ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Aug 2017

ਛੂਤਕਾਰੀ ਹਾਸਾ (ਮਿੰਨੀ ਕਹਾਣੀ)


Image result for laughingਗੱਡੀ ਦੇ ਡੱਬੇ 'ਚ ਭੀੜ ਹੋਣ ਦੇ ਬਾਵਜੂਦ ਵੀ ਚੁੱਪ-ਚਾਂਦ ਸੀ। ਸਭ ਇੱਕ ਦੂਜੇ ਵੱਲੋਂ ਬੇਧਿਆਨੇ ਆਪੋ ਆਪਣੇ 'ਚ ਮਸਤ ਬੈਠੇ ਸਨ। ਕੋਈ ਕਿਤਾਬ ਲਈ ਬੈਠਾ ਸੀ,ਕੋਈ ਫੋਨ ਤੇ ਕੋਈ ਲੈਪਟਾਪ। ਕਿਤੇ ਕਿਤੇ ਥੋੜੀ ਬਹੁਤ ਘੁਸਰ -ਮੁਸਰ ਵੀ ਹੋ ਰਹੀ ਸੀ। ਜਦ ਗੱਡੀ ਕਿਸੇ ਸਟੇਸ਼ਨ 'ਤੇ ਰੁਕਦੀ ਤਾਂ ਦੋ ਯਾਤਰੀ ਉਤਰਦੇ ਤੇ ਚਾਰ ਹੋਰ ਚੜ੍ਹ ਜਾਂਦੇ। ਕਿਸੇ ਨੂੰ ਕੁਝ ਪਤਾ ਨਾ ਲੱਗਾ ਕਿ ਕਦੋਂ ਉਹ ਗੱਡੀ 'ਚ ਸਵਾਰ ਹੋ ਗਿਆ ਸੀ। ਉਸ ਨੂੰ ਬੈਠਣ ਲਈ ਵੀ ਕੋਈ ਸੀਟ ਨਾ ਮਿਲੀ। ਕੰਨਾਂ 'ਚ ਈਅਰਫੋਨ ਲਾਈ ਉਹ ਆਪਣੀ ਹੀ ਧੁਨ 'ਚ ਇੱਕ ਪਾਸੇ ਹੋ ਕੇ ਖੜ੍ਹ ਗਿਆ।
ਅਚਾਨਕ ਉਹ ਉੱਚੀ ਉੱਚੀ ਹੱਸਣ ਲੱਗਾ। ਸਭ ਤੋਂ ਬੇਖ਼ਬਰ ਉਹ ਫੋਨ 'ਤੇ ਕੁਝ ਦੇਖਦਿਆਂ ਨਿਰੰਤਰ ਹੱਸੀ ਜਾ ਰਿਹਾ ਸੀ। ਹੌਲ਼ੀ -ਹੌਲ਼ੀ ਚੁੱਪੀ ਟੁੱਟਣ ਲੱਗੀ। ਹੁਣ ਉਸ ਦਾ ਹਾਸਾ ਹਵਾ ਤਰੰਗਾਂ ਦਾ ਸ਼ਾਹ -ਸਵਾਰ ਬਣ ਹਰ ਇੱਕ ਚਿਹਰੇ 'ਤੇ ਦਸਤਕ ਦੇਣ ਲੱਗਾ। ਪਹਿਲਾਂ ਸਭ ਦੀਆਂ ਅੱਖਾਂ ਹੱਸੀਆਂ ਅਤੇ ਫੇਰ ਬੁੱਲਾਂ 'ਤੇ ਮੁਸਕਾਨ ਫੈਲਣ ਲੱਗੀ। ਕੋਈ ਮੰਦ -ਮੰਦ ਮੁਸਕਰਾਇਆ ਤੇ ਕਿਸੇ ਦਾ ਮੱਧਮ ਜਿਹਾ ਹਾਸਾ ਆਪੂੰ ਖਿੜ ਉਠਿਆ। ਹੁਣ ਸਾਰਾ ਡੱਬਾ ਹਾਸੇ ਦੀ ਗ੍ਰਿਫ਼ਤ 'ਚ ਆ ਚੁੱਕਾ ਸੀ। ਉਸ ਦੇ ਹਾਸ ਫ਼ੁਹਾਰੇ ਦੇ ਸੀਤਲ ਛਿੱਟਿਆਂ ਨੇ ਸਭ ਦੇ ਮਨਾਂ ਨੂੰ ਪ੍ਰਫੁਲਿੱਤ ਕਰ ਇੱਕ ਅਲੌਕਿਕ ਖੇੜੇ ਦਾ ਸੰਚਾਰ ਕਰ ਦਿੱਤਾ ਸੀ।

