
ਰਾਵਲਪਿੰਡੀ ਤੋਂ ਕੁਝ ਮੀਲਾਂ ਦੀ ਵਿੱਥ 'ਤੇ ਹਸਨ ਅਬਦਾਲ ਦਾ ਗੁਰੂਦੁਆਰਾ ਪੰਜਾ ਸਾਹਿਬ। ਗੁਰਧਾਮਾਂ ਦੇ ਦਰਸ਼ਨ ਤੇ ਵਿਸਾਖੀ ਪੁਰਬ ਮਨਾਉਣ ਲਈ ਭਾਰਤ ਤੋਂ ਸਿੱਖ ਜੱਥੇ ਨਾਲ ਬੇਬੇ ਵੀ ਓਥੇ ਗਈ ਹੋਈ ਸੀ। ਇਲਾਹੀ ਬਾਣੀ ਦਾ ਨਿਰੰਤਰ ਪ੍ਰਵਾਹ, ਤੇਰੇ ਭਾਣੇ ਸਰਬਤ ਦਾ ਭਲਾ, ਅਚੇਤ ਮਨ ਦੀ ਜੂਹੇ ਸੱਚ ਦਾ ਟਿਕਾਅ । ਧੁਰ ਕੀ ਬਾਣੀ ਦੀ ਅਖੰਡ ਧੁਨੀ ਸੰਗਤਾਂ ਨੂੰ ਰੂਹਾਨੀ ਸਕੂਨ ਦਿੰਦੀ ਤੇ ਮਨ ਤ੍ਰਿਪਤ ਕਰਦੀ ਜਾਪ ਰਹੀ ਸੀ। "ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ" ਸ਼ਬਦ ਸੁਣਦਿਆਂ ਹੀ ਬੇਬੇ ਦੇ ਕੰਨੀ ਰਸ ਘੁਲਣ ਲੱਗਾ ਪਰ ਨਾਲ ਹੀ ਤਨ ਦੀਆਂ ਲੀਰਾਂ ਪੀੜ ਪੀੜ ਹੋਈਆਂ ਰੋ ਪਈਆਂ ਸਨ ਜਾਰੋ -ਜਾਰ। ਲੈ ਕੇ ਆਸਾਂ ਤੇਰੇ ਦਰ ਆਈ ਹਾਂ,ਮੇਰੇ ਦਾਤਾ ਮੇਰੇ ਸਾਈਆਂ। ਇਹ ਕੇਹਾ ਦਰਦ ਸੀ ਜੋ ਉਸ ਸਾਰੀ ਜ਼ਿੰਦਗੀ ਹੰਢਾਇਆ ਤੇ ਆਪਣੇ ਹੱਥੀਂ ਆਪਣੀ ਹੋਂਦ ਦਾ ਮਾਤਮ ਮਨਾਇਆ।
"ਵੇ ਪੁੱਤ ਤੂੰ ਮੁਜ਼ਫਰਾਬਾਦ ਰਹਿੰਦੈਂ ?"ਇੱਕ ਸੱਜਣ ਦੇ ਗਲ 'ਚ ਪਾਈ ਫੀਤੀ ਨੂੰ ਤੱਕਦਿਆਂ ਉਸ ਪੁੱਛਿਆ।"ਹਾਂ ਬੇਬੇ। "ਇਹ ਪਲ ਉਸ ਦੇ ਸੁੰਘੜਦੇ ਸਾਹਾਂ ਨੂੰ ਜਿਵੇਂ ਰਾਹਤ ਦਿਵਾ ਗਿਆ। "ਉਥੇ ਮੇਰੇ ਦੋ ਪੁੱਤ ਰਹਿੰਦੇ ਨੇ।