ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Jul 2017

ਦਿਨ ਤੀਆਂ ਦੇ (ਹਾਇਬਨ)

ਕੱਲ੍ਹ ਦੁਪਹਿਰੇ ਅੱਭੜਵਾਹੇ ਅੱਧ ਸੁੱਤੀ ਜਿਹੀ ਨੇ ਵੀਰ ਨੂੰ ਫੋਨ 'ਤੇ ਕਿਹਾ, ਵੱਡੀ ਬੈਠਕ ਦੀ ਅਲਮਾਰੀ ਦੇ ਥੱਲੜੇ ਰੱਖਣੇ 'ਚ ਮੇਰਾ ਵੰਙਾਂ ਦਾ ਡੱਬਾ ਪਿਆ ਸੀ ।
ਵੀਰ ਨੇ ਜਵਾਬ ਦਿੱਤਾ, ਹਾਂ ਰੂਪਾਂ ਪਿਆ ਤਾਂ ਹੁੰਦਾ ਸੀ । ਹੈਂ ਵੀਰੇ ਹੁਣ ਕਿੱਥੇ ਆ?
ਵੀਰ ਨੇ ਕਿਹਾ ਹੋਊਗਾ ਤਾਂ ਘਰੇ ਹੀ ਪਰ ਪਤਾ ਨਹੀਂ ਕਿੱਥੇ ਹੋਣਾ ।ਲੈ ਵੀਰੇ ਉਹਦੇ 'ਚ ਮੇਰੀਆਂ ਬਾਹਲੀਆਂ ਸੋਹਣੀਆਂ ਵੰਙਾਂ ਨੇ , ਅੱਡ ਅੱਡ ਰੰਗਾਂ ਦੀਆਂ..ਪੀਲਾ ਚੌਰਸ ਡੱਬਾ ਸੀ ਉੰਨ ਵਾਲਾ ।
ਵੀਰੇ ਨੇ ਕਿਹਾ ਹਾਂ ਸੱਚੀਂ ਮੈਨੂੰ ਡੱਬਾ ਵੀ ਯਾਦ ਆ ਤੇ ਵੰਙਾਂ ਵੀ ,ਪਤਾ ਬਹੁਤ ਸੋਹਣੀਆਂ ਸੀ।
ਵੀਰੇ ਭਾਬੀ ਨੂੰ ਪੁੱਛ ਕਿੱਥੇ ਆ?
ਭਾਬੀ ਨੇ ਕਿਹਾ ਮੈਂ ਤੇਰੇ ਵਿਆਹ ਮਗਰੋਂ ਸਾਰਾ ਸਮਾਨ ਕੁੜੀਆਂ ਨੂੰ ਵੰਡਤਾ ਸੀ, ਹੁਣ ਕਿੱਥੇ ਤੇਰੀਆਂ ਵੰਙਾਂ ?
ਹੋਸ਼ ਆਇਆ, ਸੋਚੀਂ ਪੈਗੀ' ਇਹ ਕੀ ਮੈਂ ਵੀ ਨਿਆਣਿਆਂ ਆਲੀ ਗੱਲ ਕਰਤੀ, ਇਹ ਗੱਲ ਕੋਈ ਤਿੰਨ ਦਿਨ, ਤਿੰਨ ਹਫਤੇ ਜਾਂ ਮਹੀਨਿਆਂ ਦੀ ਨਹੀਂ ਸੀ ਪੂਰੇ ਤੀਹ ਸਾਲ ਪਹਿਲਾਂ ਦੀ ਸੀ ।
ਮੇਰਾ ਵਿਰਾਸਤੀ ਵੰਙਾਂ ਦਾ ਡੱਬਾ, ਵੱਡੇ ਭੈਣ ਜੀ ਨੇ ਆਗਰੇ ਤੋਂ ਲਿਆਂਦੀਆਂ ਵੰਙਾਂ ਸ਼ਿੰਗਾਰ ਸਨ ਡੱਬੇ ਦਾ , ਬੜੇ ਸਲੀਕੇ ਨਾਲ ਡੱਬੇ ਦੀ ਤਹਿ 'ਤੇ ਕਾਗਜ਼ ਰੱਖਿਆ ਸੀ ਫਿਰ ਰੂੰ ਵਿਛਾ ਕੇ ਵੰਙਾਂ ਰੱਖੀਆਂ ਸੀ ।
ਬਹੁਤੀਆਂ ਸੋਹਣੀਆਂ ਹੋਣ ਕਰਕੇ ਡੱਬੇ 'ਚ ਹੀ ਪਈਆਂ ਰਹੀਆਂ, ਕਦੇ ਉਹ ਸਾਡੀ ਵੀਣੀ ਦਾ ਸ਼ਿੰਗਾਰ ਨਾ ਬਣੀਆਂ । ਭੈਣ ਜੀ ਦਾ ਕਹਿਣਾ ਸੀ ਇਹਦੇ ਨਾਲ ਦੀਆਂ ਹੁਣ ਕਿਧਰੇ ਵੀ ਨਹੀਂ ਮਿਲਦੀਆਂ । ਇਹ ਗੱਲ ਸੱਚ ਵੀ ਸੀ, ਤਿੰਨ ਰੰਗ ਤਾਂ ਮੈਨੂੰ ਹੁਣ ਵੀ ਯਾਦ ਨੇ ਪਾਣੀ ਰੰਗੇ ਰੰਗ ਵਿੱਚ, ਇੱਕ ਫਿਰੋਜ਼ੀ ਧਾਰੀ ਸੀ,ਇੱਕ ਪੀਲੀ ਤੇ ਚਿੱਟੀ ਧਾਰੀ ਵਾਲੀਆਂ ਸਨ।
ਮੈਂ ਦੇਖਦੀ ਨੀਝ ਲਾ ਕੇ ਪਰ ਬਿਨਸ ਜਾਣ ਦੇ ਡਰੋਂ ਫਿਰ ਪੋਲੇ ਹੱਥੀਂ ਡੱਬੇ ਵਿੱਚ ਟਿਕਾ ਦਿੰਦੀ । ਮੇਰੇ ਕੋਲ ਆਈਆਂ ਕੁੜੀਆਂ ਨੂੰ ਮੈਂ ਆਪਣਾ ਡੱਬਾ ਜਰੂਰ ਦਿਖਾਉਂਦੀ, ਉਹ ਵੀ ਕਹਿੰਦੀਆਂ ਹੁਣ ਅਸੀਂ ਵੀ ਡੱਬਾ ਲਾਵਾਂਗੇ। ਮੇਰੇ ਲਈ ਉਹ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਸੀ, ਕੁਆਰੀ ਰੀਝਾਂ ਕਿੰਨੀਆਂ ਪ੍ਰਬਲ ਹੁੰਦੀਆਂ ਨੇ, ਹੁਣ ਸੋਚਦੀ ਹਾਂ ...ਪਤਾ ਨਹੀਂ ਕੀਹਦੀ ਵੀਣੀ ਦਾ ਸ਼ਿੰਗਾਰ ਉਹ ਬਣੀਆਂ, ਬਣੀਆਂ ਵੀ ਜਾਂ ਬੇਰਹਿਮੀ ਦਾ ਸ਼ਿਕਾਰ ਹੋ ਕੱਚ ਦੇ ਟੁਕੜੇ ਬਣੀਆਂ ।

