ਰੀਝ ਸੀ ਕਿ ਚਿਰਾਂ ਤੋਂ ਲਿਖਾਂ ਕੁਝ ਇਬਾਦਤ 'ਤੇ ।
ਫਿਰ ਮਨ 'ਚ ਖਿਆਲ ਆਇਆ ,ਛੋਟੇ ਛੋਟੇ ਬੱਚਿਆਂ ਦਾ ।
ਉਮਰ ਨਿਆਣੀ ਸੀ ਗੀ ਓਹਨਾਂ ਮਨ ਦੇ ਸੱਚਿਆਂ ਦਾ ।
ਲਾਡਲੇ ਸੀ ਗੋਬਿੰਦ ਦੇ , ਮਾਂ ਗੁਜਰੀ ਦੇ ਲਾਲ ਜੀ ।
ਪਾਲੇ ਸੀ ਲਾਲ ਦੁਲਾਰੇ ,ਦੁੱਧ ਮੱਖਣਾ ਦੇ ਨਾਲ ਜੀ ।
ਗੰਗੂ ਨੇ ਧ੍ਰੋਹ ਕਮਾਇਆ ,ਲੋਭੀ ਸੀ ਹੋ ਗਿਆ ।
ਮੱਤ ਓਹਦੀ ਮਾਰੀ ਗਈ ,ਮੱਤੋਂ ਹੌਲਾ ਹੋ ਗਿਆ ।
ਚੰਦ ਸਿੱਕਿਆਂ ਦਾ ਲੋਭੀ ,ਮੱਥੇ ਦਾਗ ਐਸਾ ਲਾ ਗਿਆ ।
ਲੂਣ ਹਰਾਮੀ ਬਣ , ਕਲੰਕ ਐਸਾ ਲਾ ਗਿਆ ,
ਪਾਪੀ ਸੁੱਚੇ ਨੰਦ ਡਾਹਡਾ ਵੈਰ ਸੀ ਕਮਾਇਆ ।
ਸੂਬਾ ਸਰਹੰਦ ਤਾਂਈ , ਕੰਨ ਭਰ ਸੀ ਆਇਆ ।
ਸੱਪ ਦੇੇ ਸਪੋਲੀਆ ਨੇ ਐਦਾਂ ਨਹੀਂਓਂ ਮੰਨਣਾ ।
ਸੁਣਾਓ ਐਸਾ ਫਤਵਾ ਤੁਸੀਂ ਭੁੱਲ ਜਾਣ ਜੰਮਣਾ ।
ਸ਼ੇਰ ਖਾਂ ਨੇ ਹਾਅ ਦਾ ਨਾਹਰਾ ਐਸਾ ਮਾਰਿਆ ।
ਇਹਨਾਂ ਮਸੂਮਾਂ ਨੇ ਦੱਸ ਸਾਡਾ ਕੀ ਵਿਗਾੜਿਆ।
ਗੋਬਿੰਦ ਦੇ ਲਾਲ ਸਿਦਕੋਂ ਨਾ ਡੋਲੇ ਸੀ ।
ਸੂਬੇ ਦੀ ਕਚਿਹਰੀ ਜਾ ਗੱਜ ਫ਼ਤਿਹ ਬੋਲੇ ਸੀ ।
ਸੂਬਿਆ ਓਏ ! ਨਹੀਂਓ ਈਨ ਤੇਰੀ ਮੰਨਣੀ ।
ਅਣਖ ਤੇ ਗੈਰਤ ਨਾਲ , ਅੜ ਤੇਰੀ ਭੰਨਣੀ ।
ਹੋਵਾਂਗੇ ਸ਼ਹੀਦ ਅਸੀਂ ਧਰਮ ਬਚਾਵਾਂਗੇ ।
ਜਿੰਦ ਆਪਣੀ ਅਸੀਂ ,ਕੌਮ ਲੇਖੇ ਲਾਵਾਂਗੇ ।
ਠੰਡਾ ਬੁਰਜ ਸੀ ਠੰਡੀਆਂ ਪੋਹ ਦੀਆਂ ਰਾਤਾਂ ਸੀ
ਮਾਂ ਗੁਜਰੀ ਸ਼ਹਾਦਤਾਂ ਦੀਆਂ ਸੁਣਾਉਦੀ ਬਾਤਾਂ ਸੀ ।
ਮੋਤੀ ਮਹਿਰਾ ਪੁੰਨ ਸੀ ਕਮਾ ਗਿਆ ।
ਪਰਵਾਰ ਤਾਂਈ ਦੁੱਧ ਸੀ ਪਿਆ ਗਿਆ ।
ਦੇਖਿਓ !ਬੱਚਿਓ ਕਿਤੇ ਡੋਲ ਤੁਸੀਂ ਜਾਇਓ ਨਾ ।
ਦਾਦੇ ਦੀ ਪੱਗ ਤਾਂਈ ਦਾਗ ਤੁਸੀਂ ਲਇਓ ਨਾ ।
ਰੱਖ ਤੂੰ ਭਰੋਸਾ ,ਇੰਝ ਬੋਲ ਨਾ ਤੂੰ ਅੰਮੀਏ
ਸਿਦਕੋਂ ਨਹੀਂ ਹਾਰਾਂਗੇ ,ਡੋਲ ਨਾ ਤੂੰ ਅੰਮੀਏ!
ਨਿੱਕੀਆਂ ਸੀ ਜਿੰਦਾਂ ਸਾਕੇ ਵੱਡੇ ਕਰ ਗਈਆਂ ।
ਬਣ ਕੇ ਉਹ ਨੀਂਹ ਪੱਕੀ ਕੌਮ ਖੜੀ ਕਰ ਗਈਆਂ ।
ਜਿੰਦਾਂ ਭਾਵੇਂ ਨਿੱਕੀਆਂ ਉਮਰਾਂ ਸੀ ਕੱਚੀਆਂ ।
ਨਿਰਮਲ ਸੁਣਾ ਚਲੀ ਗੱਲਾਂ ਉਹ ਸੱਚੀਆਂ।
ਵੱਡੀਆਂ ਸ਼ਹਾਦਤਾਂ ਦਾ ਮੁੱਲ ਟੋਡਰ ਮੱਲ ਪਾ ਗਿਆ ।
ਸਿੱਖ ਕੌਮ ਦੇ ਦਿਲ ਅੰਦਰ ਥਾਂ ਆਪਣੀ ਬਣਾ ਗਿਆ ।
ਦਾਸਤਾਨ ਏ ਸ਼ਹਾਦਤ ਲੋਕੋ ਨਾ ਭੁੱਲ ਜਾਇਓ ।
ਬੱਚਿਆਂ ਨੂੰ ਨਾਲ ਲੈ ਕੇ ਸਰਹੰਦ ਵਿਖਾਇਊ ।
ਨਿਰਮਲ ਕੋਟਲਾ
ਬਹੁਤ ਹੀ ਵਧੀਅਾ ਕਲਮ ਨੂੰ ਸਲਾਮ
ReplyDelete