ਗੱਲ ਸ਼ਾਇਦ 1952- 53 ਦੀ ਹੋਵੇਗੀ,ਰਾਜ ਕਪੂਰ ਦੀ ਫਿਲਮ ਅਵਾਰਾ ਆਈ ਸੀ। ਸਾਡੇ ਪਿੰਡ ਦਾ ਸਕੂਲ ਛੇਵੀਂ ਜਮਾਤ ਤੱਕ ਸੀ। ਪੰਜ- ਸੱਤ ਪਿੰਡ ਦੇ ਮੁੰਡੇ ਅਗਲੀ ਪੜ੍ਹਾਈ ਲਈ ਫਗਵਾੜੇ ਜਾਣ ਲੱਗ ਪਏ। ਉਹਨਾਂ ਦਿਨਾਂ ਵਿਚ ਪਿੰਡ ਦੇ ਸਾਰੇ ਮੁੰਡੇ ਪਜਾਮੇ ਹੀ ਪਹਿਨਦੇ ਹੁੰਦੇ ਸਨ। ਜਿਹੜੇ ਕੁਝ ਮੁੰਡੇ ਸ਼ਹਿਰ ਜਾਣ ਲੱਗੇ, ਉਹ ਸ਼ਹਿਰੀ ਮੁੰਡਿਆਂ ਨੂੰ ਦੇਖ ਕੇ ਰਾਜ ਕਪੂਰ ਦੇ ਗਾਣੇ, ਮੇਰਾ ਜੂਤਾ ਹੈ ਜਾਪਾਨੀ ਵਿੱਚ ਰਾਜ ਕਪੂਰ ਦੀ ਉੱਚੀ ਪੈਂਟ ਦੀ ਤਰਾਂ ਪੈਂਟਾਂ ਪਾਉਣ ਲੱਗ ਪਏ। ਪਿੰਡ ਦੇ ਲੋਕ ਉਹਨਾਂ ਵੱਲ ਦੇਖ ਕੇ ਹੱਸਦੇ ਹੁੰਦੇ ਸਨ।
ਇੱਕ ਦਿਨ ਕਿਸੇ ਦੇ ਘਰ ਵਿਚ ਕੋਈ ਧਾਰਮਿਕ ਰਸਮ ਸੀ। ਇਸ ਘਰ ਦੇ ਦੋ ਮੁੰਡੇ, ਰਾਜ ਕਪੂਰ ਵਰਗੀਆਂ ਉੱਚੀਆਂ ਪੈਂਟਾਂ ਪਾਈ ਇਧਰ ਉਧਰ ਟੌਹਰ ਨਾਲ ਘੁੰਮ ਰਹੇ ਸੀ। ਉਹਨਾਂ ਨੂੰ ਦੇਖ ਕੇ ਇੱਕ ਬਜ਼ੁਰਗ ਉਹਨਾਂ ਨੂੰ ਬੋਲਿਆ, " ਬਈ ਜਵਾਨੋ ! ਇਹ ਜਿਹੜੇ ਪੈਸੇ ਤੁਸੀਂ ਪੈਂਟਾਂ ਤੇ ਲਾਏ ਆ, ਇਹਦੀ ਤੁਸੀਂ ਆਹ ਕੰਧ ਹੀ ਬਣਾ ਦਿੰਦੇ, ਜਿਹੜੀ ਕੱਚੀ ਇੱਟਾਂ ਦੀ ਬਣੀ ਹੋਇਆ ਆ। ਖਸਤਾ ਹਾਲਤ ਵਿੱਚ ਆ, ਜੋ ਕਿਸੇ ਵੇਲੇ ਵੀ ਮੀਂਹ ਨਾਲ ਡਿੱਗ ਸਕਦੀ ਹੈ ਤੇ ਕੋਈ ਥੱਲੇ ਆ ਸਕਦਾ ਹੈ । ਬਜ਼ੁਰਗ ਦੀ ਗੱਲ ਸੁਣ ਕੇ ਸਾਰੇ ਹੱਸ ਪਏ। ਗੱਲ ਗਈ ਆਈ ਹੋ ਗਈ ਅਤੇ ਕੁਝ ਦਿਨਾਂ ਬਾਅਦ ਹੀ ਮੋਹਲੇਧਾਰ ਮੀਂਹ ਪਿਆ ਤੇ ਕੰਧ ਧੈਂ ਦੇਣੀ ਥੱਲੇ ਡਿੱਗ ਪਈ। ਪ੍ਰਮਾਤਮਾ ਦਾ ਸ਼ੁਕਰ ਹੋਇਆ ਕਿ ਇੱਕ ਛੋਟਾ ਜਿਹਾ ਮੁੰਡਾ ਕੁਝ ਪਹਿਲਾਂ ਉਸ ਕੰਧ ਤੋਂ ਪਾਰ ਹੋਇਆ ਹੀ ਸੀ ਜੇ ਉਥੇ ਹੁੰਦਾ ਤਾਂ ਥੱਲੇ ਆ ਸਕਦਾ ਸੀ। ਰੌਲਾ ਪੈ ਗਿਆ ਪਰ ਸਭ ਨੇ ਸ਼ੁਕਰ ਮਨਾਇਆ ਕਿ ਮੁੰਡਾ ਬਚ ਗਿਆ।
ਅੱਜ ਮੈਨੂੰ ਉਸ ਬਜ਼ੁਰਗ ਦੀ ਗੱਲ ਯਾਦ ਆਈ ਜਦ ਮੁੰਬਈ ਦੇ ਰੇਲਵੇ ਸਟੇਸ਼ਨ ਦੇ ਕ੍ਰੌਸਿੰਗ ਬਰਿੱਜ 'ਤੇ 22 ਲੋਕ ਮਾਰੇ ਗਏ ਅਤੇ ਅਨੇਕਾਂ ਜਖਮੀ ਹੋਏ। ਅੱਜ ਮੈਂ ਵੀ ਬਜ਼ੁਰਗ ਹੀ ਹਾਂ ਅਤੇ ਭਾਰਤ ਦੀ ਹਕੂਮਤ ਨੂੰ ਕਹਿੰਦਾ ਹਾਂ, " ਓਏ ਬੁਲੇਟ ਟ੍ਰੇਨਾਂ ਫਿਰ ਬਣਾ ਲਿਓ ਪਰ ਪਹਿਲਾਂ ਅੰਗਰੇਜ਼ਾਂ ਦੇ ਛੱਡੇ ਹੋਏ ਕ੍ਰੌਸਿੰਗ ਬਰਿੱਜ ਤਾਂ ਠੀਕ ਕਰ ਲਉ।
ਗੁਰਮੇਲ ਸਿੰਘ ਭੰਮਰਾ
ਅੰਕਲ ਜੀ ਕਿਸੇ ਨੇ ਸਹੀ ਹੀ ਤਾਂ ਕਿਹਾ ਹੈ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਦ 'ਚ ਪਤਾ ਲੱਗਦੈ ॥
ReplyDeleteਆਪ ਨੇ ਬੜੇ ਹੀ ਵਧੀਆ ਤਰੀਕੇ ਨਾਲ ਆਪਣੇ ਤਜ਼ਰਬੇ 'ਚੋਂ ਸਿਹਣੀ ਉਦਾਹਰਣ ਦੇ ਕੇ ਇਸ ਨੂੰ ਸਹੀ ਸਿੱਧ ਕਰ ਦਿੱਤਾ ਹੈ।
ਹਰਦੀਪ ! ਜੋ ਮੈਂ ਕਿਹਾ, ਉਹ ਹੀ ਕੱਲ ਰਾਜਠਾਕਰੇ ਨੇ ਬੁਲੇਟ ਟ੍ਰੇਨ ਬਾਰੇ ਕਿਹਾ ਹੈ . ਪੁਰਾਣੇ ਬਜੁਰਗ ਸਿਧੇ ਸਾਧੇ ਲੇਕਿਨ ਆਪਣੇ ਤਜੁਰਬੇ ਦੀ ਗੱਲ ਸਿਧੇ ਸਾਧੇ ਢੰਗ ਨਾਲ ਦੱਸ ਦਿੰਦੇ ਸਨ ਅਤੇ ਲੋਕ ਉਹਨਾਂ ਨੂੰ ਇਜ਼ਤ ਭੀ ਦਿੰਦੇ ਸਨ .ਅੱਜ ਕੱਲ ਤਾਂ ਕਿਸੇ ਨੂੰ ਸਮਝਾਉਣ ਦਾ ਭੀ ਸਮਾਂ ਨਹੀਂ ਰਿਹਾ .ਅੱਜ ਕੱਲ ਦੇ ਪੜ੍ਹੇ ਲਿਖੇ ਤਾਂ ਫੱਟ ਜਵਾਬ ਦੇ ਦਿੰਦੇ ਹਨ mind your own bussiness.
ReplyDelete