ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Oct 2014

ਹੈਲੋਵੀਨ ਡੇ

31 ਅਕਤੂਬਰ ਨੂੰ ਦੁਨੀਆਂ ਭਰ ਖਾਸ ਕਰਕੇ ਅਮਰੀਕਾ, ਆਸਟਰੇਲੀਆ ਅਤੇ ਯੂਰਪੀ ਦੇਸ਼ਾਂ ਵਿੱਚ ਭੂਤਾਂ ਪਰੇਤਾਂ ਦੀਆਂ ਗਾਥਾਵਾਂ ਨਾਲ ਜੁੜਿਆ ਤਿਉਹਾਰ ਹੈਲੋਵੀਨ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ । ਆਖਦੇ ਹਨ ਕਿ ਹੈਲੋਵੀਨ ਦਾ ਮੁੱਢ ਆਇਰਲੈਂਡ ਤੇ ਉੱਤਰੀ ਫਰਾਂਸ ਦੇ ਖੇਤਰਾਂ 'ਚ ਤਕਰੀਬਨ 2000 ਹਜ਼ਾਰ ਸਾਲ ਪਹਿਲਾਂ ਨਾਲ ਜੁੜਿਆ ਹੈ। ਗਰਮੀ ਦੇ ਖਤਮ ਹੋਣ ਉਪਰੰਤ ਫਸਲਾਂ ਪੱਕਣ ਤੋ ਬਾਅਦ ਸਰਦੀ ਦੀ ਸ਼ੁਰੂਆਤ ਦਾ ਇਹ ਨਵੇਂ ਸਾਲ ਦਾ ਤਿਉਹਾਰ ਸੀ। ਲੋਕਾਂ ਦਾ ਯਕੀਨ ਸੀ  ਕਿ ਇਸ ਦਿਨ ਧਰਤੀ ਉੱਤੇ ਜਿਉਂਦੇ ਲੋਕਾਂ ਅਤੇ ਸਵਰਗ ਸਿਧਾਰ ਗਈਆਂ ਆਤਮਾਵਾਂ ਦਰਮਿਆਨ ਦੁਰੀ ਦਾ ਪਾੜਾ ਬਹੁਤ ਘੱਟ ਹੋ ਜਾਂਦਾ ਹੈ ਅਤੇ ਇਹ ਇੱਕ ਮਿੱਕ ਹੋ ਜਾਂਦੇ ਹਨ। 

