ਢਲਦੀ ਦੁਪਹਿਰ ਨੂੰ ਉੱਚੇ ਅੰਬਰੀਂ ਛਾਏ ਸੁਰਮਈ ਬੱਦਲਾਂ 'ਚੋਂ -ਕਦੇ ਕਦੇ ਸੂਰਜ ਵੀ ਝਾਤੀ ਮਾਰ ਜਾਂਦਾ ਸੀ। ਏਸ ਅਲਬੇਲੇ ਜਿਹੇ ਮੌਸਮ ਵਿੱਚ ਅਸੀਂ ਚਾਰੋ ਜਣੇ ਆਪਣੀਆਂ ਬੇੜੀਆਂ ਤੇ ਚੱਪੂਆਂ ਸਮੇਤ ਨਦੀ ਕਿਨਾਰੇ ਜਾ ਪੁੱਜੇ ਸੀ। ਸ਼ਹਿਰ ਦੇ ਨਾਲ ਖਹਿ ਕੇ ਵਗਦੀ ਏਸ ਨਦੀ ਦੇ ਪਾਣੀਆਂ 'ਚ ਸ਼ਰਬਤੀ ਰੰਗ ਘੁਲੇ ਲੱਗਦੇ ਸਨ। ਮਸਤ ਹੋਏ ਪਰਿੰਦੇ ਆਜ਼ਾਦ ਪੌਣਾਂ 'ਚ ਕੁਦਰਤ ਦੀ ਵਡਿਆਈ ਦੇ ਗੀਤ ਗਾਉਂਦੇ ਜਾਪਦੇ ਸਨ। ਸੂਰਜੀ ਪਿਆਲੇ 'ਚੋਂ ਡੁੱਲ੍ਹਦੀ ਲਾਲੀ ਦੀ ਲਿਸ਼ਕੋਰ 'ਚ ਚਿਲਕਦਾ ਪਾਣੀ ਏਸ ਮਨਮੋਹਣੀ ਕਾਇਨਾਤ ਨੂੰ ਹੋਰ ਵੀ ਰੰਗਲਾ ਬਣਾ ਰਿਹਾ ਸੀ।
ਲਾਈਫ ਜੈਕਟਾਂ ਪਾ ਕੇ ਇੱਕ ਬੇੜੀ 'ਚ ਅਸੀਂ ਦੋਵੇਂ ਮਾਂ -ਪੁੱਤ ਤੇ ਦੂਜੀ 'ਚ ਓਹ ਦੋਵੇਂ ਪਿਓ -ਧੀ ਸਵਾਰ ਹੋ ਗਏ। ਖੁੱਲ੍ਹਾ -ਡੁੱਲ੍ਹਾ ਮਾਹੌਲ ਸੀ। ਇੱਕ ਦੂਜੇ ਦੇ ਮਨ ਦੀਆਂ ਅਣਕਹੀਆਂ ਗੱਲਾਂ ਸਮਝਣ ਤੇ ਰਿਸ਼ਤਿਆਂ ਦਾ ਨਿੱਘ ਮਾਨਣ ਦਾ ਸਮਾਂ। ਅਸੀਂ ਆਪੂੰ ਚੱਪੂ ਮਾਰ ਡੂੰਘੇ ਪਾਣੀਆਂ 'ਚ ਉਤਰਨਾ ਸੀ। ਮੇਰੇ ਜਿੰਮੇ ਬੇੜੀ ਨੂੰ ਸਿਰਫ਼ ਅਗਾਂਹ ਧਕੇਲਣਾ ਸੀ ਤੇ ਮੇਰਾ ਬੇਟਾ ਬੇੜੀ ਨੂੰ ਸਹੀ ਸੇਧ ਤੇ ਦਿਸ਼ਾ 'ਚ ਰੱਖ ਰਿਹਾ ਸੀ। ਫੱਗਣ ਦੀ ਧੁੱਪ ਵਾਂਗੂ ਖਿੜਿਆ ਉਹ ਨਾਲੋ -ਨਾਲ ਬੜੀ ਸਹਿਜਤਾ ਨਾਲ ਬੇੜੀ ਨੂੰ ਆਪਣੇ ਕਾਬੂ 'ਚ ਰੱਖਣ ਬਾਰੇ ਵੀ ਮੈਨੂੰ ਦੱਸਦਾ ਜਾ ਰਿਹਾ ਸੀ। ਮੈਂ ਨਿਗ੍ਹਾ ਘੁਮਾ ਕੇ ਸਾਹਮਣੇ ਦੇਖਿਆ। ਦੂਜੀ ਬੇੜੀ ਸਾਡੇ ਤੋਂ ਕਾਫ਼ੀ ਦੁਰੇਡੇ ਜਾ ਚੁੱਕੀ ਸੀ। ਪਰ ਸਾਡੇ ਵਾਲੀ ਬੇੜੀ ਸਾਡੇ ਹਾਸੇ ਦੇ ਟੋਟਿਆਂ ਦੀ ਘੁੰਮਣਘੇਰੀ 'ਚ ਉਲਝੀ ਇੱਕੋ ਜਗ੍ਹਾ ਗੋਲ -ਗੋਲ ਘੁੰਮੀ ਜਾ ਰਹੀ ਸੀ।
ਕਹਿੰਦੇ ਨੇ ਕਿ ਕੁਦਰਤ ਉਹਨਾਂ ਦਾ ਸਾਥ ਦੇ ਹੀ ਦਿੰਦੀ ਹੈ ਜੋ ਹਰ ਹੀਲੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਦ੍ਰਿੜ ਰਹਿੰਦੇ ਨੇ। ਹੁਣ ਸਾਡੀ ਬੇੜੀ ਸਾਡੇ ਕਾਬੂ 'ਚ ਸੀ ਪਰ ਹਾਸਾ ਅਜੇ ਵੀ ਬੇ -ਕਾਬੂ। "ਚੱਲੋ ਪਾਪਾ ਤੇ ਨਿਕੜੀ ਤੋਂ ਮੂਹਰੇ ਨਿਕਲੀਏ, " ਉਸ ਦੀਆਂ ਅੱਖਾਂ 'ਚ ਸ਼ਰਾਰਤ ਤੇ ਬੋਲਾਂ 'ਚ ਧੁੱਪ ਰੰਗਾ ਹਾਸਾ ਸੀ। ਪਾਣੀ ਦੀਆਂ ਲਹਿਰਾਂ ਨੂੰ ਚੱਪੂਆਂ ਦੀ ਆਵਾਜ਼ ਤਾਲ ਦੇ ਰਹੀ ਸੀ। ਅਗਲੇ ਕੁਝ ਪਲਾਂ ਬਾਅਦ ਸਾਡੀਆਂ ਬੇੜੀਆਂ ਇੱਕ -ਦੂਜੇ ਦੇ ਨਾਲੋ -ਨਾਲ ਜਾ ਰਹੀਆਂ ਸਨ। ਖੁਸ਼ੀਆਂ ਭਰੇ ਸ਼ਰਬਤੀ ਵੇਲੇ ਨੇ ਅੱਖਾਂ ਸਾਹਵੇਂ ਸੂਹੇ ਰੰਗ ਬਿਖੇਰ ਦਿੱਤੇ ਸਨ।
ਨਦੀ ਕਿਨਾਰੇ ਲੱਗੇ ਰੁੱਖਾਂ ਦੇ ਅਕਸ ਪਾਣੀ ਦੀਆਂ ਤਰੰਗਾਂ ਸੰਗ ਨੱਚਦੇ ਪ੍ਰਤੀਤ ਹੋ ਰਹੇ ਸਨ। ਪਰਿੰਦਿਆਂ ਦੀਆਂ ਗੂੰਜਦੀਆਂ ਸੰਗੀਤਮਈ ਆਵਾਜ਼ਾਂ ਨੇ ਸਾਡੇ ਅੰਦਰ ਪਸਰੇ ਫਿਕਰਾਂ ਦੇ ਹਨ੍ਹੇਰਿਆਂ ਨੂੰ ਚਾਨਣ ਨਾਲ ਭਰ ਦਿੱਤਾ ਸੀ। ਮੋਹ ਭਰੇ ਹਾਸਿਆਂ ਦੀ ਉਂਗਲ ਲੱਗ ਉਹਨਾਂ ਕੁਝ ਕੁ ਪਲਾਂ ਵਿੱਚ ਹੀ ਅਸੀਂ ਉਮਰਾਂ ਦਾ ਹਾਸਾ ਆਪਣੀ ਝੋਲੀ 'ਚ ਸਮੇਟ ਲਿਆਏ ਸਾਂ। ਜਿਸ ਨੂੰ ਯਾਦ ਕਰਦਿਆਂ ਅੱਜ ਵੀ ਮੇਰੇ ਸਾਹ ਜਿਉਣ ਵਰਗੇ ਅਹਿਸਾਸ ਨਾਲ ਧੜਕਣ ਲੱਗ ਜਾਂਦੇ ਨੇ।
ਛਿਪਦੀ ਟਿੱਕੀ -
ਪਾਣੀ ਤੋਂ ਤਿਲਕਣ
ਸੋਨ -ਕਿਰਨਾਂ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ




