ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Nov 2019

ਸੁੱਚੀ ਨਿਆਜ਼ (ਹਾਇਬਨ) ਡਾ. ਹਰਦੀਪ ਕੌਰ ਸੰਧੂ

                                     

Related image
ਅੰਬਰ ਦੀ ਖੁੱਲ੍ਹੀ ਟਾਕੀ 'ਚੋਂ ਚਾਨਣ ਤ੍ਰਿਪ ਤ੍ਰਿਪ ਚੋ ਰਿਹਾ ਸੀ। ਸਾਗਵਾਨ ਦਾ ਅਡੋਲ ਖੜ੍ਹਾ ਬਿਰਖ ਏਸ ਸੂਹੇ ਚਾਨਣ 'ਚ ਭਿੱਜ ਰਿਹਾ ਜਾਪ ਰਿਹਾ ਸੀ। ਨਿੰਮੀਆਂ ਸ਼ੋਖ ਹਵਾਵਾਂ ਦੀ ਫ਼ੈਲਦੀ ਹੋਈ ਪਰਿਕਰਮਾ ਚੌਗਿਰਦੇ ਨੂੰ ਆਪਣੇ ਕਲਾਵੇ 'ਚ ਭਰ ਰਹੀ ਸੀ।ਇਉਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਪੱਤਝੜ ਹੁਣ ਬਹਾਰ ਦੇ ਅੰਗ- ਸੰਗ ਹੋ ਵਿਚਰਨ ਲੱਗੀ ਹੋਵੇ । ਉਸ ਬਿਰਖ ਦੇ ਫੁੱਲਾਂ ਕੋਲ਼ੋਂ ਜੇ ਕਿਤੇ ਤੱਤੀ 'ਵਾ ਵੀ ਖਹਿ ਕੇ ਲੰਘ ਜਾਂਦੀ ਤਾਂ ਉਹ ਝੱਟ ਆਪਣੇ ਫੁੱਲਾਂ ਨੂੰ ਕਲਾਵੇ ਵਿੱਚ ਭਰ ਲੈਂਦਾ। ਬੇਰੁੱਖੇ ਮੌਸਮ ਦੀ ਮਾਰ ਝੱਲਦਾ ਜਦ ਕਦੇ ਕੋਈ ਫੁੱਲ ਕੁਮਲਾ ਜਾਂਦਾ ਤਾਂ ਉਹ ਝੱਟ ਬਿਰਖ ਦੀ ਬੁੱਕਲ਼ 'ਚ ਆ ਬਹਿੰਦਾ। ਪਰ ਉਸ ਦਿਨ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ ਹੋਣੈ ਕਿ ਟਾਹਣੀਓਂ ਝੜਨ ਵੇਲ਼ੇ ਖੌਰੇ ਓਸ ਫੁੱਲ ਨੂੰ ਕੋਈ ਪੀੜਾ ਹੀ ਨਹੀਂ ਹੋਈ ਸੀ ਤੇ ਉਹ ਬਿਰਖ ਵੀ ਓਸ ਵੇਲ਼ੇ ਬੇਖ਼ਬਰਾ ਹੀ ਰਹਿ ਗਿਆ। ਹਰੇਕ ਕੰਮ ਨੂੰ ਆਪਣਾ ਕਰਮ ਬਣਾਉਣਾ ਤੇ ਕਰਮ ਨੂੰ ਸ਼ੁਭਕਰਮਨ ਕਰਨਾ ਓਸ ਬਿਰਖ ਨੇ ਆਪਣੇ ਹਰ ਫੁੱਲ ਨੂੰ ਸਿਖਾਇਆ। ਹੋਰਾਂ ਫੁੱਲਾਂ ਜਿਹਾ ਸਧਾਰਨ ਜਿਹਾ ਦਿਖਾਈ ਦੇਣ ਵਾਲ਼ਾ ਉਸ ਬਿਰਖ ਦਾ ਇੱਕ ਫੁੱਲ ਉਸ ਦਿਨ ਜਦ ਪੱਤੀ ਪੱਤੀ ਹੋ ਬਿਖਰਿਆ ਤਾਂ ਚਹੁ ਕੁੰਟੀ ਖੁਸ਼ਬੋਈ ਕਰਦਾ ਬਹੁਮੁੱਲੇ ਤੋਂ ਅਮੁੱਲਾ ਬਣ ਗਿਆ,"ਤੂੰ ਫੁੱਲ ਦੀ ਅਉਧ ਹੰਢਾ ਕੇ ਤੁਰ ਗਿਓਂ ਅੰਮੜੀ ਬਿਰਖ ਬਣਾ ਕੇ ਤੁਰ ਗਿਓਂ।" ਉਸ ਦੇ ਸਦੀਵੀ ਤੁਰ ਜਾਣ 'ਚ ਸੁਖਨ ਤਾਂ ਭਾਵੇਂ ਨਹੀਂ ਸੀ ਪਰ ਸ਼ੋਭਾ ਸੀ  ਵਿਛੋੜੇ ਦੀ ਚਸਕ ਅਜੇ ਵੀ ਹੰਝੂ ਬਣ ਵਹਿ ਰਹੀ ਹੈ। 

ਅੱਜ ਵਿਹੜੇ ਖਿਲਰੀ ਕੱਕੀ ਧੁੱਪ ਵੀ ਕੋਈ ਧਿਆਨ ਧਰੀ ਬੈਠੀ ਜਾਪਦੀ ਸੀ। ਘਰ ਦੀਆਂ ਕੰਧਾਂ ਵੀ ਕਿਸੇ ਡੂੰਘੀ ਸੋਚ ਵਿੱਚ ਡੁੱਬੀਆਂ ਪਈਆਂ ਸਨ। ਵਕਤ ਵੀ ਅੱਜ ਸ਼ਾਇਦ ਰੁਕ- ਰੁਕ ਕੇ ਚੱਲ ਰਿਹਾ ਸੀ। ਮਾਂ ਧੁੱਪ ਦੀ ਬੁੱਕਲ਼ ਮਾਰੀ ਖੁਦ ਧੁੱਪ ਵਿੱਚ ਘੁਲ਼ਦੀ ਸਭਨਾਂ ਦੇ ਪੈਰਾਂ ਹੇਠ  ਛਾਂ ਵਿਛਾਉਂਦੀ ਜਾਪ ਰਹੀ ਸੀ।ਹੱਲਿਆਂ ਵੇਲ਼ੇ ਉਹ ਮਸੀਂ ਦੋ ਕੁ ਵਰ੍ਹਿਆਂ ਦੀ ਸੀ। ਪਰ ਮਾਪਿਆਂ ਨੇ ਕੁਰੱਖਤ ਸਮੇਂ ਦੇ ਪਰਛਾਵਿਆਂ ਤੋਂ ਉਸ ਨੂੰ ਸਦਾ ਹੀ ਨਿਰਲੇਪ ਰੱਖਿਆ। ਛੋਟੀ ਉਮਰੇ ਹਿੱਸੇ ਆਈਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੀ ਉਹ ਸਬਰ ਤੇ ਸੰਜਮ ਜਿਹੇ ਜਜ਼ਬਿਆਂ ਨੂੰ ਉਣਦੀ ਤੇ ਪਰੋਂਦੀ ਰਹੀ। ਆਪਣੀ ਮੋਈ ਮਾਂ ਦੇ ਵੈਰਾਗ ਨੇ ਉਸ ਨੂੰ ਵਰ੍ਹਿਆਂ ਬੱਧੀ ਬੇਚੈਨ ਰੱਖਿਆ। ਫ਼ੇਰ ਸਫ਼ਰ ਦੇ ਅਧਵਾਟੇ ਜਦੋਂ ਹਮਸਫ਼ਰ ਦੇ ਬੋਲ ਸਦੀਵੀ ਅਲਵਿਦਾ ਕਹਿ ਗਏ ਤਾਂ ਉਸ ਘਰ ਦੇ ਵਿਹੜੇ ਨੂੰ ਉਪਰਾਮ ਨਹੀਂ ਹੋਣ ਦਿੱਤਾ। ਬੇਚੈਨ ਮੰਥਨ ਦੇ ਵਾਸ਼ਪੀਕਰਣ ਨਾਲ਼ ਇਸ ਧੁੰਦਲਕੇ ਵਿੱਚ ਵੀ ਸੱਜਰੀਆਂ ਪੈੜਾਂ ਸਿਰਜਦਿਆਂ ਉਸ ਦੀ ਆਤਮਾ ਪੁਰਨੂਰ ਹੁੰਦੀ  ਗਈ,"ਦਰਦ ਸਹਿ ਨਹੀਓਂ ਜਿੰਦ ਪੇਚ ਦਾ ਹੋਣਾ ਹਰ ਕਿਸੇ ਦੇ ਵੱਸ ਨਹੀਂ ਤੇਰੇ ਮੇਚ ਦਾ ਹੋਣਾ। " 

ਮਾਂ ਨੇ ਜ਼ਿੰਦਗੀ ਨੂੰ ਬਹੁਤ ਨੇੜਿਓਂ ਨੀਝ ਨਾਲ਼ ਵੇਖਿਆ ਹੋਣੈ।ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਬੰਨਣ ਵਾਲ਼ੀ ਉਹ ਸੁਘੜ ਸੁਆਣੀ ਜੀਵਨ ਭਰ ਘਰ ਦੀ ਰੂਹ ਨੂੰ ਸੁਖਾਵਾਂ ਜਿਹਾ ਰੱਜ ਦਿੰਦੀ ਰਹੀ।ਬੇਤਰਤੀਬੀਆਂ ਨੂੰ ਤਰਤੀਬ ਦਿੰਦੀ ਉਸ ਰਿਸ਼ਤਿਆਂ ਦਾ ਇੱਕ ਨਵਾਂ ਸੰਸਾਰ ਸਿਰਜਿਆ ਸੀ। ਆਪਣੀ ਦੇਹ ਦੀ ਮਿੱਟੀ ਨਾਲ਼ ਉਸ ਧੀ -ਪੁੱਤਾਂ ਨੂੰ ਜਨਮਿਆ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਰੂਹਾਂ 'ਚ ਬੇਅੰਤ ਰੰਗਾਂ ਦੇ ਬੀਜ ਵੀ ਬੀਜੇ ਜੋ ਉਮਰ ਭਰ ਉਨ੍ਹਾਂ ਦੀ ਜ਼ਿੰਦਗੀ 'ਚ ਬਸੰਤੀ ਦਿਨਾਂ ਦੀ ਨਿਸ਼ਾਨਦੇਹੀ ਕਰਦੇ ਰਹੇ। ਉਸ ਨੇ ਰੂਪ ਨਾਲ਼ੋਂ ਰੂਹ ਨੂੰ ਤਰਜੀਹ ਦੇਣੀ ਸਿਖਾਈ। ਇੰਝ ਰੂਹ ਨੂੰ ਨਿਖਾਰਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ।

ਮਾਂ ਦੇ ਹਿੱਸੇ ਆਈ ਪੱਤਝੜ ਵੀ ਨਿਵੇਕਲੀ ਸੀ ਜੋ ਸਾਵਿਆਂ ਸੰਗ ਗਲਵੱਕੜੀ ਪਾਉਣਾ ਸਿਖਾਉਂਦੀ ਰਹੀ। ਉਹ ਘਰ ਦੇ ਵਿਹੜੇ ਵਾਸਤੇ ਅਸੀਸਾਂ ਦੀ ਆਬਸ਼ਾਰ ਏ ਤੇ ਘਰ ਦੇ ਜੀਆਂ ਦੇ ਸੁਪਨਿਆਂ ਦੀ ਜੂਹ। ਚਾਨਣ ਰਾਹਾਂ 'ਤੇ ਤੁਰਨ ਦੀਆਂ ਤਰਕੀਬਾਂ ਦੱਸ ਉਹ ਉਨ੍ਹਾਂ ਨੂੰ ਉਂਗਲ ਲਾ ਆਪਣੇ ਨਾਲ਼ ਤੋਰੀ ਰੱਖਦੀ ਹੈ। ਉਸ ਨੇ ਸਭਨਾਂ ਦੀ ਝੋਲ਼ੀ ਰੰਗ ਚਾਨਣ ਪਾਇਆ। ਉਸ ਦੀ ਇੱਕ ਆਂਦਰ ਉਸ ਚਾਨਣ ਨੂੰ ਹੋਰ ਲੋਇ -ਲੋਇ ਕਰ ਬਿਖੇਰ ਗਈ। ਤੇ ਫ਼ੇਰ ਇੱਕ ਰਾਤ ਉਹ ਅੰਸ਼ ਸੁਫ਼ਨਾ ਬਣ ਜਦੋਂ ਫ਼ੇਰੀ ਪਾਉਣ ਆਇਆ ਤਾਂ ਮਲਕੜ੍ਹੇ ਜਿਹੇ ਮਾਂ ਦੇ ਐਨ ਨੇੜੇ ਹੋ ਬਹਿ ਗਿਆ ਸੀ। ਇਉਂ ਲੱਗਦਾ ਸੀ ਕਿ ਜਿਵੇਂ ਉਹ ਮਾਂ ਦੀ ਕਿਸੇ ਦੁਬਿੱਧਾ ਤੋਂ ਜਾਣੂੰ ਹੋਵੇ ਤੇ ਕੋਈ ਜ਼ਰੂਰੀ ਮਸ਼ਵਰਾ ਕਰਨ ਆਇਆ ਹੋਵੇ। ਮਾਂ ਨੇ ਜਦੋਂ ਮੋਹਵੰਤੀ ਗਲਵੱਕੜੀ ਪਾਉਂਦਿਆਂ ਉਸ ਤੋਂ ਕੁਝ ਪੁੱਛਿਆ ਤਾਂ ਹਮੇਸ਼ਾਂ ਵਾਂਗਰ ਮੂਕ ਹੁੰਗਾਰਾ ਭਰਦਿਆਂ ਆਪਣੀ ਸਹਿਮਤੀ ਪ੍ਰਗਟਾਈ ਸੀ। ਪਤਾ ਨਹੀਂ ਮਾਂ ਨੇ ਉਸ ਨੂੰ ਕੇਹਾ ਪਾਠ ਪੜ੍ਹਾਇਆ ਸੀ ਕਿ ਉਸ ਨੂੰ ਮਿਲਣ ਤੋਂ ਬਾਅਦ ਹਰ ਕੋਈ ਮਾਂ ਨੂੰ ਮਿਲਣਾ ਲੋਚਦਾ ਸੀ। 

ਉਮਰਾਂ ਦੀ ਲਹਿੰਦੀ ਆਥਣ ਨੇ ਹੁਣ ਮਾਂ  ਦੇ ਪ੍ਰਛਾਵਿਆਂ ਨੂੰ ਸਿਖਰ 'ਤੇ ਪਹੁੰਚ ਦਿੱਤਾ ਹੈ ਜਿਥੇ ਦੇਹ ਅਰੋਗਤਾ ਦਾ ਕੋਈ ਭਰੋਸਾ ਨਹੀਂ ਰਹਿੰਦਾ। ਪਰ ਉਸ ਦੇ ਬੋਲਾਂ 'ਚ ਅਜੇ ਵੀ ਸਹਿਜ ਤੇ ਠਰ੍ਹਮਾ ਹੈ ਤੇ ਕਦਮਾਂ 'ਚ ਹਿੰਮਤ ਤੇ ਦ੍ਰਿੜਤਾ।ਉਸ ਦੇ ਬੋਲਾਂ ਦੀ ਅਸੀਮ ਸਮਰੱਥਾ ਹਰ ਸੁਣਨ ਵਾਲ਼ੇ ਨੂੰ ਆਪਣੇ ਕਲਾਵੇ 'ਚ ਆਪੂੰ ਹੀ ਭਰ ਲੈਂਦੀ ਹੈ। ਮਾਂ ਦੀ ਹੋਂਦ ਦੀ ਛੋਹ ਨਾਲ਼ ਲਿਪਟ ਮੈਂ ਆਪਣੀ ਉਡਾਰੀ ਵੇਖਦੀ ਹਾਂ। ਫ਼ੇਰ ਉਹ ਮੈਨੂੰ ਉੱਚੇ ਅੰਬਰਾਂ ਦੀ ਸੈਰ ਕਰਾਉਂਦੀ ਹੈ। ਉਹ ਜ਼ਿੰਦਗੀ ਦੀਆਂ ਅਣਗਿਣਤ ਦੁਪਹਿਰਾਂ ਦੀ ਤਪਸ਼ ਝੱਲਦੀ ਹੋਈ ਅੱਜ ਵੀ ਕੋਈ ਸੁਰਖ਼ ਲੋਇ ਬਣ ਰੰਗ ਚਾਨਣ ਬਿਖੇਰ ਰਹੀ ਹੈ।ਮੈਂ ਓਸ ਚਾਨਣ ਭਰੇ ਸਫ਼ਰ ਦਾ ਭਾਗ ਬਣ ਅਜੇ ਹੋਰ ਅਗਾਂਹ ਤੁਰਦੇ ਜਾਣਾ ਹੈ ਤਾਂ ਕਿ ਉਸ ਦੇ ਬਰਾਬਰ ਖੜਨ ਜੋਗੀ ਹੋ ਜਾਵਾਂ,"ਇੱਕ ਚੀਸ ਰੂਹ ਵਿੱਚ ਸਿੰਮਦੀ ਵੇਖੀ ਜਿੰਦ ਤਲੀ 'ਤੇ ਜੰਮਦੀ ਵੇਖੀ।" 

ਕਿਸੇ ਅਨੰਤ ਲੌਅ 'ਚ ਮਹਾਂ ਸ਼ਾਂਤੀ ਦੇ ਉਸ ਬਿਰਖ 'ਤੇ ਬੈਠੇ ਪੰਖੇਰੂਆਂ ਦੇ ਕਿਰਦੇ ਸੁਰ ਅਤੇ ਟਹਿਣੀਓਂ ਝਰਦੇ ਪੱਤੇ ਹੌਲੇ -ਹੌਲੇ ਹੁਣ ਵੀ ਮੇਰੀ ਝੋਲ਼ੀ ਪੈ ਰਹੇ ਨੇ ਜਿਵੇਂ ਬੇਨਜ਼ੀਰ ਪਲਾਂ ਦੀ ਕੋਈ ਸੁੱਚੀ ਨਿਆਜ਼ ਹੋਣ। 
ਸਾਰੰਗ ਨਾਦ  
ਪੱਤਾ ਪੱਤਾ ਬਿਰਖ 
ਸੁੱਚੀ ਨਿਆਜ਼। 

ਡਾ. ਹਰਦੀਪ ਕੌਰ ਸੰਧੂ  


2 Nov 2019

ਡੱਬੀਆਂ ਵਾਲ਼ਾ ਖੇਸ (ਹਾਇਬਨ) ਡਾ. ਹਰਦੀਪ ਕੌਰ ਸੰਧੂ


ਅੱਜ ਫ਼ੇਰ ਇੱਕ ਸੁਰਖ਼ ਲੋਅ ਵਾਲ਼ੀ ਨਵੀਂ ਸਵੇਰ ਸੀ। ਇਉਂ ਲੱਗਦਾ ਸੀ ਜਿਵੇਂ ਕਿਸੇ ਸੁੱਚੀ ਜਿਹੀ ਧੁੱਪੜੀ ਨੇ ਦਰਾਂ 'ਤੇ ਆਣ ਦਸਤਕ ਦਿੱਤੀ ਹੋਵੇ। ਕਹਿੰਦੇ ਨੇ ਕਿ ਮਨ ਦੇ ਦੁਆਰ 'ਤੇ ਕਿਸੇ ਰੱਬ ਸਬੱਬੀਂ ਕੁਝ ਨਾ ਕੁਝ ਅੱਪੜਦਾ ਹੀ ਰਹਿੰਦਾ ਹੈ। ਕਦੇ ਪੋਲੇ- ਪੋਲੇ ਪੱਬੀਂ ਆਏ ਦੂਰ ਦੁਰੇਡੀਓਂ ਚਾਅ ਵਿਹੜੇ ਦੀ ਰੌਣਕ ਬਣ ਜਾਂਦੇ ਨੇ ਤੇ ਕਦੇ ਸੂਹੇ ਪਲਾਂ ਦਾ ਨਾਦ ਗੂੰਜਣ ਲੱਗਦਾ ਹੈ। 
ਡੱਬੀਆਂ ਵਾਲ਼ਾ ਖੇਸ ਹੁਣ ਮੇਰੇ ਹੱਥਾਂ 'ਚ ਸੀ। ਇਹ ਬਹੁਤ ਲੰਮੇਰਾ ਸਫ਼ਰ ਤਹਿ ਕਰਦਾ ਦਾਦਕੇ ਪਿੰਡੋਂ ਮੇਰੇ ਦਾਦੇ ਦੇ ਭਰਾ ਦੇ ਘਰੋਂ ਏਥੇ ਸੱਤ ਸਮੁੰਦਰੋਂ ਪਾਰ ਆਇਆ ਸੀ। ਏਸ ਖੇਸ ਨੂੰ ਬੁਣਨ ਵੇਲ਼ੇ ਹੀ ਮੇਰੇ ਨਾਓਂ ਦੀ ਸ਼ਾਇਦ ਕੋਈ ਅਣਦਿੱਖ ਮੋਹਰ ਪਹਿਲਾਂ ਹੀ ਲੱਗ ਗਈ ਹੋਵੇ। ਜਿਸ ਦੀ ਖ਼ਬਰ ਨਾ ਖੇਸ ਬੁਣਨ ਵਾਲ਼ੀ ਓਸ ਬੇਬੇ ਨੂੰ ਸੀ ਜੋ ਆਪਣੀ ਉਮਰ ਦੇ ਹੁਣ ਨੌਂ ਦਹਾਕੇ ਵਿਹਾ ਚੁੱਕੀ ਹੈ ਤੇ ਮੈਨੂੰ ਤਾਂ ਹੋਣੀ ਹੀ ਕੀ ਸੀ ? ਬੇਬੇ ਨੇ ਆਪਣੇ ਸੰਦੂਕ ਦੇ ਭਰਪੂਰ ਖਜ਼ਾਨੇ 'ਚੋਂ ਕੱਢ ਕੇ ਸਭ ਤੋਂ ਅਮੁੱਲੀ ਵਸਤ ਮੈਨੂੰ ਭੇਜੀ ਸੀ ਜੋ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਹੁਣ ਮੈਂ ਉਹ ਖੂਬਸੂਰਤੀ ਮਾਣ ਰਹੀ ਸਾਂ ਜੋ ਮੇਰੀ ਪੜਨਾਨੀ ਤੇ ਮਾਂ ਨੇ ਹਰ ਨਿੱਕੀ ਸ਼ੈਅ 'ਚੋਂ ਮੈਨੂੰ ਮਾਨਣੀ ਸਿਖਾਈ ਹੈ। 
ਬੇਬੇ ਦੇ ਚਰਖ਼ੇ ਦੀ ਘੂਕਰ ਹੁਣ ਮੈਨੂੰ ਸੁਣਾਈ ਦੇ ਰਹੀ ਸੀ।ਉਸ ਦੇ ਹੱਥੀਂ ਬੁਣੇ ਖੇਸ 'ਚੋਂ ਪਿਆਰ ਭਰੀ ਮਹਿਕ ਨੂੰ ਕਿਸੇ ਬਿਆਨ ਨਾਲ਼ ਮਿਣਿਆ ਨਹੀਂ ਜਾ ਸਕਦਾ। ਖੇਸ ਦੇ ਬੰਬਲਾਂ 'ਚ ਵੱਟੇ ਚਾਅ ਹੁਣ ਮੇਰੀ ਝੋਲ਼ੀ ਆ ਪਏ ਨੇ। ਹਰੀ ਕੰਨੀ ਵਾਲ਼ਾ ਮਿਟਿਆਲਾ ਜਿਹਾ ਡੱਬੀਆਂ ਵਾਲ਼ਾ ਖੇਸ ਮੈਨੂੰ ਕਿਸੇ ਅਨੋਖੀ ਸੂਖਮਤਾ ਦੇ ਨੇੜੇ ਲੈ ਗਿਆ ਸੀ। ਰਿਸ਼ਤਿਆਂ ਦੀ ਉਹ ਸੂਖਮਤਾ ਜਿਹੜੀ ਬੇਬੇ ਨੇ ਮੇਰੇ ਮਾਪਿਆਂ ਸੰਗ ਹੰਢਾਈ ਸੀ। ਖੇਸ ਭੇਜਣ ਵੇਲ਼ੇ ਵੀ ਬੇਬੇ ਦੀਆਂ ਗੱਲਾਂ 'ਚ ਮੇਰੀ ਮਾਂ ਦੇ ਨਿੱਘੇ ਤੇ ਮਿਲਾਪੜੇ ਸੁਭਾਅ ਦਾ ਜ਼ਿਕਰ ਸੀ। ਵਕਤ ਦੇ ਤਕਾਜ਼ਿਆਂ ਤੋਂ ਪਾਰ ਉਸ ਨੇ ਮੇਰੇ ਮਾਪਿਆਂ ਦੇ ਅਕਸ ਥੀਂ ਹੀ ਮੈਨੂੰ ਕਿਆਸਿਆ ਹੋਣੈ। 
ਡੱਬੀਦਾਰ ਖੇਸ ਹੱਥਾਂ 'ਚ ਲੈਂਦਿਆਂ ਜਦੋਂ ਆਪਣੀਆਂ ਪਲਕਾਂ ਭੀੜ੍ਹ ਲਈਆਂ ਤਾਂ ਮੈਂ ਕਈ ਦਹਾਕੇ ਪਿਛਾਂਹ ਉਨ੍ਹਾਂ ਅਣਦੇਖੇ ਪਲਾਂ 'ਚ ਜਾ ਖਲੋਈ ਜੋ ਮੇਰੀ ਅੰਮੜੀ ਤੇ ਬਾਬਲ ਨੇ ਕਦੇ ਬੇਬੇ ਦੇ ਪਰਿਵਾਰ ਸੰਗ ਬਿਤਾਏ ਸਨ। ਗੱਲ-ਗੱਲ 'ਤੇ ਸ਼ੁਗਲ ਮੇਲਾ ਮਨਾਉਂਦੇ ਤਰੋ -ਤਾਜ਼ੇ ਪਲ, ਸੁੱਚੀ ਗੁਫ਼ਤਗੂ 'ਚ ਰੁੱਝੇ ਪਲ। ਇਨ੍ਹਾਂ ਪਲਾਂ ਦੀ ਸੱਤਰੰਗੀ ਤਹਿਜ਼ੀਬ ਮੈਨੂੰ ਅਸੀਸ ਦਿੰਦੀ ਜਾਪੀ। ਵਰ੍ਹਿਆਂ ਪਿੱਛੋਂ ਅੱਜ ਮੈਂ ਉਹ ਪਲ ਜਿਉਂ ਲਏ ਸਨ ਜੋ ਮੇਰੇ ਹਿੱਸੇ ਕਦੇ ਆਏ ਹੀ ਨਹੀਂ ਸਨ । 
ਮੈਂ ਦਾਦਕਿਆਂ ਦੀ ਵਾਦੀ 'ਚ ਹੁਣ ਕਿਸੇ ਪੰਛੀ ਵਾਂਗ ਉੱਡ ਰਹੀ ਸਾਂ। ਮੈਂ ਇਹਨਾਂ ਪਲਾਂ ਤੋਂ ਵਿਦਾ ਨਹੀਂ ਲੈਣੀ ਚਾਹੁੰਦੀ ਸਾਂ ਜਿਥੇ ਦਿਲਦਾਰੀਆਂ ਜਿਉਂਦੀਆਂ ਸਨ। ਚਾਨਣ ਰੁੱਤੇ ਰਾਹਾਂ ਵਿੱਚ ਕਿਸੇ ਸੁਖਦ ਨਾਦ ਦੀ ਧੁਨ 'ਤੇ ਮਹਿਕਾਂ ਦਾ ਵਣਜ ਹੁੰਦਾ ਸੀ। ਹੁਣ ਮੈਂ ਉਨ੍ਹਾਂ ਸਮੁੰਦ ਪਲਾਂ ਜਿਹਾ ਹੋਣਾ ਲੋਚਦੀ ਸਾਂ ਜਿਥੇ ਪਾਣੀਆਂ ਜਿਹੀ ਪਾਕੀਜ਼ਗੀ ਸੀ। ਇਉਂ ਲੱਗਦਾ ਸੀ ਕਿ ਅੱਜ ਇਹਨਾਂ ਪਲਾਂ ਨੇ ਮੇਰੇ ਮਨ ਦੀ ਮੁਹਾਠ 'ਤੇ ਸਤਵਰਗੀ ਰਹਿਮਤਾਂ ਦਾ ਛਿੱਟਾ ਦੇ ਦਿੱਤਾ ਹੋਵੇ। 

ਪੁੱਜੀ ਪ੍ਰਦੇਸ 
ਵਿਸਮਾਦੀ ਖੁਸ਼ਬੋ 
ਸੁਹੰਦਾ ਖੇਸ। 

16 Sept 2019

ਸੁਰ ਸਰੋਦੀ (ਹਾਇਬਨ) ਡਾ. ਹਰਦੀਪ ਕੌਰ ਸੰਧੂ

Image result for hands offering leaves
ਸਾਵੀਂ ਜਿਹੀ ਰੁੱਤ ਸੀ। ਕਾਦਰ ਦੀ ਕੁਦਰਤ ਚੁਫ਼ੇਰੇ ਵਿੱਚ ਬਹੁ-ਭਾਂਤੀਆਂ ਧੁਨੀਆਂ ਉਣਨ ਵਿੱਚ ਮਸ਼ਰੂਫ ਸੀ । ਨਿੰਮੀ ਲੋਅ 'ਚ ਫ਼ੈਲਦੇ ਪੰਛੀਆਂ ਦੇ ਬੋਲ ਕਦੇ ਸੁਰ ਤੇ ਕਦੇ ਸ਼ੋਰ ਦਾ ਰੂਪ ਧਾਰਦੇ ਲੱਗ ਰਹੇ ਸਨ। ਕਰੀਨੇਦਾਰ ਕਾਇਨਾਤ ਦੀ ਇਬਾਰਤ ਕਿਸੇ ਨੇ ਵਿਹੜੇ 'ਚ ਬਿਖੇਰ ਦਿੱਤੀ ਸੀ। ਵਗਦੀਆਂ ਤੇਜ਼ ਹਵਾਵਾਂ 'ਚ ਸਭ ਕੁਝ ਝੋਲ਼ੀ 'ਚ ਸਮੇਟਣਾ ਔਖਾ ਹੋ ਰਿਹਾ ਸੀ। ਟਹਿਣੀਆਂ ਨਾਲ਼ੋਂ ਨਿਖੜੇ ਅੱਧ -ਖਿੜੇ ਫੁੱਲਾਂ ਦਾ ਰੁਦਨ ਸੁਣਨ ਦੀ ਤੌਫ਼ੀਕ ਲੱਗਦੈ ਕਿਸੇ ਨੂੰ ਨਹੀਂ ਸੀ।
ਵਿਹੜੇ ਦੀ ਉਦਾਸੀ ਹੌਲ਼ੀ ਹੌਲ਼ੀ ਰੂਹ 'ਚ ਉਤਰ ਗਈ ਸੀ। ਰੂਹ ਦੀ ਸਰਦਲ 'ਤੇ ਸੁੰਨ ਵਰਤੀ ਪਈ ਸੀ। ਜਿਥੋਂ ਕਦੇ ਕੋਈ ਨਹੀਂ ਪਰਤਿਆ ਅਣਦੱਸੇ ਰਾਹ ਤੁਰਨ ਦੀ ਉਸ ਨੂੰ ਇਹ ਕੇਹੀ ਕਾਹਲ਼ ਸੀ ? ਨਾ ਉਮਰ ਸੀ ਨਾ ਪਹਿਰ ਸੀ। ਉਸ ਦੇ ਸਦਾ ਲਈ ਤੁਰ ਜਾਣ ਦਾ ਹੇਰਵਾ ਅਵਚੇਤਨ ਵਿੱਚ ਬਹੁਤ ਕੁਝ ਧਰ ਗਿਆ ਸੀ।
ਇਹਨੀ ਦਿਨੀਂ ਮੇਰੇ ਅੰਤਰ ਮਨ ਨਾਲ਼ ਮੂਕ ਸੰਵਾਦ ਹਰ ਵੇਲ਼ੇ ਕਾਰਜਸ਼ੀਲ ਰਹਿੰਦਾ ਸੀ। ਸੋਚ ਹਰ ਵੇਲ਼ੇ ਕਿਸੇ ਦੀ ਤਲਾਸ਼ ਵਿੱਚ ਰਹਿੰਦੀ। ਰੂਹ ਕਮੰਡਲ ਵਿੱਚ ਹੁਣ ਅਣਮੁੱਕ ਉਡੀਕ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਚੁਫ਼ੇਰੇ ਨੂੰ ਮੇਰੀ ਕੋਈ ਪ੍ਰਵਾਹ ਨਹੀਂ ਸੀ। ਮੇਰੇ ਆਪੇ ਅੰਦਰ ਚੱਲਦੇ ਮਹਾਂ ਯੁੱਧ ਨੂੰ ਉਸ ਦੇ ਸੰਜਮੀ ਸੋਹਲ ਬੋਲਾਂ ਨੇ ਅਚਾਨਕ ਰੋਕ ਦਿੱਤਾ, " ਸ਼ਬਦਾਂ ਨਾਲ਼ ਤਾਂ ਤੇਰੀ ਬਹੁਤ ਬਣਦੀ ਹੈ। ਤੇਰੇ ਲੇਖਣ ਸਫ਼ਰ ਦਾ ਕੀ ਹਾਲ ਹੈ ?" ਹੁਣ ਮੇਰਾ ਮਨ ਅਸਚਰਜ ਸੀ। ਸ਼ਾਇਦ ਉਹ ਮੇਰੀ ਮਨੋ ਸਥਿਤੀ ਤੋਂ ਜਾਣੂੰ ਸੀ ਤੇ ਇਹ ਸੁਆਲ ਉਸ ਮੇਰੀ ਬਿਰਤੀ ਨੂੰ ਝੰਜੋੜਨ ਲਈ ਕੀਤਾ ਹੋਵੇ।
ਕਹਿੰਦੇ ਨੇ ਕਿ ਰੰਗ ਮਿਲਾਪ ਮਿੰਨੇ -ਮਿੰਨੇ ਪਲਾਂ ਦੀ ਰੁਮਕਣੀ ਦਾ ਸ਼ਗਨ ਤਲੀਆਂ 'ਤੇ ਆਪੂੰ ਹੀ ਧਰ ਜਾਂਦਾ ਹੈ। ਉਸ ਨਾਲ਼ ਹੋਈ ਪਹਿਲੀ ਮਿਲਣੀ ਵਿੱਚ ਹੀ ਮੈਨੂੰ ਉਸ ਨਾਲ਼ ਕੋਈ ਵਿਲੱਖਣ ਜਿਹੀ ਸਾਂਝ ਪ੍ਰਤੀਤ ਹੋਈ ਸੀ। ਪਰ ਓਸ ਵੇਲ਼ੇ ਮੈਂ ਏਸ ਨੂੰ ਅਣਗੌਲ਼ਿਆ ਹੀ ਕਰ ਛੱਡਿਆ। ਉਹ ਮਿਲਾਪੜੇ ਸੁਭਾਅ ਦੀ ਮਲਿਕਾ ਹੈ ਜਿਸ ਦੀਆਂ ਗਹਿਰੀਆਂ ਨੀਲੀਆਂ ਅੱਖਾਂ ਕਿਸੇ ਸਕੂਨ ਦੀ ਇਬਾਰਤ ਨੇ। ਰੱਬ ਨੇ ਉਸ ਨੂੰ ਕਲਾ ਦੀ ਲੌਅ ਦਿੱਤੀ ਹੈ।ਰੰਗਾਂ ਨਾਲ ਬਣਾਈਆਂ ਕਲਾ ਕ੍ਰਿਤਾਂ 'ਚੋਂ ਅਸੀਮ ਅਰਥਾਂ ਦੀ ਥਾਹ ਪਾਉਣਾ ਉਸ ਨੂੰ ਆਉਂਦਾ ਹੈ।
ਕਹਿੰਦੇ ਨੇ ਕਿ ਸੰਦਲੀ ਸਾਂਝ ਪਾਉਣਾ ਹਰ ਸੱਭਿਆਚਾਰ ਦਾ ਉਚਾ ਤੇ ਸੁੱਚਾ ਕਰਮ ਹੁੰਦਾ ਹੈ।ਕੁਝ ਅਜਿਹੇ ਹੀ ਕਰਮਯੋਗ ਦੀ ਉਹ ਭਾਗੀ ਹੈ। ਉਸ ਨਾਲ਼ ਮੇਰੀ ਸਾਂਝ ਕੋਈ ਬਹੁਤੀ ਪੁਰਾਣੀ ਨਹੀਂ ਸੀ। ਪਰ ਫ਼ੇਰ ਵੀ ਉਸ ਨੂੰ ਮੇਰੀ ਲੇਖਣੀ ਦਾ ਖ਼ਿਆਲ ਸੀ।ਸੱਭਿਆਚਾਰਕ ਭਿੰਨਤਾ ਦੇ ਬਾਵਜੂਦ ਵੀ ਸਾਡੇ ਦੋਹਾਂ 'ਚ ਬਹੁਤ ਕੁਝ ਸਮਾਨੰਤਰ ਹੈ। ਕਿਸੇ ਸ਼ੋਰੀਲੀ ਮਹਿਫ਼ਲ 'ਚ ਜਾਣ ਦੇ ਸੱਦੇ ਨੂੰ ਜਦੋਂ ਮੈਂ ਇੱਕ ਵਾਰ ਨਕਾਰ ਦਿੱਤਾ ਸੀ ਤਾਂ ਉਸ ਨੇ ਬੜੀ ਸਹਿਜਤਾ ਨਾਲ਼ ਸਹਿਕਰਮੀਆਂ ਨੂੰ ਮੇਰੇ ਹੁਨਰ ਤੋਂ ਜਾਣੂੰ ਕਰਵਾਇਆ,"ਰੰਗ-ਪਰੰਗ ਰੰਗਾਂ ਦੀ ਰੰਗੀਨ ਮਹਿਫ਼ਲਾਂ ਦਾ ਸਬੱਬ ਏਸ ਨੂੰ ਰੱਬ ਦੇਵੇ। ਇਨਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ।" ਉਸ ਦਿਨ ਮੈਨੂੰ ਪਤਾ ਲੱਗਾ ਕਿ ਉਹ ਤਾਂ ਮੇਰੀਆਂ ਹੀ ਪੈੜਾਂ ਦੀ ਰਾਹਗੀਰ ਹੈ। ਅਚੇਤ ਰੂਪ ਵਿੱਚ ਸਾਡੀ ਸਾਂਝ ਹੋਰ ਪੀਢੀ ਹੋ ਗਈ ਸੀ।
ਕਹਿੰਦੇ ਨੇ ਕਿ ਫੁੱਲ ਟੁੱਟਣ ਮਗਰੋਂ ਰੂਹ ਦੀ ਖੁਸ਼ਬੂ ਮੂਕ ਸਿਸਕੀਆਂ ਦੀ ਅਉਧ ਹੰਢਾਉਂਦੀ ਹੈ। ਏਸ ਪੀੜ ਭਰੀ ਰਮਜ਼ ਨੂੰ ਜਾਨਣਾ ਬੜਾ ਔਖਾ ਹੈ। ਜਿਸ ਤਨ ਲਾਗੇ ਸੋ ਤਨ ਜਾਣੇ। ਪਰ ਪਰਾਈ ਪੀੜ 'ਚ ਘੁਲਣਾ ਉਸ ਨੂੰ ਆਉਂਦੈ,"ਉਦਾਸੀ ਕਦੇ-ਕਦੇ ਉਦਾਸੀਨਤਾ ਵੀ ਬਣ ਜਾਂਦੀ ਹੈ । ਪਰ ਹੁਣ ਤੂੰ ਜ਼ਿੰਦਗੀ ਨਾਲ਼ ਤਾਲ ਮਿਲਾ ਲਈ ਹੈ। ਤੇਰੀ ਉਪਰਾਮ ਹੋਈ ਬਹਾਰ ਸਹਿਜ ਹੋ ਰਹੀ ਹੈ।" ਉਸ ਦੇ ਪੁਰ -ਖਲੂਸ ਪਲਾਂ ਦੀ ਸਾਂਝ ਨੇ ਛੋਪਲੇ ਜਿਹੇ ਮਿਲਣੀ 'ਚ ਇੱਕ ਤਾਜ਼ਗੀ ਭਰ ਦਿੱਤੀ ਸੀ। ਹਵਾ 'ਚ ਸਹਿਜਤਾ ਆ ਗਈ ਸੀ। ਪੱਤੇ ਹੌਲ਼ੀ ਹੌਲ਼ੀ ਬਿਰਖ ਤੋਂ ਝੜ ਰਹੇ ਸਨ। ਹੁਣ ਮੱਧਮ ਲੌਅ ਵਿੱਚ ਪੱਤਿਆਂ ਦੀ ਸਰਸਰਾਹਟ ਚੁਫ਼ੇਰੇ ਨੂੰ ਕਿਸੇ ਸੁਰੀਲੀ ਗੂੰਜ ਨਾਲ਼ ਭਰਦੀ ਜਾਪ ਰਹੀ ਸੀ। ਇਉਂ ਲੱਗਦਾ ਸੀ ਜਿਵੇਂ ਕਿਸੇ ਅਣਦਿੱਖ ਹੱਥਾਂ ਦੀ ਛੋਹ ਨੇ ਕੋਈ ਸਰੋਦੀ ਸੁਰ ਛੇੜ ਦਿੱਤਾ ਹੋਵੇ।
ਮੱਧਮ ਲੌਅ
ਸਰੋਦੀ ਸੁਰ ਛੇੜੇ
ਹੱਥਾਂ ਦੀ ਛੋਹ।

ਡਾ. ਹਰਦੀਪ ਕੌਰ ਸੰਧੂ

28 Jun 2019

ਖ਼ੁਦਾਇ ਰੰਗਿ (ਹਾਇਬਨ) ਡਾ. ਹਰਦੀਪ ਕੌਰ ਸੰਧੂ

ਖ਼ੁਦਾਇ ਰੰਗਿ (ਹਾਇਬਨ) ਡਾ. ਹਰਦੀਪ ਕੌਰ ਸੰਧੂ
ਹਾੜ ਦੇ ਦਿਨਾਂ ਦੀ ਆਲਮੀ ਤਪਸ਼ ਵੱਧਦੀ ਜਾ ਰਹੀ ਸੀ। ਪੂਰਬ ਤੋਂ ਪੱਛਮ ਦਾ ਪੈਂਡਾ ਤੈਅ ਕਰਦਾ ਸੂਰਜ ਚੁਫ਼ੇਰੇ ਦੀ ਨਮੀ ਨੂੰ ਸੋਖ ਰਿਹਾ ਸੀ। ਟਿਕੀ ਦੁਪਹਿਰ ਨੂੰ ਗਰਮੀ ਦੇ ਸਤੇ ਹੋਏ ਬੀਂਡੇ ਵੀ ਟੀਂ- ਟੀਂ ਕਰ ਰਹੇ ਸਨ।ਪੂਰੀ ਕਾਇਨਾਤ ਹੀ ਕਿਧਰੇ ਗੁਆਚੀ ਜਾਪ ਰਹੀ ਸੀ। ਇਉਂ ਲੱਗਦਾ ਸੀ ਕਿ ਜਿਵੇਂ ਇਹ ਕਦੇ ਹੱਥ ਨਹੀਂ ਆਵੇਗੀ।      
ਵਿਹੜੇ ਦੇ ਇੱਕ ਖੂੰਜੇ ਲੱਗਾ ਛੋਟਾ ਜਿਹਾ ਰੁੱਖ ਉਸ ਦੇ ਤੁਰ ਜਾਣ ਮਗਰੋਂ ਸੁੱਕ ਕੇ ਮੁਰਝਾ ਗਿਆ ਸੀ। ਲੱਗਦਾ ਸੀ ਜਿਵੇਂ ਕੜੰਗ ਹੋਇਆ ਇਹ ਰੁੱਖ ਕਰੁੰਬਲਾਂ ਤੇ ਪੱਤਿਆਂ ਦੇ ਵਿਯੋਗ ਵਿੱਚ ਕੋਈ ਮੂਕ ਹੋਕਰਾ ਬਣ ਗਿਆ ਹੋਵੇ। ਕਦੇ ਅਜਿਹੇ ਸੁੱਚੇ ਪੱਤਿਆਂ ਨੇ ਸਾਡੇ ਬੂਹੇ ਦੀਆਂ ਪਲਕਾਂ ਦਾ ਭਾਗ ਬਣ ਉਸ ਦੀ ਆਮਦ ਦੇ ਗੀਤ ਗਾਏ ਸਨ। ਉਸ ਦੇ ਬੋਲਾਂ ਦੀ ਆਹਟ ਨੂੰ ਚਿਤਵਦਾ ਮਨ ਨਾਨਕੇ ਪਿੰਡ ਦੀ ਕੱਚੀ ਬੀਹੀ ਨੂੰ ਹੋ ਤੁਰਿਆ। ਉਹ ਵੱਡੀ ਭੈਣ ਦੀ ਕੁੱਛੜ ਸੀ ਤੇ ਮੈਂ ਉਂਗਲ ਲੱਗੀ ਨਾਲ਼ ਤੁਰੀ ਜਾ ਰਹੀ ਸਾਂ, " ਕੁੜੇ ਆ ਪਾਲ ਦੀ ਕਾਕੀ ਆ?" ਸਾਹਮਣਿਓਂ ਤੁਰੀ ਆਉਂਦੀ ਬੇਬੇ ਨੇ ਪੁਚਕਾਰਦੇ ਹੋਏ ਕਿਹਾ। " ਤੇ ਮੈਂ ਪਾਲ ਦਾ ਕਾਕਾ," ਉਸ ਨੇ ਝੱਟ ਖੁਦ ਨੂੰ ਬੇਬੇ ਦੇ ਅਧੂਰੇ ਵਾਕ 'ਚ ਸ਼ਾਮਿਲ ਕਰ ਲਿਆ ਸੀ। 
ਇੰਨ੍ਹਾਂ ਦਿਨਾਂ ਵਿੱਚ ਕਦੇ ਕਦੇ ਬਰਸਾਤ ਹੋਣ ਲੱਗੀ ਸੀ। ਹੁਣ ਉਸ ਦੇ ਆਪਣੇ ਹੱਥੀਂ ਲਾਏ ਸੁੱਕੇ ਰੁੱਖ ਨੂੰ ਤਾਂ ਸਾਵੇ ਪੱਤਿਆਂ ਤੇ ਸੂਹੇ ਫੁੱਲਾਂ ਦਾ ਫੁਟਾਰਾ ਪੈ ਗਿਆ ਸੀ ਪਰ ਵਕਤੋਂ ਬੇਵਕਤ ਹੋਏ ਪਲਾਂ ਨੂੰ ਘੇਰ ਕੌਣ ਮੋੜ ਕੇ ਲਿਆਵੇ ? ਉਸ ਦੀ ਪੈੜ ਚਾਲ ਨੂੰ ਕੰਨ ਤਰਸੇ ਪਏ ਨੇ । ਹੰਝੂਆਂ 'ਚ ਘੁਲ਼ਦੀਆਂ ਯਾਦਾਂ ਨੂੰ ਵੇਖ ਵਿਹੜੇ ਦਾ ਵੀ ਗੱਚ ਭਰ ਆਉਂਦਾ ਹੈ। ਵਿਹੜੇ ਦਾ ਸੂਰਜ ਅਲੋਪ ਹੁੰਦੇ -ਹੁੰਦੇ ਅਜਿਹਾ ਅਲੌਕਿਕ ਝਲਕਾਰਾ ਮਾਰ ਗਿਆ ਸੀ ਕਿ ਰੁਦਨ ਕਰੇਂਦਾ ਘਰ ਕਿਸੇ ਸੁਨਹਿਰੀ ਚੰਦੋਏ ਹੇਠ ਸ਼ਸ਼ੋਭਿਤ ਹੋ ਗਿਆ । ਉਸ ਦੀ ਝੋਲ਼ੀ ਮਾਂ ਦੇ ਪਾਏ ਰੰਗ ਚਾਨਣ ਨੂੰ ਉਹ ਹੋਰ ਚਾਨਣ -ਚਾਨਣ ਕਰ ਬਿਖੇਰ ਗਿਆ ਸੀ। ਰੂਹ ਉਸ ਦੀ ਰੱਬੀ ਰੱਬ ਸਮੋਈ ਹੋ ਗਿਆ ਉਹ ਦੇਵ ਪੁਰਸ਼ ਕੋਈ। 
 ਕਹਿੰਦੇ ਨੇ ਕਿ ਨਿੰਦਰੀ ਸੋਚ ਵਿੱਚ ਸੰਵੇਦੀ ਭਰਮ ਨਹੀਂ ਹੁੰਦੇ ਤੇ ਇਹ ਊਟਪਟਾਂਗ ਵੀ ਨਹੀਂ ਹੁੰਦੀ।ਪਰ ਸਮੇਂ ਵਿੱਚ ਕਦੇ - ਕਦੇ ਅਜਿਹੀ ਗੜਬੜੀ ਹੁੰਦੀ ਹੈ ਕਿ ਅਤੀਤ ਵੀ ਵਰਤਮਾਨ ਲੱਗਣ ਲੱਗ ਜਾਂਦਾ ਹੈ। ਉਸ ਦਿਨ ਸ਼ਹਿਰ ਦੇ ਸਲਾਨਾ ਪੁਸਤਕ ਮੇਲੇ ਦਾ ਆਯੋਜਨ ਸੀ। ਸਟੇਜ ਦੇ ਐਨ ਮੂਹਰੇ ਸਾਹਮਣੀ ਕਤਾਰ ਵਿੱਚ ਡਾਹੀਆਂ ਕੁਰਸੀਆਂ ਦੇ ਕੋਲ਼ ਖੜੇ ਕੁਝ ਅਣਜਾਣ ਚਿਹਰਿਆਂ ਨੂੰ ਮੈਂ ਪਛਾਨਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸਾਂ। ਉਹ ਵੀ ਸ਼ਾਇਦ ਇਸੇ ਉਲਝਣ ਵਿੱਚ ਦਿਖਾਈ ਦੇ ਰਹੇ ਸਨ। ਐਨੇ ਨੂੰ ਯਾਦਾਂ ਦੀ ਸਬਾਤ ਵਿੱਚੋਂ ਨਿਕਲ਼ ਅਚਾਨਕ ਉਹ ਮੇਰੇ ਐਨ ਪਿੱਛੇ ਆਣ ਖਲੋਇਆ ਸੀ। ਉਹ ਉਸ ਸਮਾਗਮ ਦਾ ਮੁੱਖ ਮਹਿਮਾਨ ਸੀ। ਖੜੇ ਵਿਅਕਤੀਆਂ ਵਿੱਚੋਂ ਇੱਕ ਸੱਜਣ ਨੇ ਹੱਥ ਮਿਲਾਉਂਦਿਆਂ ਉਸ ਦਾ ਸਵਾਗਤ ਕਰਦਿਆਂ ਕਿਹਾ, " ਆਪ ਨੂੰ ਕੌਣ ਨਹੀਂ ਜਾਣਦਾ ? ਪੂਰੇ ਇਲਾਕੇ ਵਿੱਚ ਆਪ ਦਾ ਨਾਂ ਬੋਲਦੈ।ਆਪ ਜਿਹੀ ਫ਼ਕੀਰ ਰੂਹ ਇਲਾਕੇ ਲਈ ਕਿਸੇ  ਸੁੱਚੇ ਵਰਦਾਨ ਵਾਂਗ ਹੈ," ਉਸ ਅੱਗੇ ਵਧਦਿਆਂ ਨਿੰਮੀ ਮੁਸਕਰਾਹਟ ਨਾਲ਼ ਸਭ ਨੂੰ ਆਪਣੇ ਕਲਾਵੇ ਵਿੱਚ ਭਰ ਲਿਆ ਸੀ। " ਤੇ ਮੈਂ ਉਸ ਦੀ ਵੱਡੀ ਭੈਣ ਹਾਂ," ਮਾਣ ਨਾਲ਼ ਮੈਂ ਸੂਹੇ ਚਾਵਾਂ ਤੇ ਦੁਆਵਾਂ ਦਾ ਛਿੱਟਾ ਦੇ ਦਿੱਤਾ ਸੀ ।ਉਹ ਚਾਨਣ ਭਰੇ ਚਾਨਣ 'ਚੋਂ ਮੰਦ -ਮੰਦ ਮੁਸਕਰਾ ਰਿਹਾ ਸੀ। ਉਸ ਦੀਆਂ ਅੱਖਾਂ ਦੀ ਚਮਕ ਨੇ ਮੇਰੀ ਅਧੂਰੀ ਮੁਸਕਾਨ ਨੂੰ ਪੂਰਣ ਕਰ ਦਿੱਤਾ ਸੀ। 
 ਛੋਪਲੇ ਹੀ ਮੈਂ ਅਤੀਤ ਵਿੱਚੋਂ ਨਿਕਲ਼ ਹੁਣ 'ਚ ਪਰਤ ਆਈ ਸਾਂ । ਬਾਹਰ ਅਜੇ ਮੂੰਹ ਹਨ੍ਹੇਰਾ ਸੀ ਤੇ ਕਮਰੇ ਵਿੱਚ ਚੁੱਪ ਦਾ ਪਸਾਰਾ ਸੀ। ਟਿਕੀ ਸਵੇਰ ਵਿੱਚ ਦੂਰੋਂ ਕਿਤੇ ਪੰਖੇਰੂਆਂ ਦੇ ਪ੍ਰਭਾਤੀ ਗਾਨ ਦਾ ਮੱਧਮ ਜਿਹਾ ਸੁਰ ਸੁਣਾਈ ਦੇ ਰਿਹਾ ਸੀ।  ਆਪਣੇ ਆਪੇ ਵਿੱਚੋਂ ਬੋਲਦੀ ਚੁੱਪ 'ਚ ਘੁਲ਼ੀਆਂ ਉਸ ਦੀਆਂ ਯਾਦਾਂ ਪਤਾ ਨਹੀਂ ਕਿੰਨਾ ਚਿਰ ਮੇਰੀਆਂ ਅੱਖਾਂ ਥੀਂ ਬੇਰੋਕ ਵਹਿੰਦੀਆਂ ਰਹੀਆਂ। ਸ਼ਾਇਦ ਏਹੁ ਅਸ਼ਕ ਬਣ ਜਾਵਣ ਕੋਈ ਦੁਆ, ਖ਼ੁਦਾਇ ਰੰਗਿ ਓਹ ਖ਼ੁਦਾ ਗਵਾਹ। 
ਸਿੰਮਦੀ ਚੁੱਪ 
ਸਰਹਾਣੇ ਦੇ ਫ਼ੁੱਲ 
ਹੰਝੂ ਗੜੁੱਚ। 

16 Apr 2019

ਤੰਦ ਸਫ਼ਰ (ਹਾਇਬਨ) ਡਾ. ਹਰਦੀਪ ਕੌਰ ਸੰਧੂ



ਮਿੱਸਾ ਜਿਹਾ ਮੌਸਮ ਸੀ ਬੇ-ਇਤਬਾਰਾ ਜਿਹਾ। ਕਦੇ ਮੱਧਮ ਜਿਹੀ ਧੁੱਪ ਕੋਸੀ -ਕੋਸੀ ਲੱਗਦੀ ਤੇ ਕਦੇ ਸਿਆਹ ਹੋਏ ਬੱਦਲ਼ ਧੁੰਦ ਜਿਹੀ ਬਣ ਕੇ ਲੰਘ ਜਾਂਦੇ। ਨਾ ਬਹਾਰਾਂ ਦੀ ਰੁੱਤ ਸੀ ਤੇ ਨਾ ਹੀ ਰੁਮਕਦੀਆਂ ਪੌਣਾਂ ਦਾ ਮੌਸਮ। ਕੋਈ ਸੁਖਨ ਸੁਗੰਧੀ ਮਨ ਨੂੰ ਮੁਅੱਤਰ ਨਹੀਂ ਕਰ ਰਹੀ ਸੀ। ਮੈਂ ਮਹੀਨ ਰੇਸ਼ਮੀ ਪਰਦੇ ਨੂੰ ਪਰ੍ਹਾਂ ਕਰਦਿਆਂ ਖਿੜਕੀ 'ਚੋਂ ਬਾਹਰ ਝਾਤੀ ਮਾਰੀ। ਇਓਂ ਲੱਗਾ ਜਿਵੇਂ ਰੱਬ ਨੇ ਕਿਸੇ ਵਿਸ਼ਾਲ ਕੈਨਵਸ 'ਤੇ ਚਿੱਤਰਕਾਰੀ ਕੀਤੀ ਹੋਵੇ। 
ਮੇਰੇ ਚੌਗਿਰਦੇ ਵਿੱਚ ਹੁਣ ਸਿੱਥਲਤਾ ਆ ਗਈ ਸੀ। ਮਨ ਦੀਆਂ ਪਿਲੱਤਣਾਂ ਦਾ ਰੰਗ ਵਜੂਦ 'ਤੇ ਹਾਵੀ ਹੁੰਦਾ ਜਾਪ ਰਿਹਾ ਸੀ।ਮੇਰੇ ਸਾਹਵੇਂ ਪਈ ਸੱਖਣੀ ਕੈਨਵਸ ਅਤੇ ਬਿਖਰੇ ਰੰਗ ਮੇਰੇ ਹੱਥਾਂ ਦੀ ਛੋਹ ਨੂੰ ਬੜੇ ਚਿਰ ਤੋਂ ਉਡੀਕ ਰਹੇ ਸਨ। ਕੀ ਚਿਤਰਨਾ ਹੈ ਪਤਾ ਨਹੀਂ ਲੱਗ ਰਿਹਾ ਸੀ ? ਮੇਰੇ ਰੰਗ ਏਸ ਕੈਨਵਸ ਨੂੰ ਕੱਜਣ ਤੋਂ ਮਹਿਰੂਮ ਹੋਣ ਦੇ ਰਾਹ 'ਤੇ ਕਿਉਂ ਖਿਲਰ ਗਏ ਸਨ ? ਸ਼ਾਇਦ ਵਕਤ ਹੀ ਏਸ ਗੱਲ ਦੀ ਹਾਮੀ ਭਰ ਸਕਦਾ ਸੀ।  
ਸਮੇਂ ਦੀ ਸਰਦਲ 'ਤੇ ਹੌਲ਼ੇ -ਹੌਲ਼ੇ ਪੱਬ ਧਰਦਿਆਂ ਮੈਂ ਅਵਚੇਤਨ 'ਚ ਕਿਧਰੇ ਗੁਆਚਦੀ ਜਾ ਰਹੀ ਸੀ। ਬਚਪਨ ਵਿੱਚ ਜਿੱਥੇ ਮਹਿਕਾਂ ਵਰਗੇ ਸੁਪਨੇ ਬੁਣਦਿਆਂ ਪਾਕ ਤਰੰਗਾਂ ਦਾ ਮਸਤਕ 'ਚ ਘੁਲਣਾ ਆਮ ਜਿਹਾ ਵਰਤਾਰਾ ਸੀ। ਗੁੜਤੀ 'ਚ ਮਿਲ਼ੀ ਤੇ ਮਨ 'ਚ ਵਸਦੀ ਕਲਾ ਕੈਨਵਸ ਦੀ ਅਣਹੋਂਦ ਦਾ ਵੀ ਅਹਿਸਾਸ ਨਾ ਹੋਣ ਦਿੰਦੀ। ਕਦੇ ਕਿਸੇ ਪੱਥਰ ਨੂੰ ਕੈਨਵਸ ਬਣਾ ਲੈਂਦੀ ਤੇ ਕਦੇ ਪਰਚੇ ਦੇਣ ਵਾਲ਼ੇ ਪੁਰਾਣੇ ਸਕੂਲੀ ਫੱਟੇ ਨੂੰ। ਹੁਣ ਓਸ ਖੁਰਦਰੇ ਜਿਹੇ ਧਰਾਤਲ 'ਤੇ ਬਣਾਈ ਮਨਮੋਹਣੀ ਰੰਗੀਨ ਗੁੱਡੀ ਦਾ ਚਿੱਤਰ ਮੇਰੇ ਸਾਹਵੇਂ ਆਣ ਖਲੋਤਾ ਸੀ। ਸੂਹੇ ਰੱਤੇ ਰੰਗ ਦੀ ਝਾਲਰ ਵਾਲ਼ੀ ਫ਼ਰਾਕ ਤੇ ਪੈਰੀਂ ਮੌਜੇ ਪਾਈ ਖੂਬਸੂਰਤ ਜਿਹੀ ਗੁੱਡੀ ਮੇਰੀ ਕਲਪਨਾ 'ਚੋਂ ਨਿਕਲ਼ ਸਜੀਵ ਹੋਣ ਲੱਗੀ । ਰੰਗ -ਬੁਰਸ਼ ਸੰਗ ਮੇਰੇ ਪੋਟਿਆਂ ਦੀ ਛੋਹ ਨਾਲ਼ ਫ਼ੇਰ ਜਿਵੇਂ ਉਹ ਨੱਚਣ ਲੱਗ ਗਈ ਹੋਵੇ। ਕਿੰਨਾ ਹੀ ਚਿਰ ਉਹ ਸਾਡੇ ਘਰ ਕੰਧ ਦਾ ਸ਼ਿੰਗਾਰ ਬਣੀ ਰਹੀ। ਨਿੱਕੇ ਹੁੰਦਿਆਂ ਮੇਰੀ ਮਾਂ ਇੰਝ ਹੀ ਮੈਨੂੰ ਰੀਝਾਂ ਨਾਲ਼ ਸਜਾਉਂਦੀ ਸੀ। ਓਦੋਂ ਸ਼ਾਇਦ  ਇਹ ਮੈਂ ਖੁਦ ਨੂੰ ਹੀ ਚਿਤਰਿਆ ਹੋਵੇ ਪਤਾ ਨਹੀਂ ? 
ਜੀਵਨ ਨੂੰ ਸੰਦਲੀ ਪਲਾਂ ਦਾ ਸੰਧਾਰਾ ਬਣਾਉਂਦੀਆਂ ਪੈੜਾਂ ਨੇ ਵਿਆਹ ਮਗਰੋਂ ਮੈਨੂੰ ਅਗਲੇਰੇ ਪੰਧ ਦਾ ਰਾਹੀ ਬਣਾ ਦਿੱਤਾ ਸੀ । ਪਰ ਕਲਾ ਮੇਰੇ ਅੰਗ -ਸੰਗ ਹੋ ਤੁਰਦੀ ਰਹੀ। ਮਾਂ ਦੀ ਪੁਆਈ ਕਸੀਦੇ ਸੰਗ ਸਾਂਝ ਦੀ ਅਮੁੱਲੀ ਸੌਗਾਤ ਨੂੰ ਮੈਂ ਬੜੇ ਸਲੀਕੇ ਨਾਲ਼ ਸਾਂਭ ਕੇ ਰੱਖਿਆ ਹੋਇਆ ਸੀ। ਇੱਕ ਦਿਨ ਅਚਨਚੇਤ ਓਸੇ ਰੰਗੀਨ ਗੁੱਡੀ ਨੂੰ ਧਾਗਿਆਂ ਸੰਗ ਪਰੁੰਨਣ ਦਾ ਖ਼ਿਆਲ ਆਇਆ। ਉਸ ਗੁੱਡੀ ਨੇ ਕਸੀਦੇ ਦਾ ਭਾਗ ਬਣਦਿਆਂ ਬੁਰਸ਼ ਤੋਂ ਰੰਗ -ਪਰੰਗ ਧਾਗਿਆਂ ਤੱਕ ਦਾ ਸਫ਼ਰ ਤਹਿ ਕੀਤਾ। ਇਹ ਤੰਦ ਸਫ਼ਰ ਕਤਈ ਸੁਖਾਵਾਂ ਨਹੀਂ ਸੀ। ਬੁਰਸ਼ ਛੋਹਾਂ ਰਾਹੀਂ ਰੰਗਾਂ ਦੇ ਮਾਧਿਅਮ ਹੋਈ ਚਿੱਤਰਕਾਰੀ ਨੂੰ ਗਿਣਵੇਂ ਤੋਪਿਆਂ 'ਚ ਢਲਣ ਲਈ ਸਹਿਜ ਤੇ ਠਰ੍ਹੰਮਾ ਅਤਿਅੰਤ ਲੋੜੀਂਦੇ ਸਨ। ਇਨ੍ਹਾਂ ਦੋਹਾਂ ਦੇ ਸਹੀ ਸੁਮੇਲ ਨੇ ਅਣਭੋਲ ਗੁੱਡੀ ਦੇ ਮੁੱਖੜੇ 'ਤੇ ਨੂਰ ਡਲਕਣ ਲਾ ਦਿੱਤਾ ਸੀ । ਫ਼ੇਰ ਓਹੀਓ ਫ਼ਰਾਕ ਤੇ ਓਹੀਓ ਮੌਜੇ । ਬੜੇ ਚਾਵਾਂ ਨਾਲ ਉਸ ਦੇ ਵਾਲਾਂ 'ਚ ਸੂਹੇ ਫ਼ੁੱਲ ਵੀ ਗੁੰਦੇ। ਇਉਂ ਲੱਗਦਾ ਸੀ ਜਿਵੇਂ ਕਿਸੇ ਪਰੀ ਨੇ ਆਣ ਖ਼ਾਮੋਸ਼ ਕੰਧਾਂ ਨੂੰ ਬੋਲਣ ਲਾ ਦਿੱਤਾ ਹੋਵੇ। ਪਰ ਏਸ ਵਾਰ ਸਾਹ -ਜਿੰਦ ਵਰਗੀ ਨੇੜਤਾ ਜਿਹੀ ਮੇਰੀ ਲਾਡੋ ਨੂੰ ਸ਼ਾਇਦ ਮੈਂ ਕਿਆਸਿਆ ਹੋਵੇ। ਹੁਣ ਲਾਡੋ ਵੀ ਰੰਗ ਬੁਰਸ਼ ਤੋਂ ਤੰਦ ਸਫ਼ਰ ਦੀ ਮੇਰੇ ਸੰਗ ਭਾਗੀ ਬਣਦੀ ਰਹਿੰਦੀ ਹੈ। 
ਅਚਨਚੇਤ ਮੈਨੂੰ ਫੇਰ ਓਸ ਸੱਖਣੀ ਕੈਨਵਸ ਦਾ ਫ਼ੇਰ ਖ਼ਿਆਲ ਆਇਆ। ਏਸ ਵਾਰ ਆਪੂੰ ਹੀ ਉਹ ਤਸਵੀਰ ਉੱਘੜਨ ਲੱਗੀ ਜੋ ਏਸ ਕੈਨਵਸ ਦਾ ਸ਼ਾਇਦ ਕਦੇ ਭਾਗ ਬਣੇ। ਹੌਲ਼ੀ -ਹੌਲ਼ੀ ਤਿੰਨ ਆਕਾਰ ਸਾਕਾਰ ਹੋਣ ਲੱਗੇ। ਸਿਰ 'ਤੇ ਗਾਗਰਾਂ ਚੁੱਕੀ ਮਾਂ, ਲਾਡੋ ਤੇ ਮੈਂ। ਮਾਂ ਦੀ ਗਾਗਰ 'ਚੋਂ ਛਲਕਦਾ ਅੰਮ੍ਰਿਤ ਸਾਡੇ ਦੋਹਾਂ ਦੇ ਵਜੂਦ ਨੂੰ ਸਰਸ਼ਾਰ ਕਰੀ ਜਾ ਰਿਹਾ ਸੀ।ਹੁਣ ਬਾਹਰ ਹਲਕੀ ਕਿਣਮਿਣ ਹੋਣ ਲੱਗੀ ਸੀ। ਹਵਾ ਦੇ ਰੁਮਕਦੇ ਬੁੱਲਿਆਂ ਸੰਗ ਆਉਂਦੀਆਂ ਫ਼ੁਹਾਰ ਬੂੰਦਾਂ ਕਿਸੇ ਅਣਮੁੱਲੀ ਮਹਿਕ ਦਾ ਅਹਿਸਾਸ ਕਰਵਾ ਰਹੀਆਂ ਸਨ। ਰੰਗਾਂ ਦੀ ਵਿਲੱਖਣਤਾ 'ਚ ਹਰ ਸ਼ੈਅ ਖੁਦ ਗੱਲਾਂ ਕਰਦੀ ਜਾਪਦੀ ਸੀ। 

ਖੁੱਲ੍ਹੀ ਖਿੜਕੀ 
ਭਿੱਜ ਰਹੀ ਫ਼ੁਹਾਰ 
ਲਾਡੋ ਮੈਂ ਤੇ ਮਾਂ। 

8 Apr 2019

ਪਗਡੰਡੀ (ਹਾਇਬਨ )ਡਾ. ਹਰਦੀਪ ਕੌਰ ਸੰਧੂ

緑の芝生の草の上の足跡 写真素材 - 28463142

ਪੱਤਝੜ ਦੀ ਸਵੇਰ ਸਾਫ਼ ਤੇ ਧੁੱਪ ਵਾਲੀ ਸੀ। ਕਈ ਦਿਨਾਂ ਦੀ ਬੂੰਦਾ -ਬਾਂਦੀ ਤੋਂ ਬਾਅਦ ਅੱਜ ਦਿਨ ਦਾ ਹੁਸਨ ਕੁਝ ਵਧੇਰੇ ਹੀ ਨਿਖਰਿਆ ਹੋਇਆ ਲੱਗ ਰਿਹਾ ਸੀ। ਆਲ਼ਾ - ਦੁਆਲ਼ਾ ਭਾਵੇਂ ਬਿਲਕੁਲ ਸ਼ਾਂਤ ਸੀ ਪਰ ਫ਼ੇਰ ਵੀ ਅੱਜ ਸਾਝਰੇ ਹੀ ਅੱਖ ਖੁੱਲ੍ਹ ਗਈ ਸੀ। ਲਾਲ -ਸੁਰਖ਼ ਸੂਰਜ ਦਾ ਗੋਲ਼ਾ ਪੱਤਿਆਂ 'ਚੋਂ ਝਰਦਾ ਵਿਹੜੇ 'ਚ ਖਿਲਰਦਾ ਜਾਪਦਾ ਸੀ। ਮਨ ਦੇ ਵਲਵਲਿਆਂ 'ਚੋਂ ਉਠਦੀਆਂ ਖੁਸ਼ੀ ਭਰੀਆਂ ਤਰੰਗਾਂ ਰੌਸ਼ਨੀ ਦੀਆਂ ਅਣਗਿਣਤ ਰਿਸ਼ਮਾਂ 'ਚ ਘੁਲ਼ਦੀਆਂ ਜਾਪ ਰਹੀਆਂ ਸਨ। 
ਵਕਤ ਅੱਜ ਠੁਮਕ -ਠੁਮਕ ਪੱਬ ਧਰ ਰਿਹਾ ਸੀ। ਪਰ ਮੇਰਾ ਮਨ ਉਸ ਨੂੰ ਮਿਲਣ ਲਈ ਬਹੁਤ ਕਾਹਲ਼ਾ ਸੀ। ਮੈਨੂੰ ਕੱਲ ਹੀ ਪਤਾ ਲੱਗਾ ਸੀ ਕਿ ਉਹ ਮੇਰੇ ਹੀ ਗਰਾਂ ਰਹਿੰਦੀ ਹੈ। ਸਮੇਂ ਦੀ ਧੂੜ 'ਚ ਗੁਆਚੀਆਂ ਪੈੜਾਂ ਅੱਜ ਫ਼ੇਰ ਇੱਕਮਿਕ ਹੋਣ ਜਾ ਰਹੀਆਂ ਸਨ। ਮਾਂ ਨੇ ਰਿਸ਼ਤਿਆਂ ਦੇ ਪਹਿਆਂ ਦੀ ਪਛਾਣ ਸਿਰਜਦੀ ਛੋਹ ਨਾਲ਼ ਵਿਸਰ ਗਈਆਂ ਪਗਡੰਡੀਆਂ ਨੂੰ ਚੇਤੇ ਕਰਾਇਆ," ਉਸ ਦਾ ਪੜਦਾਦਾ ਤੇ ਤੇਰਾ ਦਾਦਾ ਸਕੇ ਭਰਾ ਸਨ। ਇੱਕੋ ਮਾਂ ਜਾਏ ਇੱਕੋ ਵਿਹੜੇ ਖੇਡੇ। ਜਾ ਕੇ ਉਸ ਨੂੰ ਮਿਲ਼ ਆਈਂ।" 
ਕਹਿੰਦੇ ਨੇ ਕਿ ਇਹ ਰਿਸ਼ਤੇ ਸਮੁੰਦਰੋਂ ਡੂੰਘੇ ਦਿਲ ਹੀ ਇਨ੍ਹਾਂ ਨੂੰ ਜਾਣੇ। ਸੁੱਚੇ ਰਿਸ਼ਤੇ ਤਾਂ ਕਰਮਾਂ ਵਾਲ਼ਿਆਂ ਨੂੰ ਮਿਲ਼ਦੇ ਨੇ।ਉਸ ਬਾਰੇ ਲਗਾਈਆਂ ਕਿਆਸ ਅਰਾਈਆਂ ਨੂੰ ਆਖ਼ਿਰ ਉਸ ਦੀ ਨਿੰਮੀ ਮੁਸਕਾਨ ਨੇ ਹੁਣ ਵਿਰਾਮ ਲਾ ਦਿੱਤਾ ਸੀ। ਉਸ ਦੀ ਨਿੱਘੀ ਗਲਵੱਕੜੀ ਨੇ ਅਣਕਿਹਾ ਬਹੁਤ ਕੁਝ ਆਪੂੰ ਹੀ ਕਹਿ ਦਿੱਤਾ ਸੀ। ਫਿਜ਼ਾਵਾਂ 'ਚ ਕਿਸੇ ਮਿੱਠੇ ਸੁਰ ਦੀ ਲੱਗੀ ਛਹਿਬਰ ਸੁਣਾਈ ਦੇਣ ਲੱਗੀ । ਮੇਰੇ ਮਨ ਦੀ ਕੈਨਵਸ 'ਤੇ ਉਲੀਕਿਆ ਅਣਜਾਣ ਚਿਹਰਾ ਉਸ ਦੀ ਮਾਸੂਮੀਅਤ ਨਾਲ਼ ਮੇਚ ਖਾ ਰਿਹਾ ਸੀ। ਉਸ ਦੇ ਬੁੱਲਾਂ 'ਤੇ ਸੁਖਦ ਪਲਾਂ ਦੀ ਰੁਮਕਣੀ ਸੀ, " ਮੈਂ ਵੀ ਅੱਜ ਸਵੱਖਤੇ ਹੀ ਜਾਗ ਗਈ ਸਾਂ। ਬੱਸ ਥੋਨੂੰ ਹੀ 'ਡੀਕਦੀ ਸੋਚ ਰਹੀ ਸਾਂ ਕਿ ਇਹ ਮਿਲਣੀ ਕਿਹੋ ਜਿਹੀ ਹੋਵੇਗੀ ?" ਉਹ ਬਹੁਤ ਕੁਝ ਤੇ ਸਾਰਾ ਕੁਝ ਮੇਰੇ ਨਾਲ਼ ਹੁਣੇ ਹੀ ਸਾਂਝਾ ਕਰਨਾ ਲੋਚਦੀ ਸੀ। ਉਹ ਨਿਰੰਤਰ ਗੱਲਾਂ ਕਰੀ ਜਾ ਰਹੀ ਸੀ। 
ਜੀਵਨ ਸਮੁੰਦਰ 'ਚ ਗੋਤੇ ਲਾਉਂਦਿਆਂ ਕਈ ਵਾਰ ਅਸੀਂ ਸੁੱਚੀਆਂ ਲਹਿਰਾਂ ਜਿਹੇ ਰਿਸ਼ਤਿਆਂ ਦਾ ਭਾਗ ਬਣਦੇ ਹਾਂ। ਸੰਗੀਤਕ ਸੰਵਾਦ ਰਚਾਉਂਦੇ ਹਾਂ। ਮੇਰੇ ਕੋਲ਼ ਵੀ ਮੇਰੀ ਮਾਂ ਦਾ ਦਿੱਤਾ ਯਾਦਾਂ ਦਾ ਭਰਿਆ ਛੱਜ ਸੀ ਜੋ ਮੈਂ ਅੱਜ ਉਸ ਦੀ ਝੋਲ਼ੀ ਪਾਉਣ ਆਈ ਸਾਂ। " ਕੁੰਡਾ ਖੋਲ੍ਹ ਹਰਨਾਮ ਕੁਰੇ । ਪੱਠਿਆਂ ਦੀ ਭਰੀ ਸਾਈਕਲ 'ਤੇ ਲੱਦੀ ਬਾਹਰ ਖੜ੍ਹੇ ਬਾਪੂ ਨੇ ਉੱਚੀ ਹਾਕ ਮਾਰੀ। ਅੰਦਰ ਧਾਰ ਕੱਢਦੀ ਬੇਬੇ ਨੇ ਗੋਡਿਆਂ 'ਚ ਲਈ ਬਾਲਟੀ ਪਰ੍ਹਾਂ ਧਰਦਿਆਂ "ਜੀ ਮੈਂ ਆਉਂਨੀ ਆਂ" ਕਹਿੰਦਿਆਂ ਆਣ ਝੱਟ ਕੁੰਡਾ ਖੋਲ੍ਹ ਦਿੱਤਾ ਤੇ ਆਪ ਫ਼ੇਰ ਧਾਰ ਕੱਢਣ ਬਹਿ ਗਈ।" ਉਸ ਦੇ ਪੜਦਾਦੇ ਤੇ ਪੜਦਾਦੀ ਦਾ ਮੇਰੀ ਮਾਂ ਦੁਆਰਾ ਚਿੱਤਰਿਆ ਰੇਖਾ ਚਿੱਤਰ ਮੈਂ ਇੰਨ -ਬਿੰਨ ਮੂਹਰੇ ਲਿਆ ਧਰਿਆ ਸੀ । ਵਿਹੜੇ ਤੇ ਮਨ ਸਾਂਝੇ ਸਨ ਉਦੋਂ। ਜਦੋਂ ਕਦੇ ਮੇਰੀ ਮਾਂ ਨੇ ਤਾਈ ਕਾ ਵਿਹੜਾ ਵੀ ਸੰਭਰ ਦੇਣਾ ਤਾਂ ਤਾਏ ਵਾਸਤੇ ਖ਼ਾਸ ਤੌਰ 'ਤੇ ਬਣਾਈ ਮੋਠਾਂ ਦੀ ਦੁੱਧ ਪਾ ਰਿੰਨ੍ਹੀ ਦਾਲ਼ ਦਾ ਸੁਆਦ ਉਹ ਮਾਂ ਨੂੰ ਜ਼ਰੂਰ ਦਿਖਾਉਂਦੀ। 
ਸਾਡੇ ਨੈਣਾਂ ਦੀ ਆਬਸ਼ਾਰ ਗੱਲਾਂ ਦੇ ਬੇਰੋਕ ਵਹਾਓ 'ਚ ਇੱਕ ਦੂਜੇ ਨਾਲ਼ ਅਭੇਦ ਹੁੰਦੀ ਰਹੀ। ਉਸ ਨੇ ਪਿੰਡੋਂ ਆਈ ਮੇਵਿਆਂ ਵਾਲ਼ੀ ਪੰਜੀਰੀ ਜਦੋਂ ਮੇਰੇ ਸਾਹਵੇਂ ਲਿਆ ਧਰੀ ਤਾਂ ਮੈਂ ਛੋਪਲੇ ਹੀ ਓਸ ਖੂਹੀ ਵਾਲ਼ੇ ਵਿਹੜੇ ਜਾ ਖਲੋਈ। ਓਹ ਵੱਡੀ ਸਬਾਤ ਜਿਸ 'ਚ ਸੰਦੂਕਾਂ ਦੀਆਂ ਪਾਲ਼ਾਂ ਨਾਲ਼ ਦੋਹਾਂ ਘਰਾਂ ਦੀ ਨਿਸ਼ਾਨਦੇਹੀ ਕੀਤੀ ਸੀ ਮੇਰੀਆਂ ਅੱਖਾਂ ਦੇ ਹੁਣ ਐਨ ਸਾਹਵੇਂ ਸੀ। ਘਰ ਦੇ ਉਹ ਸਾਰੇ ਜੀਅ ਜਿਨ੍ਹਾਂ ਰਿਸ਼ਤਿਆਂ ਨੂੰ ਦਿਲਾਂ 'ਚ ਵਸਾਇਆ ਧੁੰਦਲੀਆਂ ਯਾਦਾਂ 'ਚੋਂ ਨਿਕਲ਼ ਬਾਹਰ ਆਣ ਖਲੋਏ ਸਨ। ਓਸ ਪਿਆਰ ਨੂੰ ਮੁੜ ਜੀਵੰਤ ਕਰਦਿਆਂ ਅੱਜ ਫ਼ੇਰ ਮੈਂ ਮਾਣ ਰਹੀ ਸਾਂ। ਕਿਸ਼ਮਿਸ਼ ਬਦਾਮਾਂ ਵਾਲ਼ੀ ਖੀਰ ਖਾਂਦਿਆਂ ਇਓਂ ਲੱਗਾ ਜਿਵੇਂ ਲੰਮੇ ਤੇ ਥਕੇਂਵੇਂ ਵਾਲ਼ੇ ਸਫ਼ਰ ਤੋਂ ਬਾਅਦ ਪਿੰਡ ਪਰਤ ਆਏ ਹੋਈਏ। ਚੌਗਿਰਦੇ ਨੂੰ ਸੂਹੀ ਚਾਨਣ-ਰੁੱਤ ਨਾਲ ਰੰਗਦੀ ਧੁੱਪ ਨਾਲ਼ ਹਰੇ ਕਚੂਰ ਘਾਹ 'ਤੇ ਪਈਆਂ ਮੀਂਹ ਦੀਆਂ ਬੂੰਦਾਂ ਹੁਣ ਵਾਸ਼ਪ ਬਣ ਹਵਾ 'ਚ ਰਲ਼ ਰਹੀਆਂ ਸਨ। ਨਵੀਆਂ ਫੁੱਟਦੀਆਂ ਆਸ ਕਰੂੰਬਲਾਂ ਨੂੰ ਕਿਸੇ ਬਹਾਰ ਦਾ ਸੁਨੇਹਾ ਦਿੰਦੀਆਂ,' ਕਿਰੇ ਵਕਤ ਤਲੀ ਤੋਂ ਕਿਸੇ ਗਰਦਿਸ਼ ਗੁਆਚੇ ਪਲ, ਚੱਲ ਸ਼ਗਨਾਂ ਦਾ ਤੇਲ ਚੋਈਏ ਸਬੱਬੀਂ ਜੁੜੀ ਏ ਮਹਿਫ਼ਲ।'
ਮੀਂਹ ਮਗਰੋਂ 
ਸੱਜਰੀ ਪਗਡੰਡੀ 
ਸਾਵੇ ਘਾਹ 'ਤੇ 

7 Mar 2019

ਪਰਛਾਈਂ (ਹਾਇਬਨ)

Image result for shadow of soul
ਸੰਵਾਦ ਨਿਰਵਿਘਨ ਲਗਾਤਾਰ ਚੱਲ ਰਿਹਾ ਸੀ। ਬੜੀ ਹੀ ਮੱਧਮ ਜਿਹੀ ਦਸਤਕ ਦਿੰਦਾ ਜਿਸ ਨੂੰ ਸੁਣਨ ਲਈ ਪੌਣਾਂ ਨੂੰ ਸਹਿਜ ਹੋਣਾ ਪੈਂਦਾ ਸੀ। ਸਥਾਨਕ ਤੌਰ 'ਤੇ ਚਾਹੇ ਅਸੀਂ ਇੱਕ ਦੂਜੇ ਤੋਂ ਮੀਲਾਂ ਦੂਰ ਬੈਠੇ ਸਾਂ ਪਰ ਇੱਕੋ ਸਮੇਂ ਇੱਕੋ ਥਾਂ ਹਮੇਸ਼ਾਂ ਮੌਜੂਦ ਰਹਿੰਦੇ। ਕਦੇ ਚੁੱਪ ਬੈਠ ਚੁੱਪ ਨੂੰ ਸੁਣਦੇ ਤੇ ਕਦੇ ਖੁਦ ਮੌਨ ਹੋ ਜਾਂਦੇ। ਮੀਂਹ ਮਗਰੋਂ ਧੋਤੇ ਫੁੱਲ ਬੂਟਿਆਂ ਨੂੰ ਕਦੇ ਉਹ ਮੇਰੇ ਸਨਮੁੱਖ ਕਰ ਦਿੰਦਾ ਤੇ ਕਦੇ ਵਿਹੜੇ 'ਚੋਂ ਉਠਦੀ ਮਿੱਟੀ ਦੀ ਮਹਿਕ ਖਿਲਾਰ ਜਾਂਦਾ।ਕਦੇ ਰੁੱਖ ਦੀ ਸੱਖਣੀ ਟਹਿਣੀ ਬੈਠੀ ਕੋਇਲ ਦੀ ਕੂਕ ਤੇ ਕਦੇ ਵਿਹੜੇ 'ਚ ਮਸਤ ਘੁੰਮਦੀਆਂ ਚੋਗ ਚੁੱਗਦੀਆਂ ਕੁੱਕੜ-ਕੁੱਕੜੀਆਂ ਦੀ ਕੁੜ -ਕੁੜ ਸੁਣਾਉਂਦਾ। ਤ੍ਰੇਲ ਦੀਆਂ ਬੂੰਦਾਂ 'ਚ ਨ੍ਹਾਤਾ ਹਰਾ ਕਚੂਰ ਹੋਇਆ ਆਲਾ ਦੁਆਲਾ ਕਦੇ ਮਨ ਮੋਹ ਲੈਂਦਾ। ਇੱਕੋ ਵਿਹੜੇ ਦੁੜੰਗੇ ਲਾਉਂਦੇ ਬਚਪਨ ਤੋਂ ਹੀ ਅਰਧ ਚੇਤਨਾ ਵਿੱਚ ਅਸੀਂ ਸਦਾ ਇੱਕ ਦੂਜੇ ਦੇ ਅੰਗ ਸੰਗ ਹੀ ਵਿਚਰਦੇ ਆ ਰਹੇ ਸਾਂ। 
ਉਸ ਦਿਨ ਸ਼ਾਮ ਦਾ ਘੁਸਮੁਸਾ ਜਿਹਾ ਸੀ। ਵਿਹੜੇ 'ਚ ਡੱਠੇ ਮੰਜਿਆਂ 'ਤੇ ਬੈਠਿਆਂ ਦੇ ਚਿਹਰੇ ਸਾਫ਼ ਦਿਖਾਈ ਨਹੀਂ ਦੇ ਰਹੇ ਸਨ। ਚਾਰੇ ਪਾਸੇ ਚੁੱਪ ਦਾ ਪਸਾਰਾ ਸੀ। ਇੱਕ ਪਾਸੇ ਬੈਠੀ ਮਾਂ ਦੀਆਂ ਅੱਖਾਂ ਬਰੂਹਾਂ 'ਤੇ ਲੱਗੀਆਂ ਹੋਈਆਂ ਸਨ ਜਿਵੇਂ ਕਿਸੇ ਨੂੰ ਉਡੀਕ ਰਹੀਆਂ ਹੋਣ। ਉਹ ਆਪਣੀ ਆਦਤ ਮੂਜਬ ਕਾਹਲ਼ੇ ਕਦਮੀਂ ਤੁਰਿਆ ਆ ਰਿਹਾ ਸੀ। ਤੇੜ ਦੁੱਧ ਧੋਤਾ ਚਿੱਟਾ ਕੁੜਤਾ ਪਜਾਮਾ, ਬਦਾਮੀ ਬਾਸਕਟ ਤੇ ਸਿਰ 'ਤੇ ਸੋਹੰਦੀ ਗ਼ੁਲਾਬੀ ਪੱਗ। ਉਸ ਨੇ ਮੇਰੇ ਵੱਲ ਸ਼ਾਇਦ ਕੋਈ ਗੌਰ ਹੀ ਨਹੀਂ ਕੀਤੀ ਤੇ ਨਾ ਹੀ ਵੇਖਿਆ। ਉਹ ਸਭ ਨੂੰ ਅਣਦੇਖਿਆ ਕਰ ਰਵਾਂ -ਰਵੀਂ ਮਾਂ ਵੱਲ ਅਹੁਲਿਆ। ਸ਼ਾਇਦ ਉਹ ਮਾਂ ਨੂੰ ਕੁਝ ਦੱਸਣ ਦੀ ਕਾਹਲ਼ ਵਿੱਚ ਸੀ ਜਿਵੇਂ ਮਾਂ ਨੇ ਉਸ ਦੇ ਅਚਾਨਕ ਗਾਇਬ ਹੋਣ ਦੀ ਕੋਈ ਚੋਰੀ ਫੜ ਲਈ ਹੋਵੇ । ਇਸ ਤੋਂ ਪਹਿਲਾਂ ਕਿ ਮਾਂ ਕੁਝ ਕਹਿੰਦੀ ਉਹ ਬਾਂਹ ਉਲਾਰ ਇਸ਼ਾਰਾ ਕਰਦਾ ਆਪ ਮੁਹਾਰੇ ਹੀ ਬੋਲ ਪਿਆ ਜਿਵੇਂ ਉਹ ਬਚਪਨ 'ਚ ਅਕਸਰ ਬੋਲਿਆ ਕਰਦਾ ਸੀ," ਮੈਂ ਤਾਂ ਕਿਤੇ ਨਹੀਂ ਗਿਆ, ਬੱਸ ਐਥੇ ਹੀ ਸੀ।" ਐਨਾ ਕਹਿੰਦਿਆਂ ਹੀ ਉਹ ਮਾਂ ਦੇ ਮੰਜੇ ਦੀਆਂ ਪੈਂਦਾਂ ਵੱਲ ਬੈਠ ਗਿਆ। ਮਾਂ ਦੀਆਂ ਅੱਖਾਂ 'ਚ ਹੁਣ ਅੰਤਾਂ ਦਾ ਸਕੂਨ ਸੀ ਤੇ ਚਿਹਰੇ 'ਤੇ ਨਿੰਮੀ ਮੁਸਕਾਨ। ਮੈਂ ਦੂਰ ਖੜੀ ਅਪਲਕ ਨਿਹਾਰ ਰਹੀ ਸੀ। ਜਿਥੋਂ ਕਦੇ ਕੋਈ ਨਹੀਂ ਮੁੜਿਆ ਕਿਸੇ ਅਣਦੱਸੀ ਥਾਵੇਂ ਗਿਆ ਉਹ ਸੱਚੀਂ ਪਰਤ ਆਇਆ ਸੀ ਜਾਂ ਇਹ ਕੋਈ ਮੇਰਾ ਭਰਮ ਹੀ ਸੀ।  ਜਾਗੋ- ਮੀਚੀ 'ਚ ਮੈਨੂੰ ਸੁਫ਼ਨਾ ਤੇ ਹਕੀਕਤ ਰਲ਼ਗੱਡ ਹੋਏ ਪ੍ਰਤੀਤ ਹੋ ਰਹੇ ਸਨ। 
ਕਿਰੇ ਹਨ੍ਹੇਰਾ 
ਢੂੰਢਣ ਪਰਛਾਈਂ 
ਤਰਲ ਅੱਖਾਂ। 
ਡਾ. ਹਰਦੀਪ ਕੌਰ ਸੰਧੂ