1.
ਭੂਤਾਂ ਦੀ ਰਾਤ 
ਡਰਾਵਣੇ ਭੂਤਨੇ 
ਸਹਿਮੇ ਨਿੱਕੂ।  

2.
ਭੂਤਾਂ ਦਾ ਭੇਸ 
ਹੈਲੋਵੀਨ ਜਸ਼ਨ 
ਮਸਤ ਬੱਚੇ। 

3.
ਹੈਲੋਵੀਨ ਡੇ 
ਆਈ ਯਾਦ ਲੋਹੜੀ
ਮੰਗਦੇ ਬੱਚੇ। 

ਡਾ. ਹਰਦੀਪ ਕੌਰ ਸੰਧੂ 
ਸਿਡਨੀ -ਬਰਨਾਲਾ 

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ। 

30 Oct 2014

ਮੋਹ ਦੀ ਕਣੀ

ਵੱਡੇ ਦਿਨਾਂ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਬੱਚੇ ਸਾਰਾ ਦਿਨ ਘਰ 'ਚ ਘੜਮੱਸ ਪਾਉਂਦੇ ਫਿਰਦੇ। ਇੱਕ ਦਿਨ ਖੇਡਦੇ ਖੇਡਦੇ ਕਾਰ 'ਚ ਜਾ ਬੈਠੇ। ਕਾਰ 'ਚੋਂ ਉਤਰਨ ਦਾ ਨਾਂ ਹੀ ਨਾ ਲੈਣ .....ਅਖੇ ਸਾਨੂੰ ਕਿਤੇ ਲੈ ਕੇ ਜਾਓ। ਬੱਚਿਆਂ ਨੂੰ ਖੁਸ਼ ਕਰਨ ਲਈ ਉਸ ਨੇ ਕਾਰ ਘਰੋਂ ਬਾਹਰ ਕੱਢ ਲਈ। ਉਸ ਦੀ ਪਤਨੀ ਵੀ ਰਸੋਈ ਦਾ ਕੰਮ ਨਿਪਟਾ ਕਾਰ 'ਚ ਆ ਬੈਠੀ। ਹੁਣ ਕਾਰ ਸ਼ਹਿਰੋਂ ਬਾਹਰ ਵਾਲੀ ਸੜਕ 'ਤੇ ਆ ਚੁੱਕੀ ਸੀ। ਸਾਰੇ ਬਹੁਤ ਖੁਸ਼ ਸਨ ਤੇ ਆਲੇ -ਦੁਆਲੇ ਦੇ ਨਜ਼ਾਰਿਆਂ ਦਾ ਭਰਪੂਰ ਅਨੰਦ ਮਾਣ ਰਹੇ ਸਨ। ਹਮੇਸ਼ਾਂ ਵਾਂਗ ਉਹਨਾਂ ਨੂੰ ਲੱਗਦਾ ਸੀ ਕਿ ਉਹ ਬੱਸ 4-5 ਕਿਲੋਮੀਟਰ ਤੱਕ ਇੱਕ ਛੋਟੀ ਜਿਹੀ ਕਾਰ -ਗੇੜੀ  'ਤੇ ਹੀ ਚੱਲੇ ਨੇ ...... ਪਰ ਇਹ ਕੀ ........ਕਾਰ ਤਾਂ ਛੂਟਾਂ ਵੱਟਦੀ ਇਲਾਹੀ ਪੈਂਡਿਆਂ ਨਾਲ ਸਾਂਝ ਪਾਉਂਦੀ ਜਾਪਦੀ ਸੀ। 
ਉਸ ਨੂੰ ਰੌਲਾ ਪਾਉਂਦੇ ਬੱਚਿਆਂ ਦੀਆਂ ਆਵਾਜ਼ਾਂ ਸੁਣਨੀਆਂ ਜਿਵੇਂ ਬੰਦ ਹੀ ਹੋ ਗਈਆਂ ਸਨ ।ਚੇਤਨ ਤੇ ਅਵਚੇਤਨ ਦੇ ਅੱਧ -ਵਿਚਕਾਰ ਅਸਥਿਰ ਹੋਈ  ਉਸ ਦੀ ਸੁਰਤ ਤਾਂ ਕਲਪਨਾ ਦੇ ਉੜਨ ਖਟੋਲੇ 'ਤੇ ਸਵਾਰ ਹੋ ਕਿਤੇ ਹੋਰ ਹੀ ਜੁੜ ਗਈ ਸੀ.... ....ਆਪਣੀ ਵੱਡੀ ਭੈਣ ਨਾਲ  …...ਜਿਸ ਦੀਆਂ ਅੱਖਾਂ ਦਾ ਖਾਰਾ ਪਾਣੀ ਜਾਂਦੇ -ਜਾਂਦੇ ਓਸ 'ਤੇ ਮੋਹ ਦੇ ਛਿੱਟੇ ਮਾਰ ਗਿਆ ਸੀ ......ਜਿਸ ਨਾਲ ਓਸ ਦਾ ਆਪਾ ਤਰੇਲ ਧੋਤੇ ਫੁੱਲਾਂ ਵਾਂਗ ਖਿੜ ਗਿਆ .....ਮੋਹ -ਵੰਤੇ ਵਿਸ਼ਵਾਸ ਸੱਖਣੇ ਪਲਾਂ 'ਤੇ ਹਾਵੀ ਹੋ ਗਏ ਤੇ ਦਿਲ ਦਾ ਦਲਿੱਦਰ ਕੋਹਾਂ ਦੂਰ ਨੱਸ ਗਿਆ  ........ਇਓਂ ਲੱਗਿਆ  ਜਿਵੇਂ ਮਨ ਦੇ ਵਿਹੜੇ ਨਿੱਕੇ -ਨਿੱਕੇ ਘੁੰਗਰੂਆਂ ਦਾ ਮੀਂਹ ਪੈ ਰਿਹਾ ਹੋਵੇ.....ਕਦੇ ਬੁੱਲ ਧੁੱਪ ਰੰਗਾ ਹਾਸਾ ਹੱਸਣ ਲੱਗਦੇ.........ਜਿਓਂਦੇ ਮੋਹ ਭਰੇ ਰਿਸ਼ਤਿਆਂ ਦੀ ਮਿਠਾਸ ਉਸ ਦੇ ਆਪੇ 'ਚ ਘੁਲ ਗਈ। ਅੰਬਰੀਂ ਉਡਾਣਾ ਭਰਦਾ ਮਨ ਅੱਜ ਆਗਿਆ ਤੋਂ ਬਿਨਾਂ ਹੀ ਓਸ ਨੂੰ ਭੈਣ ਦੀਆਂ ਸੰਦਲੀ ਬਰੂਹਾਂ 'ਤੇ ਧੂਹ ਕੇ ਲੈ ਚੱਲਿਆ ਸੀ। 
        ਕਾਰ ਹੁਣ ਤੱਕ ਲੱਗਭੱਗ 20 ਕੁ ਕਿਲੋਮੀਟਰ ਸ਼ਹਿਰੋਂ ਬਾਹਰ ਆ ਗਈ ਸੀ। ਪਿੱਛੋਂ ਆ ਰਹੇ ਵਾਹਨਾਂ ਦੇ ਹਾਰਨਾਂ ਨੇ ਉਸ ਦੀ ਬਿਰਤੀ ਤੋੜੀ।ਤੇਜ਼ ਰਫ਼ਤਾਰ ਨਾਲ ਜਾ ਰਹੀ ਕਾਰ ਨੂੰ ਓਸ ਨੇ ਸੜਕ ਦੇ ਕਿਨਾਰੇ ਕਰਕੇ ਰੋਕ ਲਿਆ। 
" ਓਹ ਹੋ ! ਇਹ ਕਿਧਰ ਨੂੰ ਚੱਲ ਪਿਆ ਮੈਂ ......... ਇਹ ਰਾਹ ਤਾਂ ਭੈਣ ਦੇ ਸਹੁਰਿਆਂ ਦੇ ਪਿੰਡ ਨੂੰ ਜਾਂਦਾ ਹੈ ..........ਪਰ ਉਹ ਤਾਂ ਇੱਥੇ ਹੈ ਹੀ ਨਹੀਂ ....... ਭੈਣ ਤਾਂ ਇੱਥੋਂ ਹਜ਼ਾਰਾਂ ਮੀਲ ਦੂਰ ਸੱਤ -ਸਮੁੰਦਰੋਂ ਪਾਰ ਬੈਠੀ ਹੈ .... ਮੈਨੂੰ ਲੱਗਾ ਜਿਵੇਂ ਭੈਣ ਐਥੇ ਹੀ ਹੈ .........ਮੇਰੇ ਕੋਲ਼ ...... ਹਾਂ -ਹਾਂ ਉਹ ਮੇਰੇ ਕੋਲ ਹੀ ਤਾਂ ਹੈ ।"  ਉਸ ਦੀਆਂ ਅੱਖਾਂ ਦੇ ਨਾਲ -ਨਾਲ ਜ਼ੁਬਾਨ ਵੀ ਤਰਲ ਹੋ ਗਈ ਸੀ । ਫੇਰ ਉਸ ਨੂੰ ਨਿੰਮੀ ਜਿਹੀ ਛੂਹ ਦੀ ਝਰਨਾਹਟ ਮਹਿਸੂਸ ਹੋਈ ........ਸ਼ਾਇਦ ਭੈਣ ਕੋਲੋਂ ਲੰਘ ਕੇ ਆਈ ਪੌਣ ਦਾ ਸਪਰਸ਼ ਸੀ ਇਹ। 


ਅੱਖਾਂ 'ਚ ਨਮੀ -
ਮੇਰੀ ਗਲ੍ਹ 'ਤੇ ਡਿੱਗੀ  
ਮੋਹ ਦੀ ਕਣੀ । 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ) 

ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਵੇਖੀ ਗਈ। 

27 Oct 2014

ਦੂਜ ਦਾ ਚੰਦ

1.
ਸਿਆਲੂ ਰਾਤ -
ਹਰੇ ਘਾਹ 'ਤੇ ਮੋਤੀ 
ਅੰਬਰੀਂ ਚੰਦ। 




2.

ਧੁੰਦ ਸਵੇਰੇ -
ਅਸਮਾਨ 'ਚ ਲੱਭਾਂ 
ਸੂਰਜ ਟਿੱਕੀ। 




3.

ਸਿਆਲੂ ਸ਼ਾਮ -
ਬੱਦਲਾਂ 'ਚੋਂ ਝਾਕਦਾ 
ਦੂਜ ਦਾ ਚੰਦ।


ਹਰਜਿੰਦਰ ਢੀਂਡਸਾ 

(ਕੈਨਬਰਾ) 

ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਵੇਖੀ ਗਈ। 

26 Oct 2014

ਪਵੇ ਛਣਾਟਾ

1.
ਡੰਗਰ ਪਸ਼ੂ 
ਛੱਪੜੀ ਨਹਾਉਂਦੇ 
ਆਪ ਨਹਿਰਾਂ। 

2.
ਵਹਿੰਦਾ ਪਾਣੀ 
ਸ਼ੂਕਾਂ ਮਾਰੇ ਦਰਿਆ 
ਪਵੇ ਛਣਾਟਾ। 

3.
ਵਰਖਾ ਹੋਵੇ 
ਰਿਮਝਿਮ ਬਰਸੇ 
ਗੜੇ ਡਿੱਗਦੇ। 

ਚੌਧਰੀ ਅਮੀ ਚੰਦ 
(ਮੁਕਤਸਰ )

ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਵੇਖੀ ਗਈ। 

25 Oct 2014

ਖੂਨ ਪਸੀਨਾ (ਸੇਦੋਕਾ)

1.
ਨਿੱਕਲ ਘਰੋਂ
ਹੁੰਦਾ ਵੇਖ ਤਮਾਸ਼ਾ
ਸਰੇ ਆਮ ਬਜ਼ਾਰੀਂ
ਝੂਠ ਪਖੰਡ 
ਦੁਲੱਤੀਆਂ ਮਾਰਨ
ਸ਼ਰੀਫ ਮਤਾੜਨ। 
2.
ਆਵੇ ਓ ਵਲ੍ਹੀ 
ਜਾਂ ਪੀਰ ਪੈਗੰਬਰ 
ਮਨੁੱਖਤਾ ਦੇ ਘਰ   
ਕਰੇ ਪਾਸਾਰ
ਦੁੱਖਦੀ ਰਗ  ਹਟਾ

ਸੱਚ ਦਾ ਦੀਪ ਜਗਾ ।
 3.

ਦਿਨ ਤੇ ਰਾਤ
ਖਰਾਸੇ ਜੁੱਤਾ ਬੰਦਾ
ਲਗਾ ਏ ਖੋਪੀਂ ਚੰਗਾ
ਖੂਨ ਪਸੀਨਾ
ਔਖਾ ਹੋਇਆ ਜੀਣਾ
ਪਰ ਜੀਣਾ ਤਾਂ ਜੀਣਾ। 


ਇ: ਜੋਗਿੰਦਰ ਸਿੰਘ ਥਿੰਦ 
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹ ਕੇ ਵੇਖੀ ਗਈ। 

24 Oct 2014

ਦੀਵਾਲੀ ਰਾਤ

ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ -  ਹਰਜਿੰਦਰ ਢੀਂਡਸਾ। 
ਮੈਂ ਆਪ ਜੀ ਦਾ ਹਾਇਕੁ -ਲੋਕ ਪਰਿਵਾਰ ਵੱਲੋਂ ਨਿੱਘਾ ਸੁਆਗਤ ਕਰਦੀ ਹਾਂ। ਜਦੋਂ -ਜਦੋਂ ਹਾਇਕੁ -ਲੋਕ ਪਰਿਵਾਰ 'ਚ ਵਾਧਾ ਹੋਇਆ ਹੈ ਸਾਰੇ ਰਲ ਕੇ ਆਉਣ ਵਾਲੇ ਨੂੰ 'ਜੀ ਆਇਆਂ ਨੂੰ ' ਆਖਦੇ ਨੇ ਤੇ ਖਿੜੇ ਮੱਥੇ ਤੇ ਚਾਅ ਨਾਲ ਮਿਲਦੇ ਨੇ। 
ਹਾਇਕੁ -ਲੋਕ ਨਾਲ ਸਾਂਝ ਪਾਉਂਦਿਆਂ ਆਪ ਜੀ ਦੇ ਆਪਣੇ ਸ਼ਬਦਾਂ 'ਚ ...........

"ਮੇਰਾ ਆਗ੍ਮਾਨ  ਪੰਜਾਬ ਦੇ ਪੁਆਧ  ਇਲਾਕੇ ਵਿਚਲੇ  ਇੱਕ ਛੋਟੇ ਜਿਹੇ ਪਿੰਡ ਨਿਆਮੀਆਂ ਤਹਿਸੀਲ ਖਰੜ ਜਿਲ੍ਹਾ ਉਦੋਂ ਅੰਬਾਲਾ ਹੁਣ ਮੋਹਾਲੀ  ਵਿਖੇ ਤਕਰੀਬਨ 54 ਕੁ ਸਾਲ ਪਹਿਲਾਂ ਹੋਇਆ ਸੀ| ਜ਼ਿੰਦਗੀ ਦੇ ਪਹਿਲੇ 18 ਸਾਲ ਇਸੇ ਇਲਾਕੇ 'ਚ ਰਹਿ ਕੇ ਮੁਢਲੀ ਵਿੱਦਿਆ ਹਾਸਿਲ ਕੀਤੀ। 

ਫੇਰ ਅਗਲੇ 13 ਸਾਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜ਼ਿੰਦਗੀ ਜਿਓਣ ਦੀ ਜਾਂਚ ਸਿੱਖਣ 'ਚ ਬਿਤਾਏ ਤੇ ਯੂਨੀਵਰਸਿਟੀ ਨੇ ਮੈਨੂੰ BSc Agri  (Hons), M.Sc ਤੇ Ph.D ਨਾਲ ਸ਼ਿੰਗਾਰ ਦਿੱਤਾ। ਇੱਥੇ  ਹੀ ਰੱਬ ਨੇ ਮੈਨੂੰ ਮੇਰੀ ਜ਼ਿੰਦਗੀ ਦੇ  ਸਭ ਤੋ ਅਨਮੋਲ ਤੋਹਫ਼ੇ ਮੇਰੇ ਹਮਸਫਰ ਨਾਲ ਨਿਵਾਜਿਆ| 

ਹੁਣ ਪਿਛਲੇ 23 ਸਾਲਾਂ ਤੋ ਅਸੀਂ ਕੰਗਰੂਆਂ ਦੀ ਧਰਤੀ ਤੇ ਜ਼ਿੰਦਗੀ ਦਾ ਸਫਰ ਮਾਂ ਪਿਓ ਤੇ ਦੋ ਪੁੱਤਰਾਂ ਨਾਲ ਮਾਣ ਰਹੇ ਹਾਂ| ਰੋਟੀ ਲਈ ਆਸਟਰੇਲੀਆ ਸਰਕਾਰ ਨੇ ਇਕ ਸਰਕਾਰੀ ਦਫਤਰ ਵਿਚ ਚੰਗੀ ਨੌਕਰੀ ਦਿੱਤੀ ਹੋਈ ਹੈ| ਅੱਜ ਕੱਲ ACT ਤੇ NSW ਦੇ ਬਾਰਡਰ ਤੇ "Niamian Homestead" ਚ ਵਾਸਾ ਹੈ|

ਲਿਖਣ ਦਾ ਸ਼ੌਕ ਬਚਪਨ ਤੋ ਸੀ ਪਰ ਕਦੇ ਪੂਰਾ ਕਰਨ ਦਾ ਮੌਕਾ ਨਹੀਂ ਮਿਲਿਆ। ਕਦੇ ਕਦੇ ਸਾਲ ਚ ਇੱਕ ਅਧ ਵਾਰ ਜਰੂਰ ਭੁੱਸ ਪੂਰਾ ਕਰ ਲੈਂਦਾ ਸੀ| ਹੁਣ ਪਿਛਲੇ ਤਿੰਨ ਸਾਲ ਤੋ ਲਗਾਤਾਰ ਲਿਖ ਰਿਹਾ ਹਨ| ਤਕਰੀਬਨ 100 ਤੋ ਵੱਧ ਕਵਿਤਾਵਾਂ ਲਿਖੀਆਂ ਹਨ ਜੋ ਕਿ ਮੇਰੇ ਬਲੌਗ (http://harjindd.blogspot.com.au/) 'ਚ ਦਰਜ ਹਨ। 


ਹਾਇਕੁ -ਲੋਕ ਨਾਲ ਸਾਂਝ ਅੱਜ ਆਪ ਨੇ ਦੀਵਾਲੀ ਹਾਇਕੁ ਭੇਜ ਕੇ ਪਾਈ ਹੈ। ਆਸ ਕਰਦੀ ਹਾਂ ਕਿ ਆਪ ਜੀ ਦੀ ਇਹ ਸਾਂਝ ਇਸੇ ਤਰਾਂ ਬਣੀ ਰਹੇਗੀ। ਆਪ ਸਮੇਂ -ਸਮੇਂ 'ਤੇ ਹਾਇਕੁ ਲੋਕ ਨਾਲ ਸੀਰ ਪਾਉਂਦੇ ਰਹਿਣਗੇ। 

1.
ਦੀਵਾਲੀ ਸ਼ਾਮ
ਸਜਾਇਆ ਵਿਹੜਾ 
ਉਡੀਕੇ ਜੰਝ। 

2.
ਦੀਵਾਲੀ ਸ਼ਾਮ 
ਛੜੇ ਦੇ ਘਰ ਬਲੇ  
ਮਿੱਟੀ ਦਾ ਦੀਵਾ। 

3.
ਦੀਵਾਲੀ ਰਾਤ 
ਮਜ਼ਦੂਰ ਦਾ ਘਰ 
ਬਲੇ ਨਾ ਦੀਵਾ। 

4.
ਮੇਰਾ ਪੰਜਾਬ -
ਕਾਲੀ ਰਾਤ ਦੀਵਾਲੀ 
ਬਿਜਲੀ ਗੁੰਮ। 


5.
ਫਿੱਕੀ ਦੀਵਾਲੀ -
ਦਿਹਾੜੀ ਮਜ਼ਦੂਰ 
ਕੰਮ ਨਾ ਲੱਭਾ। 

 ਹਰਜਿੰਦਰ ਢੀਂਡਸਾ 
( ਕੈਨਬਰਾ -ਆਸਟ੍ਰੇਲੀਆ ) 

ਨੋਟ: ਇਹ ਪੋਸਟ ਹੁਣ ਤੱਕ 120 ਵਾਰ ਖੋਲ੍ਹ ਕੇ ਵੇਖੀ ਗਈ। 

23 Oct 2014

ਦੀਵਾਲੀ- ਦੀਵਿਆਂ ਦੀ ਬਰਾਤ

ਹਾਇਕੁ ਲੋਕ ਪਰਿਵਾਰ ਵਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਢੇਰ ਮੁਬਾਰਕਾਂ ! 




1.
ਦੀਵਾਲੀ  ਰਾਤ
ਦੀਵਿਆਂ ਦੀ ਬਰਾਤ
ਢੁੱਕੀ ਵਿਹੜੇ।

2.
ਮਿੱਟੀ ਦਾ ਦੀਵਾ
ਚੱਪਾ -ਚੱਪਾ ਬਲਦਾ 
ਕਿਰਦੀ ਲੌਅ। 

3.
ਦੇਹਲੀ ਦੀਵਾ 
ਅੰਦਰੋਂ ਤੇ ਬਾਹਰੋਂ 
ਘਰ ਚਾਨਣ। 


ਡਾ. ਹਰਦੀਪ ਕੌਰ ਸੰਧੂ 



ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ।