ਦਿਨ ਨੂੰ ਦਿਨ ਹੀ ਕਹਿੰਦਾ ਹਾਂ
ਖੁਦ ਨੂੰ ਧੋਖਾ ਨਹੀਂ ਦੇਂਦਾ
ਸੱਚ ਦੇ ਨਾਲ ਰਹਿੰਦਾ ਹਾਂ ,
ਰਾਤ ਨੂੰ ਖੂਬ ਸੌਂਦਾ ਹਾਂ
ਰੱਜ ਕੇ ਖ਼ਾਬ ਤਕਦਾ ਹਾਂ
ਦਿਨ ਨੂੰ ਧੁੱਪ ਹੰਢਾਉਂਦਾ ਹਾਂ
ਖ਼ਾਬਾਂ ਨੂੰ ਯਾਦ ਕਰਦਾ ਹਾਂ ,
ਨਾ ਕੋਈ ਚੜਦੀਆਂ-ਕਲਾ ਹੈ ਕੋਈ
ਨਾ ਢਹਿੰਦੀ ਕਲਾ ਦਾ ਮਤਲਬ
ਇਹ ਜ਼ਿੰਦਗੀ ਹੈ ਸਿਰਫ
ਨਹੀਂ ਕਿਤਾਬਾਂ 'ਚ ਬੰਦ ਇਬਾਰਤ ,
ਰਿਸ਼ਤਿਆਂ ਦੀਆਂ ਠੀਕਰਾਂ ਜੋੜ ਕੇ
ਜੇ ਬਰਤਨ ਬਣਾਓਗੇ
ਚੁੱਲ੍ਹੇ 'ਤੇ ਕਿੰਝ ਰੱਖੋਗੇ
ਉਸ ਵਿੱਚ ਕੀ ਪਕਾਓਗੇ ,
ਖੁਦ ਚੁਣੋ ਆਪਣੇ ਗਗਨ ਦਾ ਰੰਗ
ਆਪਣੀ ਮਿੱਟੀ ਖੁਦ ਵਾਓ
ਲੂਣਾ ਮਿੱਠਾ ਜੋ ਖਾਣਾ ਹੈ
ਖੁਦ ਬੀਜੋ, ਖੁਦ ਖਾਓ ,
ਮੰਗਵੇਂ ਕਪੜੇ ਪਾ ਕੇ ਕੀ ਤਨ ਦਾ ਢਕਣਾ
ਅੰਦਰੋਂ ਸਭ ਨੰਗੇ ਨੇ
ਖੁਦ ਤੋਂ ਖੁਦ ਦਾ ਕਿਉਂ ਉਹਲਾ ਰੱਖਣਾ ।
ਦਿਲਜੋਧ ਸਿੰਘ
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।