ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Aug 2016

ਆਜ਼ਾਦ ਪਰਿੰਦਾ (ਹਾਇਬਨ)


ਓ ਮੇਰੇ ਅਭਾਗੇ ਮਨ ! ਅੰਨ੍ਹੇ ਮੋਹ 'ਚ ਫਸੇ, ਅੰਨ੍ਹੇ ਪ੍ਰੇਮੀ , ਪੱਖਪਾਤੀ ਤੂੰ। ਤੂੰ ਖੁਦ ਨੂੰ ਇੱਕ ਡੱਬੀ 'ਚ ਬੰਦ ਕਰਕੇ, ਸ਼ਾਹੂਕਾਰ ਕੋਲ ਗਹਿਣੇ ਰੱਖ ਕੇ ਮੈਨੂੰ ਬਿਲਕੁਲ ਭੁੱਲ ਗਿਆ। ਇੱਕ ਲੰਬੇ ਸੰਭਾਵਿਤ ਜੀਵਨ ਭਰ ਦੀ ਕੈਦ। ਸੂਦ -ਦਰ -ਸੂਦ ਵਿਆਜ ਚੁਕਾਉਂਦਿਆਂ ਤੇਰਾ ਲੱਕ ਟੁੱਟ ਗਿਆ। ਬੱਸ ਸ਼ਾਹੂਕਾਰ ਬਦਲਦੇ ਰਹੇ ਤੇ ਕਰਜ਼ਾ ਨਿਰੰਤਰ ਵੱਧਦਾ ਗਿਆ। ਹਰ ਵਾਰ ਕਰਜ਼ੇ ਦੀਆਂ ਸ਼ਰਤਾਂ ਕਠੋਰ ਤੋਂ ਕਠੋਰਤਮ ਹੁੰਦੀਆਂ ਗਈਆਂ। ਨਤੀਜਾ ? ਕੈਦ ਵੀ ਬਿਖਮ ਹੁੰਦੀ ਗਈ। 
ਮੈਨੂੰ ਇੱਕਲਤਾ ਨੇ ਆ ਘੇਰਿਆ। ਪਿੱਛੇ ਰਹਿ ਗਈ। ਤੈਨੂੰ ਲੱਭਣ ਅੰਨੀ ਗਲੀਆਂ 'ਚ ਭਟਕਦੇ -ਭਟਕਦੇ ਬੇਦਮ ਹੋ ਗਈ। ਪਰ ਤੂੰ ਤਾਂ "ਕਾਲੇ ਜਾਦੂ' ਦੀ ਡੱਬੀ 'ਚ ਕੈਦ ਸੀ। ਮੇਰੀ ਪੁਕਾਰ ਤੇਰੇ ਤੱਕ ਕਿਵੇਂ ਪਹੁੰਚਦੀ ?ਤਾਜ਼ੀ ਪੌਣ ਦਾ ਕੋਈ ਬੁੱਲਾ ਤੇਰੇ ਤੱਕ ਕਿਵੇਂ ਆਉਂਦਾ ?
ਤੂੰ ਦਗੇਬਾਜ਼, ਵਿਸ਼ਵਾਸਘਾਤੀ , ਬੇਈਮਾਨ। ਮੇਰੇ ਹੋ ਕੇ ਵੀ ਕਦੇ ਮੇਰੇ ਨਾ ਹੋਏ। ਜਿੰਨਾ ਤੈਨੂੰ ਹੋਰ ਨੇੜੇ ਕਰਨ ਦਾ ਯਤਨ ਕਰਦੀ , ਓਨਾ ਹੀ ਤੂੰ ਗੈਰਾਂ ਦੇ ਨੇੜੇ ਹੁੰਦਾ ਗਿਆ। ਜਿੰਨਾ ਮੋਹ ਤੇਰੇ 'ਤੇ ਲੁਟਾਉਂਦੀ, ਓਨੇ ਹੀ ਨਿਰਮੋਹ ਨਾਲ ਤੂੰ ਮੈਨੂੰ ਪਰੇ ਧਕੇਲ ਦਿੰਦਾ। 
ਬੇਚੈਨ ਉਡੀਕ 'ਚ ਯੁੱਗਾਂ ਦਾ ਸਮਾਂ ਬੀਤ ਗਿਆ। ਫਿਰ ਇੱਕ ਦਿਨ ਤੈਨੂੰ ਪਾਉਣ ਦੀ ਆਸ ਦੇ ਨਿਰਦਈ ਫੰਦਿਆਂ ਨੂੰ ਹੀ ਮੈਂ ਤੋੜ ਦਿੱਤਾ। ਜਾ, ਭਟਕ, ਮਰੇਂ ਜਾਂ ਜੀਵੇਂ। ਮੈਂ ਤੈਥੋਂ ਕੁਝ ਵੀ ਲੈਣਾ -ਦੇਣਾ ਨਹੀਂ ਹੈ। ਕੈਦ 'ਚ ਸੜਦੇ -ਗਲਦੇ ਰਹਿ ਤਾਂ ਵੀ ਮੇਰੇ 'ਤੇ ਕੋਈ ਅਸਰ ਨਹੀਂ ਪੈਣ ਵਾਲਾ। 
ਅਸਹਿ ਵੇਦਨਾ ਦੀ ਅਤਿਅੰਤ ਛਟਪਟਾਹਟ ਤੋਂ ਮੁਕਤੀ ਪਾਉਣ ਲਈ ਮੈਂ ਤੇਰੇ ਨਾਲ ਹੀ ਵਿਦਰੋਹ ਕਰ ਬੈਠੀ। ਸੁਤੰਤਰਤਾ ਦਾ ਆਪਣਾ ਅਨੰਦ ਹੈ ਜੋ ਮੈਂ ਪਾ ਲਿਆ ਹੈ। 

ਤੋੜ ਸਲਾਖਾਂ 
ਆਜ਼ਾਦ ਹੈ ਪਰਿੰਦਾ 
ਅਤੇ ਖੁਸ਼ ਵੀ। 

ਡਾ. ਸੁਧਾ ਗੁਪਤਾ 

ਹਿੰਦੀ ਤੋਂ ਅਨੁਵਾਦ - ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ

3 comments:

  1. 'ਆਜ਼ਾਦ ਪਰਿੰਦਾ' ਹਾਇਬਨ 'ਚ ਡਾ ਸੁਧਾ ਗੁਪਤਾ ਜੀ ਨੇ ਮਨ ਤੇ ਆਤਮਾ ਦੀ ਪ੍ਰਸਥਿਤੀ ਨੂੰ ਬਾਖੂਬੀ ਬਿਆਨਿਆ ਹੈ। ਇਹ ਇੱਕ ਅਛੂਤਾ ਵਿਸ਼ਾ ਹੈ ਜਿਸ 'ਤੇ ਬਹੁਤ ਘੱਟ ਲਿਖਿਆ ਗਿਆ ਹੈ। ਕਹਿੰਦੇ ਨੇ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।ਮਨੁੱਖ ਦੇ ਮਨ ਵਿਚ ਕੀ-ਕੀ ਕੁਝ ਪਿਆ ਹੁੰਦਾ ਹੈ, ਉਸ ਦਾ ਪਾਰਾਵਾਰ ਹੀ ਨਹੀਂ। ਅਜਿਹੇ ਵਿਸ਼ੇ 'ਤੇ ਵਿਚਾਰ ਕਰਨ ਲਈ ਸਾਨੂੰ ਜ਼ਿੰਦਗੀ ਦੇ ਬੇਅੰਤ ਤਜ਼ਰਬਿਆਂ ਨੂੰ ਖੰਗਾਲਣਾ ਪੈਂਦਾ ਹੈ।
    ਇਸ ਜਗਤ 'ਚ ਹਰ ਪ੍ਰਾਣੀ ਦੀ ਹੋਂਦ ਭੌਤਿਕ ਤੇ ਸੂਖਮ ਸਰੀਰ ਕਰਕੇ ਹੈ। ਦੇਹ ਰੂਪੀ ਭੌਤਿਕ ਸਰੀਰ ਇੱਕ ਕਵਚ ਹੈ ਸਾਡੇ ਸੂਖਮ ਸਰੀਰ ਦਾ , ਜਿਸ ਦਾ ਸਿੱਧਾ ਸਬੰਧ ਮਨ ਤੇ ਆਤਮਾ ਨਾਲ ਹੈ। ਡਾ ਸੁਧਾ ਜੀ ਲਿਖਦੇ ਨੇ ਕਿ ਅੰਨੇ ਮੋਹ 'ਚ ਫਸਿਆ ਮਨ ਖੁਦ ਨੂੰ ਤ੍ਰਿਸ਼ਣਾ , ਮਨਸ਼ਾ , ਭਟਕਣਾ , ਨਿਰਾਸ਼ਾ , ਚਿੰਤਾ -ਝੋਰੇ ਜਿਹੇ ਸ਼ਾਹੂਕਾਰਾਂ ਕੋਲ ਗਹਿਣੇ ਰੱਖ ਦਿੰਦਾ ਹੈ । ਸੂਦ -ਦਰ -ਸੂਦ ਵਿਆਜ ਚੁਕਾਉਂਦਾ ਹੈ ਪਰ ਕਰਜ਼ਾ ਫਿਰ ਵੀ ਵੱਧਦਾ ਜਾਂਦਾ ਹੈ। ਉਹ ਆਤਮਾ ਨੂੰ ਭੁੱਲ ਜਾਂਦਾ ਹੈ। ਆਤਮਾ ਦੀ ਪੁਕਾਰ ਮਨ ਤੱਕ ਨਹੀਂ ਪਹੁੰਚਦੀ। ਅਸਲ 'ਚ ਮਨ ਦਾ ਕਬਜ਼ਾ ਦੇਹ 'ਤੇ ਹੋ ਜਾਂਦਾ ਹੈ ਤੇ ਉਹ ਉਸ ਨੂੰ ਭੁੱਖ ਤ੍ਰੇਹ , ਦੁੱਖ -ਸੁੱਖ ਦੇ ਚੰਗੇ -ਮਾੜੇ ਚੱਕਰਾਂ 'ਚ ਪਾਈ ਰੱਖਦਾ ਹੈ। ਚੰਚਲ ਮਨ ਮਗਰ ਲੱਗ ਕੇ ਅਸੀਂ ਸੰਸਾਰ ਸਾਗਰ ਨੂੰ ਪਾਰ ਲੰਘਣਾ ਲੋਚਦੇ ਹਾਂ। ਕਈ ਵਾਰ ਤਾਂ ਸਾਡੀ ਮੱਤ ਹੀ ਮਾਰੀ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਕਿਸੇ ਦੀ ਡਿੱਗੀ ਪਈ ਕੀਮਤੀ ਚੀਜ਼ ਨੂੰ ਵੇਖ ਕੇ ਸਾਡਾ ਮਨ ਲਲਚਾ ਜਾਂਦਾ ਹੈ। ਜਦੋਂ ਅਸੀਂ ਉਹ ਚੀਜ਼ ਚੁੱਕਣ ਲੱਗਦੇ ਹਾਂ ਤਾਂ ਇਧਰ ਉਧਰ ਜ਼ਰੂਰ ਵੇਖਦੇ ਹਾਂ ਕਿ ਸਾਨੂੰ ਕੋਈ ਵੇਖ ਤਾਂ ਨਹੀਂ ਰਿਹਾ ਕਿਉਂਕਿ ਸਾਡੀ ਸੋਚ ਸਾਨੂੰ ਸੁਚੇਤ ਕਰਦੀ ਹੈ। ਪਰ ਫਿਰ ਵੀ ਮਨ ਦੇ ਮਗਰ ਲੱਗ ਅਸੀਂ ਉਹ ਚੀਜ਼ ਚੁੱਕ ਲੈਂਦੇ ਹਾਂ। ਸੋਚ ਭਲੇ -ਬੁਰੇ ਤੋਂ ਸੁਚੇਤ ਕਰਦੀ ਹੈ ਤੇ ਮਨ ਸੰਸਕਾਰਾਂ ਅਧੀਨ ਸਾਡੀ ਸੋਚ ਨੂੰ ਪ੍ਰੇਰਿਤ ਕਰ ਕੋਈ ਵੀ ਕੰਮ ਕਰਵਾ ਲੈਂਦਾ ਹੈ-ਕੋਈ ਫੈਸਲਾ , ਕੋਈ ਵੀ ਕੰਮ ਕਰਨ ਜਾਂ ਨਾ ਕਰਨ ਬਾਰੇ।
    ਸੰਸਾਰੀ ਚਮਕ-ਦਮਕ ਤੇ ਮੋਹ ਮਾਇਆ ਜਿਹੇ ਸ਼ਾਹੂਕਾਰਾਂ ਦੇ ਵੱਸ ਪਿਆ ਮਨ ਆਤਮਾ ਦੀ ਅਧੀਨਤਾ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ। ਆਤਮਾ ਕਦੇ ਬੁਰੀ ਨਹੀਂ ਹੁੰਦੀ ਕਿਉਂਕਿ ਇਸ ਦਾ ਸਿੱਧਾ ਸਬੰਧ ਪਰਮਾਤਮਾ ਨਾਲ ਹੈ। ਇਨਸਾਨੀ ਸੋਚ ਦੀ ਉਪਜ ਇਸ ਨੂੰ ਚੰਗਾ ਜਾਂ ਬੁਰਾ ਬਣਾ ਦਿੰਦੀ ਹੈ। ਆਤਮਾ ਦਾ ਸਿੱਧਾ ਸਬੰਧ ਮਨ ਨਾਲ ਵੀ ਹੈ। ਜਿਉਂ ਜਿਉਂ ਮਨ ਸੱਚਾ -ਸੁੱਚਾ ਤੇ ਖਰਾ ਹੋ ਜਾਂਦਾ ਹੈ ਤਾਂ ਭਲੀ ਆਤਮਾ ਦਾ ਵਾਸਾ ਹੁੰਦਾ ਹੈ। ਡਾ ਸੁਧਾ ਜੀ ਦਾ ਕਹਿਣਾ ਹੈ ਕਿ ਅਸੀਂ ਉਮਰ ਭਰ ਆਪਣੇ ਮਨ ਨੂੰ ਆਤਮਾ ਦੀ ਅਥਾਹ ਸ਼ਕਤੀ ਸਮਝਣ ਲਈ ਪੁਕਾਰਦੇ ਰਹਿੰਦੇ ਹਾਂ। ਪਰ ਕਾਮਯਾਬ ਨਹੀਂ ਹੁੰਦੇ। ਅਸਲ 'ਚ ਆਤਮਾ ਹੀ ਸਾਡੀ ਰੂਹ ਹੈ , ਇਹ ਉਹ ਤੱਤ ਹੈ ਜੋ ਸਾਡੇ ਜੀਵਨ ਦਾ ਰਹਿਨੁਮਾ ਹੈ। ਇਸ ਨੂੰ ਝੂਠ ਤੇ ਸੱਚ ਦੀ ਪਛਾਨਣ ਦਾ ਗਿਆਨ ਹੁੰਦਾ ਹੈ। ਆਪਣੀ ਹਉਮੈ ,ਅੜੀਅਲਪਣ ਤੇ ਅਗਿਆਨਤਾ ਸਦਕਾ ਅਸੀਂ ਸੱਚ ਨੂੰ ਨਕਾਰਦੇ ਰਹਿੰਦੇ ਹਾਂ। ਇਹ ਆਤਮਾ ਹੀ ਇੱਕ ਜੀਵ ਨੂੰ ਦੂਜੇ ਤੋਂ ਵੱਖ ਕਰਦੀ ਹੈ।
    ਅੰਤ 'ਚ ਲੇਖਿਕਾ ਕਹਿੰਦੀ ਹੈ ਕਿ ਯੁੱਗਾਂ ਦੇ ਸਮੇਂ ਦੀ ਭਾਲ ਪਿੱਛੋਂ ਉਹ ਨਿਰਦਈ ਫੰਦਿਆਂ ਨੂੰ ਤੋੜ ਆਪਣੀ ਆਤਮਾ ਨੂੰ ਮਨ ਤੋਂ ਆਜ਼ਾਦ ਕਰਵਾ ਲੈਂਦੀ ਹੈ। ਕਹਿੰਦੇ ਨੇ ਕਿ ਇਹ ਆਤਮਾ ਹੀ ਹੈ ਜੋ ਸਾਨੂੰ ਚੰਗੇ ਕੰਮਾਂ ਲਈ ਪ੍ਰੇਰਦੀ ਹੈ ਤੇ ਨੇਕ ਤੇ ਪਵਿੱਤਰ ਵਿਚਾਰ ਰੱਖਦੀ ਹੈ। ਚੰਗੇ ਮਾੜੇ ਚੱਕਰਾਂ ਦਾ ਰਾਹ ਦੱਸਦੀ ਹੈ। ਹੁਣ ਇਸ ਡਗਰ 'ਤੇ ਚੱਲਦਿਆਂ ਉਹ ਰਾਹਤ ਮਹਿਸੂਸਦੀ ਇੱਕ ਆਜ਼ਾਦ ਪਰਿੰਦੇ ਵਾਂਗ ਅੰਬਰਾਂ ਨੂੰ ਛੋਹਣ ਦੀ ਤਮੰਨਾ ਰੱਖਦੀ ਹੈ।
    ਇਹ ਹਾਇਬਨ ਪੜ੍ਹਦਿਆਂ ਬੜੀਆਂ ਅਣਛੋਹੀਆਂ ਗੱਲਾਂ ਦੀਆਂ ਪਰਤਾਂ ਖੁੱਲਦੀਆਂ ਗਈਆਂ। ਡਾ ਸੁਧਾ ਗੁਪਤਾ ਜੀ ਦੀ ਕਲਮ ਨੂੰ ਸਲਾਮ !
    ਹਰਦੀਪ

    ReplyDelete
  2. आज़ाद है परिंदा
    किसी भी उच्चकोटि के लेखक या कवि की लिखत पढ़ कर साधारण पाठक यूं ही कुछ लिख देता है अपना कर्तव्य समझ ।मुझे काफी समय लगा समझने में कि सुधा जी ने हाइबन में कहा क्या है? जब तक हरदीप जी की इस हाइबन की व्याख्या नहीं पढ़ी अपने विचार व्यक्त करने में मैं असमर्थ रही ।
    अब अपने विचार लिखती हूँ ।
    आदरणीया सुधा जी का यह हाइबन अपने छोटे से कलेवर से अध्यात्म की गूढ़ गूथी समेटे हुये है ।
    जीवात्मा और चंचल मन की बातें कही गई हैं इसमें ।पराधीनता के कष्टों का सुन्दर विवेचन है इसमें ।
    मन को जितना पढताड़ो समझायो कहाँ मानता है सुधा जी के शब्दों में मित्र द्रोही ,विश्वास घाती ...मोहपाश की जादू की डिबीया में बंध युगों से अधीनता के कष्टों को झेल रहा है । हजारों उपाय करके जब आत्मा उसे राह पर लाने में सफल नहीं होती तो उसका पीछा छोड़ देती है । उसे उसके हाल पर ।