ਮੇਰੀ ਮਾਂ ਨੂੰ ਮੈਂ ਬੀਬੀ ਆਖਦਾ ਸੀ। ਮੈਂ ਉਦੋਂ ਪੰਜ ਛੇ ਸਾਲ ਦਾ ਹੋਵਾਂਗਾ ਜਦੋਂ ਅਚਾਨਕ ਮੇਰੀ ਮਾਂ ਦੀਆਂ ਅੱਖਾਂ ਦੁੱਖਣੀਆਂ ਆ ਗਈਆਂ। ਪਿੰਡ ਦੇ ਡਾਕਟਰ ਤੋਂ ਇਲਾਜ ਕਰਾਇਆ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਉਹਦੀਆਂ ਅੱਖਾਂ ਵਿੱਚੋਂ ਹਰ ਦਮ ਪਾਣੀ ਵਹਿੰਦਾ ਰਹਿੰਦਾ ਤੇ ਬੀਬੀ ਦਰਦ ਨਾਲ ਸੀ - ਸੀ ਕਰਦੀ ਰਹਿੰਦੀ। ਪਿੰਡ 'ਚ ਇੱਕ ਜੋਤਸ਼ੀ ਆਇਆ ਜਿਸ ਕੋਲ ਇੱਕ ਗਠੜੀ ਜਿਹੀ ਸੀ। ਜਿਸ ਵਿੱਚ ਉਸ ਨੇ ਇੱਕ ਮੈਲੀ ਜਿਹੀ ਜਨਮ ਪੱਤਰੀ ਰੱਖੀ ਹੋਈ ਸੀ। ਕਈ ਔਰਤਾਂ ਉਹਨੂੰ ਹੱਥ ਦਿਖਾਉਣ ਲੱਗ ਪਈਆਂ। ਫਿਰ ਮੇਰੀ ਬੀਬੀ ਨੇ ਵੀ ਅੱਖਾਂ ਬਾਰੇ ਉਹਨੂੰ ਪੁੱਛਿਆ। ਜੋਤਸ਼ੀ ਨੇ ਜਨਮ ਪੱਤਰੀ ਦੇ ਉਤੇ ਬੀਬੀ ਦਾ ਹੱਥ ਰਖਾਇਆ। ਕੁਛ ਦੇਰ ਮੂੰਹ 'ਚ ਕੁਝ ਪੜ੍ਹਨ ਤੋਂ ਬਾਅਦ ਜੋਤਸ਼ੀ ਨੇ ਕੋਈ ਮਾੜਾ ਗ੍ਰਹਿ ਦੱਸ ਦਿੱਤਾ ਤੇ ਬਹੁਤ ਸਾਰੇ ਪੈਸੇ ਲੈ ਕੇ ਚਲਿਆ ਗਿਆ।
ਬੀਬੀ ਦਾ ਅੱਖਾਂ ਦਾ ਦਰਦ ਵਧਦਾ ਜਾ ਰਿਹਾ ਸੀ। ਫਿਰ ਕਿਸੇ ਨੇ ਦਾਸੋ ਨਾਈ ਬਾਰੇ ਦੱਸਿਆ ਕਿ ਉਹ ਟੂਣਾ ਬਗੈਰਾ ਕਰਕੇ ਰੋਗ ਦੂਰ ਕਰ ਦਿੰਦਾ ਹੈ। ਇੱਕ ਰਾਤ ਮੇਰੇ ਬਾਬਾ ਜੀ ਦਾਸੋ ਨਾਈ ਨੂੰ ਘਰ ਲੈ ਆਏ। ਉਹਨੇ ਆਉਂਦਿਆਂ ਹੀ ਚਿਮਟੇ ਨਾਲ ਝਾੜਾ ਕੀਤਾ। ਫੂਕਾਂ - ਫਾਕਾਂ ਮਾਰੀਆਂ। ਫਿਰ ਇੱਕ ਮਿੱਟੀ ਦੇ ਭਾਂਡੇ ਨੂੰ ਤੋੜ ਕੇ ਇੱਕ ਟੁਕੜੇ ਉੱਤੇ ਚੁੱਲ੍ਹੇ ਦੀ ਸਵਾਹ ਦੇ ਸੱਤ ਲੱਡੂ ਬਣਾ ਕੇ ਰੱਖੇ। ਕੁਝ ਦਾਲਾਂ, ਹਲਦੀ ਤੇ ਇੱਕ ਕਪੜੇ ਦੀ ਗੁੱਡੀ ਜਿਹੀ ਬਣਾ ਕੇ ਉਸ ਦੀਆਂ ਅੱਖਾਂ 'ਚ ਸੂਈਆਂ ਖੁਭੋ ਦਿੱਤੀਆਂ । ਬਾਬਾ ਜੀ ਤੋਂ ਉਸ ਨੇ ਇੱਕ ਕੁੱਕੜ ਤੇ ਇੱਕ ਸ਼ਰਾਬ ਦੀ ਬੋਤਲ ਦੇ ਪੈਸੇ ਲੈ ਲਏ। ਜਾਣ ਲੱਗੇ ਬਾਬਾ ਜੀ ਨੂੰ ਦੱਸ ਗਿਆ ਕਿ ਇਸ ਟੂਣੇ ਨੂੰ ਉਹ ਛੱਪੜ ਦੇ ਕੰਢੇ ਰੱਖ ਆਉਣ। ਬਾਬਾ ਜੀ ਇਸ ਠੀਕਰੇ ਨੂੰ ਕਿੱਥੇ ਰੱਖ ਕੇ ਆਏ, ਮੈਨੂੰ ਨਹੀਂ ਪਤਾ। ਮੈਨੂੰ ਤਾਂ ਇੰਨਾ ਯਾਦ ਹੈ ਕਿ ਕੁਝ ਦਿਨ ਬਾਅਦ ਜਦੋਂ ਮੈਂ ਦਾਸੋ ਦੇ ਮੁਹੱਲੇ ਵਿੱਚ ਆਪਣੇ ਦੋਸਤਾਂ ਨਾਲ ਖੇਲ ਰਿਹਾ ਸਾਂ ਤਾਂ ਦਾਸੋ ਆਪਣੇ ਦੋਸਤਾਂ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਹੱਸ ਹੱਸ ਕੇ ਦੱਸ ਰਿਹਾ ਸੀ ਕਿ ਪਿਛਲੇ ਹਫਤੇ ਇਹਦੇ ਬਾਬੇ ਤੋਂ ਬੋਤਲ ਤੇ ਕੁੱਕੜ ਦੇ ਪੈਸੇ ਲਏ ਸਨ।
ਇਸ ਤੋਂ ਬਾਅਦ ਇੱਕ ਹੋਰ ਆਦਮੀ ਨੂੰ ਲਿਆਂਦਾ ਗਿਆ। ਉਸ ਨੇ ਮੇਰੇ ਇੱਕ ਅੰਗੂਠੇ ਦੇ ਨੌਂਹ 'ਤੇ ਥੋੜਾ ਜਿਹਾ ਤੇਲ ਲਾਇਆ, ਫਿਰ ਮੈਨੂੰ ਕਹਿਣ ਲੱਗਾ ਕਿ ਕਾਕਾ ਮੇਰੇ ਮਗਰ ਮਗਰ ਬੋਲ,"ਹੇ ਸੱਚੇ ਪਾਤਸ਼ਾਹ ! ਝਾੜੂ ਫੇਰਨ ਵਾਲਾ ਆ ਜਾਵੇ।" ਮੈਂ ਉਸ ਦੇ ਮਗਰ -ਮਗਰ ਬੋਲਣਾ ਸ਼ੁਰੂ ਕਰ ਦਿੱਤਾ। ਕੋਈ ਪੰਦਰਾਂ ਕੁ ਵਾਰੀ ਬੋਲ ਕੇ ਉਹ ਮੈਨੂੰ ਪੁੱਛਣ ਲੱਗਾ ਕਿ ਮੈਨੂੰ ਕੁਝ ਦਿਸਦਾ ਹੈ !? ਮੈਂ ਛੋਟਾ ਜਿਹਾ ਬੱਚਾ ਮਾਨਸਿਕ ਤੌਰ 'ਤੇ ਉਸ ਦੀਆਂ ਗੱਲਾਂ 'ਚ ਆ ਗਿਆ। ਮੈਨੂੰ ਇਸ ਤਰਾਂ ਦਿਸਣ ਲੱਗ ਪਿਆ ਜਿਵੇਂ ਸੱਚੀ ਮੁੱਚੀ ਕੋਈ ਝਾੜੂ ਫੇਰ ਰਿਹਾ ਹੈ। ਇਸ ਤਰਾਂ ਹੀ ਉਹ ਮੈਨੂੰ ਪਾਣੀ ਛਿੜਕਾਉਣ ਵਾਲਾ ਆ ਜਾਵੇ,ਦਰੀਆਂ ਵਿਛਾਉਣ ਵਾਲਾ ਆ ਜਾਵੇ ਤੇ ਹੋਰ ਕਿੰਨਾ ਕੁਝ ਸੁਆਹ -ਖੇਹ ਮੇਰੇ ਮੂੰਹੋਂ ਕਹਾਉਂਦਾ ਰਿਹਾ। ਘਰ ਦਿਆਂ ਨੂੰ ਕੀ ਕੁਝ ਉਸ ਨੇ ਦੱਸਿਆ, ਮੈਨੂੰ ਨਹੀਂ ਪਤਾ ਲੇਕਿਨ ਬਹੁਤ ਸਾਰੀ ਕਣਕ ਤੇ ਪੈਸੇ ਲੈ ਕੇ ਉਹ ਵੀ ਚਲਿਆ ਗਿਆ। ਇਸ ਤਰਾਂ ਕਈ ਮਹੀਨੇ ਲੰਘ ਗਏ ਪਰ ਬੀਬੀ ਦਾ ਦੁੱਖ ਵਧਦਾ ਜਾ ਰਿਹਾ ਸੀ।
ਫਿਰ ਕਿਸੇ ਨੇ ਦੱਸ ਪਾਈ ਕਿ ਫਗਵਾੜੇ ਇੱਕ ਫਕੀਰੀਆ ਨਾਮ ਦਾ ਬ੍ਰਾਹਮਣ ਹੈ ਜਿਸ ਕੋਲ ਬਹੁਤ ਲੋਕ ਜਾਂਦੇ ਹਨ ਤੇ ਉਹਨਾਂ ਨੂੰ ਫਾਇਦਾ ਹੋਇਆ ਹੈ। ਇੱਕ ਦਿਨ ਮੇਰੇ ਬਾਬਾ ਜੀ, ਬੀਬੀ ਤੇ ਮੈਨੂੰ ਨਾਲ ਲੈ ਕੇ ਫਗਵਾੜੇ ਨੂੰ ਪੈਦਲ ਚਲ ਪਏ। ਮੂਹਰੇ -ਮੂਹਰੇ ਮੇਰੇ ਬਾਬਾ ਜੀ ਤੇ ਪਿੱਛੇ- ਪਿੱਛੇ ਬੀਬੀ ਦਾ ਹੱਥ ਫੜੀ ਮੈਂ ਚੱਲ ਪਿਆ। ਬੀਬੀ ਵਿਚਾਰੀ ਲੰਬਾ ਸਾਰਾ ਘੁੰਡ ਕੱਢੀ ਤੁਰ ਰਹੀ ਸੀ। ਪਿੰਡ ਤੋਂ ਛੇ ਕਿਲੋਮੀਟਰ ਪੈਦਲ ਚਲਣਾ ਕੋਈ ਅਸਾਨ ਨਹੀਂ ਸੀ। ਅਖੀਰ ਜਦ ਫ਼ਕੀਰੀਏ ਬ੍ਰਾਹਮਣ ਦੇ ਘਰ ਪਹੁੰਚੇ ਤਾਂ ਉਥੇ ਹੋਰ ਵੀ ਬਹੁਤ ਲੋਕ ਸਨ। ਜਦ ਸਾਡੀ ਵਾਰੀ ਆਈ ਤਾਂ ਫ਼ਕੀਰੀਏ ਨੇ ਮੂੰਹ 'ਚ ਮੰਤਰ ਪੜ੍ਹ ਕੇ ਫੂਕਾਂ ਮਾਰੀਆਂ। ਫਿਰ ਉਥੇ ਬੈਠਿਆਂ ਹੀ ਉਸ ਨੇ ਥੱਲੇ ਆਵਾਜ਼ ਮਾਰੀ, " ਇਹਨਾਂ ਨੂੰ ਸੁਨਹਿਰੀ ਗੜਵੀ ਚੋਂ ਚੀਜ ਦੇ ਦਿਓ ਜੀ। " ਉਸ ਤੋਂ ਬਾਅਦ ਅਸੀਂ ਥੱਲੇ ਆ ਗਏ। ਇੱਕ ਆਦਮੀ ਨੇ ਸਾਨੂੰ ਕੁਝ ਪੁੜੀਆਂ ਫੜਾ ਦਿਤੀਆਂ। ਪੈਸੇ ਦੇ ਕੇ ਅਸੀਂ ਫਿਰ ਪੈਦਲ ਚੱਲ ਪਏ।
ਬੀਬੀ ਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ ਅਤੇ ਹੁਣ ਦਿਸਣਾ ਵੀ ਮੁਸ਼ਕਿਲ ਲੱਗਣ ਪਿਆ ਸੀ। ਮੇਰੇ ਪਿਤਾ ਜੀ ਉਸ ਵਕਤ ਅਫ਼ਰੀਕਾ ਸਨ। ਜਦੋਂ ਉਹਨਾਂ ਨੇ ਆ ਕੇ ਬੀਬੀ ਦੀ ਹਾਲਤ ਦੇਖੀ ਤਾਂ ਉਸੇ ਵੇਲੇ ਬੀਬੀ ਨੂੰ ਸਾਈਕਲ 'ਤੇ ਬਿਠਾ ਕੇ ਸਿਧੇ ਜਲੰਧਰ ਅੱਖਾਂ ਦੇ ਹਸਪਤਾਲ ਲੈ ਗਏ। ਪਿਤਾ ਜੀ ਦੇ ਮੂੰਹੋਂ ਮੈਂ ਸੁਣਿਆ ਸੀ ਕਿ ਬੀਬੀ ਦੀਆਂ ਅੱਖਾਂ ਵਿਚ ਕੁੱਕਰੇ ਸਨ। ਉਥੇ ਬੀਬੀ ਦਾ ਇਲਾਜ ਹੋਇਆ ਅਤੇ ਕੁਝ ਦਿਨਾਂ ਵਿੱਚ ਹੀ ਬੀਬੀ ਠੀਕ ਹੋ ਗਈ।
ਗੁਰਮੇਲ ਸਿੰਘ ਭੰਮਰਾ
ਗੁਰਮੇਲ ਅੰਕਲ ਜੀ ਵਾਰਤਾ ਦਿਲ ਨੂੰ ਛੋਹਣ ਵਾਲੀ ਹੈ। ਵਾਰਤਾ ਪੜ੍ਹਦਿਆਂ ਮੇਰੇ ਵਾਂਗ ਹਰ ਪਾਠਕ ਨੇ ਆਪ ਦੇ ਪਿੰਡ ਦੀ ਤੇ ਆਪ ਦੇ ਵਿਹੜੇ ਦੀ ਫੇਰੀ ਜ਼ਰੂਰ ਪਾ ਲਈ ਹੋਣੀ ਆ। ਆਪ ਦੇ ਦਾਦਾ ਜੀ ਤੇ ਮਾਂ ਨੂੰ ਜ਼ਰੂਰ ਤੱਕਿਆ ਹੋਵੇਗਾ। ਐਨੀ ਬਰੀਕੀ ਨਾਲ ਹਰ ਵਰਤਾਰੇ ਨੂੰ ਬਿਆਨ ਕੀਤਾ ਕਿ ਲੱਗਿਆ ਸਭ ਕੁਝ ਹੁਣੇ ਹੁਣੇ ਅੱਖਾਂ ਸਾਹਵੇਂ ਵਾਪਰ ਰਿਹਾ ਹੋਵੇ। ਇਹ ਗੱਲ ਕੋਈ ਸੱਤ ਦਹਾਕੇ ਪਹਿਲਾਂ ਦੀ ਲੱਗਦੀ ਹੈ। ਸੱਚੀਂ ਕਿੰਨਾ ਅੰਧ ਵਿਸ਼ਵਾਸ਼ ਸੀ ਲੋਕਾਂ 'ਚ, ਅਸਲ 'ਚ ਸਹੀ ਗਿਆਨ ਤੇ ਜਾਣਕਾਰੀ ਦੀ ਅਣਹੋਂਦ 'ਚ ਅਜਿਹਾ ਹੋਣਾ ਸੁਭਾਵਿਕ ਹੈ। ਪੁਰਾਣੀ ਯਾਦ ਸਾਂਝੀ ਕਰਨ ਲਈ ਤਹਿ ਦਿਲੋਂ ਸ਼ੁਕਰੀਆ।
ReplyDeleteਬੇਟਾ ਜੀ , ਇਸ ਗੱਲ ਨੂੰ ਚੇਤੇ ਕਰਦਿਆਂ ਮੈਨੂੰ ਆਪਣੀ ਬੀਬੀ ਦਾ ਉਹ ਭੋਲਾ ਭਾਲਾ ਚੇਹਰਾ ਯਾਦ ਆ ਜਾਂਦਾ ਹੈ . ਸਾਡੇ ਦੇਸ਼ ਵਿਚ ਇੰਨਾ ਅੰਧਵਿਸ਼੍ਵਾਸ ਹੈ ਕਿ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਮਿੱਟੀ ਦੇ ਬਣੇ ਹੋਏ ਹਾਂ .ਹੁਣ ਇੰਡੀਆ ਵਿਚ ਵਿਦਿਆ ਦਾ ਪ੍ਰਸਾਰ ਬਹੁਤ ਹੋ ਰਿਹਾ ਹੈ ਲੇਕਿਨ ਪੜ੍ਹੇ ਲਿਖੇ ਲੋਕ ਭੀ ਬਾਬਿਆਂ ਜੋਤਸ਼ੀਆਂ ਦੇ ਡੇਰਿਆਂ ਤੇ ਰੀਂਘ ਰੀਂਘ ਕੇ ਮਥਾ ਟੇਕ ਰਹੇ ਹਨ .ਸਾਡੇ ਦੇਸ਼ ਦਾ ਰਬ ਹੀ ਰਾਖਾ .
Deleteinteresting nice story
ReplyDeletethanks a lot diljodh ji .
Delete