>Click on the arrow to listen.
ਸਰਘੀ ਵੇਲ਼ਾ ਸੀ। ਸ਼ਫ਼ਾਫ਼ ਨੀਲੇ ਅੰਬਰ ਦੀ ਹਿੱਕ 'ਤੇ ਸਰਕਦੇ ਸੁਰਮਈ ਤੇ ਸੰਤਰੀ ਰੰਗ ਦੀ ਭਾਅ ਮਾਰਦੇ ਬੱਦਲ ਦੂਰ -ਦੁਮੇਲ 'ਤੇ ਚੜ੍ਹਦੀ ਸੂਹੀ ਟਿੱਕੀ ਦੀ ਨਿਸ਼ਾਨਦੇਹੀ ਕਰ ਰਹੇ ਜਾਪ ਰਹੇ ਸਨ। ਕੁਝ ਪਲਾਂ ਬਾਅਦ ਬੂੰਦਾਬਾਂਦੀ ਹੋਣ ਲੱਗੀ। ਨਿੱਕੀਆਂ ਬੂੰਦਾਂ ਦੇ ਆਰ -ਪਾਰ ਲੰਘਦੀਆਂ ਧੁੱਪ ਕਿਰਨਾਂ ਸੱਤ ਰੰਗ ਬਣ ਕੇ ਖਿੰਡਣ ਲੱਗੀਆਂ। ਭਾਂਤ -ਸੁਭਾਂਤੇ ਖ਼ੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਪੌਣ ਮਿੱਠੀ -ਮਿੱਠੀ ਲੱਗ ਰਹੀ ਸੀ। ਪੰਛੀਆਂ ਨੇ ਰਲ ਕੇ ਆਪਣੀ ਮਿੱਠੀ ਆਵਾਜ਼ ਦਾ ਸੁਰ ਛੇੜਿਆ ਹੋਇਆ ਸੀ।
ਕਹਿਕਸ਼ਾਂ ਦੀ ਪਾਤਰ ਵੱਲੋਂ ਭੇਜਿਆ ਮੋਹ ...............


ਸਰਘੀ ਵੇਲ਼ਾ ਸੀ। ਸ਼ਫ਼ਾਫ਼ ਨੀਲੇ ਅੰਬਰ ਦੀ ਹਿੱਕ 'ਤੇ ਸਰਕਦੇ ਸੁਰਮਈ ਤੇ ਸੰਤਰੀ ਰੰਗ ਦੀ ਭਾਅ ਮਾਰਦੇ ਬੱਦਲ ਦੂਰ -ਦੁਮੇਲ 'ਤੇ ਚੜ੍ਹਦੀ ਸੂਹੀ ਟਿੱਕੀ ਦੀ ਨਿਸ਼ਾਨਦੇਹੀ ਕਰ ਰਹੇ ਜਾਪ ਰਹੇ ਸਨ। ਕੁਝ ਪਲਾਂ ਬਾਅਦ ਬੂੰਦਾਬਾਂਦੀ ਹੋਣ ਲੱਗੀ। ਨਿੱਕੀਆਂ ਬੂੰਦਾਂ ਦੇ ਆਰ -ਪਾਰ ਲੰਘਦੀਆਂ ਧੁੱਪ ਕਿਰਨਾਂ ਸੱਤ ਰੰਗ ਬਣ ਕੇ ਖਿੰਡਣ ਲੱਗੀਆਂ। ਭਾਂਤ -ਸੁਭਾਂਤੇ ਖ਼ੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਪੌਣ ਮਿੱਠੀ -ਮਿੱਠੀ ਲੱਗ ਰਹੀ ਸੀ। ਪੰਛੀਆਂ ਨੇ ਰਲ ਕੇ ਆਪਣੀ ਮਿੱਠੀ ਆਵਾਜ਼ ਦਾ ਸੁਰ ਛੇੜਿਆ ਹੋਇਆ ਸੀ।
ਮੈਂ ਬਾਹਰ ਬਰਾਂਡੇ 'ਚ ਬੈਠੀ ਇਸ ਅਲੌਕਿਕ ਨਜ਼ਾਰੇ ਦਾ ਅਨੰਦ ਲੈ ਰਹੀ ਸੀ। ਚਾਂਦੀ ਕਣੀਆਂ ਬਣ ਵਰ੍ਹਦੀਆਂ ਬੂੰਦਾਂ ਦੀ ਟਿੱਪ -ਟਿੱਪ ਤੇ ਦੂਰ -ਦੁਮੇਲ ਵੱਲ ਉਡਾਰੀ ਭਰਦੀ ਕੋਇਲ ਦੀ ਆਵਾਜ਼ ਦਾ ਸੁਮੇਲ ਮੈਨੂੰ ਉਸ ਦੀ ਕਹਿਕਸ਼ਾਂ ਵੱਲ ਲੈ ਤੁਰੇ। ਅਗਲੇ ਹੀ ਪਲ ਅਛੋਪਲੇ ਜਿਹੇ ਉਸ ਦੇ ਖਿਆਲਾਂ ਤੱਕ ਆਣ ਪਹੁੰਚੇ ਮੇਰੇ ਅਹਿਸਾਸਾਂ ਨੂੰ ਜਿਓਣ ਜੋਗੇ ਸਾਹਾਂ ਦੀ ਖੈਰਾਤ ਮਿਲ ਗਈ । ਉਹ ਆਪਣੀ ਕਹਿਕਸ਼ਾਂ 'ਚੋਂ ਬਾਹਰ ਨਿੱਕਲ ਮੇਰੇ ਨਾਲ ਗੱਲਾਂ ਕਰਨ ਲੱਗੀ," ਤੈਨੂੰ ਕਿਵੇਂ ਪਤਾ ਲੱਗਾ ਕਿ ਕੋਇਲ ਦੀ ਕੂਕ ਮੈਨੂੰ ਵੀ ਮੋਹਿਤ ਕਰਦੀ ਹੈ ?" ਹੁਣ ਮੈਂ ਜਾਗਦੀਆਂ ਅੱਖਾਂ ਦੇ ਸੁਪਨਿਆਂ ਰਾਹੀਂ ਓਹ ਪਲ ਜੀਅ ਰਹੀ ਸਾਂ ਜੋ ਮੇਰੀ ਅਸਲ ਜ਼ਿੰਦਗੀ 'ਚ ਕਦੇ ਨਹੀਂ ਆਏ।
ਉਸ ਦੀ ਕਹਿਕਸ਼ਾਂ ਦੀ ਹਮਸਫ਼ਰ ਬਣੀ ਮੈਂ ਉਸ ਦੇ ਨਾਲ ਹੋ ਤੁਰੀ। ਉਹ ਮੈਨੂੰ ਅੰਤਰੀਵ ਵਿੱਚ ਝਾਤ ਪਵਾਉਂਦੀ ਆਪਣੇ ਓਸ ਆਲਮੀ ਵਿਹੜੇ 'ਚ ਲੈ ਗਈ ਜਿੱਥੇ ਦੇਸ਼ ਪ੍ਰੇਮ ਨਾਲ ਓਤ -ਪ੍ਰੋਤ ਵੀਰ ਗਾਥਾਵਾਂ ਤੇ ਗੀਤ ਸੁਣਦੀ ਉਹ ਵੱਡੀ ਹੋਈ ਸੀ। ਬਟਵਾਰੇ ਵੇਲੇ ਉਹ ਮਸੀਂ 13 ਕੁ ਵਰ੍ਹਿਆਂ ਦੀ ਹੋਵੇਗੀ। ਉਸ ਦੇ ਆਪੇ ਨੂੰ ਪਤਾ ਵੀ ਨਾ ਲੱਗਾ ਕਿ ਸੰਵਾਦ ਰਚਾਉਣ ਦੀ ਆਤਮਿਕ ਪਿਰਤ ਉਸ ਅੰਦਰ ਕਦੋਂ ਪੈਦਾ ਹੋ ਗਈ । ਮਸਤਕ 'ਚ ਚਾਨਣਾਂ ਦਾ ਕਾਫ਼ਲਾ ਕਾਵਿ ਰਿਸ਼ਮਾਂ ਬਣ ਵਹਿਣ ਲੱਗਾ। ਉਹ ਆਪਣੀ ਜਾਦੂਮਈ ਛੋਹ ਨਾਲ ਮੌਲਿਕ ਅੰਦਾਜ 'ਚ ਨਿੱਤ ਨਵਾਂ ਸਿਰਜਦੀ ਰਹੀ ਤੇ ਹੁਣ ਤੱਕ ਸਿਰਜ ਰਹੀ ਏ। ਨਵੀਆਂ ਉਚਾਣਾਂ ਨੂੰ ਨੱਤਮਸਤਕ ਹੋਣਾ ਉਸ ਦੀ ਸੁੱਚੀ ਇਬਾਦਤ ਹੈ।
ਮੇਰਾ ਮਨ ਕਣੀਆਂ ਦੀ ਰਿਮ-ਝਿਮ 'ਚ ਸਰਸ਼ਾਰ ਹੋਇਆ ਉਸ ਦੀਆਂ ਅਮੁੱਕ ਗੱਲਾਂ ਦਾ ਹੁੰਗਾਰਾ ਭਰੀ ਜਾ ਰਿਹਾ ਸੀ। ਕਦੇ -ਕਦੇ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਆਪਣੀ ਪੜਨਾਨੀ ਨਾਲ ਗੱਲਾਂ ਕਰ ਰਹੀ ਹੋਵਾਂ। ਹੁਣ ਉਹ ਆਪਣੀ ਕਿਰਮਚੀ ਕਿਆਰੀ 'ਚੋਂ ਫੁੱਲ ਬਿਖੇਰ ਰਹੀ ਸੀ ," ਬੰਦ ਕਮਰਿਆਂ 'ਚ ਮੇਰਾ ਦਮ ਘੁੱਟਦਾ ਹੈ। ਰੰਗ -ਬਿਰੰਗੀ ਕਾਇਨਾਤ ਦੀ ਮੈਂ ਦੀਵਾਨੀ ਹਾਂ।