ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Sept 2017

ਚਿੰਗਾਰੀ (ਮਿੰਨੀ ਕਹਾਣੀ)

Image result for soul
     ਟੀ. ਵੀ. 'ਤੇ ਵਿਗਿਆਪਨ ਚੱਲ ਰਿਹਾ ਸੀ," ਦੇਸ਼ ਭਰ ਦੀਆਂ ਔਰਤਾਂ ਥਿੰਧੇ ਭਾਂਡਿਆਂ ਦੀ ਚਿਕਨਾਹਟ ਲਈ ਜੂਝ ਰਹੀਆਂ ਨੇ ਤੇ ਜਦੋ -ਜਹਿਦ ਕਰ ਰਹੀਆਂ ਨੇ ਭਾਂਡਿਆਂ ਨੂੰ ਚਮਕਾਉਣ ਲਈ।" ਅੱਜ ਇਹ ਵਿਗਿਆਪਨ ਗਿਆਰਾਂ ਵਰ੍ਹਿਆਂ ਦੀ ਨਿੱਕੀ ਨੂੰ ਧੁਰ ਅੰਦਰ ਤੱਕ ਝੰਜੋੜ ਗਿਆ ਸੀ। ਉਸ ਦੀ ਤਲਖ਼ੀ ਚੇਤਨਾ ਤਿਲਮਿਲਾ ਉਠੀ ਸੀ, "ਕੀ ਔਰਤ ਦਾ ਸੁਹਜ ਤੇ ਬੋਧ ਸਿਰਫ਼ ਰਸੋਈ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ? ਕੀ ਇਸ ਦੁਨੀਆਂ ਨੂੰ ਲੱਗਦੈ ਕਿ ਭਾਂਡਿਆਂ ਦੀ ਚਮਕ ਤੋਂ ਅੱਗੇ ਔਰਤ ਹੋਰ ਕੁਝ ਵੇਖ ਹੀ ਨਹੀਂ ਸਕਦੀ?"
       ਮਰਦ -ਔਰਤ ਨਾਬਰਾਬਰੀ ਦੇ ਮਾੜੇ ਵਰਤਾਰੇ ਦੀ ਜੜ੍ਹ ਨੂੰ ਬੇਚੈਨ ਨਿੱਕੀ ਮੂਲੋਂ ਹੀ ਹਿਲਾ ਦੇਣਾ ਚਾਹੁੰਦੀ ਸੀ। ਆਪਣੇ ਪਿਤਾ ਵੱਲੋਂ ਮਿਲੀ ਸੇਧ ਤੇ ਹੱਲਾਸ਼ੇਰੀ ਨਾਲ ਉਸ ਨੇ ਕੁਝ ਨਾਮੀ ਹਸਤੀਆਂ ਨੂੰ ਇੱਕ ਪੱਤਰ ਲਿਖ ਕੇ ਆਪਣੀ ਚਿੰਤਾ ਜਤਾਈ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕੁਝ ਹਫ਼ਤਿਆਂ ਬਾਦ ਦੇਸ਼ ਦੇ ਨਾਮਵਰ ਵਕੀਲ, ਪ੍ਰਸਿੱਧ ਪੱਤਰ ਪ੍ਰੇਰਕ ਤੇ ਸੱਤਾ 'ਚ ਬੈਠੇ ਉੱਚ ਅਹੁਦੇਦਾਰ ਥਾਪੜਾ ਦੇਣ ਉਸ ਨਾਲ ਆ ਖੜੋਤੇ। ਅਗਲੇ ਕੁਝ ਦਿਨਾਂ 'ਚ ਹੀ ਉਸ ਮਸ਼ਹੂਰ ਕੰਪਨੀ ਨੂੰ ਭਾਂਡੇ ਧੋਣ ਵਾਲੇ ਸਾਬਣ ਜਿਹੇ ਉਤਪਾਦ ਲਈ ਸਮਅੰਗੀ ਸਮਾਜ ਵਿੱਚ ਕੀਤੇ ਜਾ ਰਹੇ ਸਮਾਜਿਕ ਨਾਬਰਾਬਰੀ ਵਾਲ਼ੇ ਗੁਮਰਾਹਕੁੰਨ ਵਿਗਿਆਪਨ ਨੂੰ ਬਦਲਣਾ ਪਿਆ ਸੀ । ਇੱਕ ਨੰਨ੍ਹੀ ਤੇ ਸੂਖ਼ਮ ਅਵਾਜ਼ ਬੇਖੌਫ਼ ਹੋ ਅੱਜ ਚੇਤਨਾ ਦੀ ਚਿੰਗਾਰੀ ਨਾਲ਼ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਗਈ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 385 ਵਾਰ ਪੜ੍ਹੀ ਗਈ ਹੈ। 

ਲਿੰਕ 1       ਲਿੰਕ 2      ਲਿੰਕ 3       ਲਿੰਕ 4

16 Sept 2017

ਅੱਗ (ਮਿੰਨੀ ਕਹਾਣੀ)


Satnam Singh's profile photo, Image may contain: 1 person, close-upਅੱਜ ਜਦੋਂ ਮੈਂ ਟੀ.ਵੀ ਆਨ ਕੀਤਾ ਤਾਂ ਹਰੇਕ ਖਬਰਾਂ ਵਾਲੇ ਚੈਨਲ 'ਤੇ ਉਹੀ ਖਬਰਾਂ ਘੁੰਮ ਰਹੀਆਂ ਸਨ ਜੋ ਪਿਛਲੇ ਚਾਰ ਦਿਨਾਂ ਤੋ ਆ ਰਹੀਆਂ ਸਨ। ਇੱਕ ਬਾਬੇ ਨੂੰ ਸਜਾ ਹੋ ਗੲੀ। ਉਸ ਦੇ ਕਰੋੜਾਂ ਸ਼ਰਧਾਲੂ ਸਨ। ਸਜਾ ਹੋਣ ਤੋਂ ਬਾਅਦ ਸ਼ਰਧਾਲੂ ਭੜਕ ਸਕਦੇ ਸਨ। ਦੰਗੇ ਫਸਾਦ ਹੋ ਸਕਦੇ ਹਨ ਤੇ ਅੱਗਾਂ ਲੱਗ ਸਕਦੀਆਂ ਹਨ। ਖਬਰਾਂ ਚੈਨਲ ਵਾਲੇ ਸਰਕਾਰ ਦੀਆਂ ਸਿਫਤਾਂ ਕਰ ਰਹੇ ਸਨ। ਸਰਕਾਰ ਨੇ ਵਕਤ ਰਹਿੰਦੇ ਕਰਫਿਊ ਲਗਾ ਦਿੱਤਾ ਤੇ ਸਰਕਾਰ ਨੂੰ ਮੁਬਾਰਕਾਂ ਦੇ ਰਹੇ ਸਨ ਕਿ ਅੱਗਾਂ ਨਹੀਂ ਲੱਗਣ ਦਿੱਤੀਆਂ।
ਪਰ ਕਦੇ ਇਨ੍ਹਾਂ ਚੈਨਲ ਵਾਲਿਆਂ ਨੇ ਉਸ ਗਰੀਬ ਵਿਅਕਤੀ ਤੋਂ ਪੁਛਿਆ ਹੈ ਕਿ ਕਰਫਿਊ ਹੋਣ ਕਾਰਨ ਉਸ ਦੀ ਦਿਹਾੜੀ ਨਹੀਂ ਲੱਗੀ ਤੇ ਉਸ ਦਾ ਗੁਜਾਰਾ ਕਿਵੇਂ ਹੋਇਆ ? ਕਦੇ ਕਿਸੇ ਚੈਨਲ ਨੇ ਉਸ ਗਰੀਬ ਦੇ ਘਰ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਿਸ ਦਾ ਪਿਛਲੇ ਚਾਰ ਦਿਨਾਂ ਤੋਂ ਚੁੱਲ੍ਹਾ ਠੰਡਾ ਪਿਆ। ਕਦੇ ਦਿਖਾਇਆ ਹੈ ਕਿ ਗਰੀਬ ਪਰਿਵਾਰ ਦੇ ਪੇਟ ਦੀ ਅੱਗ ਬੁੱਝੀ ਹੈ ਜਾਂ ਨਹੀਂ। ਇਨ੍ਹਾਂ ਚਾਰ ਦਿਨਾਂ 'ਚ ਗਰੀਬ ਪਰਿਵਾਰ ਭੱਖੇ ਪੇਟ ਸੌਂਦਾ ਰਿਹਾ ਹੈ। ਕਦੇ ਦਿਖਾਇਆ ਹੈ ਕਿ ਚਾਰ ਦਿਨ ਕੰਮ ਨਾ ਮਿਲਣ ਕਾਰਨ ਗਰੀਬ ਕੋਲ ਪੈਸੇ ਨਹੀਂ ਹਨ ਤੇ ਇਨ੍ਹਾਂ ਗਰੀਬ ਘਰਾਂ ਦਾ ਕਿਸੇ ਦਾ ਬੇਟਾ,ਕਿਸੇ ਦੀ ਮਾਂ ਤੇ ਕਿਸੇ ਦਾ ਬਾਪ ਪੈਸੇ ਨਾ ਹੀ ਹੋਣ ਕਾਰਨ ਦਵਾਈ ਖੁਣੋਂ ਦਮ ਤੋੜ ਗਏ ਹਨ।
ਕਦੇ ਕਿਸੇ ਚੈਨਲਾਂ ਨੇ ਪੁੱਛਿਆ ਦਿਹਾੜੀ ਨਾ ਲੱਗਣ ਕਾਰਨ ਉਸ ਮਜਦੁਰ ਦੇ ਮਨ ਤੇ ਕੀ ਬੀਤ ਰਹੀ ਹੈ ਜੋ ਆਪਣੇ ਛੋਟੇ ਛੋਟੇ ਬੱਚਿਆ ਨਾਲ ਵਾਅਦਾ ਕਰਕੇ ਆਇਆ ਆਉਦੇ ਵਕਤ ਉਹਨਾ ਲਈ ਕੁਝ ਲੈ ਕੇ ਆਵੇਗਾ।ਪਰ ਸ਼ਾਇਦ ਹੀ ਕਿਸੇ ਦਿਖਾਇਆ ਹੋਵੇ। ਇਹ ਦੰਗੇ ਫਸਾਦ ਤੇ ਕਰਫਿਊ ਸਰਕਾਰਾਂ ਨੂੰ ਵੋਟਾਂ ਤੇ ਚੈਨਲ ਵਾਲਿਆਂ ਨੂੰ ਨਵੀਆਂ ਖਬਰਾਂ, ਅੱਗਾਂ ਲਾਉਣ ਦੇ ਪੈਸੇ ਕਮਾਉਂਦੇ ਨੇ। ਇਨ੍ਹਾਂ ਨੂੰ ਕੀ ਲੋੜ ਹੈ ਕਿਸੇ ਗਰੀਬ ਦੇ ਚੁੱਲ੍ਹੇ ਦੀ ਅੱਗ ਤੋਂ ?