यही वह अवस्था है जब जीते जी जीवात्मा स्थूल शरीर में रहते हुये ही मोक्ष प्राप्त कर लेती है यानी मोह से मुक्ति । हजारो अनुभवों से गुजरने के बाद यह स्थिति प्राप्त होती है ।यह इतना सहज नहीं । जब जीवात्मा साक्षी भाव से यह देखती है तो समझ जाती है ।मनका पीछा छोड़कर ही मुक्ति का आनंद लिया जासकता है । महाभारत का धनुर्धर अर्जुन इसी मन:स्थिति से जब गुजर रहा था तो मोहकी मित्रता पर अड़ा रहा युद्ध करने से इन्कार करके घुटने टेक कर बैठ गया ।
    कृष्ण ने जैसे अर्जुन के मनके मोह को त्यागने की शिक्षा दी । सुधा जी ने भी यही बात हमें समझा दी ।मनका पीछा छोड़ना ही उचित है ।
    सुधा जी ने वह आज़ादी पा ली सुख देने वाली ।धन्य उन की लेखनी । धन्य उन की प्रतिभा जिसने हमें इतनी ज्ञान की बातें चंद शब्दों में पिरो कर हमें उपहार में दी हैं ।हम यही प्रार्थना करते हैं वे अपने ऐसे ही अनमोल उपहारों से हमें आशार्वाद देती रहे अपना प्यार लुटाती रहें ।

    Kamla Ghataaura

    ReplyDelete
  3. ਮੇਰਾ ਨਿੱਜੀ ਵਿਚਾਰ: ਆਜ਼ਾਦ ਪਰਿੰਦਾ (ਹਾਇਬਨ)
    .
    ਲੇਖਕਾ ਆਪਣੇ ਮਨ ਤੇ ਦੋਸ਼ ਲਾ ਰਹੀ ਹੈ ਕਿ ਉਹ ਅਭਾਗਾ, ਦਗ਼ੇਬਾਜ਼, ਵਿਸ਼ਵਾਸਘਾਤੀ , ਬੇਈਮਾਨ,ਗ਼ੈਰਾਂ ਦਾ ਨੇੜਲਾ ਆਦਿ ਹੈ ਅਤੇ ਉਸ ਦੇ ਕਹਿਣੇ ਤੋ ਬਾਹਰੀ ਹੋ ਕੇ ਆਪ ਹੂ ਦਰੀਆਂ ਕਰਦਾ ਕਰਦਾ ਬਹੁਤ ਦੂਰ ਹੋ ਗਿਆ,ਜਿਸ ਕਾਰਨ ਉਹਨੂੰ ਇੱਕਲਤਾ ਨੇ ਆ ਘੇਰਿਆ ਹੈ। ਉਸ ਦੀ ਬੇਚੈਨ ਉਡੀਕ ਵਿਚ ਯੁੱਗਾਂ ਦਾ ਸਮਾਂ ਬਿਤਾ ਦਿੱਤਾ ਹੈ ਅਤੇ ਅੰਤ ਸਬਰ ਦੇ ਮੋਹ-ਪਿਆਲੇ ਨੂੰ ਤੋੜਦੀ ਕਹਿੰਦੀ ਹੈ ਕਿ ਜਿੱਥੇ ਜਾਣਾ ਜਾ,ਭਟਕ,ਮਰ ਜਾਂ ਜੀ,ਹੁਣ ਮੈਂ ਤੇਰੀਆਂ ਅਜਿਹੀ ਕਲਾਬਾਜ਼ੀਆਂ ਮਾਰਦੀ ਹੋਂਦ ਤੋਂ ਮੁਕਤ ਹੁੰਦੀ ਹਾਂ। ਲੈ,ਤੈਨੂੰ ਤਿਲਾਂਜਲੀ ਦੇ ਕੇ ਸੁਤੰਤਰ ਹੋ ਚੱਲੀ ਹਾਂ। ਇਹ ਵਿਦਰੋਹ ਕਾਰਨ ਉਸ ਨੇ ਆਪਣੀ (ਮੈਂ) ਅਨੰਦਮਈ ਅਵਸਥਾ ਦੀ ਪ੍ਰਾਪਤੀ ਪਾ ਲਈ ਹੈ।
    ਆਜ਼ਾਦ ਪਰਿੰਦਾ (ਹਾਇਬਨ) ਦੇ ਥੀਮ ਤੇ ਜੇ ਸਰਸਰੀ ਝਾਤ ਮਾਰੀਏ ਤਾਂ ਸਾਧਾਰਨ ਲੱਗਦਾ ਪਰ ਜੇ ਗਹਿਰਾਈ ਨਾਲ ਅੰਦਰਲੀ ਸੂਖਮ ਝਲਕ ਦਾ ਅਧਿਐਨ ਕਰੀਏ ਤਾਂ ਬਹੁਤ ਹੀ ਜਟਿਲ ਹੈ। ਹਾਇਬਨ ਪੜ੍ਹ ਕੇ ਮਹਿਸੂਸ ਹੁੰਦਾ ਕਿ ਇਸ ਵਿਚ ਕੇਵਲ ਲੇਖਕਾ (ਮੈਂ) ਦੇ ਰੂਪ ਵਿਚ ਆਪਣੇ ਮਨ ਨਾਲ ਮਨਬਚਨੀ ਕਰਦੀ ਹੈ-ਪਹਿਲੀ ਸਥਿਤੀ ਤੇ ਅੰਤਲੇ ਬਦਲਾਓ ਤਕ ਦੀ। ਪਰ ਉਹ ਇਹ ਜ਼ਿਕਰ ਕਰਨੋਂ ਅਸਮਰਥ ਰਹੀ ਹੈ ਕਿ ਇਹ ਬਦਲਾਊ ਆਇਆ/ਹੋਇਆ ਕਿਵੇਂ?
    ਜੇ ਇਹ ਸਵਾਲ ਨਾ ਉਠਾਇਆ ਜਾਵੇ ਤਾਂ ਵੀ ਹਾਇਬਨ ਬਹੁਤ ਸੁੰਦਰ ਹੈ ਤੇ ਲੇਖਕਾ (ਮੈ) ਨੇ ਸੁਤੰਤਰਤਾ ਦਾ ਅਨੰਦ ਮਾਣਦੇ ਹੋਏ ਸਲਾਖ਼ਾਂ (ਜੀਵਨ ਬੰਧਨਾਂ) ਨੂੰ ਤੋੜ ਕੇ,ਪਰਿੰਦੇ (ਮੈ) ਨੂੰ ਆਜ਼ਾਦ ਕਰ ਕੇ ਖ਼ੁਸ਼ੀ ਮਹਿਸੂਸ ਕੀਤੀ। ਵਾਸਤਵ ਵਿਚ ਅਜਿਹੀ ਸਥਿਤੀ ਹਰ ਪ੍ਰਾਣੀ ਉੱਤੇ ਉਸ ਵੇਲੇ ਆਉਂਦੀ ਹੈ,ਜਦ ਉਹ ਆਪਣੇ ਮਨ ਤੇ ਸੋਚ ਤੇ ਪੂਰਾ ਕਾਬੂ ਪਾ ਲੈਂਦਾ ਹੈ ਜਾ ਭੌਤਿਕ ਜਾਮਾ ਬਦਲ ਕੇ ਸਵਾਹ ਹੋ ਜਾਂਦਾ।
