ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Apr 2015

ਖਿੰਡਿਆ ਫੁੱਲ (ਹਾਇਬਨ)

ਨਿੱਕੀ -ਨਿੱਕੀ ਕਣੀ ਦਾ ਮੀਂਹ......ਤੇਜ਼ ਹਵਾ ਨਾਲ ਝੂਲਦੇ ਰੁੱਖ। ਅਚਾਨਕ ਕੜਕ ਕਰਕੇ ਕੁਝ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਹੱਥਲੀ ਕਿਤਾਬ ਮੇਜ਼ 'ਤੇ ਰੱਖ ਬਾਹਰ ਜਾ ਕੇ ਵੇਖਿਆ। ਬਗੀਚੇ 'ਚ ਲੱਗਿਆ ਇੱਕ ਸੋਹਣੇ ਜਿਹੇ ਪੱਤਿਆਂ ਵਾਲਾ ਸਦਾ-ਬਹਾਰ ਬੂਟਾ ਤਣੇ  ਤੋਂ ਹੀ ਟੁੱਟ ਗਿਆ ਸੀ। ਕਲਮ ਤੋਂ ਲੱਗਣ ਵਾਲੇ ਇਸ ਬੂਟੇ ਨੂੰ ਡੂੰਘਾ ਟੋਆ ਪੁੱਟ ਦੁਬਾਰਾ ਲਗਾਇਆ ਤੇ ਫੇਰ  ਮੈਂ ਘਰ ਦੇ ਹੋਰ ਕੰਮਾਂ 'ਚ ਰੁੱਝ ਗਈ। ਵਿਹਲੀ ਹੋਈ ਤਾਂ ਅਧੂਰੀ ਛੱਡੀ ਕਹਾਣੀ ਪੜ੍ਹਨ ਦੇ ਖ਼ਿਆਲ ਨਾਲ ਮੈਂ ਕਿਤਾਬ ਜਾ ਚੁੱਕੀ, ਪਰ ਕਿਵੇਂ ਪੜ੍ਹਦੀ.... ਐਨਕ ਵਾਲੀ ਡੱਬੀ 'ਚੋਂ ਐਨਕ ਗਾਇਬ ਸੀ। ਮੇਜ਼ 'ਤੇ ਸਰਸਰੀ ਜਿਹੀ ਨਿਗ੍ਹਾ ਮਾਰੀ ਪਰ ਐਨਕ ਨਾ ਦਿੱਸੀ। ਦੂਸਰੇ ਕਮਰਿਆਂ 'ਚ ਲੱਭੀ ਪਰ ਨਾ -ਕਾਮਯਾਬ। ਫਿਰ ਤਾਂ ਘਰ ਦਾ ਹਰ ਕੋਨਾ, ਹਰ ਖੂੰਜਾ ਫਰੋਲ ਮਾਰਿਆ, ਪਰ ਐਨਕ ਲਾਪਤਾ ਸੀ। ਪਤਾ ਨਹੀਂ ਇਸ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ ਸੀ।
          ਐਨਕ ਗੁਆਚਣ ਕਰਕੇ ਮੇਰੇ ਕੰਮਾਂ 'ਚ ਵਿਘਨ ਪੈ ਰਿਹਾ ਸੀ ....ਵਾਰ -ਵਾਰ ਧਿਆਨ ਜੋ ਉੱਖੜ ਰਿਹਾ ਸੀ ਕਿ ਆਖਿਰ ਐਨਕ ਗਈ ਤਾਂ ਗਈ ਕਿੱਥੇ ?ਦਿਨ ਆਪਣੀ ਆਖਰੀ ਡਗਰ 'ਤੇ ਤੁਰ ਰਿਹਾ ਸੀ ਕਿ ਅਚਾਨਕ ਇੱਕ ਧੁੱਪੀਲੇ  ਜਿਹੇ ਖ਼ਿਆਲ ਨੇ ਮੇਰੇ ਮਨ ਦੀਆਂ ਬਰੂਹਾਂ 'ਤੇ ਆ ਦਸਤਕ ਦਿੱਤੀ। ਮੇਰੀ ਐਨਕ ਵਾਲੀ ਡੱਬੀ ਦੇ ਐਨ ਕੋਲ ਮੇਰੇ ਪਤੀ ਦੀਆਂ ਐਨਕਾਂ ਵਾਲੀ ਪਈ ਡੱਬੀ ਖੋਲ੍ਹਣਾ ਮੈਨੂੰ ਅਚੰਭਿਤ ਕਰ ਗਿਆ। ਹੈਂ .....ਇਹ ਕੀ ਇੱਕੋ ਡੱਬੀ 'ਚ ਦੋ ਐਨਕਾਂ ? ਬੜਾ ਚਿਰ ਚੇਤਿਆਂ ਨੂੰ ਪੁਕਾਰਨ 'ਤੇ ਵੀ ਕੁਝ ਯਾਦ ਨਹੀਂ ਆਇਆ। ਮੇਰੀ ਚੇਤਨਾ ਦੇ ਪੰਨਿਆਂ ਤੋਂ ਅਜੇ ਵੀ ਉਹ ਪਲ ਮਨਫ਼ੀ ਸੀ ਜਿਸ ਪਲ ਮੈਂ ਆਪਣੀ ਐਨਕ ਇਸ ਦੂਜੀ ਡੱਬੀ 'ਚ ਪਾ ਦਿੱਤੀ ਸੀ।
       ਅੱਜ ਮੇਰੀ ਹਾਲਤ ਓਸ ਸਦਾ ਬਹਾਰ ਬੂਟੇ ਜਿਹੀ ਸੀ ਜਿਸ 'ਤੇ ਚਾਹੇ ਪੱਤਝੜ ਤਾਂ ਨਹੀਂ ਆਉਂਦੀ, ਪਰ ਇਸ ਨੂੰ ਸਮੇਂ ਸਿਰ ਛਾਂਗਣ ਜਾਂ ਆਰਜ਼ੀ ਸਹਾਰੇ ਦੀ ਅਣਹੋਂਦ ਕਰਕੇ ਅਣਗਿਣਤ ਪੱਤਿਆਂ ਅਤੇ ਟਾਹਣੀਆਂ ਦੇ ਭਾਰ ਨੂੰ ਨਾ ਸਹਿੰਦਿਆਂ ਇਸ ਦਾ ਤਣਾ ਲਿਫ਼ਦੇ -ਲਿਫ਼ਦੇ ਟੁੱਟ ਹੀ ਗਿਆ। ਇਹਨਾਂ ਅਮੁੱਕ ਰੁਝੇਵਿਆਂ ਦੀਆਂ ਗੁੰਝਲਾਂ ਤੋਂ ਰਾਹਤ ਪਾਉਣ ਲਈ ਕਿਸੇ ਸੰਦਲੀ ਫਿਜ਼ਾ 'ਚ ਉਡਾਰੀ ਮਾਰ ਥੱਕੀ ਚੇਤਨਾ ਦੇ ਸਫ਼ਿਆਂ ਨੂੰ ਨਵਿਆਉਣਾ ਹੁਣ ਮੈਨੂੰ ਅਤਿ ਜ਼ਰੂਰੀ ਭਾਸਣ ਲੱਗਾ।

ਤੇਜ਼ ਹਵਾਵਾਂ -
ਲਿਫ਼ੀਆਂ ਟਹਿਣੀਆਂ
ਖਿੰਡਿਆ ਫੁੱਲ।

ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ। 

     

4 comments:

  1. ਭੈਣ ਜੀ ਤੁਸੀਂ ਇਸ ਬੂਟੇ ਦੇ ਰਾਹੀਂ ਆਪਣੀ ਰੁਝੇਵਿਆਂ ਭਰੀ ਜਿੰਦਗੀ ਨੂੰ ਬਿਆਨ ਕਰ ਦਿੱਤਾ ਹੈ।
    ਬਹੁਤ ਖੂਬ ! ਕਮਾਲ ਦੀ ਲਿਖਤ ਹੈ।

    ReplyDelete
  2. ਇੱਕ ਚੇਤਨ ਰੂਹ ਆਪਣੇ ਕਲਾਕਾਰੀ ਮਨ ਰਾਹੀਂ ਸਹਾਰੇ ਸਿਰਜ ਲੈਂਦੀ ਹੈ। ਇੱਕ ਕਲਾਕਾਰ ਦੀ ਅੱਖ ਓਹ ਦੇਖ ਲੈਂਦੀ ਹੈ ਜੋ ਇੱਕ ਆਮ ਅੱਖ ਨਹੀਂ ਦੇਖ ਸਕਦੀ। ਓਹ ਜ਼ਰੂਰੀ ਨਹੀਂ ਲੇਖਕ 'ਤੇ ਢੁੱਕਦਾ ਵੀ ਹੋਵੇ। ਪਰ ਜੋ ਉਹ ਸਿਰਜਦਾ ਹੈ ਉਸ ਵਿੱਚ ਸੁਨੇਹਾ ਜ਼ਰੂਰ ਹੁੰਦਾ ਹੈ ਇਹੋ ਸੁਨੇਹਾ ਸਹਾਇਤਾ ਜਾਂ ਸੇਧ ਬਣ ਜਾਂਦਾ ਹੈ। ਰੁਝੇਵਿਆਂ ਭਰੀ ਜ਼ਿੰਦਗੀ ਨੂੰ ਜਿਓਂਦਿਆਂ ਵੀ ਕਲਾਕਾਰ ਅਜਿਹੀ ਫ਼ਿਜ਼ਾ ਸਿਰਜ ਲੈਂਦਾ ਹੈ ਜੋ ਉਹਦੇ ਮਨ ਵਿੱਚ ਉਸਰਦੀ ਹੈ। ਵਧੀਆ ਹਾਇਬਨ ਹੈ।

    ReplyDelete
  3. ਪਰਮ ਤੇ ਦਵਿੰਦਰ ਭੈਣ ਜੀ ਹਾਇਬਨ ਪਸੰਦ ਕਰਨ ਲਈ ਬਹੁਤ -ਬਹੁਤ ਸ਼ੁਕਰੀਆ।
    ਬਿਲਕੁਲ ਸਹੀ ਕਿਹਾ ਦਵਿੰਦਰ ਭੈਣ ਜੀ ਨੇ.......... ਮਨ 'ਚ ਸਿਰਜੀ ਸੰਦਲੀ ਫ਼ਿਜ਼ਾ 'ਚ ਵਿਚਰਨਾ ਕਈ ਵਾਰ ਉਹ ਸਕੂਨ ਦੇ ਜਾਂਦਾ ਹੈ ਜਿਸ ਬਾਰੇ ਕਿਆਸਣਾ ਵੀ ਕਦੇ -ਕਦੇ ਹੋ ਜਾਂਦਾ ਹੈ। ਇਹੋ ਸਕੂਨ ਮੈਨੂੰ ਆਪ ਦੇ ਸ਼ਬਦ ਪੜ੍ਹਦਿਆਂ ਮਿਲਿਆ।

    ReplyDelete
  4. beautiful haiban.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