ਚਿੱਤਰਕਾਰ ਤਾਂ ਓਹ ਸਕੂਲ ਦੇ ਦਿਨਾਂ ਤੋਂ ਹੀ ਸੀ ਲੇਕਿਨ ਉਸ ਦੀ ਕਲਾ ਨੂੰ ਜਾਣਨ ਵਾਲਾ ਹੀ ਕੋਈ ਨਹੀਂ ਸੀ। ਉਂਜ ਵੀ ਰਾਜੂ ਗਰੀਬ ਮਾਂ ਦਾ ਇਕਲੌਤਾ ਬੇਟਾ ਹੀ ਸੀ। ਪਿਤਾ ਬਚਪਨ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਇਸ ਤੋਂ ਵੀ ਬੁਰੀ ਗੱਲ ਉਸ ਦਾ ਪੜ੍ਹਾਈ 'ਚੋਂ ਕਮਜ਼ੋਰ ਹੋਣਾ ਸੀ । ਮਾਸਟਰ ਜੀ ਸੋਟੀ ਨਾਲ ਉਸ ਨੂੰ ਕੁਟਦੇ ਹੀ ਰਹਿੰਦੇ । ਮਾਸਟਰ ਜੀ ਵੀ ਕੀ ਕਰਦੇ, ਰਾਜੂ ਨੂੰ ਤਾਂ ਜਿਵੇਂ ਪੜ੍ਹਾਈ 'ਚ ਕੋਈ ਦਿਲਚਸਪੀ ਹੀ ਨਹੀਂ ਸੀ। ਬੱਸ ਸਲੇਟ 'ਤੇ ਤੋਤੇ ਚਿੜੀਆਂ ਕੁੱਤੇ ਆਦਿ ਬਣਾਉਂਦਾ ਰਹਿੰਦਾ । ਇਸੇ ਗੱਲ ਤੋਂ ਮਾਸਟਰ ਜੀ ਨੂੰ ਰਾਜੂ ਨਾਲ ਚਿੜ੍ਹ ਸੀ ਅਤੇ ਉਹ ਰਾਜੂ ਨੂੰ ਮੁਰਗਾ ਬਣਾਉਂਦੇ ਹੀ ਰਹਿੰਦੇ।ਇੱਕ ਦਿਨ ਤਾਂ ਮਾਸਟਰ ਜੀ ਐਨੇ ਤੰਗ ਆਏ ਕਿ ਉਸ ਨੂੰ ਸੋਟੀਆਂ ਨਾਲ ਬੁਰੀ ਤਰਾਂ ਕੁੱਟਿਆ ਅਤੇ ਇਸ ਤੋਂ ਬਾਅਦ ਰਾਜੂ ਕਦੇ ਸਕੂਲ ਨਹੀਂ ਆਇਆ।
ਮਾਂ ਰਾਜੂ ਨੂੰ ਕਿਸੇ ਸ਼ਹਿਰ ਲੈ ਗਈ। ਸਮਾਂ ਬੀਤਿਆ ਤੇ ਉਸ ਦਾ ਵਿਆਹ ਤੇ ਫੇਰ ਬੱਚੇ ਵੀ ਹੋ ਗਏ। ਬਚਪਨ ਦੇ ਚਿੱਤਰਕਾਰੀ ਦੇ ਸ਼ੌਕ ਨੇ ਉਸ ਨੂੰ ਇੱਕ ਚੰਗਾ ਚਿੱਤਰਕਾਰ ਬਣਾ ਦਿੱਤਾ ਸੀ। ਲੇਕਿਨ ਇਸ ਚਿੱਤਰਕਾਰੀ ਤੋਂ ਘਰ ਦਾ ਖਰਚ ਚਲਾਉਣਾ ਉਸ ਲਈ ਬਹੁਤ ਮੁਸ਼ਕਿਲ ਸਾਬਤ ਹੋ ਰਿਹਾ ਸੀ। ਜਿੰਨੀਆਂ ਤਸਵੀਰਾਂ ਉਹ ਬਣਾਉਂਦਾ, ਉਹਨਾਂ ਨੂੰ ਵੇਚਣਾ ਮੁਸ਼ਕਿਲ ਹੁੰਦਾ, ਅਗਰ ਵਿਕ ਵੀ ਜਾਂਦੀਆਂ ਤਾਂ ਐਨੇ ਪੈਸੇ ਨਾ ਮਿਲਦੇ। ਪਤੀ ਪਤਨੀ ਵਿੱਚ ਹਰ ਰੋਜ਼ ਝਗੜਾ ਹੁੰਦਾ। ਕਦੇ ਕਦੀ ਰਾਜੂ ਬਹੁਤ ਉਦਾਸ ਹੋ ਜਾਂਦਾ ਕਿ ਲੋਕ ਉਸ ਦੀ ਕਲਾ ਨੂੰ ਕਿਓਂ ਨਹੀਂ ਪਛਾਣਦੇ ਸੀ। ਜਦ ਕਦੀ ਉਹ ਬਹੁਤ ਉਦਾਸ ਹੋ ਜਾਂਦਾ ਤਾਂ ਸ਼ਹਿਰ ਤੋਂ ਬਾਹਰ ਖੇਤਾਂ ਵੱਲ ਨੂੰ ਚਲੇ ਜਾਂਦਾ। ਖੇਤਾਂ ਵਿੱਚ ਆ ਕੇ ਉਸ ਦੇ ਮਨ ਨੂੰ ਕੁਝ ਚੈਨ ਮਿਲਦਾ । ਕਦੇ ਕਦੇ ਕਿਸੇ ਕਿਸਾਨ ਨਾਲ ਉਸ ਦੀ ਮੁਲਾਕਾਤ ਹੋ ਜਾਂਦੀ। ਉਹਨਾਂ ਨਾਲ ਗੱਲਬਾਤ ਕਰਕੇ ਉਸ ਨੂੰ ਖੁਸ਼ੀ ਮਿਲਦੀ।ਰੋਜ਼ -ਰੋਜ਼ ਖੇਤਾਂ ਵੱਲ ਆਉਣਾ ਉਸ ਲਈ ਸੰਭਵ ਨਹੀਂ ਸੀ ਲੇਕਿਨ ਜਦ ਕਦੀ ਮਨ ਜ਼ਿਆਦਾ ਉਦਾਸ ਹੁੰਦਾ ਤਾਂ ਉਹ ਇੱਥੇ ਆ ਜਾਂਦਾ।
ਇੱਕ ਸ਼ਾਮ ਨੂੰ ਸੈਰ ਕਰਦੇ ਕਰਦੇ ਕੁਝ ਹਨ੍ਹੇਰਾ ਹੋਣਾ ਸ਼ੁਰੂ ਹੋ ਗਿਆ ਸੀ। ਸਰਸਰੀ ਨਜ਼ਰ ਨਾਲ ਉਸ ਨੇ ਦੇਖਿਆ ਇੱਕ ਕਿਸਾਨ ਇੱਕ ਰੁੱਖ ਨਾਲ ਰੱਸਾ ਬੰਨ੍ਹ ਰਿਹਾ ਸੀ। ਰਾਜੂ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ। ਉਹ ਚਲਾ ਜਾ ਰਿਹਾ ਸੀ। ਇਇੱਕ ਵਾਰ ਫਿਰ ਉਸ ਨੇ ਗਰਦਨ ਘੁਮਾ ਕੇ ਓਧਰ ਵੇਖਿਆ ਤਾਂ ਉਸ ਦੇ ਹੋਸ਼ ਉੜ ਗਏ. ਉਹ ਕਿਸਾਨ ਉਸ ਰੱਸੇ ਨੂੰ ਆਪਣੇ ਗਲ ਵਿੱਚ ਪਾ ਰਿਹਾ ਸੀ। ਬਿਜਲੀ ਦੀ ਤੇਜੀ ਨਾਲ ਰਾਜੂ ਨੇ ਦੌੜ ਕੇ ਉਸ ਕਿਸਾਨ ਨੂੰ ਫੜ ਲਿਆ ਤੇ ਗਲ ਵਿਚੋਂ ਰੱਸਾ ਕੱਢਣ ਲੱਗਾ।" ਮੈਨੂੰ ਛੱਡ ਦੇ ! ਮੈਨੂੰ ਛੱਡ ਦੇ," ਉਹ ਕਿਸਾਨ ਉਚੀ ਉਚੀ ਬੋਲ ਰਿਹਾ ਸੀ। ਲੇਕਿਨ ਰਾਜੂ ਨੇ ਰੱਸਾ ਗਲ ਵਿਚੋਂ ਕੱਢ ਦਿੱਤਾ। ਕਿਸਾਨ ਰੋਂਦਾ ਰੋਂਦਾ ਬੋਲ ਰਿਹਾ ਸੀ ਕਿ ਜੀਣ ਵਾਸਤੇ ਉਸ ਦੇ ਕੋਲ ਹੁਣ ਕੁਝ ਨਹੀਂ ਬਚਿਆ ਸੀ। ਉਸ ਦੇ ਸਿਰ ਐਨਾ ਕਰਜ਼ ਹੋ ਗਿਆ ਸੀ ਕਿ ਇਸ ਜਨਮ ਵਿਚ ਉਹ ਲਾਹ ਨਹੀਂ ਸਕਦਾ ਸੀ। ਫੇਰ ਰਾਜੂ ਨੇ ਉਸ ਦੇ ਪਰਵਾਰ ਜਾਣਿਆ ਤੇ ਉਸ ਨੂੰ ਸਮਝਿਆ ਕਿ ਉਹ ਤਾਂ ਆਤਮ ਹੱਤਿਆ ਕਰ ਕੇ ਸੁਰਖੁਰੂ ਹੋ ਜਾਵੇਗਾ ਲੇਕਿਨ ਬੀਵੀ ਅਤੇ ਬੱਚਿਆਂ ਦਾ ਕੀ ਬਣੇਗਾ। ਰਾਜੂ ਨੇ ਉਸ ਨੂੰ ਆਪਣੀ ਹਾਲਤ ਬਾਰੇ ਦੱਸਦਿਆਂ ਕਿਹਾ ਕਿ ਉਹ ਅੰਤ ਹੱਤਿਆ ਬਾਰੇ ਸੋਚ ਵੀ ਨਹੀਂ ਸਕਦਾ। ਸਮਝਾ ਬੁਝਾ ਕੇ ਰਾਜੂ ਕਿਸਾਨ ਨੂੰ ਉਸ ਦੇ ਘਰ ਛੱਡ ਆਇਆ ਲੇਕਿਨ ਉਹ ਬਹੁਤ ਘਬਰਾਇਆ ਹੋਇਆ ਘਰ ਜਾ ਰਿਹਾ ਸੀ।
ਸਾਰੀ ਰਾਤ ਰਾਜੂ ਸੋਚਦਾ ਰਿਹਾ ਕਿ ਅਗਰ ਕਿਸਾਨ ਆਤਮ ਹੱਤਿਆ ਕਰ ਲੈਂਦਾ ਤਾਂ ਕਿੰਨੀਆਂ ਹੋਰ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ। ਕਈ ਦਿਨ ਇਸ ਤਰ੍ਹਾਂ ਲੰਘ ਗਏ। ਇੱਕ ਸਵੇਰ ਨੂੰ ਉਸ ਦੇ ਦਿਮਾਗ 'ਚ ਕੁਝ ਆਇਆ ਤੇ ਉਸ ਨੇ ਇੱਕ ਚਿੱਤਰ ਬਨਾਉਣਾ ਸ਼ੁਰੂ ਕਰ ਦਿੱਤਾ। ਜਦ ਚਿੱਤਰ ਕਈ ਦਿਨਾਂ 'ਚ ਪੂਰਾ ਹੋਇਆ ਤਾਂ ਉਸ ਨੂੰ ਦੇਖ ਕੇ ਖੁਦ ਹੀ ਰਾਜੂ ਉਦਾਸ ਹੋ ਗਿਆ। ਚਿੱਤਰ ਵਿੱਚ ਇੱਕ ਕਿਸਾਨ ਕਿਸੇ ਦਰਖਤ ਨਾਲ ਬੰਨੇ ਹੋਏ ਰੱਸੇ ਨੂੰ ਗਲ ਵਿਚ ਪਾ ਕੇ ਬਾਰਸ਼ ਨਾਲ ਡੁੱਬੀ ਫਸਲ ਵੱਲ ਦੇਖਦਾ ਹੋਇਆ ਲਟਕ ਰਿਹਾ ਸੀ। ਰਾਜੂ ਤੋਂ ਚਿੱਤਰ ਵੱਲ ਦੇਖ ਨਹੀਂ ਸੀ ਹੁੰਦਾ। ਉਹ ਇਸ ਨੂੰ ਜਿੰਨੀ ਛੇਤੀ ਹੋ ਸਕੇ ਕਿਸੇ ਵੀ ਕੀਮਤ 'ਤੇ ਵੇਚਣਾ ਚਾਹੁੰਦਾ ਸੀ। ਸਾਰੇ ਚਿੱਤਰ ਲੈ ਕੇ ਰਾਜੂ ਸੜ੍ਹਕ ਦੇ ਕਿਨਾਰੇ ਬੈਠ ਕੇ ਗਾਹਕ ਦਾ ਇੰਤਜ਼ਾਰ ਕਰਨ ਲੱਗਾ। ਜੋ ਵੀ ਇਸ ਚਿੱਤਰ ਨੂੰ ਦੇਖਦਾ ਉਹ ਦੁੱਖ ਭਰੀ ਆਵਾਜ਼ 'ਚ ਕੁਝ ਸ਼ਬਦ ਬੋਲ ਕੇ ਅੱਗੇ ਚਲੇ ਜਾਂਦਾ। ਕੋਈ ਖਰੀਦਣ ਨੂੰ ਤਿਆਰ ਨਾ ਹੁੰਦਾ। ਸ਼ਾਮ ਹੋ ਗਈ ਸੀ। ਉਹ ਘਰ ਨੂੰ ਮੁੜਨ ਹੀ ਵਾਲਾ ਸੀ ਕਿ ਇੱਕ ਵਿਦੇਸ਼ੀ ਜੋੜਾ ਆ ਕੇ ਇਸ ਤਸਵੀਰ ਨੂੰ ਦੇਖਣ ਲੱਗੇ । ਬਹੁਤ ਦੇਰ ਤੱਕ ਦੇਖਣ ਤੋਂ ਬਾਅਦ ਉਹ ਗੋਰਾ ਬੋਲਿਆ," ਕਿਤਨੇ ਪੈਸੇ ਲੇਗਾ ਇਸ ਪੇਂਟਿੰਗ ਕੇ। " ਸਾਹਬ ਜੋ ਮਰਜੀ ਦੇ ਦੋ ਰਾਜੂ ਬੋਲਿਆ। " ਏਕ ਲਾਖ ਰੁਪੀ ਲੇਗਾ ?" ਸੁਣ ਕੇ ਰਾਜੂ ਦਾ ਮੂੰਹ ਖੁੱਲਾ ਹੀ ਰਹਿ ਗਿਆ। " ਏਕ ਲਾਖ ਦਸ ਹਜ਼ਾਰ ਸੇ ਜ਼ਿਆਦਾ ਨਹੀਂ ਦੇਗਾ, ਬੋਲੋ ਮਨਜੂਰ ਹੈ ? " ਰਾਜੂ ਦੇ ਮੂੰਹ ਵਿੱਚੋਂ ਕੋਈ ਆਵਾਜ਼ ਨਿਕਲ ਨਹੀਂ ਰਹੀ ਸੀ। ਸਿਰ ਹਿਲਾ ਕੇ ਉਸ ਨੇ ਰਜ਼ਾਮੰਦੀ ਜ਼ਹਿਰ ਕਰ ਦਿੱਤੀ। ਇੱਕ ਲੱਖ ਦਸ ਹਜ਼ਾਰ ਰੁਪਏ ਤੇ ਬਾਕੀ ਦੀਆਂ ਪੇਂਟਿੰਗ ਲੈ ਕੇ ਜਦ ਰਾਜੂ ਘਰ ਨੂੰ ਜਾ ਰਿਹਾ ਸੀ ਤਾਂ ਉਸ ਦੇ ਦਿਮਾਗ ਵਿਚ ਹਜ਼ਾਰਾਂ ਖ਼ਿਆਲ ਆ ਰਹੇ ਸਨ। ਉਸ ਨੂੰ ਲੱਗਾ ਕਿ ਇਹਨਾਂ ਪੈਸਿਆਂ ਦਾ ਅਸਲ ਹੱਕਦਾਰ ਉਹ ਖੁਦ ਨਹੀਂ ਸੀ ਬਲਕਿ ਉਹ ਕਿਸਾਨ ਸੀ।
ਗੁਰਮੇਲ ਸਿੰਘ ਭੰਮਰਾ
ਸਭ ਤੋਂ ਪਹਿਲਾਂ ਤਾਂ ਗੁਰਮੇਲ ਸਿੰਘ ਭੰਮਰਾ ਜੀ ਦਾ ਸਫ਼ਰਸਾਂਝ 'ਤੇ ਨਿੱਘਾ ਸੁਆਗਤ ਕਰਦੇ ਹਾਂ। ਅੱਜ ਆਪ ਨੇ 'ਚਿੱਤਰਕਾਰ' ਕਹਾਣੀ ਨਾਲ ਸਾਡੇ ਨਾਲ ਸਾਂਝ ਪਾਈ ਹੈ।
