ਅੰਮ੍ਰਿਤ ਵੇਲਾ ਸੀ। ਚੁਫ਼ੇਰੇ 'ਚ ਸਵਰਗ ਵਰਗੀ ਸ਼ਾਂਤੀ ਸੀ। ਪੂਰਬ ਦੀ ਗੁੱਠ 'ਚੋਂ ਚੜ੍ਹਦੀ ਟਿੱਕੀ ਨੇ ਲਾਲੀ ਬਿਖੇਰ ਦਿੱਤੀ ਸੀ। ਅੰਬਰੀ ਰਿਸ਼ਮਾਂ ਦੀ ਪਹਿਲੀ ਰਹਿਮਤੀ ਕਿਰਨ ਦੀ ਬਖਸ਼ਿਸ਼ ਠੰਢ ਨਾਲ ਸੁੰਗੜੀ ਧਰਤ ਨੂੰ ਬੁੱਢੀ ਦਾਦੀ ਦੀ ਅਸੀਸ ਵਰਗੀ ਨਿੱਘੀ -ਨਿੱਘੀ ਜਾਪਦੀ ਸੀ। ਅੱਖਾਂ ਮਲਦੀ ਕੁਦਰਤ ਆਪਣੇ ਆਹਰ ਲੱਗ ਗਈ ਸੀ।ਧਰਤ ਤਾਂ ਨਿਰੰਤਰ ਘੁੰਮਦੀ ਹੀ ਰਹਿੰਦੀ ਹੈ। ਉਹ ਕਦੇ ਵੀ ਵਿਰਾਮ ਨਹੀਂ ਕਰਦੀ। ਸ਼ਾਇਦ ਤਾਰਿਆਂ ਦੀ ਲੋਅ 'ਚ ਹੀ ਸੁੱਤ ਉਨੀਂਦਰੀ ਜਿਹੀ ਆਪਣੀ ਨੀਂਦ ਪੂਰੀ ਕਰ ਲੈਂਦੀ ਹੋਵੇਗੀ ।
ਮੈਂ ਅੰਗੜਾਈ ਭੰਨਦਿਆਂ ਕਮਰੇ 'ਚ ਲੱਗੇ ਰੰਗੀਨ ਰੇਸ਼ਮੀ ਪਰਦੇ ਪਰ੍ਹਾਂ ਹਟਾਏ। ਸੁਨਹਿਰੀ ਚਾਨਣ ਨਾਲ ਕਮਰਾ ਭਰ ਗਿਆ ਸੀ । ਬਾਹਰ ਧੁੱਪ ਸੇਕਦੀ ਕਾਇਨਾਤ ਨਿੱਘ ਨਾਲ ਪੰਘਰਦੀ ਜਾਪ ਰਹੀ ਸੀ। ਖੰਭਾਂ ਨੇ ਉਡਾਰੀ ਭਰ ਲਈ ਸੀ। ਵਿਹੜੇ 'ਚ ਪਏ ਸੱਖਣੇ ਭਾਂਡੇ ਕੋਲ ਅਦਨੇ ਜਿਹੇ ਰੰਗੀਨ ਪਰਿੰਦੇ ਮੇਰੇ ਜਾਗਣ ਤੋਂ ਪਹਿਲਾਂ ਹੀ ਆਣ ਬੈਠੇ ਸਨ। ਸੁਰ ਕੇਰਦੀਆਂ ਇਹਨਾਂ ਚੁੰਝਾਂ ਨਾਲ ਮੇਰੀ ਸਾਂਝ ਹੁਣ ਕਾਫ਼ੀ ਪੁਰਾਣੀ ਹੋ ਗਈ ਹੈ।ਉਹ ਮੇਰੀ ਹੀ ਉਡੀਕ ਕਰ ਰਹੀਆਂ ਸਨ । ਚਾਹ ਦੀ ਘੁੱਟ ਭਰਨ ਤੋਂ ਪਹਿਲਾਂ ਮੈਂ ਭਾਂਡੇ 'ਚ ਪਾਣੀ ਤੇ ਰੋਟੀ ਭੋਰ ਕੇ ਪਾ ਆਈ ਸੀ। ਅਗਲੇ ਹੀ ਪਲ ਪਰਿੰਦਿਆਂ ਦੀ ਚਹਿਕ ਮੈਨੂੰ 'ਸੁਭਾਨ ਤੇਰੀ ਕੁਦਰਤ' ਦਾ ਗਾਣ ਅਲਾਪਦੀ ਜਾਪੀ।