ਕੁਦਰਤ ਤੇ ਕਰਾਮਤ ਉਲਾ, ਤੂੰ ਉਹਨਾਂ ਮੈਨੂੰ ਮਿਲਾ ਸਕਦੈਂ ਪੁੱਤ। " ਬੇਬੇ ਦੀ ਫਰਿਆਦ ਨੇ ਉਸ ਦਾ ਆਪਾ ਝੰਜੋੜ ਦਿੱਤਾ। ਉਹ ਬੇਬੇ ਦੇ ਗਮਾਂ ਦੀ ਹਾਥ ਪਾਉਣ ਤੇ ਚਸਕਦੇ ਜ਼ਖਮਾਂ 'ਤੇ ਮਰਹਮ ਲਾਉਣ ਲਈ ਹੁਣ ਉਤਾਵਲਾ ਸੀ।
"ਪੁੱਤ ਮੈਂ ਸੋਲਾਂ ਵਰ੍ਹਿਆਂ ਦੀ ਸਾਂ ਬਟਵਾਰੇ ਵੇਲੇ। ਮੌਤ ਦੇ ਨੰਗੇ ਨਾਚ 'ਚ ਮੇਰਾ ਪਿੰਡ ਕੁਟਲੀ ਵੀ ਵੱਢਿਆ -ਟੁੱਕਿਆ ਗਿਆ। ਚਾਰੇ ਪਾਸੇ ਅੰਬਰ ਪਾੜ ਦੇਣ ਵਾਲੀਆਂ ਚੀਕਾਂ ਸਨ ਤੇ ਗਲੀਆਂ 'ਚ ਕੁੱਤੇ ਰੋ ਰਹੇ ਸਨ। ਮੈਂ ਲਾਸ਼ਾਂ ਦੇ ਢੇਰ ਕੋਲ ਪਈ ਸਾਂ। ਕਿਸੇ ਸਈਅਦ ਨੇ ਦੇਖਿਆ ਕਿ ਸਾਹ ਚੱਲਦੇ ਨੇ। ਘਰ ਲੈ ਗਏ ਤੇ ਧੀ ਬਣਾ ਕੇ ਰੱਖਿਆ। ਦੋ ਸਾਲਾਂ ਬਾਦ ਟੰਡਾਲੀ ਦੇ ਸਖੀ ਉਲਾ ਨਾਲ ਵਿਆਹ ਦਿੱਤਾ। ਮੇਰੀ ਬਗੀਚੀ ਨੂੰ ਕੁਦਰਤ ਤੇ ਕਰਾਮਤ ਉਲਾ ਨੇ ਭਾਗ ਲਾਏ। ਖਿੜਦੀਆਂ ਡੋਡੀਆਂ ਨੂੰ ਸਿੰਜਦੀ ਨਿੱਤ ਆਪਣੇ ਘਰ ਨੂੰ ਵੱਸਦੇ ਰਹਿਣ ਦੀ ਦੁਆ ਮੰਗਦੀ। ਪਰ ਭਲਾ ਚੰਦਰੀਆਂ ਸਰਕਾਰਾਂ ਵੀ ਕਿਸੇ ਦੀਆਂ ਹੋਈਆਂ ਨੇ। ਧੀਆਂ ਭੈਣਾਂ ਦੀ ਆਪੋ -ਆਪਣੇ ਦੇਸ ਵਾਪਸੀ ਵਾਲੇ ਨਵੇਂ ਫਤਵੇ ਨੇ ਅਸਹਿ ਭਾਣਾ ਵਰਤਾ ਦਿੱਤਾ। ਵੱਡਾ ਓਦੋਂ ਦੋ ਸਾਲ ਤੇ ਛੋਟਾ ਨੌਂ ਮਹੀਨਿਆਂ ਦਾ ਸੀ ਜਦ ਫੌਜੀ ਇੱਕ ਦਿਨ ਆ ਧਮਕੇ। ਅਖੇ ਤੁਸੀਂ ਠਾਣੇ ਜਾ ਕੇ ਆਪਣਾ ਨਾਂ ਦਰਜ ਕਰਾਉਣਾ ਹੈ। ਬੱਸ ਫੇਰ ਮੈਂ ਮੁੜ ਆਪਣੇ ਟੱਬਰ ਦਾ ਮੂੰਹ ਨਹੀਂ ਤੱਕਿਆ। ਓਥੋਂ ਹੀ ਮੈਨੂੰ ਭਾਰਤ ਰਵਾਨਾ ਕਰ ਦਿੱਤਾ। ਪੌਣੇ ਕੁ ਦਹਾਕੇ ਵਿੱਚ ਮੈਂ ਦੂਜੀ ਵਾਰ ਬੇਘਰ ਹੋ ਗਈ ਸਾਂ। " ਬੇਬੇ ਦੇ ਹੰਝੂਆਂ ਦੀ ਨੈਂ ਨੂੰ ਤੈਰ ਕੇ ਆਪਣੇ ਆਪ ਨੂੰ ਪੁਨਰ ਸਿਰਜਣ ਦਾ ਇਹ ਪੈਂਡਾ ਬੜਾ ਹੀ ਬਿਖਮ ਤੇ ਬਿਖੜਾ ਸੀ।
"ਪੁੱਤ ਓਸ ਬਟਵਾਰੇ ਨੇ ਪਤਾ ਨਹੀਂ ਕਿੰਨੇ ਮਸੂਮਾਂ ਤੋਂ ਉਹਨਾਂ ਦੀਆਂ ਮਾਵਾਂ ਖੋਹੀਆਂ ਹੋਣਗੀਆਂ। ਮਜ਼ਹਬ ਦੇ ਨਾਂ 'ਤੇ ਮਾਂਵਾਂ ਨੂੰ ਵੀ ਬਲੀ ਚੜ੍ਹਾ ਦਿੱਤਾ। ਇਹਨਾਂ ਅਧਰਮੀਆਂ ਨੇ ਇੱਕ ਮਾਂ ਦੀ ਝੋਲੀ ਸੁੰਨੀ ਕਰ ਦਿੱਤੀ । ਦੁੱਧ ਚੁੰਘਦੇ ਆਪਣੇ ਛੋਟੇ ਨੂੰ ਮੈਂ ਛੱਡ ਆਈ ਸੀ।ਮੇਰੇ ਬੋਟਾਂ ਦੀ ਹਿੱਕ ਚੀਰਵੀਂ ਹੂਕ ਕਿਸੇ ਨਾ ਸੁਣੀ। ਬੇਬਸੀ ਦਾ ਪਸਾਰਾ ਸੀ। ਬੱਸ ਇਸੇ ਭਰਮ 'ਚ ਸਾਹ ਚੱਲਦੇ ਰਹੇ ਕਿ ਮੈਂ ਜਿਉਂਦੀ ਹਾਂ। ਆਤਮਿਕ ਤੌਰ 'ਤੇ ਤਾਂ ਮੈਂ ਕਦੋਂ ਦੀ ਮਰ ਚੁੱਕੀ ਸਾਂ।ਅਸਹਿ ਗ਼ਮ ਨੂੰ ਜੀਰ ਜਾਣ ਦੇ ਹੌਸਲੇ ਨਾਲ ਸੱਚੇ ਪਰਮਾਤਮਾ ਅੱਲ੍ਹਾ ਤਾਲਾ ਅੱਗੇ ਨਿੱਤ ਇਹੋ ਦੁਆ ਕੀਤੀ ਹੈ ਕਿ ਜਿੰਨਾ ਚਿਰ ਤੂੰ ਮੇਰੇ ਪੁੱਤਾਂ ਨੂੰ ਨਹੀਂ ਮਿਲਾਉਂਦਾ ਮੇਰੀ ਜਾਨ ਨਾ ਕੱਢੀਂ। ਪੁੱਤ ਮੇਰੇ ਚਿੱਤ 'ਚ ਕੋਈ ਜ਼ਲਜ਼ਲਾ ਆਇਆ ਮੇਰੇ ਪੁੱਤ ਜਿਉਂਦੇ ਨੇ। ਤੂੰ ਮੇਰੇ ਪੁੱਤ ਮਿਲਾ ਸਕਦੈਂ।" ਬੇਬੇ ਦੀ ਹਉਕਿਆਂ ਦੀ ਵਾਰਤਾ ਅੰਬਰ 'ਚ ਛੇਕ ਕਰਦੀ ਲੇਰ ਬਣ ਫੈਲਣ ਲੱਗੀ।