ReplyDeleteਲੇਖਕ ਨੇ ਬੜੇ ਹੀ ਸੋਹਣੇ ਢੰਗ ਨਾਲ ਪਾਠਕ ਨੂੰ ਉਂਗਲ ਲਾਈ ਤੋਰੀ ਰੱਖਿਆ।ਅੰਦਰ ਦੀ ਕਲਾ ਕਦੇ ਮਰਦੀ ਨਹੀਂ। ਹਾਂ ਇਸ ਨੂੰ ਪ੍ਰਗਟਾਉਣ ਦੇ ਵਸੀਲੇ ਤੇ ਪਲ ਸਾਨੂੰ ਆਪ ਘੜਨੇ ਪੈਂਦੇ ਨੇ। ਚਿੱਤਰਕਾਰ ਕਹਾਣੀ ਬਹੁਤ ਹੀ ਸੰਵੇਦਨਸ਼ੀਲ ਰਚਨਾ ਹੈ। ਗਰੀਬੀ ਕਿਸੇ ਕਲਾਕਾਰ ਦੀ ਕਲਾ ਖੋਹ ਤਾਂ ਨਹੀਂ ਸਕਦੀ ਪਰ ਦਬਾ ਜ਼ਰੂਰ ਦਿੰਦੀ ਹੈ। ਕਲਾਕਾਰ ਦਾ ਮਨ ਬੜਾ ਨਾਜ਼ੁਕ ਹੁੰਦਾ ਹੈ ਤੇ ਕਿਸੇ ਦਾ ਦੁੱਖ ਵੇਖ ਕੇ ਝੱਟ ਪਸੀਜ ਜਾਂਦਾ ਹੈ। ਬਹੁਤ ਹੀ ਉਤਰਾ -ਚੜ੍ਹਾ ਵਿਖਾਉਂਦੀ ਹੈ ਜ਼ਿੰਦਗੀ। ਇਹੋ ਲੇਖਕ ਨੇ ਇਸ ਕਹਾਣੀ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਗੁਰਮੇਲ ਸਿੰਘ ਭੰਮਰਾ ਅੰਕਲ ਜੀ ਵਧਾਈ ਦੇ ਪਾਤਰ ਨੇ ਇਸ ਕਹਾਣੀ ਨਾਲ ਸਾਂਝ ਪਾਉਣ ਲਈ।
ਸੰਪਾਦਕ ਜੀ , ਮੇਰੀ ਰਚਨਾ ਨੂੰ ਆਪ ਜੀ ਨੇ ਛਪਣ ਯੋਗ ਸਮਝਿਆ, ਇਸ ਲਈ ਆਪ ਜੀ ਦਾ ਬਹੁਤ ਬਹੁਤ ਧਨਵਾਦ .ਦਰਅਸਲ, ਕੋਈ ਸਮਾਂ ਸੀ ਜਦ ਮੈਨੇ ਭੀ ਆਪਣੇ ਬਾਬਾ ਜੀ ਨਾਲ ਖੇਤੀ ਕੀਤੀ ਸੀ .ਕਿਸਾਨਾਂ ਦੇ ਦੁਖ ਮੇਰੇ ਤੋਂ ਜਿਆਦਾ, ਸਿਰਫ ਅੱਜ ਦਾ ਕਿਸਾਨ ਹੀ ਸਮਝਦਾ ਹੈ . ਜਦ ਭੀ ਕਦੇ ਕਿਸਾਨ ਦੀ ਖੁਦਕਸ਼ੀ ਦੀ ਖਬਰ ਪੜ੍ਹਦੇ ਹਾਂ, ਤਾਂ ਸੀਨੇ ਵਿਚ ਇੱਕ ਧੂ ਜਿਹੀ ਪੈਂਦੀ ਹੈ . ਉਸ ਕਿਸਾਨ ਦੀ ਫਸਲ ਨੂੰ ਵਿਓਪਾਰੀ ਲੋਕ ਬੈਠੇ ਬਿਠਾਏ ਅਮੀਰ ਹੋ ਜਾਂਦੇ ਹਨ .ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਦੇਖਿਆ ਹੈ ਕਿ ਕਿਸਾਨ ਕਦੇ ਸੁਖੀ ਨਹੀਂ ਹੋਇਆ . ਦੋ ਬਿਗ੍ਹਾ ਜਮੀਨ ਫਿਲਮ ਦੀ ਜਿਸ ਨੇ ਭੀ ਕਹਾਣੀ ਲਿਖੀ ਹੋਵੇਗੀ, ਉਸ ਨੇ ਬਹੁਤ ਨੇੜਿਓਂ ਕਿਸਾਨ ਨੂੰ ਦੇਖਿਆ ਹੋਵੇਗਾ . ਅਕਸਰ ਦੇਖਦੇ ਹਾਂ , ਸਰਕਾਰਾਂ ਵਾਅਦੇ ਤਾਂ ਬਹੁਤ ਕਰਦੀਆਂ ਹਨ ਲੇਕਿਨ ਕਿਸਾਨ ਦੀ ਖੁਦਕਸ਼ੀ ਕੁਛ ਹੋਰ ਹੀ ਬਿਆਨ ਕਰਦੀ ਹੈ .
ReplyDeleteਚਿੱਤਰਕਾਰ (ਕਹਾਣੀ) ਅੱਜ ਕਲ ਦੇ ਸਾਧਾਰਨ ਕਿਸਾਨਾਂ ਦੀ ਤ੍ਰਾਸਦੀ ਹਾਲਤ ਉੱਤੇ ਕਟਾਖਸ਼ ਕਰਦੀ ਸੁੰਦਰ ਸਾਦਗੀ ਭਰੇ ਸ਼ਬਦਾਂ ਨਾਲ ਉਸਾਰੀ ਬਹੁਤ ਵਧੀਆਂ ਲਿਖਤ ਹੈ।
ReplyDeleteਇਸ ਦੇ ਅੰਦਰਲੇ ਚਿੱਤਰਕਾਰ ਦੇ ਕਿਰਦਾਰ ਦੀ ਬਚਪਨ ਤੋਂ ਲੈ ਕੇ ਅੱਜ ਤਕ ਦੀ ਮਨੋਦਸ਼ਾ ਨੂੰ ਕਲਮੀ ਚਿੱਤਰ ਰਾਹੀ ਪੂਰੀ ਇਮਾਨਦਾਰੀ ਨਾਲ ਉਭਾਰਿਆ ਹੈ। ਤਸਵੀਰ ਵੇਚ ਕੇ ਜਦ ਉਹ ਘਰ ਵਾਪਸ ਜਾ ਰਿਹਾ ਹੁੰਦਾ ਤਾਂ 'ਉਸ ਦੇ ਦਿਮਾਗ਼ ਵਿਚ ਹਜ਼ਾਰਾਂ ਖ਼ਿਆਲ ਆ ਰਹੇ ਸਨ।ਉਸ ਨੂੰ ਲੱਗਾ ਕਿ ਇਹਨਾਂ ਪੈਸਿਆਂ ਦਾ ਅਸਲ ਹੱਕਦਾਰ ਉਹ ਖ਼ੁਦ ਨਹੀਂ ਸੀ ਬਲਕਿ ਉਹ ਕਿਸਾਨ ਸੀ।' ਇੱਕ ਸਚਾਈ ਰੂਪਮਾਨ ਕੀਤੀ ਹੈ।
ਇਸ ਦੇ ਨਾਲ ਹੀ ਵਿਦੇਸ਼ੀ ਜੋੜਾ ਵੀ ਸੋਚਦਾ ਤਾਂ ਹੋਵੇਗਾ ਕਿ ਕੀ ਇਸ ਦੇਸ਼ ਦੀ ਇਹੋ ਤਰੱਕੀ ਹੈ ਜਿੱਥੇ ਕਿਸਾਨ ਆਪਣੀ ਜਾਨ ਫਾਹਾ ਲੈ ਕੇ ਅਜਾਈਂ ਹੀ ਗਵਾ ਰਹੇ ਹਨ ਅਤੇ ਸੰਬਧਤ ਸਰਕਾਰ ਇਸ ਮਸਲੇ ਤੇ ਅਵੇਸਲੀ ਹੈ ?
ਗੁਰਮੇਲ ਸਿੰਘ ਭੰਮਰਾ ਅੱਜ ਦੇ ਭਖਦੇ ਕਿਸਾਨੀ ਮਸਲੇ ਨੂੰ ਬਹੁਤ ਸੁਚੇਤ ਵਿਧੀ ਨਾਲ ਪੇਸ਼ ਕਰਨ ਵਿਚ ਕਾਮਯਾਬ ਕਹਾਣੀਕਾਰ ਹੇ,ਜੋ ਬਹੁਤ ਸਲਾਹੁਣਯੋਗ ਹੈ। ਇਸ ਲਿਖਤ ਤੇ ਮੈਂ ਉਨ੍ਹਾਂ ਨੂੰ ਦਿਲੋਂ ਵਧਾਈ ਭੇਜਦਾ ਹਾਂ।
-0-
ਸੁਰਜੀਤ ਸਿੰਘ ਭੁੱਲਰ-12-08-2017
ਸੁਰਜੀਤ ਜੀ , ਆਏ ਦਿਨ ਖੁਦਕਸ਼ੀ ਦੀਆਂ ਵਾਰਦਾਤਾਂ ਸੁਣ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ . ਇਸ ਲਈ ਇਸ ਕਹਾਣੀ ਨੂੰ ਲਿਖਣਾ ਪਿਆ . ਆਪ ਜੀ ਦਾ ਬਹੁਤ ਬਹੁਤ ਧਨਵਾਦ
DeleteThis comment has been removed by the author.
ReplyDeleteThis comment has been removed by the author.
ReplyDeleteਇਸ ਕਹਾਣੀ ਮੇਂ ਕਹਾਣੀਕਾਰ ਨੇ ਗਰੀਬ ਚਿੱਤਰਕਾਰ ਤੇ ਕਿਸਾਨ ਦੇ ਹਾਲਾਤਾਂ ਤੇ ਬੜੀ ਕੁਸ਼ਲਤਾ ਨਾਲ ਕਲਮ ਚਲਾਈ ਹੈ। ਇਕ ਜੀਤੋੜ ਮੇਹਨਤ ਕਰਕੇ ਭੀ ਕੁਛ ਹਾਸਿਲ ਨਾ ਹੋਣ ਕਰਕੇ ਜੀਵਨਲੀਲਾ ਕੋ ਸਮਾਪਤ ਕਰਨ ਜਾ ਰਿਹਾ ਹੈ। ਦੂਸਰੀ ਔਰ ਕੋਮਲ ਹਿਰਦੈ ਚਿੱਤਰਕਾਰ ਕਿਸਾਨ ਕੇ ਸਾਥ ਥੋੜੀ ਜਾਣਕਾਰੀ ਹੋਣ ਕਰਕੇ ਜਬ ਦੇਖਤਾ ਕਿਸਾਨ ਕੋ ਰੱਸੇ ਸੇ ਲਟਕ ਕਰ ਜਾਨ ਗਵਾਂਤੇ ਤੋ ਦੌੜ ਕਰ ਉਸੇ ਬਚਾਤਾ ਹੈ। ਉਸ ਕਿਸਾਨ ਕਾ ਚਿੱਤਰ ਬਣਾ ਕਰ ਬੇਚਨੇ ਕੋ ਬੈਠਾ ਹੈ ਔਰ ਇਕ ਵਿਦੇਸ਼ੀ ਜੋੜਾ ਉਸੇ ਵਹ ਕਿਸਾਨ ਵਾਲਾ ਚਿੱਤਰ ਖ਼ਰੀਦ ਲੇਤਾ ਹੈ ।ਅੱਛੀ ਖਾਸੀ ਰਕਮ ਦੇਕਰ।ਜਿੰਦਗੀ ਕੇ ਸੰਗਰਸ਼ ਕੇ ਵਰਨਣ ਕੇ ਸਾਥ ਸਾਥ ਕਹਾਣੀਕਾਰ ਨੇ ਦੇਸ਼ ਕੇ ਕਿਸਾਨੋ ਕੇ ਦਰਦ ਕੋ ਭੀ ਦਿਖਾਇਆ ਹੈ। ਲੇਖਕ ਕੋ ਵਧਾਈ।
ReplyDeleteਕਮਲਾ ਜੀ , ਆਪ ਜੀ ਦੇ ਕੌਮੈੰਟ ਤੋਂ ਮੈਨੂੰ ਪਤਾ ਲਗਦਾ ਹੈ ਕਿ ਆਪ ਪੰਜਾਬੀ ਲਿਖਣ ਲਈ ਬਹੁਤ ਮਿਹਨਤ ਕਰ ਰਹੇ ਹੋ, ਜੋ ਬਹੁਤ ਹੀ ਖੁਸ਼ੀ ਦੀ ਗੱਲ ਹੈ . ਮੈਨੂੰ ਇੰਨੀ ਹਿੰਦੀ ਨਹੀਂ ਆਉਂਦੀ ਸੀ ਲੇਕਿਨ ਪਿਛਲੇ ਚਾਰ ਸਾਲਾਂ ਵਿਚ ਮੇਰੀ ਹਿੰਦੀ ਲਿਖਣ ਦੀ ਕਾਫੀ ਪ੍ਰੈਕਟਿਸ ਹੋ ਗਈ ਹੈ .ਖੈਰ ,ਭਾਸ਼ਾਵਾਂ ਤਾਂ ਜਿਨੀਆਂ ਭੀ ਆਉਂਦੀਆਂ ਹੋਣ ਅਛਾ ਹੈ .
Deleteਮੇਰੀ ਕਹਾਣੀ ਦੇ ਦੋ ਪਹਲੂ ਹਨ .ਇੱਕ ਤਾਂ ਪਹਲਾਂ, ਅਧਿਆਪਕ ਨੇ ਹੀ ਰਾਜੂ ਦੀ ਕਲਾ ਨੂੰ ਪਛਾਨਿਆ ਨਹੀਂ ,ਫਿਰ ਇਸ ਚਿਤ੍ਰਕਾਰੀ ਦੀ ਬੇਕਦਰੀ ਇਤਨੀ ਕਿ ਉਸ ਦੀ ਰੋਜ਼ੀ ਰੋਟੀ ਭੀ ਇਸ ਨਾਲ ਮੁਸ਼ਕਿਲ ਨਾਲ ਨਿਕਲਦੀ ਸੀ .ਇੱਕ ਬਿਦੇਸ਼ੀ ਜੋੜੇ ਨੇ ਉਸ ਦੀ ਕਲਾ ਦਾ ਮੁੱਲ ਪਾਇਆ, ਕਿਓਂਕਿ ਉਸ ਨੂੰ ਕਲਾ ਦਾ ਪਤਾ ਸੀ .ਸਾਡੇ ਆਮ ਲੋਕਾਂ ਵਾਸਤੇ ਤਾਂ ਮੋਨਾਲਿਜ਼ਾ ਭੀ ਕੁਛ ਨਹੀਂ .
ਦੂਸਰਾ ਪਖ, ਸਾਡੇ ਦੇਸ਼ ਵਿਚ ਅਨਦਾਤਾ ਦਾ ਹੀ ਭੁਖਾ ਮਾਰਨਾ ਅਤੇ ਖੁਦਕਸ਼ੀ ਲਈ ਮਜਬੂਰ ਹੋਣਾ . ਆਪ ਨੇ ਇਸ ਕਹਾਣੀ ਨੂੰ ਅਛੀ ਤਰਾਂ ਸਮਝਿਆ ਹੈ, ਇਸ ਲਈ ਮੇਰੀ ਮਿਹਨਤ ਸਫਲ ਹੋ ਗਈ . ਧਨਵਾਦ ਜੀ .