1947 ਦੀ ਵੰਡ ਤੋਂ ਬਾਦ ਸਾਡੇ ਟੱਬਰ ਨੇ ਮੁਸਲਮਾਨਾਂ ਦੇ ਛੱਡੇ ਘਰ ਵਿੱਚ ਜਦ ਤੋਂ ਰਹਿਣਾ ਸ਼ੁਰੂ ਕੀਤਾ, ਇੱਕ ਚਿੜੀਆਂ ਦੇ ਜੋੜੇ ਨੇ ਵੀ ਪਸਾਰ (ਸੂਫ਼ਾ ਜਾਂ ਵੱਡਾ ਕਮਰਾ) ਦੇ ਛਤੀਰ ਵਿੱਚ ਆਲ੍ਹਣਾ ਬਣਾ ਲਿਆ ਅਤੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ । ਚਿੜੀਆਂ ਦਾ ਖਾਨਦਾਨ ਵੀ ਚੱਲਦਾ ਗਿਆ ਅਤੇ ਅਸੀਂ ਘਰ ਦੇ ਬੱਚੇ ਸਮੇਂ ਨਾਲ ਵੱਡੇ ਹੁੰਦੇ ਗਏ।ਇਸ ਸਮੇਂ ਦੌਰਾਨ ਚਿੜੀਆਂ ਦੀਆਂ ਕਈ ਪੀੜ੍ਹੀਆਂ ਉਸ ਆਲ੍ਹਣੇ ਵਿੱਚ ਰਹਿਦੀਆਂ ਗਈਆਂ ਅਤੇ ਘਰ ਦੇ ਬਾਲ ਵੀ ਵੱਡੇ ਹੋ ਕੇ ਉਡਾਰੀਆਂ ਮਾਰ ਗਏ। ਮਾਂ- ਬਾਪ ਨੂੰ ਘਰ ਨਾਲ ਮੋਹ ਸੀ ,ਉਹ ਘਰ ਛੱਡ ਕੇ ਕਿਸੇ ਬੱਚੇ ਕੋਲ ਨਹੀਂ ਗਏ ।ਚਿੜੀਆਂ ਦਾ ਆਲ੍ਹਣਾ ਵੀ ਆਪਣੀ ਜਗ੍ਹਾ ਕਾਇਮ ਰਿਹਾ । ਸਮੇਂ ਨੇ ਆਪਣਾ ਰੰਗ ਦਿਖਾਇਆ।ਪਹਿਲਾਂ ਪਿਤਾ ਜੀ ਦੁਨੀਆਂ ਤੋਂ ਗਏ ਅਤੇ ਕੁਝ ਸਾਲ ਬਾਦ ਮਾਤਾ ਜੀ ਵੀ ਉਮਰ ਪੂਰੀ ਕਰ ਗਏ । ਹੁਣ ਘਰ ਨੂੰ ਜੰਦਰਾ ਲਾਉਣ ਦਾ ਵਕਤ ਆ ਗਿਆ ।ਪਸਾਰ ਨੂੰ ਵੀ ਬਾਹਰੋਂ ਜੰਦਰਾ ਲਾਉਣਾ ਸੀ ਅਤੇ ਚਿੜੀਆਂ ਨੂੰ ਵੀ ਹੁਣ ਘਰੋਂ - ਬੇਘਰ ਕਰਨਾ ਸੀ । ਚਿੜੀਆਂ ਪਸਾਰ ਨੂੰ ਛੱਡਣ ਲਈ ਤਿਆਰ ਹੀ ਨਹੀਂ ਸਨ । ਝਾੜੂ ਅਤੇ
ਸੋਟੀਆਂ ਨਾਲ ਕਈ ਜਣੇ ਉਹਨਾ ਨੂੰ ਕਮਰੇ 'ਚੋਂ ਬਾਹਰ ਕੱਢਣ ਲੱਗ ਗਏ ਪਰ ਚਿੜੀਆਂ ਦਾ ਜੋੜਾ ਉੱਡ -ਉੱਡ ਕਦੇ ਇੱਕ ਜਗ੍ਹਾ ਬੈਠ ਜਾਏ ਕਦੇ ਦੂਸਰੀ ਜਗ੍ਹਾ ਛੁਪ ਜਾਏ ।