ਦਿਨ ਤੀਆਂ ਦੇ
ਰੰਗ ਬਿਰੰਗੀ ਵੰਙਾਂ
ਯਾਦਾਂ ਦੀ ਗੰਢ।

ਜਗਰੂਪ ਕੌਰ ਗਰੇਵਾਲ

ਨੋਟ : ਇਹ ਪੋਸਟ ਹੁਣ ਤੱਕ 715 ਵਾਰ ਪੜ੍ਹੀ ਗਈ ਹੈ।

27 Jul 2017

ਰਹਿਬਰ (ਮਿੰਨੀ ਕਹਾਣੀ)

Image result for little baby girl on hand sketch
ਸਰਕਾਰੀ ਹਸਪਤਾਲ਼ 'ਚੋਂ ਉਸ ਨੂੰ ਜਵਾਬ ਮਿਲ ਚੁੱਕਾ ਸੀ। ਉਸ ਦੀ ਹਾਲਤ ਹੁਣ ਨਾਜ਼ੁਕ ਹੁੰਦੀ ਜਾ ਰਹੀ ਸੀ। ਅੰਦਰੂਨੀ ਖੂਨ ਵਹਿਣ ਕਾਰਨ ਜੱਚਾ ਬੱਚਾ ਦੀ ਜਾਨ ਨੂੰ ਖ਼ਤਰਾ ਬਣਦਾ ਜਾ ਰਿਹਾ ਸੀ। ਨਾਜਰ ਦੇ ਮੱਥੇ 'ਤੇ ਉਕਰੀਆਂ ਚਿੰਤਾ ਦੀਆਂ ਲਕੀਰਾਂ ਹੋਰ ਗਹਿਰੀਆਂ ਹੋ ਗਈਆਂ ਸਨ।ਟੁੱਟਵੀਂ ਦਿਹਾੜੀ ਲੱਗਣ ਕਾਰਨ ਹੁਣ ਤਾਈਂ ਪੈਸਿਆਂ ਦਾ ਬੰਦੋਬਸਤ ਵੀ ਤਾਂ ਨਹੀਂ ਹੋ ਸਕਿਆ ਸੀ। ਚੌਗਿਰਦਾ ਉਸ ਨੂੰ ਸਾਹ ਘੁੱਟਦਾ ਜਾਪਿਆ। ਸਾਹ -ਸੱਤਹੀਣ ਹੋਇਆ ਉਹ ਕੌਲ਼ੇ ਨਾਲ ਲੱਗ ਕੇ ਬੈਠ ਗਿਆ। 
     "ਚੱਲ ਉੱਠ !ਨਾਜਰਾ ਚਿੱਤ ਛੋਟਾ ਨਾ ਕਰ ਪੁੱਤ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਤੀ, ਬਈ ਆਪਾਂ ਗਿੰਦੋ ਨੂੰ ਕਾਸ਼ੀ ਹਸਪਤਾਲ ਲੈ ਚੱਲਦੇ ਆਂ। ਤੇਰੇ ਪੱਲਿਓਂ ਇੱਕ ਆਨਾ ਵੀ ਨੀ ਲੱਗਣਾ ਜੇ ਕੁੜੀ ਹੋਈ ਤਾਂ । ਡਾਕਟਰਨੀ ਕੁੜੀ ਹੋਣ 'ਤੇ ਕੋਈ ਪੈਸਾ ਨੀ ਲੈਂਦੀ ਓਥੇ। ਦਵਾਈਆਂ ਵੀ ਪੱਲਿਓਂ ਦਿੰਦੀ ਆ ਤੇ ਨਾਲ਼ੇ ਪੂਰੀ ਸੰਭਾਲ ਹੋਊ। " ਗੁਆਢੋਂ ਨਾਲ ਆਈ ਬੇਬੇ ਨੇ ਸਲਾਹ ਦਿੱਤੀ । 
       ਨਾਜਰ ਹੁਣ ਲੇਬਰ ਰੂਮ ਦੇ ਬਾਹਰ ਹੱਥ ਬੰਨੀ ਬੈਠਾ ਸੀ। ਸ਼ਾਇਦ ਓਸ ਦਾਤੇ ਦੀ ਕਿਸੇ ਰਹਿਮਤ ਦੀ ਆਸ 'ਤੇ । ਪਰ ਹਰ ਪਲ ਉਸ ਦੀ ਬੇਚੈਨੀ ਵਧਦੀ ਜਾ ਰਹੀ ਸੀ। "ਲਾਡੋ ਗੁੜੀਆ ਹੋਈ ਹੈ, ਕੋਈ ਫੀਸ ਨਹੀਂ, ਬੱਸ ਗੁੜ ਦੀ ਰੋੜੀ ਨਾਲ ਸਭ ਦਾ ਮੂੰਹ ਮਿੱਠਾ ਕਰਾਓ।" ਰਹਿਬਰ ਬਣੀ ਡਾਕਟਰ ਦੇ ਬੋਲ ਸੁਣਦਿਆਂ ਨਾਜਰ ਦੀਆਂ ਅੱਖਾਂ 'ਚ ਸ਼ੁਕਰਾਨੇ ਦੇ ਹੰਝੂ ਛਲਕ ਪਏ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 340 ਵਾਰ ਪੜ੍ਹੀ ਗਈ ਹੈ।

ਲਿੰਕ 1     ਲਿੰਕ 2         ਲਿੰਕ 3     ਲਿੰਕ 4


23 Jul 2017

ਨਿਰਮੋਹੇ (ਮਿੰਨੀ ਕਹਾਣੀ )


Image result for old hands

ਉਸ ਦੀ ਜ਼ਿੰਦਗੀ ਦੀ ਸਾਰੀ ਪੂੰਜੀ ਦੋ ਖੱਦਰ ਦੇ ਝੋਲ਼ਿਆਂ 'ਚ ਸਿਮਟ ਗਈ ਸੀ। ਨੱਬਿਆਂ ਨੂੰ ਢੁੱਕਿਆ ਬਾਪੂ ਅੱਜ ਸ਼ਹਿਰ ਦੇ ਕਿਸੇ ਚੌਂਕ 'ਚ ਬੇਘਰ ਹੋਇਆ ਬੈਠਾ ਸੀ। ਨਿਰਬਲ ਕਮਜ਼ੋਰ ਜ਼ਖਮੀ ਦੇਹੀ ਤੇ ਅੱਖਾਂ 'ਚੋਂ ਨਿਰੰਤਰ ਵਹਿ ਰਹੀ ਸੀ ਬੇਵੱਸੀ। ਘਟੀ ਯਾਦਦਾਸ਼ਤ ਕਰਕੇ ਉਸ ਨੂੰ ਓਸ ਜਗ੍ਹਾ ਦੀ ਵੀ ਪਛਾਣ ਨਹੀਂ ਰਹੀ ਸੀ ਜਿੱਥੇ ਕਦੇ ਉਹ ਰਹਿੰਦਾ ਹੋਵੇਗਾ। ਪੈਲ਼ੀ ਘੱਟ ਹੋਣ ਕਾਰਨ ਉਸ ਆਪਣਾ ਜੱਦੀ ਪਿੰਡ ਤਾਂ ਜਵਾਨੀ ਵੇਲ਼ੇ ਹੀ ਛੱਡ ਦਿੱਤਾ ਸੀ ਤੇ ਸਾਰੀ ਉਮਰ ਠੇਕੇਦਾਰੀ ਕਰ ਕੇ ਟੱਬਰ ਪਾਲ਼ਿਆ। ਦੋ ਪੁੱਤਾਂ ਦੇ ਆਲੀਸ਼ਾਨ ਮਕਾਨਾਂ 'ਚ ਹੁਣ ਉਸ ਦੇ ਰਹਿਣ ਲਈ ਕੋਈ ਖੱਲ -ਖੂੰਜਾ ਬਾਕੀ ਨਹੀਂ ਸੀ ਬਚਿਆ। ਬੇਬੇ ਵੀ ਕੋਲ਼ ਹੀ ਨੀਵੀਂ ਪਾਈ ਬੈਠੀ ਸੀ ਤੇ ਸ਼ਾਇਦ ਉਹ ਅੱਜ ਵੀ ਘਰ ਦੇ ਪਰਦੇ ਕੱਜਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸੀ। 
ਭੁੱਖਾਂ -ਦੁੱਖਾਂ ਦਾ ਭੰਨਿਆ ਲਾਚਾਰ ਬਿਰਧ ਜੋੜਾ ਅੱਜ ਦਰ -ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਗਿਆ ਸੀ। ਬਾਪੂ ਦੇ ਚੀਸਾਂ ਭਰੇ ਜੀਵਨ ਦੇ ਅੱਲੇ ਜ਼ਖਮ ਆਪੂੰ ਫਿੱਸ ਪਏ," ਘਰ ਦੇ ਬਾਹਰ ਐਡਾ ਜਿੰਦਾ ਲਮਕਦੈ ਤੇ ਹੈਗੇ ਉਹ ਅੰਦਰੇ ਪਰ ਸਾਨੂੰ ਬਾਰ ਨੀ ਖੋਲ੍ਹਦੇ।" ਬੇਬੇ ਦੇ ਪੈਰਾਂ ਦੇ ਰਿਸਦੇ ਜ਼ਖਮ ਵੀ ਉਸ ਦੀ ਗੁੱਝੀ ਚੁੱਪੀ ਨੂੰ ਤੋੜ ਰਹੇ ਸਨ। ਬੇਬੇ -ਬਾਪੂ ਦੀ ਸੱਜਰੀ ਟੀਸ ਦੇ ਜ਼ਖਮਾਂ ਨੂੰ ਤਾਂ ਅੱਜ ਚੌਂਕ 'ਚ ਮੂਕ ਦਰਸ਼ਕ ਬਣੀ ਭੀੜ ਨਿਹਾਰ ਰਹੀ ਸੀ ਪਰ ਇਸ ਨਿਰਮੋਹੇ ਜੱਗ ਵਿੱਚ ਉਨ੍ਹਾਂ ਦੇ ਅੰਤਰੀਵ 'ਚ ਉਗੀਆਂ ਪੀੜਾਂ ਦੀ ਸਾਰ ਲੈਣ ਵਾਲਾ ਕੋਈ ਕਿੱਥੋਂ ਬਹੁੜੇਗਾ ? 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 360 ਵਾਰ ਪੜ੍ਹੀ ਗਈ ਹੈ।