ਸਤਨਾਮ ਸਿੰਘ ਮਾਨ
(ਬਠਿੰਡਾ)

ਨੋਟ : ਇਹ ਪੋਸਟ ਹੁਣ ਤੱਕ 45 ਵਾਰ ਪੜ੍ਹੀ ਗਈ ਹੈ। 
ਲਿੰਕ 

ਸ਼ਰਮ ( ਮਿੰਨੀ ਕਹਾਣੀ )

ਅਮਰਜੋਤ ੳੁਚੇਰੀ ਪੜ੍ਹਾਈ ਕਰਨ ਦੂਰ ਸ਼ਹਿਰ ਵਿੱਚ ਚਲੀ ਗਈ ਸੀ । ਜਦ ਵੀ ੳੁਸਦੀ ਮਾਂ ੳੁਸਦੇ ਕੋਲ਼ ਮਿਲਣ ਵਾਸਤੇ ਕਾਲਜ ਅਾੳੁਂਣ ਲਈ ਕਹਿੰਦੀ ਤਾਂ ਅਮਰਜੋਤ ਕੋਈ ਨਾ ਕੋਈ ਬਹਾਨਾ ਲਾ ਕੇ ਹਰ ਵਾਰ ੳੁਸਨੂੰ ਟਾਲ ਦਿੰਦੀ ।ਕਾਲਜ ਵਿੱਚ ਛੁੱਟੀਅਾਂ ਹੋਣ ਕਰਕੇ ੳੁਹ ਅਾਪਣੇ ਪਿੰਡ ਵਾਪਸ ਅਾ ਗਈ । 
ਇੱਕ ਦਿਨ  ੳੁਸ ਦੀ ਮਾਂ ਦੇ ਵਾਰ-ਵਾਰ  ਪੁੱਛਣ 'ਤੇ ੳੁਹ ਕਹਿਣ ਲੱਗੀ ,
" ਮਾਂ ਅਸਲ ਵਿੱਚ ਮੈਂਨੂੰ ਸ਼ਰਮ ਅਾੳੁਂਦੀ ਏ , ਤੈਨੂੰ ਕਾਲਜ ਬੁਲਾੳੁਣ ਵੇਲ਼ੇ,  ਇੱਕ ਤਾਂ ਤੁਸੀਂ ਅਨਪੜ੍ਹ ਓ , ਨਾਲ਼ੇ ਅਾਪਾਂ ਦੇਸੀ ਪੇਂਡੂ ਅਾਂ । " 
ਇਹ ਸੁਣ ਕੇ ਮਾਂ ਦੀਅਾ ਅੱਖਾਂ ਦੇ ਹੰਝੂ ਟਪਕ ਪਏ ੳੁਹ ਕਹਿਣ ਲੱਗੀ , " ਧੀਏ ਸ਼ੁਕਰ ਕਰ ,ਮੈਂ ੳੁਸ ਵੇਲ਼ੇ ਕਿਸੇ ਸ਼ਰਮ ਦੀ ਪਰਵਾਹ ਨਹੀਂ ਕੀਤੀ , ਜਦੋਂ ਲੋਕੀਂ  ਕਹਿੰਦੇ ਸੀ ਕਿ ਜਵਾਨ ਕੁੜੀ ਸ਼ਹਿਰ ਪੜ੍ਹਨ ਲਾ ਛੱਡੀ ਐ ,  ਭੋਰਾ ਵੀ ਸ਼ਰਮ ਨਹੀਂ ਆਉਂਦੀ  ਇਹਨੂੰ  । 


ਮਾਸਟਰ ਸੁਖਵਿੰਦਰ ਦਾਨਗੜ੍ਹ

94171 80205

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ। 

15 Sept 2017

ਕਾਗਜ਼ ( ਮਿੰਨੀ ਕਹਾਣੀ )


ਲਵਦੀਪ ਸ਼ਹਿਰ ਵਿੱਚ ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ ।ੳੁਹ ਅਕਸਰ ਹੀ ਕਾਲਜ ਮੋਟਰਸਾਈਕਲ ਲੈ ਕੇ ਜਾਂਦਾ ਸੀ । ਇੱਕ ਦਿਨ ਕਾਲਜ ਜਾਣ ਵੇਲ਼ੇੇ ੳੁਹਦਾ ਮੋਟਰਸਾਈਕਲ ਖ਼ਰਾਬ ਹੋ ਗਿਅਾ । ਜਦੋਂ ੳੁਹ ਅਾਪਣੇ ਦੋਸਤ ਨੂੰ ਫ਼ੋਨ ਕਰਨ ਲੱਗਿਅਾ ਤਾਂ ੳੁਸਦਾ ਬਾਪੂ ਕਹਿਣ ਲੱਗਾ ,
" ਪੁੱਤਰ , ਅੈਵੀਂ ਨੀਂ ਮਾੜ੍ਹੀ ਜਹੀ ਗੱਲ 'ਤੇ ਕਿਸੇ ਦੀ ਚੀਜ਼ ਮੰਗਦੇ ਹੁੰਦੇ , ਐਂ ਕਰ ਅੱਜ ਤੂੰ ਮੇਰਾ ਸਕੂਟਰ ਲੈ ਜਾ "
ਲਵਦੀਪ ਸਕੂਟਰ ਵੱਲ ਦੇਖ ਕੇ ਕਹਿਣ ਲੱਗਾ , ਮੈਂ ਨਹੀਂ ਲੈ ਕੇ ਜਾਣਾ , ਕਿੰਨ੍ਹਾ-ਕਿੰਨ੍ਹਾ ਤਾਂ ਧੂੰਅਾ ਛੱਡਦਾ , ਪੁਲਿਸ ਵਾਲ਼ਿਆਂ ਨੇ ਝੱਟ ਚਲਾਨ ਕੱਟ ਦੇਣਾ ਇਹਦਾ "
ਇਹ ਸੁਣਕੇ ਬਾਪੂ ਬੋਲਿਅਾ ,
"ਅੈ ਕਿਵੇਂ ਕੋਈ ਚਲਾਨ ਕੱਟ ਦਿੳੂ, ਨਾਲ਼ੇ ਅੈਥੇ ਧੂੰਏ ਵੱਲ ਕੌਣ ਦੇਖਦੇੇੈੈ , ੳੁਹ ਤਾਂ ਕਾਗਜ਼ ਦੇਖਦੇ ਨੇ , ਜੋ ਸਾਰੇ ਪੂਰੇ ਅੈ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 -80205