ਅਖੀਰ ਚਿੜੀਆਂ ਦਾ ਜੋੜਾ ਹਾਰ ਗਿਆ ਅਤੇ ਵਕਤ ਦੇ ਦੁਖਾਂਤ ਨੂੰ ਸਮਝਦਾ, ਉੱਡ ਕੇ ਪਸਾਰ ਤੋਂ ਬਾਹਰ ਹੋ ਗਿਆ ਅਤੇ ਚੂੰ- ਚੂੰ ਕਰਦਾ ਸਾਹਮਣੇ ਬਨ੍ਹੇਰੇ 'ਤੇ ਜਾ ਬੈਠਾ । ਪਸਾਰ ਨੂੰ ਕੁੰਡਾ ਲਾ ਕੇ ਜੰਦਰਾ ਲੱਗ ਗਿਆ । ਜੰਦਰਾ ਲਾ ਕੇ ਜਦੋਂ ਅਸੀਂ ਬਾਹਰ ਦੇ ਦਰਵਾਜ਼ੇ ਵੱਲ ਤੁਰੇ ਤਾਂ ਦੇਖਿਆ ਕਿ ਚਿੜੀ -ਚਿੜਾ ਉੱਡ ਕੇ , ਜੰਦਰੇ ਲੱਗੇ ਕੁੰਡੇ 'ਤੇ ਬੈਠ ਗਏ ਅਤੇ ਕੁੰਡੇ ਨੂੰ ਚੁੰਝਾਂ ਮਾਰਨ ਲੱਗੇ । ਪਰ ਸਮਾਂ ਆਪਣੀ ਖੇਡ , ਖੇਡ ਚੁੱਕਾ ਸੀ |
ਬੂਹੇ ਜੰਦਰਾ
ਚਿੜੀ-ਚਿੜਾ ਬਾਹਰ
ਇੱਕ ਉਜਾੜਾ ।
ਦਿਲਜੋਧ ਸਿੰਘ
(ਯੂ.ਐਸ. ਏ.)
ਨੋਟ: ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ।
ਬਹੁਤ ਕੁਝ ਕਹਿ ਗਿਆ ਇਹ ਹਾਇਬਨ।
ReplyDeleteਵਧੀਆ ਰਚਨਾ। ਸਮੇਂ ਦੇ ਸੱਚ ਨੂੰ ਕਬੂਲਦਾ ਹਾਇਬਨ।
ReplyDeleteਪੰਛੀਆਂ ਦੀ ਆਪਣੇ ਰੈਣ -ਬਸੇਰੇ ਨਾਲ ਮੋਹ ਦੀ ਅਨੋਖੀ ਦਾਸਤਾਨ। ਅਸੀਂ ਦਿਮਾਗ ਤੋਂ ਸੋਚ ਕੇ ਕਰਮ ਕਰਦੇ ਹਾਂ ਤੇ ਪੰਛੀ ਦਿਲ ਤੋਂ।..........."ਚਿੜੀ -ਚਿੜਾ ਉੱਡ ਕੇ , ਜੰਦਰੇ ਲੱਗੇ ਕੁੰਡੇ 'ਤੇ ਬੈਠ ਗਏ ਅਤੇ ਕੁੰਡੇ ਨੂੰ ਚੁੰਝਾਂ ਮਾਰਨ ਲੱਗੇ" ਬਹੁਤ ਹੀ ਭਾਵਪੂਰਣ ਸ਼ਬਦ। ਪਸਾਰ ਜਾਂ ਸੂਫ਼ਾ ਸ਼ਬਦ ਸੰਭਾਲ ਸ਼ਲਾਘਾਯੋਗ ਹੈ। ਇਸ ਨੂੰ ਸਬਾਤ ਵੀ ਕਿਹਾ ਜਾਂਦਾ ਹੈ ਕੁਝ ਇਲਾਕਿਆਂ ਵਿੱਚ।
ReplyDeleteਬਹੁਤ ਹੀ ਡੂੰਘੇ ਭਾਵਾਂ ਨਾਲ ਓਤ -ਪ੍ਰੋਤ ਹਾਇਬਨ ਸਾਂਝਾ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
Beautiful story and love of bird
ReplyDeleteਬਹੁਤ ਖੂਬਸੂਰਤ ਹਾੲਿਬਨ ਹੈ। ਅੰਕਲ ਜੀ ਤੁਸੀਂ ਵਧਾੲੀ ਦੇ ਪਾਤਰ ਹੋ।
ReplyDeletelovly haiban
ReplyDelete