ਡਾ. ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 460 ਵਾਰ ਪੜ੍ਹੀ ਗਈ ਹੈ।

     ਲਿੰਕ 1     ਲਿੰਕ 2        ਲਿੰਕ 3

7 Aug 2017

ਬੇਵਜ੍ਹਾ (ਮਿੰਨੀ ਕਹਾਣੀ )ਡਾ. ਹਰਦੀਪ ਕੌਰ ਸੰਧੂ

Related image
ਮਾਹੌਲ ਬੇਹੱਦ ਸੋਗਮਈ ਸੀ। ਉਸ ਬੀਬਾ ਦਾ ਉਨ੍ਹਾਂ ਦੇ ਓਦੋਂ ਆਉਣਾ ਹੋਇਆ ਜਦੋਂ ਉਸ ਘਰ 'ਚ ਉਦਾਸੀ ਦਾ ਪਸਾਰਾ ਸੀ। ਉਨ੍ਹਾਂ ਦੇ ਵਿਹੜੇ 'ਚ ਪੀੜਾ ਉੱਗ ਆਈ ਸੀ। ਜੁਆਨ ਪੁੱਤ ਦੀ ਮੌਤ ਨੇ ਦੋਵੇਂ ਜੀਆਂ ਨੂੰ ਧੁਰ ਅੰਦਰ ਤੱਕ ਵਲੂੰਧਰ ਦਿੱਤਾ ਸੀ। ਉਸ ਦੀ ਅਣਹੋਂਦ ਘਰ ਦੀ ਹਰ ਨੁੱਕਰ 'ਚੋਂ ਝਾਕ ਰਹੀ ਸੀ। ਇਓਂ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਸਾਹਾਂ ਦੀ ਸਰਦਲ 'ਤੇ ਕਿਸੇ ਨੇ ਸੇਹ ਦਾ ਤੱਕਲ਼ਾ ਧਰ ਦਿੱਤਾ ਹੋਵੇ। ਪਰ ਫੇਰ ਵੀ ਉਹ ਆਪਣੀ ਜਿਹੀ ਨਿੱਕੀ ਪੋਤੀ ਤੇ ਵਿਧਵਾ ਨੂੰਹ ਦੀਆਂ ਅੱਖਾਂ 'ਚ ਲੁਕੀ ਉਦਾਸੀ ਦੀ ਤਪਸ਼ ਨੂੰ ਮੋਹ ਫੁਹਾਰਾਂ ਨਾਲ ਠਾਰਨ ਲਈ ਆਪਣਾ ਪੂਰਾ ਤਾਣ ਲਾਉਂਦੇ ਰਹਿੰਦੇ । 
      ਹੁਣ ਉਸ ਬੀਬਾ ਦਾ ਉਨ੍ਹਾਂ ਦੇ ਆਉਣਾ -ਜਾਣਾ ਪਹਿਲਾਂ ਨਾਲੋਂ ਵੱਧ ਗਿਆ ਸੀ।ਉਹ ਆਪਣੇ ਹੱਥਲੇ ਕੰਮ ਛੱਡ ਬੇਵਜ੍ਹਾ ਹੀ ਉਨ੍ਹਾਂ ਦੇ ਘਰ ਚਲੀ ਜਾਂਦੀ ਸ਼ਾਇਦ ਉਨ੍ਹਾਂ ਦੀਆਂ ਖ਼ਾਮੋਸ਼ ਸਿਸਕੀਆਂ ਚੁੱਗਣ। ਉਨ੍ਹਾਂ ਦੋਹਾਂ ਜੀਆਂ ਨੂੰ ਵੀ ਹੁਣ ਉਸ ਦੀ ਆਦਤ ਜਿਹੀ ਹੋ ਗਈ ਸੀ। ਪਰ ਘਰ ਦੀ ਨਵੀਂ ਬਣੀ ਤਾਮੀਰਦਾਰ ਦੀ ਬੇਰੁੱਖੀ ਉਸ ਦੇ ਆਉਣ ਦੀ ਵਜ੍ਹਾ ਤਲਾਸ਼ਣ ਲੱਗੀ। ਨਿੱਘੇ ਅਹਿਸਾਸਾਂ ਦੀਆਂ ਤੰਦਾਂ ਨਾਲ ਬੁਣਿਆ ਰਿਸ਼ਤਾ ਤਾਰ -ਤਾਰ ਹੋਣ ਲੱਗਾ। ਹੁਣ ਭੀੜੇ ਹੋਏ ਦਰਾਂ ਵੱਲ ਉੱਠਦੇ ਉਸ ਦੇ ਕਦਮ ਖੁਦ -ਬ -ਖੁਦ ਰੁਕ ਜਾਂਦੇ,"ਪਤਾ ਨਹੀਂ ਅਸੀਂ ਪੰਛੀਆਂ ਵਾਂਗਰ ਬੇਵਜ੍ਹਾ ਮਿਲਣਾ ਕਦੋਂ ਸਿਖਾਂਗੇ ?"
ਡਾ. ਹਰਦੀਪ ਕੌਰ ਸੰਧੂ 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ  ਨੋਟ : ਇਹ ਪੋਸਟ ਹੁਣ ਤੱਕ 415 ਵਾਰ ਪੜ੍ਹੀ ਗਈ ਹੈ।
               

