
"ਅੰਤਾਂ ਪਿਆਰੀਓ ਧੀਓ, ਜਿਉਂਦੀਆਂ ਵੱਸਦੀਆਂ ਰਓ। ਰੱਬ ਥੋਨੂੰ ਬਹੁਤਾ ਦੇਵੇ। ਧਰ -ਧਰ ਭੁੱਲੋ। ਹਰਾਨੀ ਤਾਂ ਪੁੱਤ ਥੋਨੂੰ ਬੌਤ ਹੋਊ ਬਈ ਇਹ ਕਿਹੜਾ ਆ ਅਜੇ ਬੀ ਗਏ ਗੁਜਰੇ ਜਮਾਨੇ ਦੀਆਂ ਬਾਤਾਂ ਪਾਈ ਜਾਂਦੈ। ਕੰਪੂਟਰਾਂ ਦੇ ਜਮਾਨੇ 'ਚ ਬੀ ਚਿੱਠੀਆਂ ਪਾਈ ਜਾਂਦੈ। ਪੁੱਤ ਥੋਡਾ ਕੋਈ ਆਵਦਾ ਹੀ ਇਹ ਹੱਕ ਜਤਾ ਸਕਦੈ। ਥੋਡੇ ਨਾਲ ਗੱਲਾਂ ਕਰਨ ਨੂੰ ਤਾਂ ਮੈਂ ਕਦੋਂ ਦੀ ਤਕਾਉਂਦੀ ਸਾਂ, ਬੱਸ ਬਿੰਦ -ਝੱਟ ਕਰਦੀ ਨੂੰ ਆ ਵੇਲਾ ਆ ਗਿਆ।ਚਿੱਠੀ -ਪੱਤਰੀ ਤਾਂ ਪੁੱਤ ਥੋਡੇ ਆ ਚੰਦਰੇ ਫੂਨਾਂ -ਕੰਪੂਟਰਾਂ ਨੇ ਖਾ ਲੀ।
ਮੈਂ ਸਦਕੇ ਜਾਮਾਂ ਪੁੱਤ ਤਰੱਕੀ ਤਾਂ ਤੁਸੀਂ ਬੌਤ ਕਰਲੀ। ਬੌਤ ਪੜ੍ਹ -ਲਿਖ ਗਈਓਂ। ਬੌਤਾ ਪੜ੍ਹ ਕੇ ਲੱਗਦੈ ਥੋਡਾ ਡਮਾਕ ਚੱਕਿਆ ਗਿਐ। ਡੁੱਬੜੀਆਂ ਨੂੰ ਨਾ ਕੋਈ ਫਿਕਰ -ਨਾ ਫਾਕਾ। ਨਾ ਕੋਈ ਚੜ੍ਹੀ ਦੀ ਨਾ ਲੱਥੀ ਦੀ। ਕਿੰਨੀਆਂ ਅਲਗਰਜ਼ ਹੋ ਗਈ ਓਂ ਨੀ ਤੁਸੀਂ। ਆਵਦੇ ਮਾਂ -ਪਿਓ ਨੂੰ ਬੋਲਣ ਲੱਗੀਆਂ ਅੱਗਾ -ਪਿੱਛਾ ਨੀ ਵੇਂਹਦੀਆਂ। ਚੰਗੇ -ਚੰਗੇ ਘਰਾਂ ਦੀਆਂ ਧੀਆਂ ਐਂ ਲੱਪਰ -ਲੱਪਰ ਜਬਾਨ ਚਲਾਉਂਦੀਆਂ ਨੇ ਆਵਦੀਆਂ ਮਾਂਵਾਂ ਨੂੰ। ... ਅਖੇ ਗੋਲ ਰੋਟੀ ਪਕਾਉਣ ਦੀਆਂ ਨਸੀਹਤਾਂ ਸਾਨੂੰ ਹੀ ਕਿਓਂ ਦਿੰਨੇ ਓਂ , ਮੁੰਡੇ ਕਿਓਂ ਨੀ ਸਿੱਖਦੇ ? ਚੁੱਲ੍ਹਾ -ਚੌਂਕਾ ਤਾਂ ਹੁਣ ਰਿਹਾ ਨੀ ਜਿਹੜਾ ਬਈ ਏਨਾ ਨੇ ਲਿੱਪਣਾ ਆ, ਰੋਟੀ -ਟੁੱਕ ਕਰਦੀਆਂ ਦੀ ਡੁੱਬੜੀਓ ਥੋਡੀ ਜਾਨ ਨਿਕਲਦੀ ਆ।
ਬੀਰ, ਰੱਬ ਝੂਠ ਨਾ ਬਲਾਵੇ….ਸਾਡੇ ਵੇਲ਼ਿਆਂ ‘ਚ ਕੁੜੀਆਂ ਬੌਤਾ ਨੀ ਸੀ ਪੜ੍ਹਦੀਆਂ। ਬੱਸ ਚਿੱਠੀ-ਚਪਾਠੀ ਲਿਖਣ ਜੋਗਾ ਈ ਜਾਣਦੀਆਂ ਸੀ। ਮੂੰਹ -ਨ੍ਹੇਰੇ ਉੱਠ ਮਾਲ- ਡੰਗਰ ਸਾਂਭਦੀਆਂ…ਧਾਰਾਂ ਕੱਢ…ਦੁੱਧ ਰਿੜਕਦੀਆਂ… ਰੋਟੀ-ਟੁੱਕ ਨਬੇੜ ਖੇਤ ਨੂੰ ਰੋਟੀ ਲੈ ਕੇ ਜਾਂਦੀਆਂ। ਵਿਹਲੇ ਵੇਲ਼ੇ ਚੁੱਲ੍ਹਾ-ਚੌਂਕਾ ਲਿੱਪਦੀਆਂ-ਸੁਆਰਦੀਆਂ। ਬਹੁਤੀਆਂ ਸਚਿਆਰੀਆਂ ਪਰੋਲ਼ਾ ਫੇਰ ਲੈਂਦੀਆਂ…ਕੰਧੋਲ਼ੀ -ਓਟਿਆਂ ‘ਤੇ ਫੁੱਲ-ਬੂਟੇ ਤੇ ਤੋਤੇ ਮੋਰਨੀਆਂ ਛਾਪਦੀਆਂ। ਕੱਢਣਾ-ਕੱਤਣਾ ਹਰ ਕੁੜੀ -ਕੱਤਰੀ ਦਾ ਸ਼ੌਕ ਹੁੰਦਾ। ਦਰੀਆਂ-ਖੇਸ ਬੁਣਦੀਆਂ…ਚਾਦਰਾਂ-ਸਰਾਣੇ ਤੇ ਬਾਗ-ਫੁਲਕਾਰੀਆਂ ਕੱਢਦੀਆਂ। ਪੱਖੀਆਂ-ਬੋਹੀਏ…ਮੰਜੇ-ਪੀੜ੍ਹੀਆਂ ਬੁਣਦੀਆਂ। ਫੇਰ ਪਿੰਡਾਂ ‘ਚ ਜਦੋਂ ਸਿਲਾਈ ਮਸ਼ੀਨਾਂ ਆਗੀਆਂ…ਕੱਪੜੇ ਸਿਊਣਾ ਸਿੱਖੀਆਂ। ਕੋਟੀਆਂ-ਸਵਾਟਰ ਬੁਣਨ ਲੱਗਪੀਆਂ। ਕੁੜੇ ਨੌਂ ਨੀ ਔਂਦਾ..ਓਹ ਗਿੱਠ ਕ ਜਿਹੀ ਸਲ਼ਾਈ ਦਾ….ਆਹੋ ਸੱਚ….ਕਰੋਸ਼ੀਆ …’ਤੇ ਭਾਂਤ-ਸਭਾਂਤੇ ਨਮੂਨੇ ਲਾਹੁਣ ਲੱਗਪੀਆਂ।
ਪੁੱਤ ਜਮਾਨਾ ਬਦਲ ਗਿਆ..ਮੈਂ ਕਦੋਂ ਮੁੱਕਰਦੀਆਂ। ਕੁੜੇ ਜੈ-ਖਾਣੇ ਦੀ ਕੁਦਰਤ ਤਾਂ ਨੀ ਬਦਲੀ। ਕਈ ਕੰਮ ਕੁਦਰਤੋਂ ਈ ਕੁੜੀਆਂ ਨੂੰ ਸੋਭਦੇ ਆ।ਜੇ ਕੁਦਰਤ ਆਵਦਾ ਨੇਮ ਨੀ ਤੋੜਦੀ ਤਾਂ ਮਾਤੜਾਂ-ਧਮਾਤੜਾਂ ਨੇ ਤੋੜਕੇ ਤਾਂ ਔਖੇ ਹੀ ਹੋਣਾ ਆ। ਨਿਆਣੇ ਤਾਂ ਤੀਮੀਆਂ ਈ ਜੰਮਦੀਆਂ ਨੇ। ਧੁਰੋਂ ਮਿਲ਼ੀ ਦਾਤ ਥੋਨੂੰ “ਮਾਂ” ਬਣਾਉਂਦੀਆ। ਮਾਂ ਦੇ ਰੁੱਤਬੇ ਨੂੰ ਚੰਗੂ ਹੰਢਾਉਣ ਲਈ…ਪੁੱਤ ਕੁੜੀਆਂ-ਕੱਤਰੀਆਂ ਨੂੰ ਕੂਨੀਆਂ -ਸਚਿਆਰੀਆਂ ਬਣਨਾ ਹੀ ਪੈਣਾ।ਹੁਣ ਤਾਂ ਬੱਸ ਇੱਕੋ ਹੀ ਸੰਸਾ ਆ…ਬਈ ਬੱਡੀਆਂ ਪਟਰਾਣੀਆਂ ਡੱਕਾ ਭੰਨ ਕੇ ਦੂਹਰਾ ਕਰਦੀਆਂ ਨੀ …ਸਚਿਆਰੀਆਂ ਇਨ੍ਹਾਂ ਸੁਆਹ ਬਣਨਾ।
ਲਿਖਤਮ ਬੇਬੇ ਧੰਨ ਕੁਰ।
ਗਹਿਰ -ਗੰਭੀਰ ਗੱਲਾਂ ਦਾ ਪੈਂਡਾ ਕਰਦੀ ਬੇਬੇ ਦੀਆਂ ਅੱਖਾਂ 'ਚ ਰੋਹ ਤੇ ਚਿੰਤਾ ਦੇ ਰਲਵੇਂ ਜਿਹੇ ਭਾਵ ਵੇਖਦਿਆਂ ਜੁਗਨੀ ਦੀ ਚੱਲਦੀ ਕਲਮ ਰੁੱਕ ਗਈ। .........ਉਹ ਹੁਣ ਸੋਚ ਝਨਾਵਾਂ 'ਚ ਗੋਤੇ ਖਾ ਰਹੀ ਸੀ।
ਖੂਹ ਦੀ ਖੇਲ
ਖੜ੍ਹਾ ਗੰਧਲਾ ਪਾਣੀ
ਪਿਆਸਾ ਰਾਹੀ।
ਡਾ. ਹਰਦੀਪ ਕੌਰ ਸੰਧੂ
(ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ )
ਨੋਟ: ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ।