
ਉਹ ਮਸੀਂ ਤੇਰਾਂ ਕੁ ਵਰ੍ਹਿਆਂ ਦੀ ਹੋਵੇਗੀ ਜਦੋਂ ਉਸ ਦੇ ਪਿਓ ਦੀ ਮੌਤ ਹੋ ਗਈ। ਉਹ ਬਿਲਕੁਲ ਹੀ ਰੋਈ ਨਹੀਂ ਸੀ। ਸਭ ਨੇ ਸੋਚਿਆ ਕਿ ਉਹ ਆਪਣੇ ਪਿਓ ਵਰਗੀ ਹੀ ਹੈ ਹਿੰਮਤੀ ਤੇ ਖੁਸ਼ਦਿਲ। ਟੱਬਰ ਦੇ ਜੀਆਂ ਨੇ ਆਪਣੀ ਆਪਣੀ ਪੀੜ ਨੂੰ ਆਪਣੇ ਅੰਦਰ ਹੀ ਸਮੋਈ ਰੱਖਿਆ। ਤੁਰ ਜਾਣ ਵਾਲ਼ੇ ਨੂੰ ਆਪਣੇ ਮਨਾਂ 'ਚ ਤਾਂ ਵਸਾਈ ਬੈਠੇ ਰਹੇ ਪਰ ਉਸ ਦਾ ਜ਼ਿਕਰ ਇੱਕ ਦੂਜੇ ਸਾਹਮਣੇ ਕਦੇ ਨਾ ਕੀਤਾ। ਘਰ 'ਚੋਂ ਉਸ ਦੀ ਰੂਹ ਆਤਮਿਕ ਤੌਰ 'ਤੇ ਮਨਫ਼ੀ ਨਾ ਹੋ ਕੇ ਵੀ ਮਨਫ਼ੀ ਹੁੰਦੀ ਗਈ ।
ਸਮੇਂ ਦੇ ਵਹਾਓ ਨਾਲ਼ ਉਹ ਹੌਲ਼ੀ ਹੌਲ਼ੀ ਅੰਦਰੋਂ ਅੰਦਰੀਂ ਭੁਰਦੀ ਗਈ। ਅਸਥਿਰ ਹੋਈ ਮਨੋਦਸ਼ਾ ਨੇ ਉਸ ਦੇ ਸਵੈ ਨਿਯੰਤ੍ਰਣ ਨੂੰ ਕਮਜ਼ੋਰ ਕਰ ਦਿੱਤਾ। ਚੂਰ ਚੂਰ ਹੋਏ ਆਤਮਵਿਸ਼ਵਾਸ ਨੇ ਕਿਸੇ ਵੀ ਕਾਰਜ ਨੂੰ ਆਰੰਭਣ ਤੋਂ ਪਹਿਲਾਂ ਹੀ ਹਾਰ ਮੰਨ ਲਈ। ਚੁਫ਼ੇਰੇ ਪਸਰੀ ਬੇਭਰੋਸਗੀ ਤੇ ਅਨਿਸ਼ਚਿਤਤਾ ਨੇ ਐਨਾ ਦੁਰਬਲ ਕਰ ਦਿੱਤਾ ਕਿ ਉਸ ਨੇ ਆਪਣੇ ਆਪੇ ਨੂੰ ਕਿਸੇ ਕਾਲ ਕੋਠੜੀ 'ਚ ਬੰਦ ਕਰ ਲਿਆ।
ਉਸ ਦੇ ਡਿੱਗੇ ਮਨੋਬਲ ਨੂੰ ਠੁੰਮ੍ਹਣਾ ਦੇਣ ਲਈ ਮਨੋ -ਚਿਕਿਤਸਕ ਨੇ ਉਸ ਦੀ ਮਾਂ ਨੂੰ ਸਲਾਹ ਦਿੱਤੀ," ਟੱਬਰ ਨੂੰ ਰਲ਼ ਕੇ ਗੱਲਾਂ ਰਾਹੀਂ ਉਸ ਦੇ ਪਾਪਾ ਨੂੰ ਘਰ ਵਿੱਚ ਮੁੜ ਜੀਵੰਤ ਕਰਨਾ ਪਵੇਗਾ।"
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 120 ਵਾਰ ਪੜ੍ਹੀ ਗਈ ਹੈ।
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ
ਨੋਟ : ਇਹ ਪੋਸਟ ਹੁਣ ਤੱਕ 120 ਵਾਰ ਪੜ੍ਹੀ ਗਈ ਹੈ।
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