਾਦੀਆਂ ਨੇ ।
    ਚਾਵਲਾ

    ReplyDelete
  3. ਯਾਦਾਂ ,ਚੇਤਿਆਂ ਅਤੇ ਜੀਵਨ ਦੇ ਨਾਲ ਸ੍ਰਿਸ਼ਟੀ ਦਾ ਖੇਲ
    ਚਲਦਾ ਰਹਿੰਦਾ ਏ ।
    ਸੁੰਦਰ ਰਚਨਾ ਲਈ ਵਧਾਈ ਏ ।

    ਚਾਵਲਾ

    ReplyDelete
  4. ਮੈਨੂੰ ਨਹੀਂ ਪਤਾ ਲੇਖਕ ਕੌਣ ਹੁੰਦੇ ਨੇ , ਪਰ ਮੈਂ ਆਪ ਦੀ ਬਹੁਤ ਵੱਡੀ ਫੈਨ ਹਾਂ। ਭੈਣ ਜਿਸ ਵਾਸਤੇ ਤੁਸੀਂ ਇਹ ਸੋਹਣਾ ਸ਼ਬਦ ਰੂਪੀ ਗਿਫਟ ਬਣਾਇਆ ਹੈ ਸ਼ਾਇਦ ਉਸ ਨੇ ਵੀ ਕਦੇ ਸੋਚਿਆ ਨਹੀਂ ਹੋਣਾ ਕਿ ਉਸ ਵਾਸਤੇ ਐਨੇ ਸਾਰੇ ਗਿਫਟ ਦੇਣ ਵਾਲੀ ਖੁਦ ਉਹ ਆਪ ਹੀ ਉਸ ਵਾਸਤੇ ਕਿੰਨਾ ਸੋਹਣਾ ਗਿਫਟ ਹੈ। ਕੇਕ ਨੂੰ ਹੋਰ ਵੀ ਸੁਆਦੀ ਬਣਾ ਦਿੱਤਾ। ਤਾਂ ਹੀ ਤਾਂ ਲੋਕ ਕਹਿੰਦੇ ਨੇ ਕਿ ਤੁਹਾਡੇ ਵਰਗੀ ਭੈਣ ਤਾਂ ਕਿਸਮਤ ਵਾਲਿਆਂ ਨੂੰ ਮਿਲਦੀ ਹੈ। ਜੀ ਕਰਦਾ ਹੈ ਆਪ ਦੀਆਂ ਲਿਖਤਾਂ ਪੜ੍ਹੀ ਜਾਵਾਂ ਤੇ ਆਪ ਦੇ ਸਾਨੂੰ ਦਿੱਤੇ ਪਿਆਰ ਦੇ ਬਾਰੇ ਲਿਖੀ ਜਾਵਾਂ ਤੇ ਇਹ ਸ਼ਬਦ ਕਦੇ ਨਾ ਮੁੱਕਣ।
    ਪਰਮ

    ReplyDelete
  5. ਪੜ ਕੇ ਰਸ ਤਾਂ ਮਾਣਿਆਂ ਪਰ ਬੁਝਾਰਤ ਦੀ ਸਮਝ ਨਹੀਂ ਆਈ

    ReplyDelete
  6. ਹਾਇਬਨ ਨੂੰ ਪੜ੍ਹ ਇਸ ਦਾ ਰਸ ਮਾਨਣ ਤੇ ਪਸੰਦ ਕਰਨ ਲਈ ਸਭ ਦਾ ਤਹਿ ਦਿਲੋਂ ਸ਼ੁਕਰੀਆ। ......ਨਹੀਂ ਇਥੇ ਕੋਈ ਬੁਝਾਰਤ ਨਹੀਂ ਹੈ ....ਜ਼ਰਾ ਗਹੁ ਨਾਲ ਵੇਖਦਿਆਂ ਕੇਕ ਜ਼ਰੂਰ ਨਜ਼ਰ ਆ ਜਾਵੇਗਾ ..........ਆਪਣੇ ਬਹੁਤ ਹੀ ਅਜ਼ੀਜ਼ ਦੇ ਜਨਮ ਦਿਨ 'ਤੇ ਇਹ ਇੱਕ ਸ਼ਬਦੀ ਭੇਂਟ ਹੈ।
    ਆਪ ਸਭ ਦੀਆਂ ਸ਼ੁਭਇੱਛਾਵਾਂ ਨਾਲ ਹੀ ਹਾਇਕੁ -ਲੋਕ ਅੱਗੇ ਵੱਧ ਰਿਹਾ ਹੈ। ਇਹ ਸਾਂਝ ਬਣਾਈ ਰੱਖਣਾ।

    ReplyDelete
  7. Bahut vadiya Bhen ji

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