"ਪੁੱਤ ਓਸ ਬਟਵਾਰੇ ਨੇ ਪਤਾ ਨਹੀਂ ਕਿੰਨੇ ਮਸੂਮਾਂ ਤੋਂ ਉਹਨਾਂ ਦੀਆਂ ਮਾਵਾਂ ਖੋਹੀਆਂ ਹੋਣਗੀਆਂ। ਮਜ਼ਹਬ ਦੇ ਨਾਂ 'ਤੇ ਮਾਂਵਾਂ ਨੂੰ ਵੀ ਬਲੀ ਚੜ੍ਹਾ ਦਿੱਤਾ। ਇਹਨਾਂ ਅਧਰਮੀਆਂ ਨੇ ਇੱਕ ਮਾਂ ਦੀ ਝੋਲੀ ਸੁੰਨੀ ਕਰ ਦਿੱਤੀ । ਦੁੱਧ ਚੁੰਘਦੇ ਆਪਣੇ ਛੋਟੇ ਨੂੰ ਮੈਂ ਛੱਡ ਆਈ ਸੀ।ਮੇਰੇ ਬੋਟਾਂ ਦੀ ਹਿੱਕ ਚੀਰਵੀਂ ਹੂਕ ਕਿਸੇ ਨਾ ਸੁਣੀ। ਬੇਬਸੀ ਦਾ ਪਸਾਰਾ ਸੀ। ਬੱਸ ਇਸੇ ਭਰਮ 'ਚ ਸਾਹ ਚੱਲਦੇ ਰਹੇ ਕਿ ਮੈਂ ਜਿਉਂਦੀ ਹਾਂ। ਆਤਮਿਕ ਤੌਰ 'ਤੇ ਤਾਂ ਮੈਂ ਕਦੋਂ ਦੀ ਮਰ ਚੁੱਕੀ ਸਾਂ।ਅਸਹਿ ਗ਼ਮ ਨੂੰ ਜੀਰ ਜਾਣ ਦੇ ਹੌਸਲੇ ਨਾਲ ਸੱਚੇ ਪਰਮਾਤਮਾ ਅੱਲ੍ਹਾ ਤਾਲਾ ਅੱਗੇ ਨਿੱਤ ਇਹੋ ਦੁਆ ਕੀਤੀ ਹੈ ਕਿ ਜਿੰਨਾ ਚਿਰ ਤੂੰ ਮੇਰੇ ਪੁੱਤਾਂ ਨੂੰ ਨਹੀਂ ਮਿਲਾਉਂਦਾ ਮੇਰੀ ਜਾਨ ਨਾ ਕੱਢੀਂ। ਪੁੱਤ ਮੇਰੇ ਚਿੱਤ 'ਚ ਕੋਈ ਜ਼ਲਜ਼ਲਾ ਆਇਆ ਮੇਰੇ ਪੁੱਤ ਜਿਉਂਦੇ ਨੇ। ਤੂੰ ਮੇਰੇ ਪੁੱਤ ਮਿਲਾ ਸਕਦੈਂ।" ਬੇਬੇ ਦੀ ਹਉਕਿਆਂ ਦੀ ਵਾਰਤਾ ਅੰਬਰ 'ਚ ਛੇਕ ਕਰਦੀ ਲੇਰ ਬਣ ਫੈਲਣ ਲੱਗੀ।
"ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ।" ਉਹ ਬੇਬੇ ਦੇ ਪਿੰਡ ਗਿਆ ਤੇ ਸਖੀ ਉਲਾ ਬਾਰੇ ਪਤਾ ਕੀਤਾ। "ਸਖੀ ਉਲਾ ਤਾਂ ਫੌਤ ਹੋ ਗਿਆ। ਹਾਂ ਅਸੀਂ ਕੁਦਰਤ ਤੇ ਕਰਾਮਤ ਉਲਾ ਨੂੰ ਜਾਣਦੇ ਹਾਂ। ਕੀ ਤੂੰ ਹਰਬੰਸ ਕੌਰ ਦਾ ਪੁੱਤਰ ਏਂ ? " ਦਾਤੇ ਨੇ ਉਸ ਨੂੰ ਸਬੱਬ ਬਣਾ ਕੇ ਭੇਜਿਆ ਸੀ ਬੇਬੇ ਦੀ ਪੁੱਤਾਂ ਸੰਗ ਮਿਲਣੀ ਦਾ। ਪੰਜ ਦਹਾਕਿਆਂ ਬਾਦ ਜਦ ਬੇਬੇ ਆਪਣੇ ਪੁੱਤਰਾਂ ਨੂੰ ਮਿਲੀ ਤਾਂ ਹੱਥਲੀ ਸੋਟੀ ਪਰ੍ਹਾਂ ਵਗ੍ਹਾ ਮਾਰੀ। ਅਣਕਹੇ ਬੋਲਾਂ ਦੀ ਧੁੰਨ ਸੁਣਾਈ ਦੇਣ ਲੱਗੀ ਤੇ ਪੌਣ ਲੋਰੀਆਂ ਸੁਨਾਉਣ ਲੱਗੀ। ਜ਼ਿੰਦਗੀ ਦਾ ਬਹੁਪੱਖੀ ਪਸਾਰਾ ਮੁੜ ਤੋਂ ਰੰਗਲਾ ਦਿਖਾਈ ਦੇਣ ਲੱਗਾ ਸੀ । ਲੱਗਦਾ ਸੀ ਕਿ ਜਿਵੇਂ ਉਸ ਦੇ ਜੀਵਨ ਦਾ ਤਾਬੂਤ ਕਿਸੇ ਤਰੰਗਤ ਸਾਜ਼ 'ਚ ਬਦਲ ਗਿਆ ਹੋਵੇ। ਪੱਛੋਂ 'ਚੋਂ ਆਉਂਦੇ ਠੰਢੇ ਬੁੱਲੇ ਨੇ ਬੇਬੇ ਦੇ ਤਪਦੇ ਸੀਨੇ ਨੂੰ ਠਾਰ ਦਿੱਤਾ ਸੀ ।
ਸ਼ਰਧਾਜਲੀ ਉਹਨਾਂ 10 ਲੱਖ ਜਿੰਦਾਂ ਨੂੰ ਜਿਹੜੀਆਂ ਅਜਾਦੀ ਦੇ ਨਾਮ ਤੇ ਸਿਆਸਤ ਦੀ ਭੇਟ ਚਾੜ੍ਹ ਦਿੱਤੀਆਂ ਗਈਆਂ।
ReplyDeleteਦਰਦ ਦੇ ਰੰਗ ਰੰਗੀ ਰਚਨਾ... ਜਜ਼ਬਾਤੀ ਕਰ ਗੲੀ ।
ReplyDelete' ਅਜਾਦੀ ' ਹਰ ਇੱਕ ਨੂੰ ਪਿਅਾਰੀ ੲੇ ਉਹ ਚਾਹੇ ਕਿਸੇ ਵੀ ਰੂਪ 'ਚ ਹੋਵੇ ਪਰ ੲਿਸ ਅਜਾਦੀ ਨੇ ਪੰਜਾਬ ਨੂੰ ਲੀਰੋਂ ਲੀਰ ਕਰ ਦਿੱਤਾ ।
ਆਜ਼ਾਦ ਤਾਂ ਦਿੱਲੀ ਹੋਈ ਹੋਊ,,,,
ReplyDeleteਪੰਜਾਬ ਤਾਂ ਬਰਬਾਦ ਹੀ ਹੋਇਆ ਸੀ
35 ਜਿਲੇ ਪਾਕਿਸਤਾਨ ਚਲੇ ਗਏ ਪੰਜਾਬ ਦੇ,,
10-ਲੱਖ ਕਤਲ ਹੋ ਗਏ.. .
ਹਜਾਰਾਂ
ਔਰਤਾਂ ਦੇ ਬਲਾਤਕਾਰ ਹੋਏ
ਘਰ ਬਾਰ ਜਾਇਦਾਦਾਂ ਜਮੀਨਾਂ ਖੁੱਸ ਗਈਆਂ
ਹਸਦੇ ਵਸਦੇ ਭਰੇ ਭਰਾਏ ਘਰ ਉਜੜ ਗਏ
ਪਰ ਨਵੀਂ ਪੀੜ੍ਹੀ ਨੂੰ ਨਿਊਜ਼ ਚੈਨਲਾਂ ਇਹ ਗੱਲਾਂ ਕਿੱਥੇ ਦੱਸਣੀਆਂ।
ਝੰਡਾਂ ਝੂਲਾਓ ਦਿਓ ਵਧਾਈਆਂ।
पछों दी हवा
ReplyDeleteकड़वे सच को वयाँ करते इतिहास के खून से लिखे वो पन्ने जिन्हें किसी भी तरह भुलाया नहीं जा सकता । उन दिनों की हर दास्ताँ खून के आँसू रूलाती है ।बँटवारे के वर्षों बाद जब दोनों देशों में आना जाना खुला तो लाखों में कोई एक होगा जिन्हें अपने बिछुड़ों को मिलने का , कलेजे से लगाने का मौका मिला होगा ।
अगर हम उन दिनों की यादें अपनी युवा पीढ़ी से साझा करे तो उन के दिलों से खूनखराबे के प्रति नफरत पैदा हो तभी पंद्रह अगस्त मनाना सार्थक है । अन्यथा रस्म अदायगी बेकार है ।
हरदीप तेरी हर लिखत मकसद पूर्ण होती है । हरबंस कौर को जैसे अपने बेटों से मिल कर सकून मिला ,इस हाइबन को पढ़कर वैसा ही सकूंन उनको भी मिला होगा जो उस दर्द और बिछोड़े से गुजरें होंगे । उनके मनों के बगीचों में पछों की आई हवा ने भी फूल खिलायें होंगे । हरबंस कौर का एहसास उन्हें भी अवश्य छू गया होगा ।प्रभाव शाली लिखत के लिये बधाई ।
ਭਾਰਤ ਦੀ ਵੰਡ ਜਿੰਨਾ ਨੇ ਦੇਖੀ ਅਤੇ ਹੰਢਾਈ ਸੀ , ਉਹਨਾ ਵਿੱਚੋਂ ਕੁਝ ਕੁ ਲੋਕ ਹੁਣ ਤਕ ਜਿਉਂਦੇ ਹੋਣ ਗੇ ਅਤੇ ਉਸ ਵੰਡ ਦੀ ਪੀੜ ਨੂੰ ਚੁਕੀ ਫਿਰਦੇ ਹਨ , ਬਾਕੀਆਂ ਲਈ ਤਾਂ ਬਸ ਲਿਖੀਆਂ ਕਹਾਣੀਆਂ ਹੀ ਹਨ । ਇਸ ਵੰਡ ਦੇ ਗੁਨਾਹਗਾਰ ਤਾਂ ਰਾਜ ਭੋਗ ਕੇ ਚਲੇ ਗਏ ਅਤੇ ਕਈਆਂ ਦੇ ਖਾਨਦਾਨ ਅਜੇ ਤਕ ਰਾਜ ਕਰੀ ਜਾ ਰਹੇ ਹਨ ।ਦੁਨੀਆਂ ਵਿੱਚ ਜਿੱਥੇ ਕਿੱਤੇ ਵੀ ਇਸ ਤਰਾਂ ਦਾ ਖੂਨ ਖਰਾਬਾ , ਲੁਟ ਮਾਰ ਹੁੰਦੀ , ਔਰਤ ਜਾਤ ਦੀ ਸਭ ਤੋਂ ਜਿਆਦਾ ਬੇ -ਪਤੀ ਅਤੇ ਖਜਲ ਖੁਆਰੀ ਹੁੰਦੀ ਹੈ
ReplyDeleteਰਚਨਾ ਪੜ ਕੇ ਇਸ ਤਰਾਂ ਲੱਗਾ ਜਿਵੇ ਉਹੀ ਘਟਨਾ ਦੁਬਾਰਾ ਅੱਖਾਂ ਸਾਹਮਣੇ ਵਾਪਰ ਰਹੀ ਹੋਵੇ.ਮਾਂ ਦਾ ਪੁੱਤਾਂ ਤੋਂ ਵਿਛੜਣਾ ਦਾ ਅਕਹਿ ਦਰਦ
ReplyDeleteਉਹ ਵੇਲਾ ਬਹੁਤ ਭਿਆਨਕ ਸੀ .ਮੈਂ ਉਦੋਂ ਬਹੁਤ ਛੋਟਾ ਸਾਂ ਲੇਕਿਨ ਜਿੰਨਾ ਕੁ ਮੈਂ ਦੇਖਿਆ ਉਹ ਬਹੁਤ ਹੀ ਦਰਦਨਾਕ ਸੀ . ਮੁਹੱਲੇ ਦੇ ਲੋਕ ਸਾਡੇ ਘਰ ਰਾਤ ਨੂੰ ਇਕਠੇ ਹੋ ਜਾਂਦੇ ਸਨ ਤੇ ਸਾਰੀਆਂ ਨੇ ਆਪਣੇ ਆਪਣੇ ਟਰੰਕ ਬੰਨੇ ਹੁੰਦੇ ਸਨ .ਕਿਸੇ ਨੂੰ ਕੁਛ ਨਹੀਂ ਸੀ ਪਤਾ ਹੁੰਦਾ ਕਿ ਕਿਥੇ ਨੂੰ ਜਾਣਾ ਹੈ . ਗੋਲੀਆਂ ਚਲਦੀਆਂ ਤਾਂ ਹੀ ਆਮ ਸੁਣਦੇ ਸਾਂ .ਮੇਰੇ ਬਾਬਾ ਜੀ ਤੇ ਨਬੀ ਭਰਾਵਾਂ ਵਰਗੇ ਦੋਸਤ ਸਨ .ਮੈਨੂੰ ਉਹ ਸੀਨ ਚੇਤੇ ਹੈ ਜਦੋਂ ਮੁਸਲਮਾਨ ਲੋਕਾਂ ਦੀਆਂ ਔਰਤਾਂ ਬਚੇ ਗਡੀਆਂ ਤੇ ਬੈਠੇ ਸਨ ਤੇ ਸਾਡੇ ਪਿੰਡ ਦੇ ਲੋਕ ਉਹਨਾਂ ਨੂੰ ਕੈੰਪ ਤੱਕ ਛਡਣ ਲਈ ਨਾਲ ਜਾਣ ਲੱਗੇ ਸਨ .ਔਰਤਾਂ ਰੋ ਰੋ ਰਹੀਆਂ ਸਨ .ਨਬੀ ਤੇ ਬਾਬਾ ਜੀ ਜੱਫੀ ਪਾ ਕੇ ਮਿਲੇ ਸਨ . ਕਹਾਣੀ ਲਮ੍ਬੀ ਹੈ ,ਬਸ ਇਹ ਹੀ ਦਸਦਾ ਹਾਂ ਕਿ ਉਹ ਵੇਲਾ ਬਹੁਤ ਮਾੜਾ ਸੀ, ਕੁਛ ਕੁਛ ਮੈਨੇ ਆਪਣੀ ਕਹਾਣੀ ਵਿਚ ਭੀ ਲਿਖਿਆ ਹੈ .
ReplyDelete