ਕਈ ਦਿਨਾਂ ਤੋਂ ਸਾਡੇ ਘਰ ਲਗਾਤਾਰ ਮਹਿਮਾਨ ਆਉਂਦੇ ਰਹੇ ਅਤੇ ਸਾਡੇ ਸਮਾਜ ਦੀ ਸਭ ਤੋਂ ਉੱਤਮ ਗੱਲ ਹੈ, ਮਹਿਮਾਨ ਨਿਵਾਜ਼ੀ। ਮਹਿਮਾਨਾਂ ਦੀ ਸੇਵਾ ਲਈ ਤਰਾਂ -ਤਰਾਂ ਦੇ ਖਾਣੇ ਬਣਦੇ ਰਹੇ। ਮਹਿਮਾਨ ਵੀ ਖੁਸ਼ ਅਤੇ ਅਸੀਂ ਵੀ ਖੁਸ਼। ਵੈਸੇ ਮੈਂ ਬਹੁਤ ਹਲਕੀ ਅਤੇ ਸਿਹਤਮੰਦ ਖੁਰਾਕ ਹੀ ਖਾਂਦਾ ਹਾਂ, ਜ਼ਿਆਦਾ ਸਲਾਦ, ਫਰੂਟਸ, ਨੱਟਸ, ਸੀਡ, ਦੁੱਧ ਦਹੀਂ ਆਦਿ। ਲੇਕਿਨ ਜਦ ਮਹਿਮਾਨ ਆ ਜਾਣ ਤਾਂ ਇਸ ਮੈਨਿਊ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਜਦ ਅਸੀਂ ਲਗਾਤਾਰ ਕਈ ਦਿਨ ਭਾਰੀ ਖੁਰਾਕ ਖਾ ਲੈਂਦੇ ਹਾਂ ਤਾਂ ਸਾਡਾ ਮਨ ਕੁਝ ਹਲਕਾ ਖਾਣ ਨੂੰ ਕਰਦਾ ਹੈ। ਪਤਨੀ ਸਾਹਿਬਾ ਨੂੰ ਮੈਂ ਫ਼ਰਮਾਇਸ਼ ਕੀਤੀ "ਬਹੁਤ ਦਿਨ ਤੱਕ ਬਹੁਤ ਖਾਧਾ ਹੈ, ਇਸ ਲਈ ਕੋਈ ਹਲਕੀ ਦਾਲ ਮਸਰ ਮੁਸਰ ਹੀ ਬਣਾ ਲਏ ਜਾਣ। " ਕੁਝ ਦੇਰ ਬਾਅਦ ਮੈਂ ਫੇਰ ਪਤਨੀ ਸਾਹਿਬਾ ਨੂੰ ਪੁੱਛਿਆ ਕਿ ਇਸ ਤੋਂ ਹਲਕੀ ਚੀਜ ਕੀ ਹੋ ਸਕਦੀ ਹੈ ?, ਪਤਨੀ ਬੋਲੀ, " ਇਸ ਤੋਂ ਹਲਕੀ ਤਾਂ ਬੱਸ ਮੜੀ ਮੂੰਗੀ ਹੋ ਸਕਦੀ ਹੈ ਜਾਂ ਦੇਖ ਲਉ ਹੋਰ ਤਾਂ ਗੜੀ ਗੋਭੀ ਹੀ ਹੋ ਸਕਦੀ ਹੈ, ਜੋ ਹੁਕਮ ਹੋਵੇ ਬਣਾ ਦੇਵਾਂਗੀ। " ਚਲੋ ਫਿਰ ਮੂੰਗੀ ਹੀ ਹੋ ਜਾਵੇ, ਕਹਿ ਕੇ ਮੈਂ ਨਹਾਉਣ ਲਈ ਵੜ ਗਿਆ। ਨਹਾਉਂਦਾ -ਨਹਾਉਂਦਾ ਮੈਂ ਉੱਚੀ- ਉੱਚੀ ਹੱਸਣ ਲੱਗ ਪਿਆ। ਕੀ ਗੱਲ ਹੈ ਜੀ, ਕਿਓਂ ਹੱਸ ਰਹੇ ਹੋ? ਪਤਨੀ ਨੇ ਸਵਾਲ ਕੀਤਾ। ਮੈਂ ਕੋਈ ਜਵਾਬ ਨਹੀਂ ਦਿੱਤਾ। ਪਤਨੀ ਨੇ ਵੀ ਦੁਬਾਰਾ ਨਹੀਂ ਪੁੱਛਿਆ ਕਿਓਂਕਿ ਉਹ ਨੂੰ ਪਤਾ ਹੈ ਕਿ ਜਿਸ ਰੋਗ ਨਾਲ ਮੈਂ ਪੀੜਤ ਹਾਂ, ਉਸ ਵਿਚ ਰੋਗੀ ਇਮੋਸ਼ਨਲ ਬਹੁਤ ਹੋ ਜਾਂਦਾ ਹੈ। ਹੱਸਣ ਲੱਗੇ ਤਾਂ ਹਾਸਾ ਰੁਕਦਾ ਨਹੀਂ, ਅੱਖਾਂ ਵਿਚੋਂ ਹੰਝੂ ਆਉਣ ਲੱਗਣ ਤਾਂ ਹੰਝੂ ਰੁਕਦੇ ਨਹੀਂ। ਇਨਸਾਨ ਨੂੰ ਪਤਾ ਤਾਂ ਹੁੰਦਾ ਹੈ ਲੇਕਿਨ ਇਸ 'ਤੇ ਕੰਟਰੋਲ ਨਹੀਂ ਕਰ ਸਕਦਾ।
ਸਕੂਲ ਦੇ ਜ਼ਮਾਨੇ ਵਿਚ ਮੈਂ ਇੱਕ ਲੇਖ ਪੜ੍ਹਿਆ ਸੀ ਜਿਸ ਦਾ ਨਾਂ ਸੀ ਗੁਸਲਖਾਨਾ। ਇਹ ਲੇਖ ਕਾਫੀ ਲੰਬਾ ਸੀ, ਇਸ ਦਾ ਭਾਵ ਇਹ ਹੀ ਸੀ ਕਿ ਜਦ ਅਸੀਂ ਗੁਸਲਖਾਨੇ ਵਿਚ ਇਸ਼ਨਾਨ ਕਰ ਰਹੇ ਹੁੰਦੇ ਤਾਂ ਪਤਾ ਨਹੀਂ ਕਿੰਨੇ ਕਿੰਨੇ ਖਿਆਲ ਸਾਡੇ ਦਿਮਾਗ 'ਚ ਆਉਂਦੇ ਹਨ। ਸਾਡਾ ਧਿਆਨ ਬਹੁਤ ਦੂਰ- ਦੂਰ ਘੁੰਮਦਾ ਰਹਿੰਦਾ ਹੈ। ਅੱਜ ਗੁਸਲਖਾਨੇ ਵਿਚ ਮੇਰਾ ਧਿਆਨ ਇਸ ਗੱਲ 'ਤੇ ਹੀ ਟਿੱਕ ਗਿਆ ਕਿ ਇਹ ਮਸਰ ਨਾਲ ਮੈਂ ਮੁਸਰ ਕਿਹਾ ਸੀ ਅਤੇ ਪਤਨੀ ਸਾਹਿਬ ਨੇ ਮੜੀ ਮੂੰਗੀ ਤੇ ਗੜੀ ਗੋਭੀ ਕਿਹਾ ਸੀ, ਇਸ ਮੜੇ, ਮੜੀ ਅਤੇ ਗੜੀ ਦੇ ਕੀ ਅਰਥ ਹੋਏ ਤਾਂ ਮੇਰਾ ਧਿਆਨ ਮਿਡਲ ਸਕੂਲ ਦੇ ਸਮੇਂ ਵਿਚ ਚਲੇ ਗਿਆ, ਜਦ ਪੰਜਾਬੀ ਦੇ ਮਾਸਟਰ ਭਗਤ ਸਿੰਘ ਜੀ ਸਾਨੂੰ ਪੰਜਾਬੀ ਪੜ੍ਹਾਉਂਦੇ ਹੁੰਦੇ ਸਨ। ਵਿਆਕਰਣ ਪੜ੍ਹਾਉਂਦੇ ਹੀ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਕਦੀ ਕਦੀ ਬੋਲਦੇ ਸਮੇ ਪਤਾ ਨਹੀਂ ਅਸੀਂ ਕਿੰਨੇ ਸ਼ਬਦ ਇਸ ਤਰਾਂ ਦੇ ਬੋਲ ਦਿੰਦੇ ਹਾਂ ਕਿ ਜਿਹਨਾਂ ਦੇ ਕੋਈ ਅਰਥ ਨਹੀਂ ਹੁੰਦੇ। ਭਗਤ ਸਿੰਘ ਜੀ ਗ੍ਰੰਥੀ ਵੀ ਸਨ ਅਤੇ ਧਰਮ ਵਾਰੇ ਬਹੁਤ ਗੱਲਾਂ ਕਰਿਆ ਕਰਦੇ ਸਨ। ਉਹ ਕਹਿੰਦੇ ਹੁੰਦੇ ਸਨ ਕਿ ਇਨਸਾਨ ਦਾ ਦਿਮਾਗ ਬਾਂਦਰ ਦੀ ਤਰਾਂ ਟਿੱਕ ਕੇ ਨਹੀਂ ਬੈਠ ਸਕਦਾ। ਅਸੀਂ ਕਪੜੇ ਬਦਲ ਰਹੀਏ ਹੋਈਏ, ਕਿਤੇ ਜਾਂਦੇ ਹੋਈਏ, ਇਹ ਦੌੜਦਾ ਹੀ ਰਹਿੰਦਾ ਹੈ। ਮੈਡੀਟੇਸ਼ਨ ਜਾਂ ਯੋਗ ਅਭਿਆਸ ਇਸ ਕਰਕੇ ਹੀ ਕੀਤਾ ਜਾਂਦਾ ਹੈ ਕਿ ਆਪਣਾ ਮਨ ਕੰਟਰੋਲ ਕਰਕੇ ਪ੍ਰਮਾਤਮਾ ਵਿਚ ਲੀਨ ਕੀਤਾ ਜਾ ਸਕੇ।
ਮਨ ਤਾਂ ਮਨ ਹੀ ਹੈ। ਹੁਣ ਮੈਂ ਨਹਾਉਂਦਾ- ਨਹਾਉਂਦਾ ਨਿਰਾਰਥਕ ਸ਼ਬਦ ਢੂੰਡਣ ਲੱਗ ਪਿਆ। ਦੇਸ਼ ਦੇ ਹੋਰ ਹਿੱਸਿਆਂ ਦਾ ਤਾਂ ਮੈਨੂੰ ਪਤਾ ਨਹੀਂ ਲੇਕਿਨ ਪੰਜਾਬ ਵਿੱਚ ਤਾਂ ਇਹ ਨਿਰਾਰਥਕ ਸ਼ਬਦ ਤਾਂ ਜਿਸ ਤਰਾਂ ਸਾਡੀ ਬੋਲੀ ਦਾ ਹਿੱਸਾ ਹੀ ਹੋਣ। ਦਿਲਚਸਪ ਗੱਲ ਇਹ ਹੈ ਕਿ ਅਸੀਂ ਜੋ ਮਰਜੀ ਬੋਲੀਏ, ਇਹ ਨਿਰਾਰਥਕ ਸ਼ਬਦ ਆਪਣੇ ਆਪ ਹੀ, ਉਸੇ ਸ਼ਬਦ ਦੀ ਤਰਜ਼ ਤੇ ਬਣ ਜਾਂਦੇ ਹਨ। ਪਤਨੀ ਨੇ ਬੋਲਿਆ ਸੀ ਮੜੀ ਮੂੰਗੀ, ਇਹ ਮੂੰਗੀ ਸ਼ੂੰਗੀ ਵੀ ਕਹਿ ਸਕਦੇ ਹਾਂ। ਮੜੇ ਮੜੀ ਗੜੀ ਜੈਸੇ ਕਰੋੜਾਂ ਸ਼ਬਦ ਆਪਣੇ ਆਪ ਹੀ ਬਣ ਜਾਂਦੇ ਹਨ। ਉਦਾਹਰਣ ਦੇ ਤੌਰ ਤੇ, ਨਮਕ ਸ਼ਮਕ, ਗੁੜ ਗੜ, ਖੰਡ ਖੁੰਡ, ਸਬਜ਼ੀ ਸੁਬਜ਼ੀ, ਮਕਾਨ ਮਕੂਨ, ਦਰਵਾਜ਼ਾ ਦਰਵੂਜ਼ਾ, ਕੁਰਸੀ ਕਰਸੀ, ਮੇਜ ਮੂਜ, ਕਪੜਾ ਕੁਪੜਾ, ਕਮੀਜ਼ ਕਮੂਜ਼, ਪਗੜੀ ਪੁਗੜੀ, ਕੰਘੀ ਕੁੰਘੀ, ਟੈਲੀ ਟੂਲੀ, ਸੋਫਾ ਸੂਫ਼ਾ, ਫਿਲਮ ਫੁਲਮ, ਫੋਟੋ ਸ਼ੋਟੋ, ਮਿਰਚ ਮੁਰਚ, ਗਾਜਰ ਗੂਜਰ, ਮੂਲੀ ਮਾਲੀ, ਬੈਂਗਣ ਬੂੰਗਣ, ਭਿੰਡੀ ਭੂੰਡੀ, ਅਰਬੀ ਉਰਬੀ, ਮੀਟ ਸ਼ੀਟ, ਸ਼ਰਾਬ ਸ਼ਰੂਬ, ਦਾਲ ਦੂਲ, ਸਾਗ ਸੂਗ, ਰੋਟੀ ਰਾਟੀ, ਜਲੇਬੀ ਜ੍ਲੂਬੀ, ਸਮੋਸੇ ਸਮਾਸੇ, ਸੀਰਨੀ ਸੂਰਨੀ, ਪੇਠਾ ਪੂਠਾ, ਛੋਲੇ ਛਾਲੇ, ਵਕੀਲ ਵ੍ਕੂਲ, ਮਾਸਟਰ ਮੂਸਟਰ, ਟੀਚਰ ਟੂਚਰ............. ।
ਹੁਣ ਆਪ ਵੀ ਕੋਸ਼ਿਸ਼ ਕਰਕੇ ਦੇਖੋ , ਮੇਰਾ ਦਾਅਵਾ ਹੈ ਕਿ ਤੁਹਾਨੂੰ ਕੋਈ ਮਿਹਨਤ ਨਹੀਂ ਕਰਨੀ ਪਵੇਗੀ।
ਆਪ ਦੀ ਲਿਖਤ ਨੇ ਅੱਜ ਇੱਕ ਵਾਰ ਫੇਰ ਪੰਜਾਬੀ ਵਿਆਕਰਣ ਦੀ ਦੁਹਰਾਈ ਕਰਵਾ ਦਿੱਤੀ। ਸ਼ਬਦ ਵਰਤਣ ਦੀ ਅਜਿਹੀ ਪ੍ਰਕ੍ਰਿਆ ਨੂੰ ਦੁਰੁਕਤੀ ਕਿਹਾ ਜਾ ਸਕਦਾ ਹੈ ਭਾਵੇਂ ਕਿ ਵਿਵਿਹਾਰ ਵਿਚ ਦੋ ਤੋਂ ਵਧ ਵਾਰ ਦੁਹਰਾਈ ਵੀ ਹੋ ਸਕਦੀ ਹੈ।ਅਰਥਾਂ ਨੂੰ ਵਿਆਪਕ ਅਤੇ ਅਰਥਭਰਪੂਰ ਬਣਾਉਣ ਲਈ ਦੁਰੁਕਤੀ ਇਕ ਆਮ ਭਾਸ਼ਾਈ ਵਰਤਾਰਾ ਹੈ।ਰੋਟੀ-ਰਾਟੀ, ਚਾਹ-ਸ਼ਾਹ, ਪਾਣੀ-ਧਾਣੀ ਵਿਚ ਰਾਟੀ, ਸ਼ਾਹ, ਧਾਣੀ ਨਿਰਾਰਥਕ ਕਹੇ ਜਾਂਦੇ ਹਨ।ਅਜਿਹੇ ਸ਼ਬਦ ਜੁੱਟਾਂ ਵਿਚਲੇ ਸ਼ਬਦ ਰਾਟੀ, ਸ਼ਾਹ, ਧਾਣੀ ਆਪਣੀ ਹੋਂਦ ਆਪਣੇ ਸਾਥੀਆਂ ਦੀ ਸ਼ਾਨ ਵਧਾਉਣ ਲਈ ਕਾਇਮ ਰਖਦੇ ਹਨ। ਇਕ ਹੋਰ ਕਿਸਮ ਹੈ ਜਿਸ ਵਿਚ ਅਸੀਂ ਕਥਿਤ ਨਿਰਾਰਥਕ ਸ਼ਬਦ ਕਿਸੇ ਦੁਰੁਕਤੀ ਤੋਂ ਪਹਿਲਾਂ ਲਾਉਂਦੇ ਹਾਂ ਜਿਵੇਂ ਉਪਰੋਕਤ ਸ਼ਬਦਾਂ ਨੂੰ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕੜੀ-ਕਚਹਿਰੀ, ਜੜੀ-ਜਮੀਨ, ਰੜੀ-ਰੋਟੀ, ਪੜਾ-ਪਾਣੀ, ਮੜਾ-ਮਕਾਨ।
ReplyDeleteਹਰਦੀਪ ! ਮੇਰਾ ਭੀ ਖਿਆਲ ਹੈ ਕਿ ਇਹ ਨਿਰਾਰਥਕ ਸ਼ਬਦ ਵਰਤ ਕੇ ਮਾਂ ਬੋਲੀ ਵਿਚ ਅਪਣਾਪਨ ਜਿਹਾ ਮਹਿਸੂਸ ਹੁੰਦਾ ਹੈ ਅਤੇ ਅਛਾ ਲਗਦਾ ਹੈ, ਜਿਸ ਤਰਾਂ ਪੱਗ ਉਤੇ ਅਭਰਕ ਚਮਕਦਾ ਹੋਵੇ . ਇਹ ਛੋਟਾ ਜਿਹਾ ਲੇਖ ਦੋ ਸਾਲ ਹੋਏ ਹਿੰਦੀ ਵਿਚ ਛਪਿਆ ਸੀ ਅਤੇ ਇਸ ਨੂੰ ਹਿੰਦੀ ਵਿਚ ਹੀ ਇੱਕ ਰੇਡੀਓ ਪ੍ਰੀਜ਼ੈਨ੍ਤਰ ਨੇ ਦੋ ਸਾਲ ਹੋਏ ਇੱਕ ਕਵੀ ਦਰਬਾਰ ਵਿਚ ਪੜ੍ਹਿਆ ਸੀ .ਮੈਂ ਤੇ ਜਾ ਨਹੀਂ ਸਕਿਆ ਸੀ ਲੇਕਿਨ ਮੇਰੀ ਪਤਨੀ ਗਈ ਸੀ ਅਤੇ ਦਸਦੀ ਸੀ ਲੋਕੀ ਬਹੁਤ ਹੱਸੇ ਸੀ ਅਤੇ ਕੁਛ ਕਵੀਆਂ ਦੇ ਨਾਮ ਭੀ ਨਿਰਾਰਥਕ ਸ਼ਬਦ ਵਰਤ ਕੇ ਲਏ ਗਏ ਸਨ . ਸੋਚਿਆ, ਇਸ ਨੂੰ ਪੰਜਾਬੀ ਰੂਪ ਭੀ ਦੇ ਦੀਆਂ .
ReplyDeletePlz send us example also
ReplyDelete