ਨੋਟ : ਇਹ ਪੋਸਟ ਹੁਣ ਤੱਕ  10 ਵਾਰ ਪੜ੍ਹੀ ਗਈ ਹੈ। 

14 Sept 2017

ਖੁਦ 'ਚੋਂ ਖੁਦੀ (ਮਿੰਨੀ ਕਹਾਣੀ)

Image result for colourful sarees hanging


ਮੇਰੀ ਮਾਂ ਦਾ ਪਹਿਰਾਵਾ ਹਮੇਸ਼ਾਂ ਹੀ ਵੰਨ -ਸੁਵੰਨਤਾ ਵਾਲਾ ਰਿਹਾ ਸੀ। ਉਸ ਕੋਲ ਕੱਪੜਿਆਂ ਦੇ ਅੰਬਾਰ ਸਨ ਤੇ ਹੁਣ ਵੀ ਟਰੰਕ 'ਚ ਸੌ ਤੋਂ ਜ਼ਿਆਦਾ ਸਾੜੀਆਂ ਪਈਆਂ ਸਨ। ਮਾਂ ਦੀ ਅੰਤਿਮ ਇੱਛਾ ਅਨੁਸਾਰ ਮੈਂ ਇਹ ਸਾੜੀਆਂ ਲੋੜਵੰਦਾਂ ਨੂੰ ਦਾਨ ਕਰਨੀਆਂ ਸਨ । ਇਹ ਕੱਪੜੇ ਮਾਨਸਿਕ ਰੋਗੀ ਮਹਿਲਾਵਾਂ ਨੂੰ ਦਾਨ ਕੀਤੇ ਜਾਣ ਦਾ ਫ਼ੈਸਲਾ ਹੋਇਆ। ਮਿਥੇ ਸਮੇਂ ਅਨੁਸਾਰ ਮੈਂ ਲੋੜੀਂਦੇ ਕੱਪੜੇ ਲੈ ਕੇ ਓਸ ਸੰਸਥਾ ਪਹੁੰਚ ਗਿਆ। ਆਪਣੀ ਤਸੱਲੀ ਲਈ ਮੈਂ ਹਰ ਮਹਿਲਾ ਦੇ ਇਹ ਸਾੜੀ ਪਾਈ ਹੋਈ ਵੀ ਵੇਖਣਾ ਚਾਹੁੰਦਾ ਸੀ। 
ਮੇਰੇ ਨਾਲ਼ ਆਈ ਇੱਕ ਸਹਾਇਕ ਬੀਬੀ ਤੇ ਓਥੋਂ ਦੇ ਸਟਾਫ਼ ਨੇ ਮੇਰੇ ਉਲੀਕੇ ਕਾਰਜ ਨੂੰ ਨੇਪਰੇ ਚਾੜ੍ਹਨ 'ਚ ਮੇਰੀ ਮਦਦ ਕੀਤੀ। ਰੰਗ -ਪਰੰਗ ਸਾੜੀਆਂ ਪਾਉਂਦਿਆਂ ਹੀ ਹਰ ਪੀੜਿਤ ਮਹਿਲਾ ਦੀ ਦਿੱਖ ਦੀ ਪ੍ਰੀਭਾਸ਼ਾ ਹੀ ਬਦਲ ਗਈ ਸੀ। ਉਨ੍ਹਾਂ ਦਾ ਆਪਾ ਆਪ ਮੁਹਾਰੇ ਉਘੜ ਕੇ ਸਾਹਮਣੇ ਆਣ ਖਲ੍ਹੋਇਆ। ਬੁਝੀਆਂ ਅੱਖਾਂ ਚਮ ਉਠੀਆਂ ਤੇ ਚੋਰੀ ਹੋਏ ਨਿੰਮੇ ਹਾਸੇ ਪਰਤ ਆਏ ਸਨ। ਖੁਦ 'ਚੋਂ ਖੁਦੀ ਦਾ ਝਲਕਾਰਾ ਤੇ ਤੋਰ 'ਚ ਹੁਲਾਰਾ ਸੀ। ਚਿਹਰੇ 'ਤੇ ਖੇੜਾ ਤੇ ਸ਼ੋਖ ਅਦਾਵਾਂ ਸਭ ਦਾ ਧਿਆਨ ਖਿੱਚ ਰਹੀਆਂ ਸਨ। ਹੁਣ ਮਾਂ ਦੀ ਹਰ ਸਾੜੀ ਨੂੰ ਨਵ-ਜੀਵਨ ਤੇ ਇੱਕ ਨਵਾਂ ਸਾਥੀ ਮਿਲ ਗਿਆ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 790 ਵਾਰ ਪੜ੍ਹੀ ਗਈ ਹੈ। 
ਲਿੰਕ 1       ਲਿੰਕ 2        ਲਿੰਕ 3      ਲਿੰਕ 4

12 Sept 2017

ਕੌਣ ਹੁੰਦੇ ਓ ਤੁਸੀਂ ? (ਮਿੰਨੀ ਕਹਾਣੀ )

Image result for song and microphone


ਸਾਊ ਜਿਹੇ ਸੁਭਾਅ ਦਾ ਉਹ ਇੱਕ ਬਾਰਾਂ ਕੁ ਵਰ੍ਹਿਆਂ ਦਾ ਮੁੰਡਾ ਸੀ ਜੋ ਜਮਾਤ 'ਚ ਬਹੁਤ ਹੀ ਘੱਟ ਬੋਲਦਾ। ਪਰ ਆਪਣੇ ਜਮਾਤੀਆਂ ਦੇ ਜ਼ੋਰ ਪਾਉਣ 'ਤੇ ਉਹ ਕਦੇ -ਕਦੇ ਕੋਈ ਗੀਤ ਜ਼ਰੂਰ ਸੁਣਾ ਦਿੰਦਾ। ਇੱਕ ਵਾਰ ਉਸ ਦੇ ਪਿੰਡ ਤੋਂ ਮੀਲਾਂ ਦੂਰ ਕਿਸੇ ਸ਼ਹਿਰ 'ਚ ਕੋਈ ਰਿਐਲਿਟੀ ਸ਼ੋਅ ਹੋ ਰਿਹਾ ਸੀ। ਉਹ ਵੀ ਆਪਣੀ ਕਿਸਮਤ ਅਜਮਾਉਣ ਕਿਸੇ ਨਾਲ਼ ਉਥੇ ਪਹੁੰਚ ਗਿਆ। 

ਭਾਗ ਲੈਣ ਤੋਂ ਪਹਿਲਾਂ ਸਭ ਨੇ ਆਪਣਾ -ਆਪਣਾ ਨਾਂ ਦਰਜ ਕਰਾਉਣਾ ਸੀ। ਜਦੋਂ ਫਾਰਮ ਭਰਨ ਵਾਲ਼ੇ ਨੇ ਉਸ ਦਾ ਨਾਂ ਪੁੱਛਿਆ ਤਾਂ ਸੰਗਦਾ ਜਿਹਾ ਉਹ ਸਹਿਮ ਕੇ ਬੋਲਿਆ, "ਊਂ ਤਾਂ ਜੀ ਮੈਨੂੰ ਸਾਰੇ ਨੰਦੂ -ਨੰਦੂ ਕਹਿੰਦੇ ਆ ਪਰ ਸਕੂਲ 'ਚ ਮੇਰਾ ਨਾਂ ਨੰਦ ਬੋਲਦੈ। " 
 " ਅੱਛਾ ! ਨੰਦ।" 
 " ਨੰਦ ਦੇ ਨਾਲ਼ ਕੀ ਲਾਉਂਦੈ ? ਨੰਦ ਸਿੰਘ, ਨੰਦ ਕੁਮਾਰ ਜਾਂ ਨੰਦ ਦਾਸ ? ਥੋਡੀ ਜਾਤ ਕੀ ਆ ? ਤੁਸੀਂ ਕੌਣ ਹੁੰਦੇ ਓ ?" ਫਾਰਮ ਭਰਨ ਵਾਲ਼ਾ ਇੱਕੋ ਸਾਹੇ ਕਈ ਸਵਾਲ ਕਰ ਗਿਆ। 
ਪਹਿਲਾਂ ਤਾਂ ਕਹਿਣ ਲਈ ਜਿਵੇਂ ਉਸ ਨੂੰ ਕੁਝ ਸੁਝਿਆ ਹੀ ਨਾ। ਫੇਰ ਪੈਰ ਜਿਹੇ ਮਲ਼ਦਾ ਉਹ ਸੁੰਗੜਦਾ ਜਿਹਾ ਬੋਲਿਆ, " ਜਾਤ ਦਾ ਤਾਂ ਜੀ ਮੈਨੂੰ ਪਤਾ ਨਹੀਂ , ਪਰ ਊਂ ਅਸੀਂ ਗਰੀਬ ਹੁੰਨੇ ਆਂ। "
ਅਗਲੇ ਕੁਝ ਪਲਾਂ ਬਾਦ ਉਸ ਮਾੜਕੂ ਜਿਹੇ ਮੁੰਡੇ ਨੇ ਸਟੇਜ 'ਤੇ ਚੜ੍ਹਦਿਆਂ ਹੀ ਆਪਣੀ ਗਾਇਕੀ ਦੀ ਅਮੀਰੀ ਨਾਲ਼ ਸਭ ਨੂੰ ਅਚੰਭਿਤ ਕਰ ਦਿੱਤਾ ਸੀ । 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ  891 ਵਾਰ ਪੜ੍ਹੀ ਗਈ ਹੈ। 

