ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Aug 2017

ਬਟਵਾਰਾ (ਮਿੰਨੀ ਕਹਾਣੀ )

ਰੱਬ ਦਾ ਦਿੱਤਾ ਘਰ 'ਚ ਸਭ ਕੁਝ ਸੀ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਫੇਰ ਵੀ ਉਸ ਦੀਆਂ ਨੂੰਹਾਂ ਹਰ ਨਿੱਕੀ -ਨਿੱਕੀ ਗੱਲ 'ਤੇ ਖਹਿਬੜਨ ਲੱਗ ਜਾਂਦੀਆਂ ਸਨ। ਨਿੱਤ ਦੇ ਹੁੰਦੇ ਕਾਟੋ ਕਲੇਸ਼ ਤੋਂ  ਤੰਗ ਆ ਕੇ ਘਰ ਦੇ ਬਟਵਾਰੇ ਦਾ ਫ਼ੈਸਲਾ ਹੋ ਗਿਆ ਸੀ । ਆਪਣਾ -ਆਪਣਾ ਹੱਕ ਜਤਾਉਂਦਿਆਂ ਸਾਂਝੇ ਘਰ 'ਚ ਪਈ ਹਰ ਨਿੱਕੀ -ਮੋਟੀ ਚੀਜ਼ ਚਾਈਂ -ਚਾਈਂ ਵੰਡੀ ਜਾਣ ਲੱਗੀ। 
      ਮਾਂ ਦੇ ਚਿਹਰੇ 'ਤੇ ਉਪਰਾਮਤਾ ਸੀ। ਡੰਗੋਰੀ ਦੀ ਪੀੜਾ ਨੂੰ ਸਮਝਣ ਵਾਲਾ ਕੋਈ ਨਹੀਂ ਸੀ। ਉਹ ਆਪਣੀ ਹੋਂਦ ਦੇ ਖਿੱਲਰੇ ਟੁੱਕੜੇ ਇਕੱਠੇ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸੀ। ਉਸ ਦੇ ਸਾਹਾਂ ਦੀ ਸਾਂਝ ਪਾਲਦਾ ਤੇ ਭਾਵਨਾਵਾਂ ਦਾ ਰਾਜ਼ਦਾਰ ਇਹ ਘਰ ਅੱਜ ਖਿੰਡ ਰਿਹਾ ਸੀ।  ਚੁੱਪ ਦੀ ਬੁੱਕਲ਼ ਮਾਰੀ ਖੂੰਜੇ ਬੈਠੀ ਮਾਂ ਦਾ ਗੱਚ ਭਰ ਆਇਆ ," ਮੈਂ ਕੀਹਦੇ ਹਿੱਸੇ ਆਈ ਹਾਂ ?" ਹੁਣ ਘਰ 'ਚ ਸੰਨਾਟਾ ਛਾ ਗਿਆ ਸੀ।  

ਡਾ. ਹਰਦੀਪ ਕੌਰ ਸੰਧੂ 
  
ਨੋਟ : ਇਹ ਪੋਸਟ ਹੁਣ ਤੱਕ  505 ਵਾਰ ਪੜ੍ਹੀ ਗਈ ਹੈ।


ਲਿੰਕ 1            ਲਿੰਕ 2             ਲਿੰਕ 3            ਲਿੰਕ 4


9 comments:

  1. Anonymous24.8.17

    Very nice story ji....Sachmuch ajkal maa kise karma wale de hisse aundi a

    ReplyDelete
  2. ਅੱਜ ਦੇ ਜੀਵਨ ਦੀ ਸਚਾਈ ਦਰਸਾਉਂਦੀ ਕਹਾਣੀ ਹੈ . ਬੁਢਾਪੇ ਵਿਚ ਆ ਕੇ ਆਰਥਿਕ ਨਿਰਭਰਤਾ ਅਤੇ ਆਪਣੇ ਬਚਿਆਂ ਨੂੰ ਇੱਕ ਦੂਜੇ ਤੋਂ ਵਖਰੇ ਹੋਣ ਦਾ ਦੁਖਾਂਤ ਢਿਡ ਵਿਚ ਲਕੋਈ ਰਖਣਾ ਬਹੁਤ ਔਖਾ ਹੁੰਦਾ ਹੈ .

    ReplyDelete
  3. ਅੱਜ ਦੀ ਕੜਵੀ ਸਚਾਈ। ਹਰ ਵੁਜੂਰਗ ਨੂੰ ਸ਼ਹਨੀ ਪੈ ਰਹੀ ਹੈ। ਕਮਾਏ ਕੋਈ ਖਾਏ ਹੰਡਾਏ ਕੋਈ। ਬਹੁਤ ਦੁੱਖ ਹੁੰਦਾ ਹੈ। ਬੱਚਿਆਂ ਦਾ ਇਹ ਵਰਤਾਰਾ ਦੇਖ ਕੇ।ਨਿੱਕੀ ਮੋਟੀ ਚੀਜ ਦਾ ਤਾਂ ਵਤਵਾਰਾ ਹੋ ਗਿਆ ਪਰ ਮਾਂ ਕਿੱਥੇ ਜਾਉ ? ਕਿਸੀ ਨੂੰ ਕੋਈ ਪ੍ਰਵਾਹ ਨਹੀਂ।

    ReplyDelete
  4. ਬਟਵਾਰਾ ਬਹੁਤ ਹੀ ਭਾਵਪੂਰਕ ਕਹਾਣੀ ਹੈ। ਕਹਾਣੀ ਕੀ ਘਰ ਘਰ ਦੀ ਸਚਾਈ ਹੈ। ਮਾਂ -ਬਾਪ ਬੱਚਿਆਂ ਨੂੰ ਪਾਲਦੇ ਹਨ , ਤੀਲਾ ਤੀਲਾ ਜੋੜ ਕੇ ਘਰ ਬਣਾਉਂਦੇ ਹਨ। ਬੱਚੇ ਆਪਣੇ ਪਰਿਵਾਰ ਵਾਲੇ ਹੋ ਜਾਂਦੇ ਹਨ। ਮਾਪੇ ਵੀ ਬਜ਼ੁਰਗ ਹੋ ਜਾਂਦੇ ਹਨ। ਬੱਚੇ ਬਟਵਾਰਾ ਕਰਦੇ ਹਨ ਕਿਉਂਕਿ ਨੂੰਹਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ। ਘਰ ਦੀ ਇੱਕ ਇੱਕ ਚੀਜ਼ ਵੰਡੀ ਜਾਂਦੀ ਹੈ। ਮਾਂ ਵਿਚਾਰੀ ਇੱਕਲੀ ਰਹਿ ਜਾਂਦੀ ਹੈ। ਉਹ ਪੁੱਛਦੀ ਹੈ ਕਿ ਉਹ ਕਿਸ ਦੇ ਹਿੱਸੇ ਆਈ ਹੈ। ਇਹ ਅੱਜ ਦੇ ਸਮਾਜ ਦੀ ਸਚਾਈ ਹੈ। ਘ ਜਾਇਦਾਦ ਸਭ ਕੁਝ ਵੰਡ ਲਿਆ ਜਾਂਦਾ ਹੈ ਪਰ ਬਜ਼ੁਰਗਣਾ ਨੂੰ ਕੋਈ ਵੀ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ। ਉਹ ਕਿਦਾਂ ਭੁੱਲ ਜਾਂਦੇ ਹਨ ਕਿ ਮਾਂ ਤੇ ਸਭ ਬੱਚਿਆਂ ਨੂੰ ਬਰਾਬਰ ਪਾਲਦੀ ਹੈ , ਕੋਈ ਫਰਕ ਨਹੀਂ ਕਰਦੀ। ਉਹ ਆਪਣੇ ਬੱਚਿਆਂ ਨੂੰ ਤਾਂ ਪਾਲਦੀ ਹੀ ਹੈ ਅੱਗੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਪਾਲਦੀ ਹੈ। ਬਹੁਤ ਹੀ ਦੁੱਖਦਾਈ ਸਚਾਈ ਹੈ।
    ਡਾ ਹਰਦੀਪ ਨੇ ਬਹੁਤ ਵਧੀਆ ਢੰਗ ਨਾਲ ਦਰਸਾਈ ਹੈ। ਇੱਕ ਮਾਂ ਆਪਣੇ ਪੰਜ ਪੁੱਤਰਾਂ ਨੂੰ ਪਾਲ ਸਕਦੀ ਹੈ ਪਰ ਪੰਜ ਰਲ ਕੇ ਇੱਕ ਮਾਂ ਨੂੰ ਨਹੀਂ ਸੰਭਾਲ ਸਕਦੇ।
    ਸੁਖਜਿੰਦਰ ਸਹੋਤਾ