ਕੁਦਰਤ ਨਾਲ ਰਹਿ ਕੇ ਬਹੁਤ ਕੁਝ ਮਿਲਿਆ। ਪਰ ਕੋਈ ਵੀ ਖੁਸ਼ੀ ਇੱਕਦਮ ਨਹੀਂ ਮਿਲੀ ,ਸਾਲਾਂ ਬੱਧੀ ਮਿਹਨਤ ਤੇ ਉਡੀਕ ਤੋਂ ਬਾਦ ਮਿਲੀ ਹੈ। ਪਰ ਅਜੇ ਤਾਂ ਛੋਪ ਵਿੱਚੋਂ ਪੂਣੀ ਵੀ ਨਹੀਂ ਕੱਤੀ। ਜਦ ਤੱਕ ਉਂਗਲੀਆਂ 'ਚ ਜਾਨ ਹੈ ਲੇਖਣ ਜਾਰੀ ਰਹੇਗਾ। "
ਕਹਿੰਦੇ ਨੇ ਕਿ ਅਹਿਸਾਸਾਂ ਦੀ ਸਾਂਝ ਦਾ ਰਿਸ਼ਤਾ ਸਭ ਤੋਂ ਸੁੱਚਾ ਰਿਸ਼ਤਾ ਹੁੰਦਾ ਹੈ ਜਿਹੜਾ ਉਮਰਾਂ ਦੇ ਤਰਾਜੂ 'ਚ ਨਹੀਂ ਤੁਲਦਾ। ਸੋਚ ਦੇ ਹਾਣੀਆਂ 'ਚ ਸਾਹ -ਜਿੰਦ ਜਿਹੀ ਨੇੜਤਾ ਹੁੰਦੀ ਹੈ ਤੇ ਸਾਡੀ ਸਾਂਝ ਵੀ ਕੁਝ ਏਹੋ ਜਿਹੀ ਹੀ ਹੈ। ਕਦੇ ਉਹ ਕਿਣਮਿਣੀ ਚਾਨਣ 'ਚ ਬਹਿ ਕੇ ਧੁੱਪ ਨਾਲ ਗੱਪ -ਸ਼ੱਪ ਕਰਦੀ ਏ ਤੇ ਕਦੇ ਉਸ ਦੇ ਹਿੱਸੇ ਆਈ ਚੁਲਬੁਲੀ ਰਾਤ ਨੇ ਕੋਰੀ ਮਿੱਟੀ ਦੇ ਦੀਵੇ ਬਾਲ ਓਕ ਭਰ ਕਿਰਨਾਂ ਨਾਲ ਖੁਸ਼ਬੂ ਦਾ ਸਫ਼ਰ ਤੈਅ ਕੀਤਾ ਹੈ। ਆਪਣੇ ਕਲਾਮਈ ਕ੍ਰਿਸ਼ਮਿਆਂ ਨਾਲ ਉਹ ਮੁਹਾਂਦਰਾ ਲਿਸ਼ਕਾਉਂਦੀ ਗਈ ਜਦ ਕਦੇ ਇੱਕਲਾ ਸੀ ਸਮਾਂ। ਉਸ ਦੇ ਨਵੇਂ ਮਰਹੱਲਿਆਂ ਦੇ ਦਸਤਾਵੇਜ਼ ਮਹਿਜ ਲਫ਼ਜ਼ ਨਹੀਂ ਬਲਕਿ ਉਸ ਦੇ ਸਫ਼ਰ ਦੇ ਛਾਲੇ ਨੇ।
ਹੁਣ ਮੱਠੀ -ਮੱਠੀ ਪੌਣ ਨੇ ਬੱਦਲਾਂ ਦਾ ਘੁੰਡ ਚੁੱਕ ਦਿੱਤਾ ਸੀ । ਮੈਨੂੰ ਲੱਗਾ ਜਿਵੇਂ ਅੱਜ ਸੂਹੀ ਸਵੇਰ ਮੈਨੂੰ ਸੁਰਖ਼ ਰੰਗਾਂ ਨਾਲ਼ ਸਰਸ਼ਾਰ ਕਰ ਰਹੀ ਹੋਵੇ। ਉਸ ਦੀ ਕਹਿਕਸ਼ਾਂ ਦਾ ਰੁੱਖ ਅੱਜ ਸਾਡੇ ਵਿਹੜੇ ਉੱਗ ਆਇਆ ਸੀ।
ਕੋਇਲ ਕੂਕ
ਮੀਂਹ ਭਿੱਜੀ ਸਰਘੀ
ਚਿਲਕੀ ਧੁੱਪ।
ਡਾ. ਹਰਦੀਪ ਕੌਰ ਸੰਧੂ
***** ******** ********* **************ਕਹਿਕਸ਼ਾਂ ਦੀ ਪਾਤਰ ਵੱਲੋਂ ਭੇਜਿਆ ਮੋਹ ...............


ਨੋਟ : ਇਹ ਪੋਸਟ ਹੁਣ ਤੱਕ 183 ਵਾਰ ਪੜ੍ਹੀ ਗਈ।