6 Aug 2017

ਉਹ ਇੱਕਲੀ

Satnam Singh's profile photo, Image may contain: 1 person, close-upਜਸਪ੍ਰੀਤ ਨੂੰ ਗਾਉਣ ਦਾ ਬਹੁਤ ਸ਼ੌਕ ਸੀ। ਰੱਬ ਨੇ ਆਵਾਜ਼ ਵੀ ਬਹੁਤ ਵਧੀਆ ਦਿੱਤੀ ਸੀ। ਉਸ ਦੇ ਮਨ ਵਿਚ ਹਮੇਸ਼ਾਂ ਕੁਝ ਕਰਨ ਦਾ ਤੇ ਜ਼ਿੰਦਗੀ ਵਿੱਚ ਕੁਝ ਬਣਨ ਦਾ ਸ਼ੌਕ ਸੀ ਪਰ ਇੱਕ ਗਰੀਬੀ ਦੀ ਮਾਰ ਤੇ ਦੂਜਾ ਉਸ ਦਾ ਘਰਵਾਲਾ ਨਸ਼ਾ ਕਰਨ ਲੱਗਾ। ਉਹ ਚੋਰ ਤੇ ਵਿਹਲੜ ਵੀ ਸੀ ।ਦੋ ਬੱਚਿਆਂ ਨੂੰ ਉਹ ਘਰਾਂ ਵਿੱਚ ਕੰਮ ਕਰਕੇ ਪਾਲ ਰਹੀ ਸੀ। ਜੋ ਕੁਝ ਮਿਹਨਤ ਨਾਲ ਬਚਾਉਂਦੀ ਉਸ ਦਾ ਘਰਵਾਲਾ ਮਹੀਨੇ ਵੀਹ ਦਿਨਾਂ  ਮਗਰੋਂ ਖੋਹ ਕੇ ਲੈ ਜਾਂਦਾ। ਜਸਪ੍ਰੀਤ ਨੂੰ ਘਰਵਾਲੇ ਵੱਲੋਂ ਕੋੲੀ ਸੁੱਖ ਨਹੀਂ ਸੀ ਮਿਲਿਆ। ਉਲਟਾ ਉਸ ਨੂੰ ਤੰਗ ਪ੍ਰੇਸ਼ਾਨ ਹੀ ਕਰਦਾ।  ਘਰੋਂ  ਹਮੇਸ਼ਾਂ ਗਾਇਬ ਰਹਿੰਦਾ। ਜਦੋਂ ਪੈਸੇ ਮੁੱਕ ਜਾਂਦੇ ਫਿਰ ਆਉਂਦਾ ਤੇ ਜੋ ਕੁਝ ਵੀ ਉਸ ਨੇ ਮਿਹਨਤ ਨਾਲ ਕਮਾਇਆ ਹੁੰਦਾ ਉਹ ਖੋਹ ਕੇ ਲੈ ਜਾਂਦਾਜੇ ਕਦੇ ਚੋਰੀ ਕਰਨ ' ਫੜਿਆ ਜਾਂਦਾ ਤਾਂ  ਉਹ ਮਿੰਨਤਾ ਤਰਲੇ ਕਰਕੇ ਘਰਵਾਲੇ ਨੂੰ ਥਾਣੇ ਤੋਂ ਛਡਾਉਂਦੀ। ਐਨੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਵੀ ਉਸ ਵਿੱਚ  ਹਮੇਸ਼ਾਂ ਹੌਸਲਾ ਬਣਿਆ ਰਹਿੰਦਾ ਕਿ ਉਹ ਜਰੂਰ ਕੁਝ ਬਣੇਗੀ। ਉਹ ਗਾਉਣ ਦਾ ਰਿਆਜ਼ ਕਰਦੀ। ਇਹ ਉਸ ਦਾ ਨਿੱਤ ਨੇਮ ਸੀ 
         ਉਹ ਬੱਚਿਆਂ  ਨੂੰ ਕਦੇ ਦੁੱਖ ਆਉਣ ਨਹੀਂ  ਸੀ ਦਿੰਦੀ ਪਰ ਵਕਤ ਦੀ ਮਾਰ ਨੇ ਉਸ ਦੇ ਹੌਸਲੇ ਤੋੜ ਦਿੱਤੇ।ਘਰਵਾਲੇ ਦੇ ਲੜਾਈ ਝਗੜੇ ਤੇ ਕੁੱਟ ਮਾਰ ਨੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਮਾਨਸਿਕ ਤੌਰ 'ਤੇ ਉਹ ਹੌਸਲਾ ਹਾਰ ਗਈ ਹੋਰ ਕਿੰਨਾ ਕੁ ਚਿਰ ਲੜਦੀ ਉਹ ਇੱਕਲੀ ਰਹਿ ਗਈ ਸੀ ਲੜਾਈ ਵਿੱਚ ਤੇ ਆਖਰ ਉਹ ਪਾਗਲ ਹੋ ਗਈ। ਪਾਗਲਾਂ ਵਾਂਗ ਗਲੀਆਂ ਵਿੱਚ ਘੁੰਮਦੀ ਰਹਿੰਦੀ  ਕਦੇ ਕਿਤੇ ਤੇ ਕਦੇ ਕਿਸੇ ਘਰ। ਉਸ ਦੇ ਘਰਵਾਲੇ ਨੇ ਉਸ ਨੂੰ ਘਰੋਂ ਕੱਢ ਦਿੱਤਾ  ਜੇ ਕੋਈ ਰੋਟੀ ਦਿੰਦਾ ਖਾ ਲੈਂਦੀ ਨਹੀਂ  ਤਾਂ ਉਚੀ ਉਚੀ ਗਾਲਾਂ ਕੱਢਦੀ ਉਹ ਸਾਧੂਆਂ ਨਾਲ ਰਲ਼ ਗਈਭਗਵੇ ਕੱਪੜੇ ਪਾ ਲਏਸਾਧੂ ਜੋ ਦਿੰਦੇ ਖਾ ਲੈਂਦੀ ਪਰ ਫਿਰ ਇੱਕ ਦਿਨ ਸਾਧੂਆਂ ਨਾਲ ਰੇਲ ਗੱਡੀ ਚੜ ਗਈ ਫਿਰ ਕਦੇ ਮੁੜ ਕੇ ਨਾ ਅਾੲੀਉਸ ਦੀ ਕਿਸੇ ਨੇ ਭਾਲ ਨਾ ਕੀਤੀ ਜਿਨਾਂ ਲੋਕਾਂ ਦੇ ਘਰਾਂ ' ਉਹ ਕੰਮ ਕਰਦੀ ਝੂਠੇ ਬਰਤਨ ਧੋਂਦੀ ਉਹਨਾਂ ਨੇ ਇੱਕ ਵਾਰ ਵੀ ਉਸ ਦੇ ਕੋਲ ਬਹਿ ਕੇ ਕਦੇ ਨਾ ਪੁੱਛਿਆ ਕਿ ਤੈਨੂੰ ਕੀ ਦੁੱਖ ਹੈ ? ਕਿਸੇ ਨੇ ਵੀ ਨਹੀਂ ਉਹ ਤਾਂ ਆਪਣੇ ਦੁੱਖ ਨਾਲ ਹੀ ਲੈ ਗਈ।ਜਿਉਂਦੀ ਲਾਸ਼ ਬਣ ਗਈਪਤਾ ਨਹੀਂ ਹੁਣ ਉਹ ਕਿੱਥੇ ਹੋਵੇਗੀ ?ਹੈ ਜਾਂ ਮਰ ਗਈ ?ਕੁਝ ਪਤਾ ਨਹੀਂ  । 


ਸਤਨਾਮ ਸਿੰਘ ਮਾਨ
(ਬਠਿੰਡਾ)
ਨੋਟ : ਇਹ ਪੋਸਟ ਹੁਣ ਤੱਕ 125 ਵਾਰ ਪੜ੍ਹੀ ਗਈ ਹੈ।

ਅਕਲ ( ਮਿੰਨੀ ਕਹਾਣੀ )

ਹਰਜੀਤ ਅਾਪਣੀ ਮਾਤਾ ਕੋਲ਼ ਵਿਹੜੇ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ੳੁਸ ਦਾ ਪੁੱਤਰ ਜੋ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ਸਕੂਲੋਂ ਅਾੳੁਣ ਸਾਰ ਟੀ ਵੀ ਲਾ ਕੇ ਬੈਠ ਗਿਅਾ ਤਾਂ ਹਰਜੀਤ ਕਹਿਣ ਲੱਗਾ,
              " ਅਾ ਦੇਖ ਲੈ ਮਾਂ , ਪਤਾ ਨੀ ਕਿਹੋ ਜਿਹੀ ਪੜ੍ਹਾਈ ਕਰਦਾ , ਅੈਡਾ ਵੱਡਾ ਹੋ ਗਿਅਾ ਜਵਾਂ ਵੀ ਪਰਿਵਾਰ ਵਿੱਚ ਰਹਿਣਾ ਨਹੀਂ ਆਇਆ ਏਹਨੂੰ  , ਨਾ ਕਿਸੇ ਦੀ ਇੱਜਤ ਕਰਦਾ , ਨਾ ਹੀ ਕਿਸੇ ਨੂੰ ਸਿੱਧਾ ਬੋਲਦਾ , ਮੈਨੂੰ ਤਾਂ ਏਹੀ ਫ਼ਿਕਰ ਰਹਿੰਦਾ ਕਿ ਇਹ ਮੇਰੇ ਤੇ ਕਿੳੁਂ ਨਹੀਂ ਗਿਅਾ , ਦੇਖ ਜਦੋ ਅਸੀਂ ਸਕੂਲੋਂ ਅਾੳੁਂਦੇ ਸੀ ਤਾਂ ਸਾਰੇ ਜਾਣੇ ਪਹਿਲਾਂ ਥੋਡੇ ਕੋਲ਼ ਬੈਠ ਕੇ ਰੋਟੀ ਖਾਂਦੇ ਅਤੇ ਫਿਰ ਦਾਦਾ - ਦਾਦੀ ਦੀਆਂ ਗੱਲਾਂ - ਬਾਤਾਂ ਸੁਣਦੇ ਸਾਂ।  " 

