ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Dec 2017

ਸ਼ਹਾਦਤ

ਕਲਮ ਜਦ ਫੜੀ ਕਿ ਲਿਖਾਂ ਕੁਝ ਸ਼ਹਾਦਤ 'ਤੇ ।

ਰੀਝ ਸੀ ਕਿ ਚਿਰਾਂ ਤੋਂ ਲਿਖਾਂ ਕੁਝ ਇਬਾਦਤ 'ਤੇ ।


ਫਿਰ ਮਨ 'ਚ ਖਿਆਲ ਆਇਆ ,ਛੋਟੇ ਛੋਟੇ ਬੱਚਿਆਂ  ਦਾ ।

ਉਮਰ ਨਿਆਣੀ ਸੀ ਗੀ ਓਹਨਾਂ  ਮਨ ਦੇ ਸੱਚਿਆਂ ਦਾ ।


ਲਾਡਲੇ ਸੀ ਗੋਬਿੰਦ ਦੇ , ਮਾਂ ਗੁਜਰੀ ਦੇ ਲਾਲ ਜੀ ।

ਪਾਲੇ ਸੀ ਲਾਲ ਦੁਲਾਰੇ ,ਦੁੱਧ ਮੱਖਣਾ ਦੇ ਨਾਲ ਜੀ ।


ਗੰਗੂ ਨੇ ਧ੍ਰੋਹ ਕਮਾਇਆ ,ਲੋਭੀ ਸੀ ਹੋ ਗਿਆ ।

ਮੱਤ  ਓਹਦੀ ਮਾਰੀ ਗਈ ,ਮੱਤੋਂ  ਹੌਲਾ ਹੋ ਗਿਆ ।


ਚੰਦ ਸਿੱਕਿਆਂ ਦਾ ਲੋਭੀ ,ਮੱਥੇ ਦਾਗ ਐਸਾ ਲਾ ਗਿਆ ।

ਲੂਣ ਹਰਾਮੀ ਬਣ ,     ਕਲੰਕ ਐਸਾ  ਲਾ ਗਿਆ ,


ਪਾਪੀ ਸੁੱਚੇ  ਨੰਦ ਡਾਹਡਾ ਵੈਰ ਸੀ  ਕਮਾਇਆ ।

ਸੂਬਾ ਸਰਹੰਦ ਤਾਂਈ , ਕੰਨ  ਭਰ ਸੀ ਆਇਆ ।


ਸੱਪ ਦੇੇ ਸਪੋਲੀਆ ਨੇ ਐਦਾਂ ਨਹੀਂਓਂ  ਮੰਨਣਾ ।

ਸੁਣਾਓ ਐਸਾ ਫਤਵਾ ਤੁਸੀਂ ਭੁੱਲ ਜਾਣ ਜੰਮਣਾ ।


ਸ਼ੇਰ ਖਾਂ   ਨੇ ਹਾਅ ਦਾ ਨਾਹਰਾ ਐਸਾ  ਮਾਰਿਆ ।

ਇਹਨਾਂ ਮਸੂਮਾਂ ਨੇ ਦੱਸ  ਸਾਡਾ ਕੀ ਵਿਗਾੜਿਆ।


ਗੋਬਿੰਦ  ਦੇ ਲਾਲ  ਸਿਦਕੋਂ ਨਾ  ਡੋਲੇ ਸੀ ।

ਸੂਬੇ ਦੀ ਕਚਿਹਰੀ ਜਾ ਗੱਜ ਫ਼ਤਿਹ ਬੋਲੇ ਸੀ ।


ਸੂਬਿਆ ਓਏ ! ਨਹੀਂਓ  ਈਨ ਤੇਰੀ ਮੰਨਣੀ ।

ਅਣਖ ਤੇ ਗੈਰਤ ਨਾਲ , ਅੜ ਤੇਰੀ ਭੰਨਣੀ ।


ਹੋਵਾਂਗੇ ਸ਼ਹੀਦ ਅਸੀਂ ਧਰਮ ਬਚਾਵਾਂਗੇ ।

ਜਿੰਦ ਆਪਣੀ ਅਸੀਂ ,ਕੌਮ ਲੇਖੇ ਲਾਵਾਂਗੇ ।


ਠੰਡਾ ਬੁਰਜ ਸੀ ਠੰਡੀਆਂ ਪੋਹ ਦੀਆਂ ਰਾਤਾਂ ਸੀ

ਮਾਂ ਗੁਜਰੀ ਸ਼ਹਾਦਤਾਂ ਦੀਆਂ ਸੁਣਾਉਦੀ ਬਾਤਾਂ ਸੀ ।


ਮੋਤੀ  ਮਹਿਰਾ ਪੁੰਨ  ਸੀ ਕਮਾ ਗਿਆ ।

ਪਰਵਾਰ ਤਾਂਈ ਦੁੱਧ ਸੀ ਪਿਆ ਗਿਆ ।


ਦੇਖਿਓ !ਬੱਚਿਓ ਕਿਤੇ ਡੋਲ ਤੁਸੀਂ  ਜਾਇਓ ਨਾ ।

ਦਾਦੇ  ਦੀ ਪੱਗ ਤਾਂਈ  ਦਾਗ ਤੁਸੀਂ  ਲਇਓ ਨਾ ।


ਰੱਖ ਤੂੰ  ਭਰੋਸਾ ,ਇੰਝ ਬੋਲ ਨਾ ਤੂੰ ਅੰਮੀਏ 

ਸਿਦਕੋਂ ਨਹੀਂ ਹਾਰਾਂਗੇ ,ਡੋਲ ਨਾ ਤੂੰ ਅੰਮੀਏ!


ਨਿੱਕੀਆਂ ਸੀ ਜਿੰਦਾਂ  ਸਾਕੇ ਵੱਡੇ  ਕਰ ਗਈਆਂ  ।

ਬਣ ਕੇ ਉਹ ਨੀਂਹ ਪੱਕੀ ਕੌਮ ਖੜੀ ਕਰ ਗਈਆਂ  ।


ਜਿੰਦਾਂ ਭਾਵੇਂ ਨਿੱਕੀਆਂ ਉਮਰਾਂ  ਸੀ  ਕੱਚੀਆਂ ।

ਨਿਰਮਲ ਸੁਣਾ ਚਲੀ  ਗੱਲਾਂ ਉਹ ਸੱਚੀਆਂ।

ਵੱਡੀਆਂ ਸ਼ਹਾਦਤਾਂ ਦਾ ਮੁੱਲ ਟੋਡਰ ਮੱਲ ਪਾ ਗਿਆ ।

ਸਿੱਖ ਕੌਮ  ਦੇ ਦਿਲ ਅੰਦਰ ਥਾਂ  ਆਪਣੀ  ਬਣਾ ਗਿਆ ।


ਦਾਸਤਾਨ  ਏ ਸ਼ਹਾਦਤ ਲੋਕੋ  ਨਾ ਭੁੱਲ  ਜਾਇਓ ।

ਬੱਚਿਆਂ ਨੂੰ ਨਾਲ ਲੈ  ਕੇ ਸਰਹੰਦ  ਵਿਖਾਇਊ ।


       ਨਿਰਮਲ ਕੋਟਲਾ

1 comment:

  1. ਬਹੁਤ ਹੀ ਵਧੀਅਾ ਕਲਮ ਨੂੰ ਸਲਾਮ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