    ਅਸਲ ਵਿਚ ਇਸ ਭੌਤਿਕ ਮਨੁੱਖੀ ਸਰੀਰ ਦੀ ਬਣਤਰ ਸਿਰਜਣਹਾਰ ਨੇ ਕੁੱਝ ਇਸ ਤਰਾਂ ਰਚੀ ਹੈ ਕਿ ਉਹ ਬਗੈਰ ਸਾਹ(ਪ੍ਰਾਣ)ਲਿਆ ਜੀਵਤ ਰਹਿ ਹੀ ਨਹੀਂ ਸਕਦਾ। ਇਸ ਦੇ ਕਲਬੂਤ/ਚੋਲ੍ਹੇ ਦੇ ਅੰਦਰ ਇੱਕ ਦਿਮਾਗ਼ ਹੈ,ਜੋ ਮਾਨਵੀ ਸੋਚਾਂ,ਵਿਚਾਰਾਂ,ਇੱਛਾਵਾਂ ਭਾਵਨਾਵਾਂ ਆਦਿ ਨੂੰ ਜਨਮ ਦਿੰਦਾ ਰਹਿੰਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਵੀ ਪਰਮ ਸ਼ਕਤੀ ਹੈ-ਆਤਮਾ ਜਾਂ ਜੋਤ-ਜੋ ਚੇਤਨ ਅਤੇ ਅਵਿਨਾਸ਼ੀ ਹੈ ਅਤੇ ਜਿਊਦੇ ਸਰੀਰ ਵਿਚ ਵਾਸ ਕਰਦੀ ਹੈ;ਜਿਸ ਨੂੰ ਪ੍ਰਮਾਤਮਾ ਦਾ ਅੰਸ਼ ਵੀ ਕਹਿੰਦੇ ਨੇ ਅਤੇ ਮਨੁੱਖ ਦੇ ਮਰਨ ਨਾਲ ਹੀ ਇਸ ਦੇ ਤਨ ਚੋਂ ਨਿਕਲ ਆਪਣੇ ਆਪੇ ਵਿਚ ਲੀਨ ਹੋ ਜਾਂਦੀ ਹੈ। ਮਨ,ਬੁੱਧੀ ਤੇ ਸੰਸਕਾਰ ਇਸ ਦੇ ਅਨਿੱਖੜਵੇਂ ਅੰਗ ਹਨ ਜਿਨ੍ਹਾਂ ਦੁਆਰਾ ਸਹੀ ਨਿਰਨਾ ਲੈਣ ਦੇ ਸੰਕੇਤ ਦਿਮਾਗ਼ ਨੂੰ ਭੇਜਦੀ ਰਹਿੰਦੀ ਹੈ। ਇਸ ਦਾ ਕਾਰਜ ਤਾਂ ਕੇਵਲ ਸਹੀ ਸਿਗਨਲ ਦੇ ਕੇ ਚਿਤਾਵਨੀ ਹੀ ਕਰਾਉਣਾ ਹੈ। ਅੱਗੋਂ ਮਨ,ਚਿੱਤ,ਬੁੱਧ ਤੇ ਸੋਚ ਕੀ ਰਾਹ ਅਪਣਾਉਂਦੇ ਹਨ, ਕਿਹੋ ਜਿਹੇ ਸੰਸਾਰਿਕ ਕਾਰਜ ਕਰਵਾਉਂਦੇ ਹਨ, ਇਸ ਨੂੰ ਹਰ ਇਨਸਾਨ ਵੱਖੋ ਵੱਖਰੇ ਹਾਲਾਤ ਅਧੀਨ ਆਪਣੀ ਸੋਚ ਅਨੁਸਾਰ ਫ਼ੈਸਲਾ ਕਰਦਾ ਹੈ।

    ਸੋ,ਡਾ ਸੁਧਾ ਗੁਪਤਾ ਨੇ ਵੀ ਆਪਣੀ ਸੋਚ ਨੂੰ ਹਾਇਬਨ ਦੇ ਅੰਤ ਤਕ ਬਦਲ ਲਿਆ ਹੈ ਅਤੇ ਸਹੀ ਮਾਰਗ ਤੇ ਤੁਰਦਿਆਂ ਸੁਤੰਤਰਤਾ ਦਾ ਅਨੰਦ ਪਾ ਲਿਆ ਹੈ। ਮੈ ਲੇਖਕਾ ਨੂੰ ਦਿਲੋਂ ਵਧਾਈ ਦਿੰਦਾ ਹਾਂ।
    -0-
    -ਸੁਰਜੀਤ ਸਿੰਘ ਭੁੱਲਰ-23-08-2016

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