           ਇਹ ਸੁਣ ਕੇ ਹਰਜੀਤ ਦੀ ਮਾਤਾ ਕਹਿਣ ਲੱਗੀ ,  " ਪੁੱਤ  ਤੇਰਾ ਪਾਲਣ- ਪੋਸ਼ਣ ਤਾਂ ਮੈਂ ਸਾਰੀ - ਸਾਰੀ ਰਾਤ ਅਕਲ ਦੀਅਾਂ ਬਾਤਾਂ ਸੁਣਾ ਕੇ ਕੀਤਾ , ਤਾਂ ਤੇਰੇ ਵਿੱਚ ਅਾਹ ਚੰਗੇ ਗੁਣ ਅਾਏ  ਨੇ , ਜਿਹੋ ਜਹੀ ਮੱਤ ਦੇਵਾਂਗੇ ੳੁਹੋ ਜਿਹੀ ਹੀ ਅਕਲ ਅਾੳੂ ,  ਤੇਰੇ ਬੱਚੇ ਨੂੰ ਅਕਲ ਕੀ ਸਵਾਹ ਅਾਵੇ ,ਕਸੂਰ ਤੇਰਾ ਹੀ ਅੈ ,  ਇਹਦੇ  ਮਾਂ - ਬਾਪ ਤਾਂ ਮੋਬਾਇਲ ਐ ਅਤੇ ਦਾਦਾ - ਦਾਦੀ ਟੈਲੀਵਿਜ਼ਨ।   "
ਮਾਸਟਰ ਸੁਖਵਿੰਦਰ ਦਾਨਗੜ੍ਹ

94171 -80205

ਨੋਟ : ਇਹ ਪੋਸਟ ਹੁਣ ਤੱਕ 13 ਵਾਰ ਪੜ੍ਹੀ ਗਈ ਹੈ।

5 Aug 2017

ਨਵੀਨ ਪੜਾਈ (ਮਿੰਨੀ ਕਹਾਣੀ)

ਉਹ ਸ਼ਹਿਰ, ਜੋ ਕਦੇ ਜੰਨਤ ਦੇ ਨਾਂ ਨਾਲ ਦੁਨੀਆਂ ਭਰ ਵਿੱਚ ਪ੍ਰਸਿੱਧ ਸੀ,ਉਹਨੁੰ ਕਿਸੇ ਚੰਦਰੇ ਗਵਾਂਢੀ ਨੇ ਅਜਿਹੀ ਨਜ਼ਰ ਲਾਈ ਕਿ ਹੁਣ ਉੱਥੇ ਆਏ ਦਿਨ ਕੋਈ ਨਾ ਕੋਈ ਫ਼ਸਾਦ ਦੀ ਚੰਗਿਆੜੀ ਧੁਖਦੀ ਹੀ ਰਹਿੰਦੀ ਹੈ, ਜੋ ਬੁਝਣ ਦਾ ਨਾਂ ਤੱਕ ਨਹੀਂ ਲੈਂਦੀ।

.
ਕਿਸੇ ਦੀ ਚੁੱਕਣਾ ਨੇ,ਮੁੱਦਤਾਂ ਤੋਂ ਪਿਆਰ ਸਤਿਕਾਰ ਨਾਲ ਵੱਸਦੇ ਵੱਖੋ ਵੱਖਰੇ ਭਾਈਚਾਰੇ ਦੇ ਲੋਕਾਂ ਦੀ ਸੋਚ ਵਿਚ ਨਫ਼ਰਤ ਦੀ ਅਜਿਹੀ ਅੱਗ ਲਾਈ ਕਿ ਉਹ ਸ਼ਹਿਰ ਆਪ ਵੀ ਇਸ ਅੱਗ ਵਿਚ ਜਲਨ ਲੱਗਾ ਅਤੇ ਆਪਣੇ ਵਾਸੀਆਂ ਨੂੰ ਵੀ ਚੈਨ ਦੀ ਨੀਂਦ ਸੌਣ ਨਹੀਂ ਦਿੰਦਾ।
.
ਸ਼ਹਿਰ ਵਿੱਚ ਫ਼ਸਾਦ ਹੁੰਦੇ ਰਹਿੰਦੇ ਹਨ। ਪੁਲਿਸ ਦਾ ਪਹਿਰਾ,ਫ਼ੌਜ ਵੱਲੋਂ ਵੀ ਚੌਕਸੀ ਤੇ ਕਰਫ਼ਿਊ ਦਾ ਲੱਗਣਾ, ਇਹ ਸਭ ਕੁਝ ਹੁਣ ਸ਼ਹਿਰੀਆਂ ਲਈ ਨਿੱਤ ਦੀ ਕਵਾਇਦ ਦਾ ਇੱਕ ਹਿੱਸਾ ਬਣ ਕੇ ਰਹਿ ਗਿਆ ਹੈ।
.
ਹੁਣ ਵੀ ਸ਼ਹਿਰ ਦੇ ਇੱਕ ਪਾਸੀਓ ਸੰਘਣਾ ਧੂੰਆਂ ਉੱਠਦਾ ਅਸਮਾਨ 'ਚ ਫੈਲਦਾ ਦਿਖਾਈ ਦੇ ਰਿਹਾ ਹੈ। ਭੜਕਦੇ ਭਾਂਬੜ ਤੇ ਗੋਲੀਆਂ ਦੀਆਂ ਆਵਾਜ਼ਾਂ,ਲੋਕਾਂ ਦੀਆਂ ਰਲਵੀਂਆਂ ਚੀਕਾਂ, ਪੁਕਾਰਾਂ ਵਿਚੋਂ ਕੁਝ ਸਮਝ ਨਹੀਂ ਪੈਂਦੀ ਕਿ ਉਹ ਕੀ ਕਹਿੰਦੇ ਹਨ?
.
ਕਈ ਦਿਨਾਂ ਦੀ ਮਿਹਨਤ ਨਾਲ, ਸ਼ਹਿਰ ਵਿਚ ਅਮਨ ਅਮਾਨ ਦੀ ਸਥਿਤੀ ਬਹਾਲ ਹੋ ਗਈ ਹੈ। ਜੀਵਨ ਰੋਜ਼ ਦੀ ਤਰ੍ਹਾਂ,ਆਮ ਢੰਗ ਨਾਲ ਮੁੜ ਤੋਂ ਸ਼ੁਰੂ ਹੋ ਗਿਆ ਹੈ। ਬੰਦ ਕੀਤੇ ਸਕੂਲ ਖੁੱਲ ਗਏ ਹਨ। 
.
ਛੋਟੀ ਜਮਾਤ ਦੇ ਬੱਚਿਆਂ ਨੇ ਮੈਡਮ ਦੇ ਕਹਿਣ 'ਤੇ ਆਪਣੇ ਆਪਣੇ ਬਸਤੇ ਚੋਂ ਕਿਤਾਬ ਕੱਢ ਲਈ ਹੈ। 
.
ਮੈਡਮ ਉਨ੍ਹਾਂ ਨੂੰ ਪੁੱਛਣ ਲੱਗੀ,'ਦੱਸੋ ਬਚਿਓ,--ੳ (ਊੜਾ) ਤੋਂ ਕੀ ਬਣਦਾ?
.
ਉਹ ਬਿਨਾਂ ਕਿਤਾਬ ਖੋਲਿਆਂ ਹੀ,ਤੋਤਲੀ ਜ਼ਬਾਨ ਵਿਚ ਬੋਲੇ,--- ਉਠਾਊ --(ਉਡਾਊ)
.
ਮੈਡਮ ਚੁੱਪ ਰਹੀ ਤੇ ਅੱਗੋਂ ਬੋਲੀ,'ਅ' (ਐੜਾ) ਤੋਂ---ਰਲਵੀਂਆਂ ਮਿਲਵੀਂਆਂ ਆਵਾਜ਼ਾਂ ਆਈਆਂ,--'ਅੱਗ, ਆਰਮੀ'
.
ਤੇ ਫਿਰ--'ਚ' ( ਚੱਚੇ) ਤੋਂ --- ਬੱਚੇ ਜ਼ੋਰ ਦੀ ਬੋਲੇ,--'ਚਿੱਟਾ'
.
ਤੇ- 'ਬ' (ਬੱਬੇ) ਤੋਂ --- ਸਾਰੇ ਇੱਕ ਸੁਰ ਬੋਲੇ, --- 'ਬੰਬ., ਬਦੂਖ -- (ਬੰਦੂਕ),ਬੀਅਰ'
.
ਤੇ ਅੰਤ 'ਚ--'ਪ' (ਪੱਪੇ) ਤੋਂ--- ਫੇਰ ਇੱਕ ਸੁਰ ਉੱਠੀ-- --‘ਪਸ਼ਟੌਲ--(ਪਸਤੌਲ) --ਪੁਲਸ਼ --(ਪੁਲਿਸ)’
.

ਮੈਡਮ ਆਪ ਹੈਰਾਨ ਸੀ ਕਿ ਸਕੂਲ ਦੀਆਂ ਛੁੱਟੀਆਂ ਦੇ ਵਿਚ ਉਸ ਦੇ ਬੱਚਿਆਂ ਨੂੰ ਇਹ ਕੀ ਹੋ ਗਿਆ?

ਉਹ ਉਨ੍ਹਾਂ ਨੂੰ ਮੁੜ ਤੋਂ ਸਹੀ ਸੋਚ ਵਲ ਲਿਆਉਣ ਦੀ ਕੋਸ਼ਿਸ਼ ਕਰਨ ਲੱਗੀ ਤੇ ਪੜਾਉਣ ਲੱਗੀ।
-0-
ਸੁਰਜੀਤ ਸਿੰਘ ਭੁੱਲਰ
___________________________________________________
ਰੱਬ ਖ਼ੈਰ ਕਰੇ, ਸਾਡੀ ਨਵੀਂ ਪੌਦ ਦੀ, ਜਿਨ੍ਹਾਂ ਦੀ ਅਰਧ ਚੇਤਨਾ ਸੋਚ ਵਿਚ ਅਜਿਹੇ ਵਿਹਾਰਕ ਅਯੋਗ ਚਿੱਤਰ/ਤਸਵੀਰਾਂ ਦੇ ਰੂਪ ਸਮਾਏ ਹੋਏ ਹਨ, ਜਿਸ ਦੇ ਜ਼ਿੰਮੇਵਾਰ ਕੌਣ ਹਨ? ਇਹ ਇੱਕ ਵਿਚਾਰਨਯੋਗ ਵਿਸ਼ਾ ਹੈ।
ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।

4 Aug 2017

ਮਿਲਣੀ (ਮਿੰਨੀ ਕਹਾਣੀ)

Image result for smile images
ਮੈਂ ਹੁਣੇ -ਹੁਣੇ ਇੱਕ ਸੁਆਰੀ ਛੱਡ ਕੇ ਆਇਆ ਸੀ। ਨੁੱਕੜ ਵਾਲੇ ਖੋਖੇ 'ਤੇ ਬੈਠਿਆਂ ਚਾਹ ਪੀਂਦਿਆਂ ਮੇਰੀ ਨਿਗ੍ਹਾ ਇੱਕ ਸੱਜਣ 'ਤੇ ਗਈ ਜੋ ਸੜਕ ਪਾਰ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਸੀ। ਅੱਖਾਂ ਦੀ ਜੋਤ ਨਾ ਹੋਣ ਕਾਰਨ ਉਹ ਔਖ ਮਹਿਸੂਸ ਕਰ ਰਿਹਾ ਸੀ। ਚਾਹ ਦਾ ਕੱਪ ਭੁੰਜੇ ਰੱਖ ਮੈਂ ਕਾਹਲ਼ੀ ਨਾਲ ਉਸ ਸੱਜਣ ਕੋਲ਼ ਗਿਆ। ਪੁੱਛਣ 'ਤੇ ਪਤਾ ਲੱਗਾ ਕਿ ਉਸ ਨੇ ਨੇਤਰਹੀਣ ਆਸ਼ਰਮ ਜਾਣਾ ਸੀ।
ਬਿਨਾਂ ਕੋਈ ਹੋਰ ਸੁਆਲ ਕੀਤਿਆਂ ਉਸ ਸੱਜਣ ਨੂੰ ਆਪਣੇ ਆਟੋ -ਰਿਕਸ਼ਾ 'ਚ ਬਿਠਾ ਮੈਂ ਆਸ਼ਰਮ ਛੱਡਣ ਚੱਲ ਪਿਆ। ਰਸਤੇ 'ਚ ਹੋਈ ਗੱਲਬਾਤ ਦੌਰਾਨ ਅਸੀਂ ਦੋਹਾਂ ਨੇ ਇੱਕ ਦੂਜੇ ਬਾਰੇ ਥੋੜਾ ਬਹੁਤ ਜਾਣਿਆ। ਉਤਰਨ ਲੱਗਾ ਉਹ ਸੱਜਣ ਨਿੰਮਾ ਜਿਹਾ ਮੁਸਕਰਾਉਂਦਿਆਂ ਬੋਲਿਆ,"ਮੇਰੇ ਕੋਲ਼ ਕਿਰਾਏ ਜੋਗੇ ਪੈਸੇ ਤਾਂ ਨਹੀਂ ਹਨ।ਪਰ ਜਦੋਂ -ਜਦੋਂ ਵੀ ਮੈਂ ਆਪ ਨੂੰ ਯਾਦ ਕਰਾਂਗਾ ਓਦੋਂ- ਓਦੋਂ ਹੀ ਇਹ ਮੁਸਕਰਾਹਟ ਮੇਰੇ ਚਿਹਰੇ 'ਤੇ ਖੁਦ -ਬ -ਖੁਦ ਆ ਜਾਇਆ ਕਰੇਗੀ।"
ਉਹ ਸੱਜਣ ਤਾਂ ਮੈਨੂੰ ਮੁੜ ਦੁਬਾਰਾ ਕਦੇ ਨਹੀਂ ਮਿਲਿਆ। ਪਰ ਓਸ ਦਿਨ ਦੀ ਮਿਲਣੀ ਢੇਰ ਦੁਆਵਾਂ ਦੇ ਨਾਲ ਆਪਣੀ ਮੋਹ ਭਿੱਜੀ ਸੱਜਰੀ ਮੁਸਕਾਨ ਨਾਲ ਮੈਨੂੰ ਮਾਲਾ ਮਾਲ ਕਰ ਗਈ। ਹੁਣ ਓਹੀਓ ਮੁਸਕਾਨ ਕਿਸੇ ਨਾ ਕਿਸੇ ਬਹਾਨੇ ਮੈਂ ਆਪਣੇ ਹਰ ਇੱਕ ਸੁਆਰ ਦੀ ਝੋਲ਼ੀ ਪਾਉਣ ਦੀ ਨਿੱਤ ਕੋਸ਼ਿਸ਼ ਕਰਦਾ ਹਾਂ।
ਡਾ. ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 250 ਵਾਰ ਪੜ੍ਹੀ ਗਈ ਹੈ।
 ਲਿੰਕ 1         ਲਿੰਕ 2       ਲਿੰਕ 3      ਲਿੰਕ 4      ਲਿੰਕ 5

2 Aug 2017

ਆਖ਼ਿਰ ਕੌਣ (ਮਿੰਨੀ ਕਹਾਣੀ )

Related image
ਕਾਲਜ ਦੇ ਮੁੱਖ ਦੁਆਰ 'ਤੇ ਕਿਸੇ ਟੀ. ਵੀ. ਚੈਨਲ ਵਾਲਿਆਂ ਦੀ ਟੀਮ ਆਪਣੇ ਲਾਮ ਲਸ਼ਕਰ ਨਾਲ ਹਾਜ਼ਰ ਸੀ। ਅੱਜ ਉਹ ਆਪਣੇ ਕਿਸੇ ਪ੍ਰੋਗਰਾਮ ਦੇ ਤਹਿਤ ਕਾਲਜ ਦੇ ਵਿਦਿਆਰਥੀਆਂ ਦੀ ਭਾਸ਼ਾ ਸਬੰਧੀ ਮੁਹਾਰਤ ਬਾਰੇ ਅੰਕੜੇ ਇਕੱਤਰ ਕਰ ਰਹੇ ਸਨ। ਉਹ ਵਿਦਿਆਰਥੀਆਂ ਨਾਲ ਭਾਸ਼ਾ ਬਾਰੇ ਗੱਲਬਾਤ ਕਰ ਰਹੇ ਸਨ ਜੋ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਵਾਲੀ ਜ਼ਰੂਰੀ ਤੰਦ ਹੈ।ਹਰ ਆਉਂਦੇ -ਜਾਂਦੇ ਵਿਦਿਆਰਥੀ ਨੂੰ ਉਹ ਪਹਿਲਾਂ ਅੰਗਰੇਜ਼ੀ ਦੀ ਵਰਣਮਾਲਾ ਤੇ ਫੇਰ ਪੰਜਾਬੀ ਪੈਂਤੀ ਸੁਨਾਉਣ ਲਈ ਆਖਦੇ। 
ਹਰ ਵਿਦਿਆਰਥੀ ਤੋਤੇ ਵਾਂਗ ਰਟੀ ਰਟਾਈ ਏ ਬੀ ਸੀ ਤਾਂ ਬਿਨਾਂ ਸਾਹ ਲਿਆਂ ਸੁਣਾਈ ਜਾ ਰਿਹਾ ਸੀ। ਪਰ ਪੈਂਤੀ ਸੁਨਾਉਣ ਲੱਗਿਆਂ ਅੜਕ ਜਾਂਦਾ । ਕੋਈ 'ਕ' ਤੇ ਕੋਈ 'ਚ' ਵਰਗ 'ਤੇ ਅਟਕ ਗਿਆ। ਕਿਸੇ -ਕਿਸੇ ਨੇ ਬੇਤਰਤੀਬੇ,ਟੁੱਟਵੇਂ ਤੇ ਅਧੂਰੇ ਵਰਗ ਸੁਣਾਉਂਦਿਆਂ ਪੈਂਤੀ ਪੂਰੀ ਕੀਤੀ। ਕੋਈ ਬੇਸ਼ਰਮ ਜਿਹਾ ਹਾਸਾ ਹੱਸਦਾ ਕਹਿ ਦਿੰਦਾ, " ਪੈਂਤੀ ਤਾਂ ਆਉਂਦੀ ਨੀ ਜੀ।" ਇੱਕ ਨੇ ਤਾਂ ਹੱਦ ਹੀ ਕਰ ਦਿੱਤੀ, " ਵੱਡਾ ਊੜਾ ਆੜਾ  ਸੁਣਾਵਾਂ ਜਾਂ ਛੋਟਾ।" 
ਸਾਡੀ ਕੌਮ ਦੀਆਂ ਸਾਂਝੀਆਂ ਸਿਮਰਤੀਆਂ ਦਾ ਮਾਧਿਅਮ ਬਣਨ ਵਾਲੀ ਪੰਜਾਬੀ ਭਾਸ਼ਾ ਦਾ ਇਹ ਹਾਲ ਵੇਖ ਕੇ ਸ਼ਰਮਸਾਰ ਹੋਏ ਕਾਲਜ ਦੇ ਮੁੱਖ ਦੁਆਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਵਿਦਿਆਰਥੀਆਂ ਦੇ ਅਜਿਹੇ ਸਵੈ ਪ੍ਰਗਟਾਵੇ ਲਈ ਆਖ਼ਿਰ ਜ਼ਿੰਮੇਵਾਰ ਹੈ ਕੌਣ

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 316 ਵਾਰ ਪੜ੍ਹੀ ਗਈ ਹੈ।

   
ਲਿੰਕ 1                  ਲਿੰਕ 2              ਲਿੰਕ 3    

ਜਿਨਾਂ ਪਾਠਕ ਸਾਥੀਆਂ ਨੇ ਇਸ ਕਹਾਣੀ ਨੂੰ ਸਾਂਝਾ ਕੀਤਾ , ਪੜ੍ਹਨ ਲਈ ਨਾਂ 'ਤੇ ਕਲਿੱਕ ਕਰੋ ਜੀ 

1. ਗੁਰਸੇਵਕ ਸਿੰਘ ਧੌਲਾ                     
2. Ajoki mahan Sikhi
3. ਸਰਬਜੀਤ ਸਿੰਘ ਘੁਮਾਣ 
4. Sardar Maan Singh Badla
5. Harmeet Singh Khalsa
6. Naginder Singh Sardaar
7. Singh Pargat
8. Dilbag Singh
9. Didar Singh
10. Tirath Sharma Attri



 ਹੋਰ ਵੀ ਨਾਂ ਸ਼ਾਮਿਲ ਨੇ ਜੋ ਇੱਥੇ ਦਰਜ ਨਹੀਂ ਹੋ ਸਕੇ।