%20(2)-07.jpg)
ਫੁੱਟਬਾਲ ਮੈਚ ਖ਼ਤਮ ਹੋਣ ਤੋਂ ਬਾਅਦ ਖਿਡਾਰਨਾ ਇੱਕ ਦੂਜੇ ਨਾਲ ਹੱਥ ਮਿਲਾਉਂਦੀਆਂ ਖੇਡ ਮੈਦਾਨ ‘ਚੋਂ ਬਾਹਰ ਆ ਰਹੀਆਂ ਸਨ । ਤੇਜ਼ ਧੁੱਪ ‘ਚ ਖੇਡਣ ਕਰਕੇ ਉਹਨਾਂ ਦੇ ਸੁਰਖ ਚਿਹਰਿਆਂ ਤੋਂ ਮੁੜਕਾ ਚੋ ਰਿਹਾ ਸੀ। ਉਹਨਾਂ ਵਿੱਚੋਂ ਬਹੁਤੀਆਂ ਖਿਡਾਰਨਾ ਨੇ ਆਉਂਦਿਆਂ ਹੀ ਆਪਣੀਆਂ ਖੇਡ ਟੀ- ਸ਼ਰਟਾਂ ਲਾਹ ਕੇ ਪਰਾਂ ਵਗ੍ਹਾ ਮਾਰੀਆਂ । ਮਿਸਜ਼ ਜੌਨਸਨ ਨੇ ਟੀ -ਸ਼ਰਟਾਂ ਇੱਕਠੀਆਂ ਕਰਕੇ ਲੌਂਡਰੀ ‘ਚ ਧੋਣ ਲਈ ਲੈ ਕੇ ਜਾਣੀਆਂ ਸਨ । ਜਦ ਉਸ ਨੇ ਗਿਣਤੀ ਕੀਤੀ ਤਾਂ ਦੋ ਟੀ -ਸ਼ਰਟਾਂ ਘੱਟ ਸਨ । ਉਸ ਨੇ ਦੋਬਾਰਾ ਗਿਣਦਿਆਂ ਆਪਣੀ ਉਲਝਣ ਪ੍ਰਗਟਾਉਂਦਿਆਂ ਕਿਹਾ ,” ਉਹੋ! ਦੋ ਟੀ -ਸ਼ਰਟਾਂ ਪਤਾ ਨਹੀਂ ਕਿੱਧਰ ਹਵਾ ਹੋ ਗਈਆਂ ।”
” ਹਵਾ ਨਹੀਂ ਹੋਈਆਂ,ਮਿਸਜ਼ ਜੌਨਸਨ,” ਟੀਮ ਦੇ ਕੋਚ ਨੇ ਠਰੰਮੇ ਨਾਲ ਕਿਹਾ,“ਤੈਨੂੰ ਪੰਜ-ਸੱਤ ਮਿੰਟ ਹੋਰ ਉਡੀਕਣਾ ਪਵੇਗਾ। ਟੀਮ ‘ਚ ਸ਼ਾਮਿਲ ਦੋ ਭਾਰਤੀ ਕੁੜੀਆਂ ਨੂੰ ਚੇਂਜ-ਰੂਮ ‘ਚ ਜਾ ਕੇ ਟੀ-ਸ਼ਰਟ ਬਦਲਣ ਲਈ ਐਨਾ ਕੁ ਸਮਾਂ ਤਾਂ ਲੱਗ ਹੀ ਜਾਂਦਾ।”
” ਜੇ ਬਾਕੀ ਕੁੜੀਆਂ ਖੇਡ ਮੈਦਾਨ ‘ਚ ਹੀ ਆਪਣੀਆਂ ਟੀ -ਸ਼ਰਟਾਂ ਬਦਲ ਲੈਂਦੀਆਂ ਨੇ ਤਾਂ ਉਹ ਦੋਵੇਂ ਕਿਉਂ ਨਹੀਂ ?” ਮਿਸਜ਼ ਜੌਨਸਨ ਨੇ ਹੈਰਾਨੀ ਨਾਲ ਸੁਆਲ ਕੀਤਾ ।
” ਮਾਫ਼ ਕਰਨਾ ਮਿਸਜ਼ ਜੌਨਸਨ, ਅਸੀਂ ਸੰਗ-ਸ਼ਰਮ ਦੀ ਲੋਈ ਨੂੰ ਕਿੱਲੀ ‘ਤੇ ਨਹੀਂ ਟੰਗਣਾ। ਦਰਸ਼ਕਾਂ ਨੂੰ ਨੰਗੇਜ਼ ਪਰੋਸਣਾ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਹੈ।” ਟੀ – ਸ਼ਰਟ ਫੜਾਉਣ ਆਈ ਪਿੱਛੇ ਖੜੀ ਰੀਤ ਨੇ ਦਲੀਲ ਨਾਲ ਕਿਹਾ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 234 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 234 ਵਾਰ ਪੜ੍ਹੀ ਗਈ।