    ReplyDelete
  5. Jagroop kaur Grewal24.8.17

    ਅੱਜ ਦੀ ਕੌੜਾ ਸਚਾਈ ਦਾ ਦਰਦ ਬਿਆਨਿਆ ਭੈਣ ਜੀ

    ReplyDelete
  6. ਭੈਣਜੀ ਆਪਣੇ ਨਾਲ ਵੀ ਇਹ ਕੁੱਝ ਹੋਣ ਵਾਲਾ ਂਆ , ਕਲਜੁਗ ਦਾ ਜ਼ਮਾਨਾ ਹੈ ਜੀ ਇੱਥੇ ਹੈ ਨਹੀ ਕਿਸੇ ਨੂੰ ਕਿਸੇ ਨਾਲ ਪਿਆਰ। ਆਪਣੇ ਬੱਚੇ , ਪੋਤੇ ,ਪੋਤਰੀਆਂ ਨੂੰ ਸਭ ਨੂੰ ਆਪੋ ਆਪਣੀ ਆਪਣੀ ਪਈ ਹੋਈ ਂਆ। ਇਕ ਧੀਆ ਹੀ ਨੇ ਜੋ ਮਾਂ-ਬਾਪ ਦੀ ਸਾਂਭ ਸੰਭਾਲ਼ ਕਰਦੀਆ ਨੇ , ਕਈ ਵਾਰੀ ਭਰਾਵਾ, ਭਰਜਾਈਆ ਤੋਂ ਡਰਦੀਆਂ ਮਾਰੀਆਂ ਉਹ ਵੀ ਨਹੀ ਜਾਂਦੀਆਂ, ਮੁੱਕ ਦੀ ਗੱਲ ਕੀ ਆਉਣ ਵਾਲਾ ਸਮਾ ਬੜਾ ਭਿਆਨਕ ਹੈ। ��������

    ReplyDelete
    Replies
    1. ਭੈਣ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਆਪਣੇ ਨਾਲ ਵੀ ਇਹ ਹੋਣ ਵਾਲਾ ਹੈ।
      ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ , ਸਾਡਾ ਰਵਈਆ ਕਿਹੋ ਜਿਹਾ ਹੈ ? ਪਰ ਇਸ ਗੱਲ ਮਤਲਬ ਇਹ ਨਹੀਂ ਕਿ ਇੱਕ ਮਾਂ ਨੂੰ ਸਤਿਕਾਰ ਨਾ ਦਿੱਤਾ ਜਾਵੇ। ਜੇ ਅਸੀਂ ਸਤਿਕਾਰ ਦੇ ਅਸਲ ਮਾਅਨੇ ਦਾ ਸੰਦੇਸ਼ ਆਪਣੇ ਬੱਚਿਆਂ ਤੱਕ ਅੱਪੜਦਾ ਕਰਾਂਗੇ ਉਹ ਕਦੇ ਵੀ ਇਸ 'ਤੇ ਅਮਲ ਕਰਨੋ ਪਿੱਛੇ ਨਹੀਂ ਹੱਟਣਗੇ। ਇਸ ਕਹਾਣੀ ਵਿਚਲੀ ਮਾਂ ਸ਼ਾਇਦ ਆਪਣੇ ਪੁੱਤਰਾਂ ਨੂੰ ਅਜਿਹਾ ਸਿਖਾਉਣ 'ਚ ਅਸਫਲ ਰਹੀ ਤੇ ਉਸ ਦੀਆਂ ਨੂੰਹਾਂ ਆਪਣੀਆਂ ਮਾਂਵਾਂ ਤੋਂ ਇਹ ਸਿੱਖਣ ਤੋਂ ਖੁੰਝ ਗਈਆਂ। ਅਸੀਂ ਜ਼ਿੰਦਗੀ ਦੀ ਭੱਜ ਦੌੜ 'ਚ ਪੈਸੇ ਕਮਾ ਵੱਡਾ ਘਰ ਬਣਾ ਆਪਣੇ ਬੱਚਿਆਂ ਨੂੰ ਦਿੰਦੇ ਹਾਂ ਤੇ ਜੋ ਦੇਣਾ ਹੈ (ਸੰਸਕਾਰ ) ਦੇਣੋ ਖੁੰਝ ਜਾਂਦੇ ਹਾਂ। ਬੁਢਾਪੇ 'ਚ ਸਾਨੂੰ ਇਸ ਦੀ ਕਮੀ ਰੜਕਦੀ ਹੈ ਪਰ ਓਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਜਿਹੜੇ ਬੱਚਿਆਂ ਨੂੰ ਸਤਿਕਾਰ/ਸਨਮਾਨ /ਆਦਰ ਦਾ ਪਤਾ ਹੀ ਨਹੀਂ , ਇਹ ਗੁਣ ਉਨ੍ਹਾਂ ਕੋਲ ਹੈ ਹੀ ਨਹੀਂ ਤਾਂ ਉਹ ਤੁਹਾਨੂੰ ਨਿਰਾਦਰ ਦੇ ਸਿਵਾ ਦੇ ਹੀ ਕੀ ਸਕਦੇ ਨੇ ?
      ਮੈਂ ਇਹ ਨਹੀਂ ਕਹਿ ਰਹੀ ਕਿ ਇਸ ਕਹਾਣੀ 'ਚ ਬੱਚਿਆਂ ਨੇ ਜੋ ਮਾਂ ਨਾਲ ਕੀਤਾ ਸਹੀ ਹੈ , ਪਰ ਕੀ ਇਹਨਾਂ ਨੂੰ ਸਹੀ ਗਲਤ ਬਾਰੇ ਦੱਸਿਆ ਗਿਆ , ਕੀ ਜ਼ਿੰਦਗੀ ਦੀਆਂ ਚੰਗੀਆਂ ਕੀਮਤਾਂ ਦਾ ਪਾਠ ਇਹਨਾਂ ਨੂੰ ਪੜ੍ਹਾਇਆ ਗਿਆ ?
      ਮਾਂ ਨੇ ਇਹ ਕਿਉਂ ਸੋਚਿਆ ਕਿ ਉਹ ਕਿਸੇ ਦੇ ਹਿੱਸੇ ਆਏਗੀ ? ਘਰ ਬਾਰ ਉਸ ਦਾ ਹੈ , ਬੱਚੇ ਉਸ ਦੇ ਨੇ। ਉਹ ਕੋਈ ਨਿਰਜੀਵ ਵਸਤੂ ਨਹੀਂ ਕਿ ਕਿਸੇ ਦੇ ਹਿੱਸੇ ਆਏ।

      Delete
  7. 'ਬਟਵਾਰਾ' ਕਹਾਣੀ ਨੂੰ ਪੜ੍ਹ ਕੇ ਮੈਨੂੰ ਵੀ ਇਸ ਬਾਰੇ ਆਪਣੇ ਭਾਈਚਾਰੇ ਤੇ ਸਭਿਆਚਾਰ ਦੀ ਇੱਕ ਝਲਕ ਯਾਦ ਆ ਗਈ,ਜੋ ਮੈਂ ਬਚਪਨ ਵਿਚ ਲੋਕਾਂ ਤੋਂ ਸੁਣੀ ਸੀ। ਉਸ ਦੀ ਆਪ ਨਾਲ ਸਾਂਝ ਕਰਦਾ ਹਾਂ।

    ਘਰ ਦੀ ਵੰਡ ਵੇਲੇ,ਵੱਡੀ ਨੂੰਹ,ਆਪਣੇ ਘਰ ਵਾਲੇ ਨੂੰ ਇੰਜ ਸਲਾਹ ਦਿੰਦੀ ਹੈ, ਕਿ-

    ਭਾਂਡਾ ਟੀਂਡਾ ਵੰਡਣ ਲੱਗਿਆਂ,ਵੱਡਿਆਂ ਵੱਡਿਆਂ ਨੂੰ ਹੱਥ ਪਾਈਂ ਵੇ।
    ਪਸ਼ੂ ਢਾਂਡੇ ਵੰਡਣ ਲੱਗਿਆਂ, ਦੁਧਾਰੂਆਂ ਨੂੰ ਹੱਥ ਪਾਈਂ ਵੇ।
    ਬਹੁੜੇ ਬੁੜ੍ਹੀ ਨੂੰ ਵੰਡਣ ਲੱਗਿਆਂ, ਬਾਹਰ ਨੂੰ ਭੱਜ ਜਾਈਂ ਵੇ।
    ਦੇਖੀਂ ਕਿਤੇ ਤੂੰ ਇਹ ਬਲਾਵਾਂ, ਗਲ਼ ਆਪਣੇ ਨਾ ਪਾਈਂ ਵੇ।

    ਇੱਕ ਹੋਰ ਵੰਨਗੀ:-

    ਨਿੱਕੇ ਹੁੰਦੇ ਕਹਿੰਦੇ ਸੀ, 'ਮਾਂ ਮੇਰੀ ਮੇਰੀ' ਹੈ।
    ਹੁਣ ਵੱਡੇ ਹੋਏ ਕਹਿਣ ਲੱਗੇ,'ਮਾਂ ਤੇਰੀ ਹੈ.ਤੇਰੀ ਹੈ।'
    - -
    ਉਨ੍ਹਾਂ ਦਿਨਾਂ ਵਿਚ,ਅਜਿਹੇ ਵਰਤਾਰੇ ਨੂੰ ਜਾਣਦੇ ਹੋਏ,ਬਜ਼ੁਰਗ ਜ਼ਮੀਨ ਨੂੰ ਮਰਦੇ ਦਮ ਤਕ ਆਪਣੇ ਨਾਂ ਹੀ ਲਗਵਾਈ ਰੱਖਦੇ ਸੀ,ਪਰ ਹੁਣ ਇਹ ਬੇਰੁਖ਼ੀ ਦੇਖਣ ਵਿਚ ਆਮ ਮਿਲਦੀ ਹੈ,ਜੋ ਬਹੁਤ ਚਿੰਤਾਜਨਕ ਹੈ।

    ਡਾ ਹਰਦੀਪ ਸੰਧੂ ਦੀ ਇਹ ਕਹਾਣੀ ਵੀ ਅਜੋਕੇ ਦੌਰ ਦੀ ਗੰਭੀਰ ਸਮੱਸਿਆ ਦਰਸਾਉਂਦੀ ਹੈ,ਜਿਸ ਦਾ ਉਸ ਨੇ ਆਪਣੀ ਅਸਰਦਾਰ ਅਤੇ ਸੁੰਦਰ ਵਿਧਾ ਨਾਲ ਕਮਾਲ ਦਾ ਸ਼ਬਦ ਚਿਤਰਨ ਕੀਤਾ ਹੈ,ਜੋ ਪਾਠਕ ਮਨ ਨੂੰ ਇਸ ਬਾਰੇ ਸੋਚਣ ਲਈ ਪ੍ਰੇਰਦੀ ਹੈ।
    -0-
    ਸੁਰਜੀਤ ਸਿੰਘ ਭੁੱਲਰ-24-08-2017

    ReplyDelete
  8. ”ਬਟਵਾਰਾ” ਤ੍ਰਾਸਦਿਕ ਵਰਤਾਰਿਆਂ ਦਾ ਬਹੁ-ਪ੍ਰਤੀ ਬ੍ਰਿਤਾਂਤ ਹੈ। ਪਿਆਰਮਹੱਬਤ ਅਤੇ ਸਤਿਕਾਰ ਦਾ ਸਬੰਧ ਬੜੀ ਤੇਜੀ ਨਾਲ ਲੋੜ ਅਤੇ ਫ਼ਾਇਦੇ ਨਾਲ ਜੁੜ ਰਿਹਾ ਹੈ। ਇਹ ਕੋਈ ਨਵੀਂ ਗੱਲ ਨਹੀਂ ਅਤੇ ਨਾ ਹੀ ਇਸਦਾ ਸਬੰਧ ਕਿਸੇ ਯੁੱਗ ਜਾਂ ਕਾਲ਼ ਨਾਲ ਹੈ। ਇਹ ਸਥਿਤੀ ਸਦਾ ਹੀ ਕਿਸੇ ਨਾ ਕਿਸੇ ਰੂਪ ਵਿੱਚ ਵਿੱਦਮਾਨ ਰਹੀ ਹੈ। ਹਾਂਵੱਖੋ ਵੱਖਰੇ ਸਮਿਆਂ ਵਿੱਚ ਇਸਦੀ ਤੀਬਰਤਾ ਵਿੱਚ ਫ਼ਰਕ ਜ਼ਰੂਰ ਪਿਆ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਇਹ ਪ੍ਰਭਾਵ ਪ੍ਰਬਲ ਰੂਪ ਵਿੱਚ ਪ੍ਰਗਟ ਹੁੰਦੇ ਹਨ। ਇਸ ਤੋਂ ਪਹਿਲਾਂ ਦੀਆਂ ਲਿਖ਼ਤਾਂ ਵੇਦ, ਪੁਰਾਣ, ਗੀਤਾ ਅਤੇ ਰਮਾਇਣ ਵਿੱਚ ਵੀ ਥੋਹੜੇ ਬਹੁਤੇ ਫ਼ਰਕ ਨਾਲ਼ ਇਹ ਅੰਸ਼ ਉਜਾਗਰ ਹੁੰਦੇ ਹਨ। ਇਹ ਮੰਨਣ ਵਿੱਚ ਵਿਰੋਧ ਨਹੀਂ ਕਿ ਪਿਛਲੇ 50 ਕੁ ਸਾਲਾਂ ਤੋਂ ਸਮਾਜਿਕ ਤਬਦੀਲੀਆਂ ਦੀ ਤੇਜ ਰਫ਼ਤਾਰ ਦੌੜ ਵਿੱਚ ਸ਼ਾਇਦ ਅਸੀਂ ਪਦਾਰਥਿਕ ਤੌਰ ਤੇ ਹੋਰ ਬਹੁਤ ਕੁਝ ਪ੍ਰਾਪਤ ਕਰ ਲਿਆ ਹੈ। ਵੱਖੋ ਵੱਖਰੇ ਬੋਲੀਆਂ ਦੇ ਅਨੁਵਾਦਾਂ ਰਾਹੀ ਵਿਸ਼ਵ ਵਿਆਪੀ ਪਿੰਡ ਸਿਰਜ ਲਿਆ ਹੈ, ਗਿਆਨ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰ ਲਏ ਹਨ, ਪਰ ਮਾਨਵੀ ਰਿਸ਼ਤਿਆਂ ਦੀ ਨਿਰਮਲ ਭਾਸ਼ਾਂ ਨਾਲੋਂ ਸਾਡਾ ਨਾਤਾ ਟੁੱਟਦਾ ਜਾ ਰਿਹਾ ਹੈ। ਸਾਡੇ ਪ੍ਰਵਾਨਿਤ ਮਾਪਦੰਡ ਅਸਿੱਧੇ ਤੋਰ ਤੇ ਸਵਾਰਥ ਅਤੇ ਮੁਨਾਫ਼ੇ ਦੀਆਂ ਭਾਵਨਾਵਾਂ ਦੇ ਗ਼ੁਲਾਮ ਹੋ ਗਏ ਹਨ। ਰਿਸ਼ਤਿਆਂ ਦੇ ਜੰਗਲ ਵਿੱਚੋਂ ਸੁੱਖ ਅਤੇ ਲਾਭ ਦੇ ਰੁੱਖ ਲੱਭਦੇ ਹੋਏ, ਲਹੂ ਲੁਹਾਣ ਪੈਰਾਂ ਦੀਆਂ ਤਲੀਆਂ ਵਿੱਚੋਂ ਪਛਤਾਵੇ ਦੇ ਕੰਡਿਆ ਦੀ ਪੀੜ੍ਹ ਦਾ ਅਹਿਸਾਸ ਸਮਾਂ ਵਿਹਾ ਜਾਣ ਤੇ ਹੀ ਹੁੰਦਾ ਹੈ। ਜੇ ਸਿਰਫ਼ ਇਹ ਮੰਨ ਲਈਏ ਕਿ ਅਜੋਕੇ ਮਾਪੇ ਆਪਣੀ ਔਲਾਦ ਵਿੱਚ ”ਮਾਨਵੀ ਕਦਰਾਂ ਕੀਮਤਾਂ” ਦੇਣ ਤੋਂ ਅਸਮਰੱਥ ਹੋ ਗਏ ਤਾਂ ਸ਼ਾਇਦ ਉੱਚਿਤ ਨਹੀਂ ਹੋਵੇਗਾ। ਅਜੇਹਾ ਤੱਥ ਪ੍ਰਵਾਨ ਕਰਨ ਤੋਂ ਪਹਿਲਾਂ ਸਾਨੂੰ ਨਿੱਜਤਾ ਦੇ ਸੰਕਟ ਵਿੱਚੋਂ ਨਿੱਕਲ ਕੇ ਸਮੁੱਚੇ ਸਮਾਜ ਦੇ ਵਰਤਾਰਿਆਂ ਨੂੰ ਕਸ਼ੀਦ ਕਰਨਾ ਪਵੇਗਾ। ਮਾਂ ਤੇ ਸਿਰਫ਼ ਇੱਕ ਰੂਪਕ ਹੈ, ਇਹ ਸਦਾਚਾਰਕ ਅਨੈਤਿਕਤਾ ਹਰ ਰਿਸ਼ਤੇ ਦੀ ਖੁੱਡ ਵਿੱਚ ਪ੍ਰਵੇਸ ਕਰ ਰਹੀ ਹੈ। ਸਾਡੇ ਬੱਚੇ ਰਵਾਇਤੀ ਪ੍ਰਵਾਰ ਦੇ ਦਾਇਰੇ ਵਿੱਚੋਂ ਨਿੱਕਲ ਕੇ ਵਿਅਕਤੀਗਤ ਪ੍ਰਾਪਤੀਆਂ ਦੇ ਸੁਫ਼ਨੇ ਦੀ ਪੂਰਤੀ ਲਈ ਉਹਨਾ ਸੱਭ ਅਹਿਮ ਮੁੱਲਾਂ ਨੂੰ ਪਿੱਛੇ ਛੱਡ ਰਹੇ ਹਨ, ਜਿਹਨਾ ਦਾ ਮਹੱਤਵ ਅਤੀਤ ਨਾਲ ਜੁੜਦ ਹੈ। ਵਿਡੰਬਣਾ ਇਹ ਹੈ ਕਿ ਅਸੀਂ ਮਾਪਿਆਂ ਦੇ ਰੂਪ ਵਿੱਚ ਉਹਨਾ ਦੇ ਇਹੋ ਜਿਹੇ ਵਰਤਾਰਿਆਂ ਦਾ ਆਪਣੀ ਖ਼ੁਸ਼ੀ ਅਤੇ ਉਹਨਾ ਦੀ ਤਰੱਕੀ ਲਈ ਬਲੀਦਾਨ ਦੇਣ ਲਈ ਤਤਪਰ ਹਾਂ। ਇਹ ਨਿੱਕੀ ਕਹਾਣੀ ਬੜੇ ਹੀ ਵੱਡੇ ਮੁੱਦੇ ਦੀਆਂ ਵਿਭਿੰਨ ਪਰਤਾਂ ਨੂੰ ਪਾਠਕਾਂ ਦੇ ਸੰਜੀਦਾ ਵਿਚਾਰ ਵਟਾਂਦਰੇ ਲਈ ਧਰਾਤਲ ਪ੍ਰਦਾਨ ਕਰਦੀ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