ਬਗੀਚੀ ਦਾ ਖ਼ਿਆਲ ਆਉਂਦਿਆਂ ਹੀ ਮੈਂ ਓਧਰ ਨੂੰ ਹੋ ਤੁਰੀ । ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਸੀ।ਧਰਤ ਦੀ ਨਿੱਘੀ ਬੁੱਕਲ 'ਚ ਪਏ ਬਹੁਤੇ ਬੀਜਾਂ ਨੇ ਫੁਟਾਰਾ ਲੈ ਲਿਆ ਸੀ। ਪਰ ਕੁਝ ਮੀਂਹ -ਹਨ੍ਹੇਰੀਆਂ ਤੋਂ ਡਰਦੇ ਬਾਹਰ ਆਉਣ ਤੋਂ ਮੁਨਕਰ ਹੋਇਆਂ ਨੂੰ ਜਨੌਰ ਚੁੱਗ ਗਏ ਹੋਣੇ ਆ।
ਸੂਹੀ ਸਵੇਰ ਦੇ ਤ੍ਰੇਲ ਧੋਤੇ ਫ਼ੁੱਲ ਆਪਣੀ ਮਹਿਕ ਅਤੇ ਖ਼ੂਬਸੂਰਤੀ ਬਖ਼ੇਰ ਰਹੇ ਸਨ। ਸਾਹਮਣੇ ਸੂਹੇ ਫੁੱਲਾਂ ਲੱਗੀ ਹਿੱਲਦੀ ਟਹਿਣੀ ਨੂੰ ਤੱਕਦਿਆਂ ਮੈਂ ਵੀ ਸਹਿਜ ਸੁਭਾਅ ਹੱਥ ਹਿਲਾ ਦਿੱਤਾ। ਮੈਨੂੰ ਪਤਾ ਹੈ ਕਿ ਇਹ ਟਹਿਣੀ ਹਵਾ ਦੇ ਬੁੱਲੇ ਨਾਲ ਹਿੱਲ ਰਹੀ ਸੀ ਪਰ ਮੈਨੂੰ ਇਹ ਹਿੱਲਦੀ ਟਹਿਣੀ ਇਸ ਸੂਹੀ ਸਵੇਰ 'ਚ ਸ਼ੁੱਭ ਪ੍ਰਭਾਤ ਕਹਿੰਦੀ ਜਾਪੀ।ਮੇਰਾ ਇਹ ਭਰਮ ਮੈਨੂੰ ਧੁਰ ਅੰਦਰ ਤੱਕ ਸਰਸ਼ਾਰ ਕਰ ਗਿਆ।ਇੱਕ ਹੋਰ ਟਹਿਣੀ 'ਤੇ ਬੈਠਾ ਇੱਕ ਰੰਗੀਨ ਤੋਤਾ ਹੁਣੇ- ਹੁਣੇ ਕਿਧਰੇ ਉਡਾਰੀ ਮਾਰ ਗਿਆ ਸੀ।ਉਸ ਦੀ ਅਣਹੋਂਦ 'ਚ ਅਜੇ ਵੀ ਇਹ ਟਹਿਣੀ ਕੰਬ ਰਹੀ ਹੈ।ਲੱਗਦੈ ਇਸ ਦਾ ਕੋਈ ਬੇਨਾਮ ਰਿਸ਼ਤਾ ਸੀ ਉਸ ਰੰਗੀਨ ਪੰਛੀ ਨਾਲ ?
ਅੱਜ ਮੈਨੂੰ ਕਿਤੇ ਜਾਣ ਦੀ ਕੋਈ ਕਾਹਲ਼ ਨਹੀਂ ਸੀ ਜਿਵੇਂ ਸੂਰਜ ਨੂੰ ਸੰਝ ਤੱਕ ਜਾਣ ਦੀ ਕੋਈ ਤੇਜ਼ੀ ਨਹੀਂ ਹੁੰਦੀ। ਧੁੱਪ ਹੋਰ ਵੀ ਗੋਰੀ -ਗੋਰੀ ਹੋ ਗਈ ਸੀ। ਕਿਆਰੀ 'ਚ ਲੱਗੇ ਫੁੱਲ ਨਿੱਤ ਸਵੇਰੇ ਸਾਜਰੇ ਮੈਨੂੰ ਉਡੀਕਦੇ ਲੱਗਦੇ ਨੇ। ਜੇ ਕਿਸੇ ਦਿਨ ਮੈਂ ਉਨ੍ਹਾਂ ਨੂੰ ਨਹੀਂ ਮਿਲਦੀ ਤਾਂ ਇਨ੍ਹਾਂ ਫੁੱਲਾਂ ਦੀਆਂ ਮਲੂਕ ਪੰਖੜੀਆਂ ਕੁਮਲਾ ਜਾਂਦੀਆਂ ਨੇ। ਹੁਣ ਮੈਂ ਸੰਤਰੀ ਤੇ ਪਿਆਜ਼ੀ ਫੁੱਲਾਂ ਨੂੰ ਪਾਣੀ ਦੇ ਰਹੀ ਸਾਂ। ਤਿੰਨ ਫੁੱਲ ਤਾਂ ਅੱਜ ਹੀ ਖਿੜੇ ਨੇ। ਕੱਲ ਤੱਕ ਤਾਂ ਇਹ ਅਜੇ ਅੱਧ ਖਿੜੀਆਂ ਡੋਡੀਆਂ ਹੀ ਸਨ। ਸਾਵੇ ਘਾਹ 'ਤੇ ਝੜੀਆਂ ਕੁਝ ਪੰਖੜੀਆਂ ਨਾਲ ਹਵਾ 'ਚ ਮੱਧਮ ਜਿਹੀ ਮਿੱਠੀ ਮਹਿਕ ਭਰ ਗਈ ਸੀ।
ਕਾਦਰ ਦੀ ਏਸ ਕਾਇਨਾਤ ਦੀ ਸੁੰਦਰਤਾ ਅਸਲ 'ਚ ਅਕਹਿ ਹੈ ਤੇ ਇਸ ਦਾ ਸੁਹੱਪਣ ਕਦੇ ਪੁਰਾਣਾ ਨਹੀਂ ਹੁੰਦਾ। ਇਸ ਨੂੰ ਵੇਖ ਕੇ ਕੋਈ ਅੱਕਦਾ -ਥੱਕਦਾ ਨਹੀਂ। ਇਸ ਅਦੁੱਤੀ ਖੂਬਸੂਰਤੀ ਨੂੰ ਨਿਹਾਰਦੀ ਹੁਣ ਮੈਂ ਸੋਚ ਰਹੀ ਸਾਂ ਕਿ ਮੈਂ ਆਪਣੀ ਰੂਹ ਦੀ ਮਿੱਟੀ 'ਚ ਅਜਿਹਾ ਕਿਹੜਾ ਰੰਗ ਬੀਜਾਂ ਕਿ ਧੁੱਪ ਖਿੜੇ ਫੁੱਲਾਂ ਨਾਲ ਮੇਰੀ ਝੋਲੀ ਨਿੱਤ ਭਰਦੀ ਰਹੇ।
ਫੱਗਣੀ ਧੁੱਪ
ਚੁੰਝੋਂ ਕਿਰਦੇ ਸੁਰ
ਬਿਖਰੇ ਰੰਗ।