ਲਿੰਕ 1         ਲਿੰਕ 2    ਲਿੰਕ 3        ਲਿੰਕ 4

ਵਫ਼ਾਦਾਰ (ਮਿੰਨੀ ਕਹਾਣੀ)


ਗੱਲ 1973 ਦੀ ਹੈ। ਮੇਰੇ ਪਿਤਾ ਜੀ ਅਫ੍ਰੀਕਾ ਤੋਂ ਰੀਟਾਇਰ ਹੋ ਕੇ ਪਿੰਡ ਆ ਕੇ ਰਹਿਣ ਲੱਗ ਪਏ ਸਨ। ਆਪਣੇ ਆਪ ਨੂੰ ਮਸਰੂਫ ਰੱਖਣ ਲਈ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਇੱਕ ਕੁੱਤਾ ਵੀ ਪਾਲ ਰੱਖਿਆ ਸੀ ਜਿਸ ਨੂੰ ਸਾਰੇ ਜੈਕੀ ਬੋਲਦੇ ਸਨ। ਸਾਡੇ ਖੇਤ ਘਰ ਤੋਂ ਪੰਜਾਹ ਕੁ ਗਜ਼ ਦੀ ਦੂਰੀ 'ਤੇ ਹੀ ਸਨ। ਇਸ ਲਈ ਕਦੇ ਘਰ ਤੇ ਕਦੇ ਖੂਹ ਨੂੰ ਪਿਤਾ ਜੀ ਦਾ ਜਾਣਾ ਆਉਣਾ ਲੱਗਾ ਹੀ ਰਹਿੰਦਾ ਸੀ। ਪਿਤਾ ਜੀ ਦੇ ਦੋ ਹੀ ਸ਼ੌਕ ਸਨ ,ਇੱਕ ਜੈਕੀ ਨੂੰ ਹਰ ਦਮ ਆਪਣੇ ਨਾਲ ਰੱਖਣਾ ਜਾਂ ਟਰਾਂਜਿਸਟਰ ਰੇਡੀਓ ਕੋਲ ਰੱਖਣਾ। 
ਇੱਕ ਦਿਨ ਪਿਤਾ ਜੀ ਖੇਤ 'ਚ ਰੰਬੇ ਨਾਲ ਗੋਡੀ ਕਰ ਰਹੇ ਸਨ। ਨੇੜੇ ਹੀ ਰੇਡੀਓ ਵੱਜ ਰਿਹਾ ਸੀ। ਜੈਕੀ ਇਧਰ ਉਧਰ ਆਪਣੇ ਮਜ਼ੇ ਕਰ ਰਿਹਾ ਸੀ ਅਤੇ ਸਾਡੀ ਇੱਕ ਮੱਝ ਨਜ਼ਦੀਕ ਹੀ ਘਾਹ ਚਰ ਰਹੀ ਸੀ। ਨਜ਼ਦੀਕ ਹੀ ਸਾਡਾ ਪੁਰਾਣਾ ਖੂਹ ਸੀ ਜੋ ਹੁਣ ਉਜੜਿਆ ਹੋਇਆ ਸੀ। ਖੂਹ ਦੇ ਆਲੇ ਦੁਆਲੇ ਘਾਹ ਬਹੁਤ ਸੀ। ਮੱਝ ਕਿਤੇ ਉਹ ਘਾਹ ਖਾਣ ਲਈ ਖੂਹ ਵੱਲ ਨੂੰ ਚਲੀ ਗਈ। ਪਿਤਾ ਜੀ ਡਰ ਗਏ  ਕਿ ਕਿਤੇ ਮੱਝ ਖੂਹ ਵਿੱਚ  ਨਾ ਡਿੱਗ ਪਵੇ। ਮੱਝ ਨੂੰ ਉਥੋਂ ਹਟਾਉਣ ਲਈ ਦੌੜੇ ਲੇਕਿਨ ਮੁੜਨ ਲੱਗੀ ਮੱਝ ਦਾ ਮੂੰਹ ਲੱਗਣ ਨਾਲ ਉਹ ਖੁਦ ਹੀ ਖੂਹ ਵਿੱਚ ਡਿੱਗ ਪਏ। ਇਹ ਸਭ ਕੁਝ ਜੈਕੀ ਨੇ ਦੇਖਿਆ ਅਤੇ ਉਹ ਦੌੜ ਕੇ ਘਰ ਨੂੰ ਆ ਗਿਆ। ਘਰ ਆ ਕੇ ਉਹ ਸਾਡੀ ਬੀਬੀ ਨੂੰ ਭੌਂਕਣ ਲੱਗ ਪਿਆ। ਬੀਬੀ ਉਹ ਨੂੰ ਝਿੜਕਣ ਲੱਗੀ। ਉਸ ਨੂੰ ਵਿਚਾਰੀ ਨੂੰ ਕੀ ਪਤਾ ਸੀ ਕਿ ਕੀ ਹੋਇਆ ਸੀ? ਜੈਕੀ ਫਿਰ ਖੂਹ ਨੂੰ ਦੌੜ ਗਿਆ ਤੇ ਫਿਰ ਆ ਗਿਆ ਲੇਕਿਨ ਬਾਰ -ਬਾਰ ਭੌਂਕ ਰਿਹਾ ਸੀ। ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਕੀ ਹੋਇਆ ਸੀ?
ਸ਼ਾਮ ਹੋ ਗਈ। ਜਦ ਪਿਤਾ ਜੀ ਘਰ ਨਹੀਂ ਆਏ ਤਾਂ ਸਭ ਸੋਚਣ ਲੱਗੇ। ਮੇਰੇ ਛੋਟੇ ਭਾਈ ਨਿਰਮਲ ਵੀ ਘਰ ਆ ਗਏ। ਪਿਤਾ ਜੀ ਬਾਰੇ ਪਤਾ ਕਰਨ ਲਈ ਪਹਿਲਾਂ ਉਹ ਖੂਹ ਵੱਲ ਨੂੰ ਚੱਲ ਪਏ। ਅੱਗੇ ਅੱਗੇ ਜੈਕੀ ਜਾ ਰਿਹਾ ਸੀ। ਖੂਹ 'ਤੇ ਜਾ ਕੇ ਜੈਕੀ ਖੂਹ ਵੱਲ ਨੂੰ ਮੂੰਹ ਕਰ ਕਰਕੇ ਭੌਂਕਣ ਲੱਗ ਪਿਆ। ਨਿਰਮਲ ਨੇ ਖੂਹ ਵਿੱਚ ਬੈਟਰੀ ਦੀ ਲਾਈਟ ਕੀਤੀ ਤਾਂ ਪਾਣੀ ਉਪਰ ਸੌ -ਸੌ ਰੁਪਏ ਦੇ ਨੋਟ ਤਰ ਰਹੇ ਸਨ। ਨਿਰਮਲ ਨੂੰ ਸਮਝ ਆ ਗਈ ਕਿ ਉਸ ਦਿਨ ਪਿਤਾ ਜੀ ਨੇ ਪੋਸਟ ਔਫਿਸ ਵਿਚੋਂ ਪੈਸੇ ਕਢਵਾਉਣੇ ਸਨ। 
ਉਸ ਦਿਨ ਤੋਂ ਬਾਦ ਜੈਕੀ ਨੇ ਖਾਣਾ ਪੀਣਾ ਛੱਡ ਦਿੱਤਾ। ਉਸ ਅੱਗੇ ਰੋਟੀ ਰੱਖਦੇ ਲੇਕਿਨ ਉਹ ਉਤੇ ਮਿੱਟੀ ਪਾ ਦਿੰਦਾ। ਉਸ ਦੀਆਂ ਅੱਖਾਂ ਵਿਚੋਂ ਹੰਝੂ ਆਉਂਦੇ ਰਹਿੰਦੇ। ਕੁਝ ਦਿਨਾਂ 'ਚ ਹੀ ਜੈਕੀ ਨੇ ਭੁੱਖੇ ਰਹਿ ਕੇ ਆਪਣੀ ਜਾਨ ਦੇ ਦਿੱਤੀ।  

ਗੁਰਮੇਲ ਸਿੰਘ ਭੰਮਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ  153 ਵਾਰ ਪੜ੍ਹੀ ਗਈ ਹੈ। 

ਲਿੰਕ 1      ਲਿੰਕ 2           ਲਿੰਕ 3