   ਲਿੰਕ         ਲਿੰਕ 1         ਲਿੰਕ 2          ਲਿੰਕ 3

ਬੇਬੇ


ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

21 Jul 2017

ਅਾਪਣੇ ਅਧਿਅਾਪਕ ਨੂੰ..

ਮੈਂ ਮਜਦੂਰ ਦਾ ਬੱਚਾ ਅਾ ਜਾਂਦਾ ਹਾਂ
ਸਕੂਲ ਦੇ ਦਰ 'ਤੇ ,
ਬਿਨ ਨਹਾਏ,  ਭੁੱਖਾ, ਚਾਹ ਤੋਂ ਬਗੈਰ
ਚਲੀ ਜੋ ਜਾਂਦੀ ਹੈ ਮਾਂ ਮੇਰੀ
ਗੋਹਾ ਸੁੱਟਣ ਲੋਕਾਂ ਦਾ |
ਪਰ ਤੁਸੀਂ ਦਿੰਦੇ ਹੋ ਘੂਰੀ
ਸਾਫ ਵਰਦੀ ਪਾੳੁਣ , ਨੰਹੁ ਕੱਟਣ,
ਸਕੂਲ ਲੇਟ ਅਾੳੁਣ ਦੀ,
ਨਵੀਂ ਕਾਪੀ ਨਾ ਲਿਅਾਉਣ ਦੀ |
ਡਰ ਜਾਂਦਾ ਹਾਂ ਮੈਂ,ਪਿਓ ਤੋਂ ਪੈਸੇ ਮੰਗਣ ਵੇਲ਼ੇ,
ਪੈਸੇ ਖਾਤਿਰ ਤਾਂ ੳੁਹ ਹੈ , ਗੁਲਾਮ ਜੱਟ ਦਾ |
ਤੁਸੀਂ ਨਹੀਂ ਜਾਣ ਸਕਦੇ ,ਮੇਰੇ ਘਰ ਦੇ ਹਾਲਾਤਾਂ ਨੂੰ,
ਮੇਰੀ ਗਰੀਬੀ ਰੇਖਾ ਬਾਰੇ ,
ਮੇਰੇ ਕੁਚਲੇ ਗਏ ਬਚਪਨ ਨੂੰ |
ਭੁੱਲ ਜਾਂਦੇ ਨੇ ਅੱਖਰ ,ਸ਼ਬਦ ਤੇ ਵਾਕ
ਨਰਮਾ ਚੁਗਦਿਅਾਂ ਹੋਇਅਾਂ ਖੇਤਾਂ ਵਿੱਚ ਹੀ,
ਕਿੱਥੋਂ ਪੜਾਂ ਮੈਂ  ? ਬਿਨ ਤੁਹਾਡੇ,
ਜਿਨਾਂ ਪੜ੍ਹਾਉਗੇ ਪੜ੍ਹ ਜਾਵਾਂਗਾ
ਤੁਸੀਂ ਮੇਰੇ ਲਈ ਰੱਬ ਜੋ ਹੋ ,
ਪਰ ਅਾਸ ਨਾ ਕਰੋ ਮੇਰੇ ਘਰ ਤੋਂ
ਮੇਰੇ ਕਿਸਮਤ ਮਾਰੇ ਮਾਂ ਪਿਓ ਤੋਂ 


ਮਾਸਟਰ ਸੁਖਵਿੰਦਰ ਦਾਨਗੜ੍ਹ
94171-80205
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।

20 Jul 2017

ਗ਼ਜ਼ਲ



ਮੁੱਠੀ 'ਚ ਵਤਨ ਦੀ ਮਿੱਟੀ ਲੈ ,ਤੂੰ ਕਸਮਾਂ ਸੀ ਖਾਧੀਆਂ 
ਅੱਜ ਤੱਕ ਹਾਂ ਤੈਨੂੰ ਉਡੀਕਦੇ, ਕਦੋਂ ਮੋੜੇਂਗਾ ਆ ਕੇ ਭਾਜੀਆਂ
ਆਂਗਣ ‘ਚ ਲੱਗਾ ਅੰਬ ਵੀ, ਉਡੀਕਦਾ ਆਖਰ ਸੁੱਕਿਆ 
ਰੁੱਤਾਂ ਨੇ ਫਿਰ ਬਦਲੀਆਂ, ਤੇ ਲੌਟ ਆਈਆਂ ਮੁਰਗਾਬੀਆਂ
ਅੱਖਾਂ ‘ਚ ਰੜਕਾਂ ਪੈ ਗਈਆਂ, ਝੱਲ ਝ਼ੱਲ ਧੂੜ ਰਾਹਾਂ ਦੀ
ਚੰਨ ਤਾਰੇ ਗਵਾਹੀ ਦੇ ਰਹੇ, ਹਰ ਰੁੱਤੇ ਪੁੱਛਦੇ ਹਾਜੀਆਂ
ਖਾਲੀ ਨੇ ਚਿੜੀਆਂ ਦੇ ਆਲ੍ਹਣੇ, ਉਡ ਗਏ ਨੇ ਬੋਟ ਸਾਰੇ
ਹੁਣ ਤਾਂ ਹਬੀਬਾ ਪਹੁੰਚ ਜਾ, ਦਰਦਾਂ ਨੇ ਬੇ-ਹਿਸਾਬੀਆਂ
ਬੁੱਲਾਂ  'ਤੇ ਅਟਕੇ ਸਾਹ ਵੇਖ, “ਥਿੰਦ” ਨੂੰ ਪਏ  ਉਡੀਕਦੇ
ਯਾ ਰੱਬ ਸਭੇ ਬਖਸ਼ ਦੇਈਂ , ਹੋਈਆਂ ਨੇ ਜੋ ਖਰਾਬੀਆਂ
                      
ਇਜੰ: ਜੋਗਿੰਦਰ ਸਿੰਘ “ਥਿੰਦ”
 ਸਿਡਨੀ 
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

19 Jul 2017

ਜ਼ਿੰਦਾ ਲਾਸ਼ (ਮਿੰਨੀ ਕਹਾਣੀ)

Image result for sad woman paintingਉਹ ਆਪਣੀ ਉਮਰ ਨਾਲੋਂ ਵੱਡੇਰੀ ਜਾਪਦੀ ਸੀ।ਬੇਨੂਰ ਜ਼ਰਦ ਚਿਹਰਾ,ਫਟੇ ਹਾਲ, ਮੈਲੇ ਕੁਚੈਲੇ ਕੱਪੜੇ ਤੇ ਧੂੜ ਨਾਲ ਅੱਟੇ ਉਲਝੇ ਵਾਲ। ਸੁਤ-ਉਣੀਦੀਆਂ ਖੁਸ਼ਕ ਅੱਖਾਂ ਥੱਲੇ ਕਾਲੇ ਧੱਬੇ ਭੁੱਖਮਰੀ ਦੀ ਦੁਹਾਈ ਚੀਕ ਚੀਕ ਕੇ ਦੇ ਰਹੇ ਸਨ। ਸ਼ਹਿਰ ਦੀ ਜੂਹੇ ਵਸਦੇ ਮੁਹੱਲੇ 'ਚ ਉਹ ਇੱਕ ਬੇਜਾਨ ਜਿਹੀ ਸੁੰਨੀ ਥਾਂ ਦੀ ਗੁੱਠੇ ਲੱਗੀ ਬੈਠੀ ਰਹਿੰਦੀ।ਤਿੱਖੜ ਦੁਪਹਿਰੇ ਨੰਗੇ ਪੈਰੀਂ ਤਪਦੀਆਂ ਸੜਕਾਂ 'ਤੇ ਅੱਧ ਨੰਗੀ ਹਾਲਤ 'ਚ ਆਪ ਮੁਹਾਰੇ ਭੱਜੀ ਫਿਰਦੀ ਤੇ ਲੰਘੇ ਸਿਆਲਾਂ 'ਚ ਵੀ ਉਸ ਦਾ ਇਹੋ ਹਾਲ ਸੀ। 
ਉਹ ਆਮ ਤੌਰ 'ਤੇ ਪੱਥਰ ਦੀ ਮੂਰਤ ਬਣੀ ਬਿਟਰ ਬਿਟਰ ਝਾਕੀ ਜਾਂਦੀ ਤੇ ਕਦੇ ਆਪੂੰ ਹੱਥ ਮਾਰਦੀ ਆਪੇ ਨਾਲ ਹੀ ਹੌਲ਼ੀ -ਹੌਲ਼ੀ ਗੱਲਾਂ ਕਰਦੀ ਰਹਿੰਦੀ। ਪੁੱਛਣ 'ਤੇ ਕੁਝ ਵੀ ਨਾ ਬੋਲਦੀ।ਪਰ ਕਦੇ ਕਦੇ ਖੁਦ ਨੂੰ ਇਸੇ ਸ਼ਹਿਰ ਦੀ ਨੂੰਹ ਦੱਸਦੀ ਤੇ ਦੁਰੇਡੇ ਕੋਈ ਆਪਣਾ ਪੇਕਾ ਪਿੰਡ। ਖਬਰੇ ਕਿੱਥੇ ਉਹ ਰਾਤ ਲੰਘਾਉਂਦੀ ਹੋਊ? 
ਹੁਣ ਤਾਂ ਉਸ ਦਾ ਵਧਿਆ ਪੇਟ ਉਸ ਅੰਦਰ ਪਲ ਰਹੇ ਬਾਲ ਦੀ ਵੀ ਗਵਾਹੀ ਭਰਦੈ। ਪਤਾ ਨਹੀਂ ਕਿਸ ਨੇ ਲੀਰਾਂ -ਲੀਰ ਕੀਤਾ ਹੋਣਾ ਉਸ ਦੇ ਸਿਰ ਦੀ ਚੁੰਨੀ ਨੂੰ ? ਹਜ਼ਾਰਾਂ ਅੱਖਾਂ ਨਿੱਤ ਵੇਹਿੰਦੀਆਂ ਨੇ ਉਸ ਤੁਰੀ ਫਿਰਦੀ ਜ਼ਿੰਦਾ ਲਾਸ਼ ਨੂੰ ਪਰ ਕਿਸੇ ਦੀ ਆਤਮਾ ਨਹੀਂ ਪਸੀਜਦੀ ਉਸ ਦੀ ਪੀੜਾ ਵੇਖ ਕੇ। ਕੀ ਸੱਚੀਂ ਪਿੰਡ ਦੀਆਂ ਨੂੰਹਾਂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ? ਉਸ ਦੀਆਂ ਬੁਝੀਆਂ ਅੱਖਾਂ ਸ਼ਾਇਦ ਇਹੋ ਸਵਾਲ ਹਰ ਰਾਹਗੀਰ ਨੂੰ ਕਰਦੀਆਂ ਹੋਣਗੀਆਂ। 

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 325 ਵਾਰ ਪੜ੍ਹੀ ਗਈ ਹੈ।

ਲਿੰਕ 1              ਲਿੰਕ 2            ਲਿੰਕ 3      ਲਿੰਕ 4